ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਭਾਸ਼ਾ ਪੂਰੀ ਨਹੀਂ ਬੋਲੀ ਜਾਂਦੀ। ਅੱਜ ਪੰਜਾਬੀ ਲਿਖਣ ਅਤੇ ਪੜ੍ਹਨ ਦੀ ਸਮਰੱਥਾ ਘਟ ਰਹੀ ਹੈ। ਇਹ ਸਥਿਤੀ ਸਿਰਫ਼ ਭਾਸ਼ਾ ਲਈ ਹੀ ਨਹੀਂ, ਪੂਰੇ ਸੱਭਿਆਚਾਰ ਲਈ ਖ਼ਤਰੇ ਦੀ ਘੰਟੀ ਹੈ। ਪੰਜਾਬੀ ਸੱਭਿਆਚਾਰ ਦੀ ਖ਼ਾਸੀਅਤ ਸਾਦਗੀ, ਭਾਈਚਾਰਾ ਅਤੇ ਪਿਆਰ ਹੈ।
ਪੰਜਾਬ ਵਿਚ ਬਹੁਤੇ ਲੋਕ ਪੰਜਾਬੀ ਬੋਲੀ ਨੂੰ ਜ਼ਿਆਦਾ ਅਹਿਮੀਅਤ ਨਾ ਦੇ ਕੇ ਹਿੰਦੀ ਅਤੇ ਅੰਗਰੇਜ਼ੀ ਨੂੰ ਵੱਧ ਤਰਜੀਹ ਦਿੰਦੇ ਹਨ। ਪੰਜਾਬੀ ਭਾਸ਼ਾ ਇਕ ਮਿੱਠੀ ਬੋਲੀ ਹੈ ਤੇ ਸਾਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈ। ਗਲੋਬਲਾਈਜ਼ੇਸ਼ਨ ਅਤੇ ਪੱਛਮ ਦੀ ਨਕਲ ਜਾਂ ਪ੍ਰਭਾਵਾਂ ਨੇ ਸਾਡੇ ਪੰਜਾਬੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲੋਂ ਕੱਟਣਾ ਸ਼ੁਰੂ ਕਰ ਦਿੱਤਾ ਹੈ।
ਅੱਜ ਲਗਪਗ ਸਭ ਪੰਜਾਬੀ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਵਿਚ ਗੱਲ ਕਰਨ ’ਚ ਫ਼ਖ਼ਰ ਮਹਿਸੂਸ ਕਰਦੇ ਹਨ। ਜਿੱਥੇ ਮਰਜ਼ੀ ਵੇਖ ਲਓ, ਕੋਈ ਵੀ ਭਾਸ਼ਣ ਦੇਣ ਸਮੇਂ ਪੰਜਾਬੀ ਵਿਚ ਸ਼ੁਰੂ ਕੀਤਾ ਜਾਂਦਾ ਹੈ ਤੇ ਵਿਚ-ਵਿਚਾਲੇ ਅੰਗਰੇਜ਼ੀ ਬੋਲੀ ਜਾਂਦੀ ਹੈ। ਜਿੱਥੇ ਅੰਗਰੇਜ਼ੀ ਵਿਚ ਬ੍ਰੇਕ ਲੱਗ ਜਾਂਦੀ ਹੈ, ਉੱਥੇ ਫਿਰ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਸ਼ੁਰੂ ਕਰ ਲਈ ਜਾਂਦੀ ਹੈ। ਕਈ ਤਾਂ ਅਜਿਹੇ ਵੀ ਹਨ ਜੋ ਪੰਜਾਬੀ ਵਿਚ ਬੋਲਦੇ-ਬੋਲਦੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਵੀ ਕਰਦੇ ਹਨ।
ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਭਾਸ਼ਾ ਪੂਰੀ ਨਹੀਂ ਬੋਲੀ ਜਾਂਦੀ। ਅੱਜ ਪੰਜਾਬੀ ਲਿਖਣ ਅਤੇ ਪੜ੍ਹਨ ਦੀ ਸਮਰੱਥਾ ਘਟ ਰਹੀ ਹੈ। ਇਹ ਸਥਿਤੀ ਸਿਰਫ਼ ਭਾਸ਼ਾ ਲਈ ਹੀ ਨਹੀਂ, ਪੂਰੇ ਸੱਭਿਆਚਾਰ ਲਈ ਖ਼ਤਰੇ ਦੀ ਘੰਟੀ ਹੈ। ਪੰਜਾਬੀ ਸੱਭਿਆਚਾਰ ਦੀ ਖ਼ਾਸੀਅਤ ਸਾਦਗੀ, ਭਾਈਚਾਰਾ ਅਤੇ ਪਿਆਰ ਹੈ।
ਚਾਹੇ ਲੋਕ ਗੀਤ ਹੋਣ, ਭੰਗੜਾ ਹੋਵੇ ਜਾਂ ਗਿੱਧਾ, ਪੰਜਾਬੀ ਕਵਿਤਾ ਹੋਵੇ ਜਾਂ ਗੁਰਮਤਿ ਸੰਗੀਤ, ਹਰ ਰੂਪ ਸਾਡੇ ਜੀਵਨ ’ਤੇ ਅਸਰ ਕਰਦਾ ਹੈ ਪਰ ਅੰਗਰੇਜ਼ੀ ਦਾ ਪ੍ਰਭਾਵ ਵਧਣ ਕਰਕੇ ਸਾਡੀ ਮਾਂ-ਬੋਲੀ ਦੀ ਮਿਠਾਸ ਕੁਝ ਫਿੱਕੀ ਪੈਣ ਲੱਗੀ ਹੈ। ਅੱਜ ਜ਼ਿਆਦਾਤਰ ਨੌਜਵਾਨ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ ਤੇ ਉਨ੍ਹਾਂ ਦਾ ਆਪਣੀ ਮਿੱਟੀ ਨਾਲੋਂ ਮੋਹ ਘਟਦਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਉਨ੍ਹਾਂ ਨੂੰ ਪੰਜਾਬੀ ਬੋਲੀ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ ਤੇ ਵੱਖ-ਵੱਖ ਸਮਿਆਂ ’ਤੇ ਆਪਣੀ ਬੋਲੀ, ਸੱਭਿਆਚਾਰ ਨੂੰ ਯਾਦ ਕਰ ਕੇ ਭਾਵਕ ਜ਼ਰੂਰ ਹੁੰਦੇ ਹਨ।
ਜੇ ਹਰ ਵਿਅਕਤੀ ਹਫ਼ਤੇ ਵਿਚ ਚਾਹੇ ਕੁਝ ਸਮੇਂ ਲਈ ਹੀ ਪੰਜਾਬੀ ਪੜ੍ਹੇ ਅਤੇ ਲਿਖੇ ਜਾਂ ਸੁਣੇ ਤਾਂ ਸਾਡੀ ਮਾਂ-ਬੋਲੀ ਫਿੱਕੀ ਨਹੀਂ ਪਵੇਗੀ। ਪੰਜਾਬੀ ਦੀ ਰੱਖਿਆ ਲਈ ਕਦਮ ਚੁੱਕਣੇ ਜ਼ਰੂਰੀ ਹਨ ਜਿਵੇਂ ਕਿ ਬੱਚਿਆਂ ਨੂੰ ਪੰਜਾਬੀ ਵਿਚ ਗੱਲਬਾਤ ਕਰਨੀ ਸਿਖਾਉਣੀ, ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਵਿਚ ਪੰਜਾਬੀ ਸਾਹਿਤ ਚੰਗੀ ਤਰ੍ਹਾਂ ਪੜ੍ਹਾਉਣਾ। ਪੰਜਾਬੀ ਦਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਨਾ ਬੇਹੱਦ ਜ਼ਰੂਰੀ ਹੈ।
ਸਕੂਲਾਂ-ਕਾਲਜਾਂ ਵਿਚ ਪੰਜਾਬੀ ਦਿਵਸ ਮਨਾਉਣਾ ਚਾਹੀਦਾ ਹੈ ਤੇ ਸਕੂਲਾਂ ’ਚ ਬੱਚਿਆਂ ਨੂੰ ਅਖ਼ਬਾਰਾਂ ਪੜ੍ਹਨ ਦੀ ਚੇਟਕ ਲਾਉਣੀ ਚਾਹੀਦੀ ਹੈ। ਉਨ੍ਹਾਂ ਲਈ ਸਿਹਾਰੀ-ਬਿਹਾਰੀ, ਕੰਨਾ, ਬਿੰਦੀ ਤੇ ਟਿੱਪੀ ਆਦਿ ਸਾਰੀਆਂ ਮਾਤਰਾਵਾਂ ਦੀ ਪਛਾਣ ਜ਼ਰੂਰੀ ਹੈ। ਜੇ ਸਾਡੀ ਮਾਤ ਭਾਸ਼ਾ ਹੀ ਸ਼ੁੱਧ ਨਹੀਂ ਹੈ ਤਾਂ ਇਸ ਤੋਂ ਮਾੜਾ ਪੰਜਾਬ ਲਈ ਕੁਝ ਨਹੀਂ ਹੈ। ਆਓ! ਅਸੀਂ ਸਾਰੇ ਪੰਜਾਬੀ ਨੂੰ ਸਹੀ ਬੋਲ, ਲਿਖ ਤੇ ਪੜ੍ਹ ਕੇ ਉਸ ਦਾ ਮਾਣ ਵਧਾਈਏ।ਇਹ ਗੱਲ ਚੇਤੇ ਰੱਖੋ, ਜੋ ਕੌਮਾਂ ਆਪਣੀ ਮਾਂ-ਬੋਲੀ ਨੂੰ ਭੁੱਲ ਜਾਂਦੀਆਂ ਹਨ, ਉਹ ਕੱਖਾਂ ਵਾਂਗ ਰੁਲ ਜਾਂਦੀਆਂ ਹਨ।
-ਗੁਰਜਤਿੰਦਰਪਾਲ ਸਿੰਘ
ਸ੍ਰੀ ਅਨੰਦਪੁਰ ਸਾਹਿਬ।
-ਮੋਬਾਈਲ : 94631-48284