ਜੀਵਨ ਦੇ 27 ਸਾਲ ਜੇਲ੍ਹ ’ਚ ਗੁਜ਼ਾਰਨ ਤੋਂ ਬਾਅਦ ਅਖੀਰ 11 ਫਰਵਰੀ 1990 ਨੂੰ ਰਿਹਾਈ ਹੋਈ। ਰਿਹਾਈ ਤੋਂ ਬਾਅਦ ਸਮਝੌਤੇ ਅਤੇ ਸ਼ਾਂਤੀ ਦੀ ਨੀਤੀ ਰਾਹੀਂ ਲੋਕਤੰਤਰੀ ਅਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ। 1994 ’ਚ ਦੱਖਣੀ ਅਫਰੀਕਾ ’ਚ ਰੰਗ ਭੇਦ ਰਹਿਤ ਚੋਣਾਂ ਹੋਈਆਂ।

ਬੇਸ਼ੱਕ ਸੰਸਾਰ ’ਚ ਵੱਖ-ਵੱਖ ਰੰਗ-ਰੂਪ, ਨੈਣ-ਨਕਸ਼ ਅਤੇ ਕੱਦ-ਕਾਠ ਦੇ ਲੋਕ ਵਸਦੇ ਹਨ ਪਰ ਸਭ ਦੀ ਇੱਕੋ ਮਨੁੱਖ ਜਾਤੀ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ’ਚ ਮਨੁੱਖ ਨੂੰ ਅਲੱਗ-ਅਲੱਗ ਰੰਗਾਂ ,ਧਰਮਾਂ ਅਤੇ ਜਾਤਾਂ ਦੇ ਨਾਂ ’ਤੇ ਵੰਡ ਕੇ ਅੱਜ ਵੀ ਨਸਲੀ ਅਤੇ ਰੰਗ ਭੇਦ ਭਾਵ ਹੋ ਰਹਿਆ ਹੈ। ਇਹੋ ਜਿਹੇ ਨਸਲੀ ਅਤੇ ਰੰਗ ਭੇਦ ਭਾਵ ਖ਼ਿਲਾਫ਼ ਸੰਘਰਸ਼ ਦਾ ਨਾਂ ਸੀ ਨੈਲਸਨ ਮੰਡੇਲਾ। ਦੱਖਣੀ ਅਫਰੀਕਾ ’ਚ ਜੰਮੀ ਇਹ ਹਸਤੀ ਕਾਲੇ ਰੰਗ ਦੀ ਸੀ ਕਿਉਂਕਿ ਕਿਸੇ ਵੀ ਦੇਸ਼ ਦੀ ਨਸਲ ਉੱਥੋਂ ਦੇ ਵਾਤਾਵਰਨ ’ਤੇ ਨਿਰਭਰ ਕਰਦੀ ਹੈ। ਉਸ ਦਾ ਜਨਮ 18 ਜੁਲਾਈ 1918 ਨੂੰ ਹੋਇਆ।
ਉਹ ਹਾਲੇ 12 ਸਾਲਾਂ ਦਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਕਾਨੂੰਨ ਦੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਉਹ ਆਪਣੀ ਵਕਾਲਤ ਖ਼ਤਮ ਹੋਣ ਤੋਂ ਪਹਿਲਾਂ ਹੀ ਰਾਜਨੀਤੀ ’ਚ ਆ ਗਿਆ ਸੀ। ਦਰਅਸਲ ਉਹ 1944 ’ਚ ਅਫਰੀਕਨ ਨੈਸ਼ਨਲ ਕਾਂਗਰਸ ’ਚ ਸ਼ਾਮਲ ਹੋ ਗਿਆ ਸੀ। ਉਸ ਨੇ ਛੇਤੀ ਹੀ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ ਤੇ ਤਿੰਨ ਸਾਲ ਬਾਅਦ ਇਸ ਦਾ ਸਕੱਤਰ ਬਣ ਗਿਆ। ਕੁਝ ਸਾਲਾਂ ਬਾਅਦ ਉਸ ਨੂੰ ਅਫਰੀਕਨ ਨੈਸ਼ਨਲ ਕਾਂਗਰਸ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ। ਉਸ ਨੇ ਦੱਖਣੀ ਅਫਰੀਕਾ ’ਚ ਆਜ਼ਾਦੀ ਦੇ ਨਾਲ-ਨਾਲ ਰੰਗਭੇਦ ਖ਼ਿਲਾਫ਼ ਵੀ ਵੱਡਾ ਸੰਘਰਸ਼ ਲੜਿਆ। ਉਸ ਨੇ 1944 ’ਚ ਰੰਗਭੇਦ ਵਿਰੁੱਧ ਅੰਦੋਲਨ ਸ਼ੁਰੂ ਕੀਤਾ। ਉਸ ਸਮੇਂ ਉਹ ਅਫਰੀਕਨ ਨੈਸ਼ਨਲ ਕਾਂਗਰਸ ਦਾ ਮੈਂਬਰ ਸੀ। ਉਸੇ ਸਾਲ ਆਪਣੇ ਦੋਸਤਾਂ ਤੇ ਸਮਰਥਕਾਂ ਨਾਲ ਉਸ ਨੇ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ। 1947 ’ਚ ਉਹ ਲੀਗ ਦਾ ਸਕੱਤਰ ਵੀ ਚੁਣਿਆ ਗਿਆ। ਮੰਡੇਲਾ ਤੇ ਉਸ ਦੇ ਦੋਸਤਾਂ ’ਤੇ 1961 ’ਚ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਚਲਾਇਆ ਗਿਆ ਸੀ ਪਰ ਉਸ ’ਚ ਉਨ੍ਹਾਂ ਨੂੰ ਬੇਕਸੂਰ ਮੰਨਿਆ ਗਿਆ ਸੀ। ਪੰਜ ਅਗਸਤ 1962 ਨੂੰ ਮਜ਼ਦੂਰਾਂ ਨੂੰ ਹੜਤਾਲ ਲਈ ਉਕਸਾਉਣ ਤੇ ਬਿਨਾਂ ਆਗਿਆ ਦੇਸ਼ ਛੱਡਣ ਦੇ ਇਲਜ਼ਾਮ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਤੇ ਮੁਕੱਦਮਾ ਚੱਲਿਆ ਤੇ 12 ਜੁਲਾਈ 1964 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਭੁਗਤਣ ਲਈ ਰਾਬਿਨ ਟਾਪੂ ਦੀ ਜੇਲ੍ਹ ’ਚ ਭੇਜਿਆ ਗਿਆ ਪਰ ਇਸ ਨਾਲ ਵੀ ਉਤਸ਼ਾਹ ਘੱਟ ਨਹੀਂ ਹੋਇਆ। ਉਸ ਨੇ ਜੇਲ੍ਹ ’ਚ ਵੀ ਰੰਗ ਭੇਦ ਦੀ ਨੀਤੀ ਵਿਰੁੱਧ ਕੈਦੀਆਂ ਨੂੰ ਲਾਮਬੰਦ ਕਰਨਾ ਸੁਰੂ ਕਰ ਦਿੱਤਾ ਸੀ।
ਜੀਵਨ ਦੇ 27 ਸਾਲ ਜੇਲ੍ਹ ’ਚ ਗੁਜ਼ਾਰਨ ਤੋਂ ਬਾਅਦ ਅਖੀਰ 11 ਫਰਵਰੀ 1990 ਨੂੰ ਰਿਹਾਈ ਹੋਈ। ਰਿਹਾਈ ਤੋਂ ਬਾਅਦ ਸਮਝੌਤੇ ਅਤੇ ਸ਼ਾਂਤੀ ਦੀ ਨੀਤੀ ਰਾਹੀਂ ਲੋਕਤੰਤਰੀ ਅਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ। 1994 ’ਚ ਦੱਖਣੀ ਅਫਰੀਕਾ ’ਚ ਰੰਗ ਭੇਦ ਰਹਿਤ ਚੋਣਾਂ ਹੋਈਆਂ। ਅਫਰੀਕਨ ਨੈਸ਼ਨਲ ਕਾਂਗਰਸ ਨੇ 62 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਤੇ ਬਹੁਮਤ ਨਾਲ ਉਸ ਦੀ ਸਰਕਾਰ ਬਣੀ। 10 ਮਈ 1994 ਨੂੰ ਮੰਡੇਲਾ ਆਪਣੇ ਦੇਸ਼ ਦਾ ਸਭ ਤੋਂ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਿਆ। ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਨੂੰ ਮਈ 1996 ’ਚ ਸੰਸਦ ਤੋਂ ਸਹਿਮਤੀ ਮਿਲੀ, ਜਿਸ ਤਹਿਤ ਰਾਜਨੀਤਕ ਅਤੇ ਪ੍ਰਬੰਧਕੀ ਅਧਿਕਾਰਾਂ ਦੀ ਜਾਂਚ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ।
1997 ’ਚ ਉਹ ਸਰਗਰਮ ਰਾਜਨੀਤੀ ’ਚੋਂ ਬਾਹਰ ਹੋ ਗਿਆ ਅਤੇ ਦੋ ਸਾਲ ਬਾਅਦ ਉਸ ਨੇ 1999 ’ਚ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਛੱਡ ਦਿੱਤਾ। 2009 ’ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 18 ਜੁਲਾਈ ਨੂੰ ਮੰਡੇਲਾ ਦੇ ਜਨਮ ਦਿਨ ਨੂੰ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। 5 ਦਸੰਬਰ, 2013 ਨੂੰ 95 ਸਾਲ ਦੀ ਉਮਰ ’ਚ ਜੌਹਨਸਬਰਗ ਵਿਖੇ ਉਸ ਦੀ ਮੌਤ ਹੋ ਗਈ। ਦੁਨੀਆ ’ਚ ਅਜਿਹੇ ਮਹਾਨ ਲੋਕ ਬਹੁਤ ਘੱਟ ਹੁੰਦੇ ਹਨ, ਜੋ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਦੀ ਜ਼ਿੰਦਗੀ ਸੰਵਾਰਨ ਲਈ ਕੁਰਬਾਨ ਕਰ ਦਿੰਦੇ ਹਨ ਤੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ।
-ਕੁਲਦੀਪ ਸਿੰਘ ਸਾਹਿਲ
94179- 90040