ਪਿਛਲੇ ਦਿਨੀਂ ਕੋਟਕਪੂਰਾ ਦੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕਾ ਵਿਚਾਲੇ ਪਾਠ-ਪੁਸਤਕ ਦੇ ਇਕ ਚੈਪਟਰ ਨੂੰ ਲੈ ਕੇ ਹੰਗਾਮਾ ਹੋ ਗਿਆ। ਪੁਸਤਕ ’ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਬਾਰੇ ਇਕ ਪਾਠ ਦੀ ਵਿਆਖਿਆ ਦੌਰਾਨ ਅਧਿਆਪਕਾ ਨੂੰ ਵਿਦਿਆਰਥੀ ਵੱਲੋਂ ਮੋੜਵਾਂ ਜਵਾਬ ਦੇਣਾ ਅਤੇ ਉਸ ਤੋਂ ਬਾਅਦ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਵੀ ਖ਼ੂਬ ਭਖ਼ਿਆ।

ਵਿੱਦਿਅਕ ਅਦਾਰਿਆਂ ’ਚ ਅਧਿਆਪਕਾਂ ਦੀ ਝਿੜਕ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਚੁੱਕੇ ਜਾ ਰਹੇ ਖ਼ੌਫਨਾਕ ਕਦਮ ਵੱਡੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਗੁਰਦਾਸਪੁਰ ਦੇ ਇਕ ਨਾਮੀ ਸਕੂਲ ’ਚ 15 ਸਾਲਾਂ ਦੇ ਵਿਦਿਆਰਥੀ ਵੱਲੋਂ ਅਧਿਆਪਕ ਦੀ ਝਿੜਕ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੀ ਘਟਨਾ ਹਾਲੇ ਠੰਢੀ ਨਹੀਂ ਪਈ ਕਿ ਫ਼ਰੀਦਕੋਟ ’ਚ ਕਾਲਜ ਦੇ ਇਕ ਵਿਦਿਆਰਥੀ ਨੇ ਆਪਣੀ ਇੰਸਟਾ ਆਈਡੀ ’ਤੇ ਪੋਸਟ ਪਾ ਕੇ ਖ਼ੁਦਕੁਸ਼ੀ ਕਰ ਲਈ। ਇਸ ਪਿੱਛੇ ਉਸ ਨੇ ਕਾਲਜ ਲਾਈਬ੍ਰੇਰੀਅਨ ਵੱਲੋਂ ਜ਼ਲੀਲ ਕਰਨ ਨੂੰ ਕਾਰਨ ਦੱਸਿਆ ਹੈ।
ਇਸ ਤੋਂ ਪਹਿਲਾਂ ਗੁਰਦਾਸਪੁਰ ਦੀ ਘਟਨਾ ’ਚ ਵੀ ਇਲਜ਼ਾਮ ਲੱਗੇ ਸਨ ਕਿ ਪ੍ਰਿੰਸੀਪਲ ਵੱਲੋਂ ਵਿਦਿਆਰਥੀ ਨੂੰ ਦੋ ਪੀਰੀਅਡ ਧੁੱਪ ’ਚ ਖੜ੍ਹੇ ਰਹਿਣ ਦੀ ਸਜ਼ਾ ਦੇਣ ਤੋਂ ਬਾਅਦ ਜ਼ਲਾਲਤ ਮਹਿਸੂਸ ਕਰਦਿਆਂ ਉਸ ਨੇ ਜਾਨ ਦਿੱਤੀ ਸੀ। ਇਨ੍ਹਾਂ ਘਟਨਾਵਾਂ ਪਿੱਛੇ ਅਸਲ ਕਾਰਨ ਕੀ ਹਨ, ਉਨ੍ਹਾਂ ਦਾ ਖੁਲਾਸਾ ਹੋਣਾ ਹਾਲੇ ਬਾਕੀ ਹੈ ਪਰ ਇਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿੱਦਿਅਕ ਸੰਸਥਾਵਾਂ ’ਚ ‘ਗੁਰੂ ਚੇਲੇ’ ਦਾ ਪਵਿੱਤਰ ਸਿਧਾਂਤ ਕਿੱਥੇ ਖੜ੍ਹਾ ਹੈ ਅਤੇ ਅਧਿਆਪਕਾਂ ਦੀ ਘੂਰੀ ਦਾ ਕੀ ਨਤੀਜਾ ਨਿਕਲ ਰਿਹਾ ਹੈ। ਮੁੱਢਲੇ ਤੌਰ ’ਤੇ ਸਵਾਲ ਇਹ ਵੀ ਹੈ ਕਿ ਆਖ਼ਰ ਵਿਦਿਆਰਥੀਆਂ ਦੇ ਮਨਾਂ ’ਚ ਅਜਿਹੇ ਖ਼ੌਫ਼ਨਾਕ ਕਦਮ ਚੁੱਕਣ ਦੇ ਵਿਚਾਰ ਕਿਉਂ ਆ ਰਹੇ ਹਨ।
ਪਿਛਲੇ ਦਿਨੀਂ ਕੋਟਕਪੂਰਾ ਦੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕਾ ਵਿਚਾਲੇ ਪਾਠ-ਪੁਸਤਕ ਦੇ ਇਕ ਚੈਪਟਰ ਨੂੰ ਲੈ ਕੇ ਹੰਗਾਮਾ ਹੋ ਗਿਆ। ਪੁਸਤਕ ’ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਬਾਰੇ ਇਕ ਪਾਠ ਦੀ ਵਿਆਖਿਆ ਦੌਰਾਨ ਅਧਿਆਪਕਾ ਨੂੰ ਵਿਦਿਆਰਥੀ ਵੱਲੋਂ ਮੋੜਵਾਂ ਜਵਾਬ ਦੇਣਾ ਅਤੇ ਉਸ ਤੋਂ ਬਾਅਦ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਵੀ ਖ਼ੂਬ ਭਖ਼ਿਆ।
ਅਧਿਆਪਕਾਂ ਅਤੇ ਬੱਚਿਆਂ ਵਿਚਾਲੇ ਅਜਿਹੀਆਂ ਤਲਖ਼ੀਆਂ ਦੇ ਅਸਲ ਕਾਰਨ ਕੁਝ ਵੀ ਹੋਣ ਪਰ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਨਿੱਤ ਦਿਹਾੜੇ ਅਜਿਹਾ ਮਾਹੌਲ ਬਣਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਾਲੇ ਮਾਹੌਲ ਭਖ਼ਿਆ ਹੋਵੇ। ਗੁਰਦਾਸਪੁਰ ਦੇ ਇਕ ਸਕੂਲ ’ਚ ਵਿਦਿਆਰਥੀਆਂ ਨੇ ਕਿਸੇ ਗੱਲੋਂ ਆਪਣੇ ਅਧਿਆਪਕ ’ਤੇ ਐਸਿਡ ਅਟੈਕ ਕਰ ਦਿੱਤਾ ਸੀ। ਸਕੂਲਾਂ ਤੇ ਕਾਲਜਾਂ ਨੂੰ ਵਿੱਦਿਆ ਦੇ ਮੰਦਰ ਕਿਹਾ ਜਾਂਦਾ ਹੈ ਤੇ ਅਜਿਹੀਆਂ ਘਟਨਾਵਾਂ ਸੋਚਣ ਲਈ ਮਜਬੂਰ ਕਰ ਰਹੀਆਂ ਹਨ।
ਕਿਤੇ ਨਾ ਕਿਤੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚਾਲੇ ‘ਗੁਰੂ’ ਦੇ ਸਤਿਕਾਰ ਵਾਲਾ ਸੰਸਕਾਰ ਘਟ ਰਿਹਾ ਹੈ। ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੱਚਿਆਂ ਨੂੰ ਤਕਨੀਕ ਤੇ ਬੇਲੋੜੀ ਖੁੱਲ੍ਹ ਵੀ ਮਿਲ ਰਹੀ ਹੈ। ਸਕੂਲਾਂ ’ਚ ਅਧਿਆਪਕ ਵਿਦਿਆਰਥੀਆਂ ਨਾਲ ਘੁਲਮਿਲ ਕੇ ਰਹਿਣ ਨੂੰ ਤਰਜੀਹ ਦੇ ਰਹੇ ਹਨ। ਹਾਲਾਂਕਿ ਕਿਸੇ ਪੱਧਰ ਤੱਕ ਇਸ ’ਚ ਕੋਈ ਹਰਜ਼ ਨਹੀਂ ਹੈ ਪਰ ਇਕ ਦੋ-ਦਹਾਕੇ ਪਿੱਛੇ ਜਾਈਏ ਤਾਂ ਬੱਚਿਆਂ ਨੂੰ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਅਕਸਰ ਡੰਡੇ ਦਾ ਡਰ ਦਿਖਾ ਕੇ ਵੀ ਕਰਾਇਆ ਜਾਂਦਾ ਰਿਹਾ ਹੈ।
ਹਾਲਾਂਕਿ ਹੁਣ ਅਜਿਹੀਆਂ ਸਖ਼ਤੀਆਂ ਘਟ ਗਈਆਂ ਹਨ। ਇਕ ਸਮਾਂ ਸੀ ਜਦੋਂ ਅਧਿਆਪਕਾਂ ਦਾ ਡਰ ਵਿੱਦਿਅਕ ਸੰਸਥਾਵਾਂ ਦੇ ਗੇਟ ’ਚ ਦਾਖ਼ਲ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਸੀ। ਹੁਣ ਬੱਚਿਆਂ ਦੇ ਮਨਾਂ ’ਚੋਂ ਮਨਫ਼ੀ ਹੋ ਰਹੀ ਸਹਿਣਸ਼ੀਲਤਾ ਦੇ ਕਾਰਨ ਲੱਭਣੇ ਸਮੇਂ ਦੀ ਲੋੜ ਹੈ। ਬੱਚਿਆਂ ਨੂੰ ਸਵੈ-ਭਰੋਸੇ ਤੇ ਸਹਿਣਸ਼ੀਲਤਾ ਵਾਲੇ ਬਣਾਉਣ ਲਈ ਮਾਪੇ ਤੇ ਅਧਿਆਪਕ ਮਿਲ ਕੇ ਚੰਗੀ ਭੂਮਿਕਾ ਨਿਭਾਅ ਸਕਦੇ ਹਨ। ਕਈ ਵਾਰ ਸਿਖਾਉਣ ਲਈ ਥੋੜ੍ਹੀ ਬਹੁਤ ਸਖ਼ਤੀ ਕਰਨੀ ਵੀ ਪੈ ਜਾਂਦੀ ਹੈ। ਇਸ ਸਖ਼ਤੀ ਦੇ ਪਿੱਛੇ ਕੀ ਵਜ੍ਹਾ ਹੈ, ਇਹ ਵੀ ਬੱਚਿਆਂ ਨੂੰ ਸਮਝਾਉਣਾ ਪਵੇਗਾ ਕਿਉਂਕਿ ਵਿਦਿਆਰਥੀ ਮਨ ਗਿੱਲੀ ਮਿੱਟੀ ਦੇ ਢੇਲੇ ਵਾਂਗ ਹੁੰਦਾ ਹੈ ਅਤੇ ਉਸ ਨੂੰ ਸਹੀ ਆਕਾਰ ਇਕ ਅਧਿਆਪਕ ਹੀ ਦੇ ਸਕਦਾ ਹੈ।