'ਗਤਕਾ' ਇਕ ਅਜਿਹੀ ਖੇਡ ਹੈ ਜਿਸ ਦਾ ਨਾਂ ਲੈਂਦਿਆਂ ਹੀ ਬਹਾਦਰੀ, ਨਿਡਰਤਾ ਅਤੇ ਸੂਰਮਗਤੀ ਦਾ ਅਹਿਸਾਸ ਹੁੰਦਾ ਹੈ ਅਤੇ ਇਤਿਹਾਸ ਦੇ ਜਾਣਕਾਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜੰਗੀ ਕਲਾ ਦੇ ਅਭਿਆਸ ਵਿੱਚੋਂ ਜਨਮੀ ਇਸ ਅਦਭੁਤ ਸ਼ਸਤਰ ਵਿੱਦਿਆ ਨੇ ਭਾਰਤ ਦੇ ਇਤਿਹਾਸ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।


-ਬਲਜਿੰਦਰ ਸਿੰਘ ਤੂਰ
'ਗਤਕਾ' ਇਕ ਅਜਿਹੀ ਖੇਡ ਹੈ ਜਿਸ ਦਾ ਨਾਂ ਲੈਂਦਿਆਂ ਹੀ ਬਹਾਦਰੀ, ਨਿਡਰਤਾ ਅਤੇ ਸੂਰਮਗਤੀ ਦਾ ਅਹਿਸਾਸ ਹੁੰਦਾ ਹੈ ਅਤੇ ਇਤਿਹਾਸ ਦੇ ਜਾਣਕਾਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜੰਗੀ ਕਲਾ ਦੇ ਅਭਿਆਸ ਵਿੱਚੋਂ ਜਨਮੀ ਇਸ ਅਦਭੁਤ ਸ਼ਸਤਰ ਵਿੱਦਿਆ ਨੇ ਭਾਰਤ ਦੇ ਇਤਿਹਾਸ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਖੇਡ ਨੇ ਪੰਜਾਬੀਆਂ ਖ਼ਾਸ ਤੌਰ 'ਤੇ ਸਿੱਖਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ' ਤੇ ਇੰਨੀ ਸ਼ਕਤੀ ਦਿੱਤੀ ਕਿ ਸਿੱਖ ਕੌਮ ਦੁਨੀਆ ਦੀਆਂ ਲੜਾਕੂ ਅਤੇ ਮਾਰਸ਼ਲ ਕੌਮਾਂ ਦੀ ਪਹਿਲੀ ਕਤਾਰ 'ਚ ਸ਼ਾਮਲ ਹੋ ਗਈ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕਰ ਕੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ। ਇਸ ਦੀ ਨੀਂਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 'ਚ ਖ਼ਾਲਸੇ ਦੀ ਸਾਜਨਾ ਕਰ ਕੇ ਸ਼ਸਤਰਾਂ ਨੂੰ ਹਰੇਕ ਸਿੱਖ ਦੇ ਜੀਵਨ ਦਾ ਜ਼ਰੂਰੀ ਅੰਗ ਬਣਾ ਕੇ ਰੱਖੀ। ਇਸੇ ਸੁਮੇਲ ਨੇ ਸੰਤ ਤੇ ਸਿਪਾਹੀ ਦੇ ਸੰਕਲਪ ਨੂੰ ਜਨਮ ਦਿੱਤਾ। ਸਪਸ਼ਟ ਹੈ ਕਿ ਜੇ ਜ਼ਾਲਮ ਦੇ ਹੱਥ ਆ ਜਾਵੇ ਤਾਂ ਉਹ ਤਲਵਾਰ ਹੁੰਦੀ ਹੈ ਅਤੇ ਸੰਤ ਦੇ ਹੱਥ ਆਇਆ 'ਕੱਕਾਰ' ਕਿਰਪਾਨ ਹੁੰਦਾ ਹੈ। ਜ਼ਾਲਮ ਦੀ ਤਲਵਾਰ ਜ਼ੁਲਮ ਕਰਦੀ ਹੈ ਅਤੇ ਕਿਰਪਾਨ ਜ਼ਾਲਮ ਦਾ ਸਿਰ ਕਲਮ ਕਰ ਕੇ ਕਿਰਪਾ ਕਰਦੀ ਹੈ।
ਸ਼ਸਤਰ ਧਾਰਨ ਕਰਨ ਅਤੇ ਗਤਕੇ ਦੀ ਸਿਖਲਾਈ ਨੇ ਸਿੰਘਾਂ ਨੂੰ ਰਾਜਸੀ ਸ਼ਕਤੀ ਹਾਸਲ ਕਰਨ ਲਈ ਆਤਮ-ਵਿਸ਼ਵਾਸ ਨਾਲ ਭਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਅਤੇ ਬਾਅਦ 'ਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਤ ਵਿਸ਼ਾਲ ਸਿੱਖ ਸਾਮਰਾਜ ਇਸੇ ਆਤਮ-ਵਿਸ਼ਵਾਸ ਦਾ ਹੀ ਨਤੀਜਾ ਸੀ। ਗਤਕਾ ਕੇਵਲ ਜੰਗ ਦੇ ਸਮੇਂ ਹੀ ਵਰਤੀ ਜਾਣ ਵਾਲੀ ਵਿੱਦਿਆ ਨਹੀਂ ਸਗੋਂ ਸ਼ਾਂਤੀ ਦੇ ਮੌਕੇ ਸਰੀਰਕ ਕਸਰਤ ਅਤੇ ਮਨੋਰੰਜਨ ਦਾ ਵੀ ਸਾਧਨ ਹੈ। ਜੇਕਰ ਇਕ ਸੰਪੂਰਨ ਗਤਕਾਬਾਜ਼ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਕ ਗਤਕਾਬਾਜ਼ ਉਹ ਹੈ ਜਿਸ ਦੀ ਸਿਖਲਾਈ ਪੈਂਤੜੇ ਤੋਂ ਸ਼ੁਰੂ ਹੁੰਦੀ ਹੈ ਅਤੇ ਸਮਾਂ ਬੀਤਣ ਨਾਲ ਇਕ ਆਦਰਸ਼ ਜੀਵਨ ਜਾਚ ਉਸ ਦੇ ਕਿਰਦਾਰ 'ਚੋਂ ਝਲਕਦੀ ਹੈ। ਹੱਥ ਵਿਚ ਕੇਵਲ ਕਿਰਪਾਨ ਜਾਂ ਸੋਟੀ ਫੜ ਕੇ ਘੁਮਾਉਣ ਵਾਲੇ ਨੂੰ ਗਤਕਾਬਾਜ਼ ਨਹੀਂ ਕਿਹਾ ਜਾ ਸਕਦਾ।
ਪਰ ਅਫਸੋਸ ਦੀ ਗੱਲ ਹੈ ਕਿ ਜਿੱਥੇ ਅੱਜ ਭਾਰਤੀ ਸਮਾਜ ਆਪਣੀਆਂ ਪਰੰਪਰਾਵਾਂ ਅਤੇ ਸੰਸਕ੍ਰਿਤੀ ਨੂੰ ਛੱਡ ਕੇ ਪੱਛਮੀ ਸੱਭਿਆਚਾਰ ਵੱਲ ਆਕਰਸ਼ਿਤ ਹੋ ਰਿਹਾ ਹੈ ਉਸੇ ਤਰ੍ਹਾਂ ਅਸੀ ਬਾਹਰਲੀਆਂ ਖੇਡਾਂ ਨੂੰ ਤਾਂ ਤਰਜੀਹ ਦਿੱਤੀ ਪਰ ਆਪਣੇ ਪੂਰਵਜਾਂ ਵੱਲੋਂ ਬਖ਼ਸ਼ੀਆਂ ਵਿਰਾਸਤੀ ਖੇਡਾਂ ਦੇ ਅਨਮੋਲ ਖ਼ਜ਼ਾਨੇ ਨੂੰ ਨਾ ਸੰਭਾਲ ਸਕੇ। ਗਤਕੇ ਦੀ ਇਹ ਕਹਿ ਕੇ ਅਣਦੇਖੀ ਕਰਨੀ ਸਹੀ ਨਹੀਂ ਕਿ ਇਹ ਜੰਗੀ ਕਲਾ ਗੁਰੂ ਸਹਿਬਾਨ ਦੇ ਸਮੇਂ ਹੀ ਵਰਤੀ ਜਾ ਸਕਦੀ ਸੀ ਕਿਉਂਕਿ ਅੱਜਕੱਲ੍ਹ ਤਾਂ ਜੰਗ ਦਾ ਰੂਪ ਹੀ ਬਦਲ ਗਿਆ ਹੈ। ਹੁਣ ਤਾਂ ਤਲਵਾਰਾਂ, ਬਰਛਿਆਂ ਦੀ ਥਾਂ ਟੈਕਾਂ, ਤੋਪਾਂ ਅਤੇ ਜੰਗੀ ਜਹਾਜ਼ਾਂ ਨੇ ਲੈ ਲਈ ਹੈ। ਉਕਤ ਵਿਚਾਰ ਬਿਲਕੁਲ ਗ਼ਲਤ ਹੈ। ਗਤਕਾ ਜੰਗੀ ਕਲਾ ਦੇ ਨਾਲ-ਨਾਲ ਇਕ ਖੇਡ ਵੀ ਹੈ ਜੋ ਸਾਨੂੰ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਪ੍ਰਦਾਨ ਕਰਦੀ ਹੋਈ ਮਹਾਨ ਵਿਰਸੇ ਨਾਲ ਜੋੜਦੀ ਹੈ। ਇਹ ਇਨਸਾਨ 'ਚ ਨਿਡਰਤਾ, ਬਹਾਦਰੀ, ਸਰੀਰਕ ਸ਼ਕਤੀ ਅਤੇ ਤੰਦਰੁਸਤੀ ਭਰਦੀ ਹੈ। ਆਮ ਸਮਾਜ 'ਚ ਵਿਚਰਦੇ ਸਮੇਂ ਗ਼ੈਰ-ਸਮਾਜਿਕ ਅਨਸਰਾਂ ਨਾਲ ਲੜਨ ਦਾ ਮਾਦਾ ਕੇਵਲ ਉਸ ਵਿਚ ਹੁੰਦਾ ਹੈ ਜੋ ਨਿਡਰ, ਬਹਾਦਰ ਤੇ ਸਰੀਰਕ ਤੌਰ 'ਤੇ ਤਾਕਤਵਰ ਹੋਵੇ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਰ ਸਿੱਖ ਲਈ ਸ਼ਸਤਰ ਧਾਰਨ ਕਰਨ ਅਤੇ ਉਸ ਦੀ ਸਿਖਲਾਈ ਲੈਣ ਦਾ ਹੁਕਮ ਵੀ ਇਸ ਲਈ ਕੀਤਾ ਸੀ ਤਾਂ ਜੋ ਹਰ ਸਿੱਖ ਸਵੈ-ਮਾਣ ਅਤੇ ਇੱਜ਼ਤ ਦੀ ਜ਼ਿੰਦਗੀ ਜੀਅ ਸਕੇ।
ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਗਤਕੇ ਵਰਗੀ ਖੇਡ ਜਿਸ 'ਤੇ ਸਿੱਖ ਕੌਮ ਨੂੰ ਹੀ ਨਹੀਂ ਸਗੋਂ ਸਾਰੇ ਭਾਰਤੀ ਸਮਾਜ ਨੂੰ ਮਾਣ ਹੋਣਾ ਚਾਹੀਦਾ ਹੈ, ਨੂੰ ਪ੍ਰਫੁੱਲਿਤ ਕਰਨ ਅਤੇ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਓਨੇ ਉੱਦਮ ਅਤੇ ਉਪਰਾਲੇ ਨਹੀਂ ਹੋ ਰਹੇ ਜਿੰਨਿਆਂ ਦੀ ਲੋੜ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗਤਕਾ ਖੇਡ ਲਈ ਇਕ ਨਾਮਾਤਰ ਬਜਟ ਰੱਖਿਆ ਜਾਂਦਾ ਹੈ। ਵਿਦੇਸ਼ ਵਿਚ ਬੈਠੇ ਸਾਡੇ ਪੰਜਾਬੀ ਵੀਰਾਂ ਨੇ ਵੀ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ-ਅਰਬਾਂ ਰੁਪਏ ਖ਼ਰਚ ਕਰ ਦਿੱਤੇ ਜੋ ਚੰਗੀ ਗੱਲ ਹੈ ਪਰ ਗੁਰੁ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਖੇਡ ਗਤਕਾ ਵੱਲ ਉਨ੍ਹਾਂ ਵੱਲੋਂ ਵੱਡਾ ਹੁੰਗਾਰਾ ਨਹੀਂ ਦਿੱਤਾ ਜਾਂਦਾ। ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਤੋਂ ਲੈ ਕੇ ਹੁਣ ਤਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਬਹੁਤ ਸ਼ਤਾਬਦੀਆਂ ਮਨਾਈਆਂ ਗਈਆਂ ਪਰ ਸਿੱਖਾਂ ਦੇ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਨ ਅਤੇ ਇਸ ਕਲਾ ਨਾਲ ਜੁੜੇ ਖਿਡਾਰੀਆਂ, ਅਖਾੜਿਆਂ, ਅਕੈਡਮੀਆਂ ਨੂੰ ਉੱਚਾ ਚੁੱਕਣ ਲਈ ਕੋਈ ਖ਼ਾਸ ਨੀਤੀ ਨਹੀਂ ਬਣਾਈ ਗਈ। ਇੱਥੇ ਇਹ ਸਭ ਦੱਸਦੇ ਹੋਏ ਮੈਂ ਸਰਕਾਰਾਂ, ਸ਼੍ਰੋਮਣੀ ਕਮੇਟੀ ਜਾਂ ਐੱਨਆਰਆਈ ਵੀਰਾਂ ਨੂੰ ਗ਼ਲਤ ਸਾਬਤ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਦਾ ਧਿਆਨ ਗਤਕਾ ਖੇਡ ਵੱਲ ਦਿਵਾਉਣਾ ਚਾਹੁੰਦਾ ਹਾਂ।
ਗਤਕਾ ਫੈੱਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਪਿਛਲੇ ਲਗਪਗ ਇਕ ਦਹਾਕੇ ਤੋਂ ਇਸ ਖੇਡ ਨੂੰ ਉਤਸ਼ਾਹਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਕ ਖ਼ਾਸ ਨੀਤੀ ਤਹਿਤ ਇਸ ਖੇਡ ਨੂੰ ਘਰ-ਘਰ ਦੀ ਖੇਡ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਵੱਖ-ਵੱਖ ਸੰਸਥਾਵਾਂ ਦੇ ਅਮੁੱਲੇ ਸਹਿਯੋਗ ਨਾਲ ਇਸ ਖੇਡ ਨੂੰ ਗ੍ਰੇਡੇਸ਼ਨ ਪ੍ਰਾਪਤ ਖੇਡਾਂ ਦੀ ਸੂਚੀ ਵਿਚ ਸ਼ਾਮਲ ਕਰਵਾਇਆ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਆਪਣੀ ਅਕਾਦਮਿਕ ਪੜ੍ਹਾਈ, ਪ੍ਰੋਫੈਸ਼ਨਲ ਕੋਰਸਾਂ ਅਤੇ ਨੌਕਰੀਆਂ ਦੇ ਸਮੇਂ ਬਾਕੀ ਖਿਡਾਰੀਆਂ ਦੀ ਤਰ੍ਹਾਂ ਅੰਕ ਮਿਲ ਸਕਣ। ਪੰਜਾਬ ਐਸੋਸੀਏਸ਼ਨ ਵੱਲੋਂ ਸਾਲ 2014 ਤੋਂ ਲਗਾਤਾਰ ਪੰਜ ਪੰਜਾਬ ਸਟੇਟ ਚੈਂਪੀਅਨਸ਼ਿਪਾਂ ਕਰਵਾਈਆਂ ਗਈਆਂ ਹਨ। ਸਕੂਲਾਂ, ਕਾਲਜਾਂ ਅਤੇ ਯੂਨਵਿਰਸਿਟੀਆਂ ਵਿਚ ਗਤਕੇ ਨੂੰ ਇਕ ਖੇਡ ਦੇ ਰੂਪ ਵਿਚ ਸ਼ਾਮਲ ਕਰਵਾਇਆ ਗਿਆ ਹੈ। ਗਤਕੇ ਦੇ ਰਿਫਰੈਸ਼ਰ ਕੋਰਸ ਅਤੇ ਕੈਂਪ ਲਗਾਏ ਜਾਂਦੇ ਹਨ। ਗਤਕਾ ਖੇਡ 'ਤੇ ਡਿਪਲੋਮੇ ਸ਼ੁਰੂ ਹੋ ਚੁੱਕੇ ਹਨ। ਨਿਯਮਾਂ ਨੂੰ ਕਲਮਬੱਧ ਕਰ ਕੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਗਤਕਾ ਨਿਯਮਾਂਵਲੀ ਛਾਪੀ ਜਾ ਚੁੱਕੀ ਹੈ। ਥੋੜ੍ਹਾ ਸਮਾਂ ਪਹਿਲਾਂ ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਪੰਜਾਬ ਗਤਕਾ ਐਸੋਸੀਏਸ਼ਨ ਨੂੰ ਮਾਨਤਾ ਦਿੱਤੀ ਗਈ ਹੈ। ਪੰਜਾਬ ਦੇ ਪ੍ਰਮੁੱਖ ਅਖ਼ਬਾਰ 'ਪੰਜਾਬੀ ਜਾਗਰਣ' ਵੱਲੋਂ ਪੰਜਾਬ ਗਤਕਾ ਐਸੋਸੀਏਸ਼ਨ ਨਾਲ ਮਿਲ ਕੇ ਗਤਕਾ ਕੱਪ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਗੁਣਾਤਮਕ ਵਿੱਦਿਅਕ ਮੁਕਾਬਲਿਆਂ ਤਹਿਤ ਗਤਕੇ ਦੇ ਮੁਕਾਬਲੇ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾ ਰਹੇ ਹਨ। ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ, ਅਖਾੜਿਆਂ, ਖੇਡ ਕਲੱਬਾਂ ਵੱਲੋਂ ਗਤਕੇ ਦੇ ਪ੍ਰਸਾਰ ਲਈ ਯਤਨ ਕੀਤੇ ਜਾ ਰਹੇ ਹਨ। ਪਰ ਇਸ ਖੇਡ ਨੂੰ ਓਲੰਪਿਕ ਤਕ ਪਹੁੰਚਾਉਣ ਲਈ ਇਕ ਵੱਡੀ ਘਾਲਣਾ ਘਾਲਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਗਤਕੇ ਲਈ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਸਾਂਝੇ ਯਤਨਾਂ ਨਾਲ ਇਸ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਗਤਕਾ ਖਿਡਾਰੀਆਂ ਨੂੰ ਇਸ ਖੇਡ ਨੂੰ ਇਕ ਪ੍ਰੋਫੈਸ਼ਨ ਵਜੋਂ ਅਪਣਾਉਣਾ ਚਾਹੀਦਾ ਹੈ। ਖਿਡਾਰੀਆਂ ਲਈ ਲੋੜੀਂਦੇ ਸਾਮਾਨ, ਸ਼ਸਤਰ, ਵਰਦੀਆਂ, ਗਰਾਊਂਡਜ਼, ਕੋਚਾਂ, ਡਾਈਟ ਦੇ ਪ੍ਰਬੰਧ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਸਿੰਘ ਸਭਾਵਾਂ ਅਤੇ ਸਰਕਾਰਾਂ ਦੇ ਖੇਡ ਵਿੰਗ ਨੂੰ ਲੈਣਾ ਚਾਹੀਦਾ ਹੈ। ਖਿਡਾਰੀਆਂ ਦੀ ਸਿਖਲਾਈ, ਰੈਫਰੀ ਅਤੇ ਕੋਚਾਂ ਦੀ ਸਿਖਲਾਈ, ਗਤਕਾ ਨਿਯਮਾਂ ਵਿਚ ਸਮੇਂ-ਸਮੇਂ ਸੋਧ ਕਰਨੀ ਅਤੇ ਉਨ੍ਹਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਲਾਗੂ ਕਰਵਾਉਣ ਦਾ ਕੰਮ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਇਸ ਨਾਲ ਜੁੜੀਆਂ ਸਟੇਟ ਐਸੋਸੀਏਸ਼ਨਾਂ ਦਾ ਹੈ। ਸੂਬੇ ਦੀਆਂ ਸਰਕਾਰਾਂ ਅਤੇ ਕੇਂਦਰ ਦੀ ਸਰਕਾਰ ਨੂੰ ਗਤਕਾ ਖੇਡ ਦੇ ਮਾਣਮੱਤੇ ਇਤਿਹਾਸ ਨੂੰ ਚੇਤੇ ਕਰਦਿਆਂ ਇਸ ਦੀ ਪ੍ਰਫੁੱਲਤਾ ਲਈ ਹਾਂ-ਪੱਖੀ ਰਵੱਈਆ ਅਪਣਾਉਣ ਦੀ ਲੋੜ ਹੈ। ਗਤਕਾ ਖੇਡ ਇਕ ਬਹੁਤ ਸਸਤੀ ਖੇਡ ਹੈ ਜਿਸ ਨੂੰ ਹਰ ਕੋਈ ਖੇਡ ਸਕਦਾ ਹੈ। ਭਾਵ ਇਸ ਨੂੰ ਖੇਡਣ ਲਈ ਬਹੁਤ ਵੱਡੇ ਗਰਾਊਂਡ ਦੀ ਜ਼ਰੂਰਤ ਨਹੀਂ। ਗਤਕਾ ਖੇਡਣ ਲਈ ਵਰਤੀ ਜਾਂਦੀ ਸੋਟੀ ਅਤੇ ਫਰੀ ਦੀ ਕੀਮਤ ਵੀ ਬਹੁਤ ਘੱਟ ਹੈ ਅਤੇ ਇਹ ਕਿਸੇ ਵੀ ਕੱਚੀ-ਪੱਕੀ ਥਾਂ 'ਤੇ ਖੇਡੀ ਜਾ ਸਕਦੀ ਹੈ।
ਸੋ, ਆਓ ਆਪਾਂ ਸਾਰੇ ਰਲ-ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ 'ਤੇ ਸਿੱਖ ਕੌਮ ਦੀ ਮਾਰਸ਼ਲ ਖੇਡ ਗਤਕਾ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਉਪਰਾਲੇ ਕਰੀਏ ਅਤੇ ਇਸ ਮਹਾਨ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਪਾਈਏ। ਸਾਰਿਆਂ ਦੇ ਸੁਹਿਰਦ ਯਤਨਾਂ ਸਦਕਾ ਹੀ ਇਸ ਖੇਡ ਨੂੰ ਓਲੰਪਿਕ ਤਕ ਪਹੁੰਚਾਇਆ ਜਾ ਸਕਦਾ ਹੈ।
-(ਜਨਰਲ ਸਕੱਤਰ, ਗੱਤਕਾ ਫੈੱਡਰੇਸ਼ਨ ਆਫ ਇੰਡੀਆ)।
-ਮੋਬਾਈਲ ਨੰ. : 93176-35584