ਨਜ਼ਰ-ਏ-ਕਰਮ
ਜਦ ਕੋਈ ਆਪਣੇ ਸਤਿਗੁਰੂ ਦੀ ਪ੍ਰੇਮ ਭਰੀ ਨਜ਼ਰ ਹਾਸਲ ਕਰਦਾ ਹੈ ਤਾਂ ਉਸ ਦੀ ਆਤਮਾ ਜਾਗਦੀ ਹੈ। ਅਜਿਹਾ ਵਿਅਕਤੀ ਇਸ ਦੁਨੀਆ ਦੇ ਨਾਸ਼ਵਾਨ ਹੋਣ ਦਾ ਅਹਿਸਾਸ ਕਰਦਾ ਹੈ।
Publish Date: Sat, 01 Nov 2025 10:38 PM (IST)
Updated Date: Sun, 02 Nov 2025 07:39 AM (IST)
ਨਜ਼ਰ-ਏ-ਕਰਮ ਜਾਂ ਸਤਿਗੁਰੂ ਦਾ ਦਰਸ਼ਨ ਇੰਨਾ ਪ੍ਰਭਾਵਸ਼ਾਲੀ ਕਿਉਂ ਹੁੰਦਾ ਹੈ? ਇਸ ਦਾ ਅਹਿਸਾਸ ਉਹੀ ਲੋਕ ਕਰਦੇ ਹਨ ਜਿਨ੍ਹਾਂ ’ਤੇ ਆੋਪਣੇ ਸਤਿਗੁਰੂ ਦੀ ਨਜ਼ਰ-ਏ-ਕਰਮ ਪੈਂਦੀ ਹੈ ਜਾਂ ਫਿਰ ਉਹ ਉਸ ਨਜ਼ਰੀਏ ਨੂੰ ਹਾਸਲ ਕਰਨ ਲਈ ਤਰਸਦੇ ਹਨ। ਜਦ ਕੋਈ ਉਸ ਨਜ਼ਰ-ਏ-ਕਰਮ ਤੋਂ ਵੱਖ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਆਪਣੇ ਸਤਿਗੁਰੂ ਦੇ ਵਿਛੋੜੇ ਦਾ ਅਹਿਸਾਸ ਕਰਦਾ ਹੈ। ਜਿਸ ਕਿਸੇ ਨੇ ਆਪਣੇ ਸਤਿਗੁਰੂ ਤੋਂ ਜੁਦਾਈ ਦਾ ਅਹਿਸਾਸ ਕੀਤਾ ਹੋਵੇ, ਉਹ ਜਾਣਦਾ ਹੈ ਕਿ ਹਰ ਸਮੇਂ ਉਨ੍ਹਾਂ ਦੀ ਨਜ਼ਰ-ਏ-ਕਰਮ ਦੇ ਬਿਨਾਂ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਹੈ।
  
 ਜਿਵੇਂ ਇਕ ਦੁੱਧ ਪੀਂਦੇ ਬੱਚੇ ਨੂੰ ਉਸ ਦੀ ਮਾਂ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਉਹ ਬੱਚਾ ਤਦ ਤੱਕ ਰੋਂਦਾ ਹੈ, ਜਦ ਤੱਕ ਕਿ ਉਹ ਆਪਣੀ ਮਾਂ ਨਾਲ ਨਹੀਂ ਮਿਲ ਜਾਂਦਾ। ਠੀਕ ਉਸੇ ਤਰ੍ਹਾਂ ਜਦ ਕਿਸੇ ਦੇ ਅੰਦਰ ਸਤਿਗੁਰੂ ਨੂੰ ਮਿਲਣ ਦੀ ਇੱਛਾ ਜਾਗਦੀ ਹੈ ਤਾਂ ਉਸ ਦਾ ਧਿਆਨ ਬਾਹਰਲੀ ਦੁਨੀਆ ਦੇ ਆਕਰਸ਼ਣਾਂ ਤੇ ਚੀਜ਼ਾਂ ਤੋਂ ਹਟ ਕੇ ਦੈਵੀ-ਪਿਆਰ ਦੀ ਭਾਲ ’ਚ ਲੱਗ ਜਾਂਦਾ ਹੈ ਤੇ ਉਸ ਨੂੰ ਤਦ ਤੱਕ ਸ਼ਾਂਤੀ ਨਹੀਂ ਮਿਲਦੀ ਜਦ ਤੱਕ ਕਿ ਉਹ ਆਪਣੇ ਸਤਿਗੁਰੂ ਦੀ ਨਜ਼ਰ-ਏ-ਕਰਮ ਹਾਸਲ ਨਹੀਂ ਕਰਦਾ। ਜਦ ਕੋਈ ਆਪਣੇ ਸਤਿਗੁਰੂ ਦੀ ਪ੍ਰੇਮ ਭਰੀ ਨਜ਼ਰ ਹਾਸਲ ਕਰਦਾ ਹੈ ਤਾਂ ਉਸ ਦੀ ਆਤਮਾ ਜਾਗਦੀ ਹੈ। ਅਜਿਹਾ ਵਿਅਕਤੀ ਇਸ ਦੁਨੀਆ ਦੇ ਨਾਸ਼ਵਾਨ ਹੋਣ ਦਾ ਅਹਿਸਾਸ ਕਰਦਾ ਹੈ। 
  ਫਿਰ ਉਹ ਆਪਣੇ ਮਨ ਦਾ ਕੈਦੀ ਨਹੀਂ ਰਹਿੰਦਾ ਤੇ ਨਾ ਹੀ ਇਸ ਸੰਸਾਰ ਦੀ ਕਿਸੇ ਚੀਜ਼ ਦੀ ਚਾਹਤ ਰੱਖਦਾ ਹੈ ਕਿਉਂਕਿ ਉਹ ਆਪਣੀ ਆਤਮਾ ਦੀ ਅਸਲੀਅਤ ਨੂੰ ਜਾਨਣ ਲਗਦਾ ਹੈ। ਉਹ ਇਹ ਵੀ ਜਾਣ ਜਾਂਦਾ ਹੈ ਕਿ ਉਸ ਦੀ ਆਤਮਾ ਪਿਤਾ-ਪਰਮੇਸ਼ਵਰ ਦਾ ਅੰਸ਼ ਹੈ ਤੇ ਸੰਤ-ਸਤਿਗੁਰੂ ਦੀ ਨਜ਼ਰ-ਏ-ਕਰਮ ਰਾਹੀਂ ਹੀ ਉਹ ਪਰਮਾਤਮਾ ਨੂੰ ਮਿਲ ਸਕਦੀ ਹੈ। ਉਹ ਜਲਦੀ ਤੋਂ ਜਲਦੀ ਆਪਣੀ ਆਤਮਾ ਦਾ ਮਿਲਾਪ ਪਿਤਾ-ਪਰਮਾਤਮਾ ਨਾਲ ਕਰਵਾਉਣਾ ਚਾਹੁੰਦਾ ਹੈ। ਉਸ ਨੂੰ ਇਸ ਗੱਲ ਦੀ ਪੂਰੀ ਸਮਝ ਹੁੰਦੀ ਹੈ ਕਿ ਇਕ ਸੰਤ-ਸਤਿਗੁਰੂ ਦੀ ਨਜ਼ਰ-ਏ-ਕਰਮ ਹਾਸਲ ਕਰਨਾ ਕਿੰਨਾ ਜ਼ਰੂਰੀ ਹੈ। ਨਜ਼ਰ -ਏ-ਕਰਮ ਆਤਮਾ ਦੇ ਪਿਆਲੇ ’ਚ ਅੰਮ੍ਰਿਤ ਨੂੰ ਪਾਉਣ ਵਾਂਗ ਹੈ। ਇਹ ਇਕ ਅਜਿਹੀ ਮਿਠਾਸ ਹੈ ਜੋ ਸਾਡੇ ਰੋਮ-ਰੋਮ ’ਚ ਸਮਾ ਜਾਂਦੀ ਹੈ ਤੇ ਸਾਨੂੰ ਅਜਿਹੀ ਊਰਜਾ ਨਾਲ ਭਰ ਦਿੰਦੀ ਹੈ ਜਿਸ ਨਾਲ ਸਾਡੀ ਆਤਮਾ ਪਰਮਾਤਮਾ ਵੱਲ ਜਾਂਦੀ ਹੈ। 
 
 
-ਸੰਤ ਰਾਜਿੰਦਰ ਸਿੰਘ