ਇਕ ਖ਼ਤ ਸਿੱਖ ਸੰਗਤ ਦੇ ਨਾਮ
ਇਸ ਹਫ਼ਤੇ ਦੌਰਾਨ ਅਣਗਿਣਤ ਸੰਗਤ ਮੰਜਿਆਂ ਦੀ ਬਜਾਏ ਧਰਤੀ 'ਤੇ ਆਸਣ ਲਾਉਂਦੀ ਹੈ। ਸ਼ਰਧਾਲੂਆਂ ਦੀਆਂ ਅੱਖਾਂ ਨਮ ਹੁੰਦੀਆਂ ਹਨ ਤੇ ਦਿਲਾਂ ਵਿਚ ਵਿਰਾਗ। ਅਣਗਿਣਤ ਘਰਾਂ ਵਿਚ ਸ਼ਹੀਦੀ ਹਫ਼ਤੇ ਦੌਰਾਨ ਦਾਲਾਂ ਨੂੰ ਤੜਕੇ ਨਹੀਂ ਲਾਏ ਜਾਂਦੇ।
Publish Date: Thu, 26 Dec 2019 08:59 PM (IST)
Updated Date: Fri, 27 Dec 2019 03:45 AM (IST)

-ਡਾ. ਦਲਜੀਤ ਸਿੰਘ
ਗੁਰੂ ਪਿਆਰੀ ਸਾਧ ਸੰਗਤ ਜੀ...
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਖ਼ਤ ਰਾਹੀਂ ਮੈਂ ਹਰ ਉਸ ਨਾਨਕ ਨਾਮ ਲੇਵਾ ਨੂੰ ਸੰਬੋਧਿਤ ਹਾਂ ਜੋ ਨਿਰਸਵਾਰਥ ਭਾਵਨਾ ਨਾਲ ਖ਼ਾਲਸਾਈ ਇਤਿਹਾਸ, ਖ਼ਾਲਸਾਈ ਆਨ-ਸ਼ਾਨ-ਬਾਨ ਨੂੰ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਸਹੀ ਅਰਥਾਂ ਵਿਚ ਸਵੀਕਾਰਦਾ ਅਤੇ ਸਤਿਕਾਰਦਾ ਹੈ। ਅਸੀਂ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਹਫਤੇ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਇਸ ਹਫ਼ਤੇ ਦੌਰਾਨ ਦੁਨੀਆ ਭਰ ਵਿਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਅਣਗਿਣਤ ਸੰਗਤ ਮੰਜਿਆਂ ਦੀ ਬਜਾਏ ਧਰਤੀ 'ਤੇ ਆਸਣ ਲਾਉਂਦੀ ਹੈ। ਸ਼ਰਧਾਲੂਆਂ ਦੀਆਂ ਅੱਖਾਂ ਨਮ ਹੁੰਦੀਆਂ ਹਨ ਤੇ ਦਿਲਾਂ ਵਿਚ ਵਿਰਾਗ। ਅਣਗਿਣਤ ਘਰਾਂ ਵਿਚ ਸ਼ਹੀਦੀ ਹਫ਼ਤੇ ਦੌਰਾਨ ਦਾਲਾਂ ਨੂੰ ਤੜਕੇ ਨਹੀਂ ਲਾਏ ਜਾਂਦੇ।
ਪਿਛਲੇ ਕੁਝ ਸਮੇਂ ਤੋਂ ਕੁਝ ਅਖੌਤੀ ਸਿੱਖਾਂ ਦੇ ਦਿੱਲੀ ਵਿਚ ਬੈਠੇ ਲੀਡਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ 28 ਦਸੰਬਰ ਨੂੰ ਕਿਸੇ ਬੱਜਰ ਭੁੱਲ ਜਾਂ ਡੂੰਘੀ ਸਾਜ਼ਿਸ਼ ਤਹਿਤ ਬਾਲ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਇਸ ਖੁੱਲ੍ਹੇ ਖ਼ਤ ਰਾਹੀਂ ਇਸ ਸਾਜ਼ਿਸ਼ ਤੋਂ ਸੁਚੇਤ ਕਰਨ ਲਈ ਸਮੂਹ ਸੰਗਤ ਨੂੰ ਮੁਖਾਤਿਬ ਹਾਂ। ਮੈਂ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੈਂ ਇਸ ਤੋਂ ਪਹਿਲਾਂ ਵੀ ਦਰਪੇਸ਼ ਪੰਥਕ ਮਸਲਿਆਂ ਸਬੰਧੀ ਸਮੇਂ-ਸਮੇਂ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਚ ਲੀਡਰਸ਼ਿਪ ਨੂੰ ਆਗਾਹ ਕਰਦਾ ਆ ਰਿਹਾ ਹਾਂ ਪਰ ਸਾਰਥਕ ਹੁੰਗਾਰੇ ਦੇ ਬਾਵਜੂਦ ਫ਼ੈਸਲੇ ਬਦਲਦੇ ਰਹੇ ਹਨ। ਮੈਂ 2005 ਤੋਂ 2014 ਤਕ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਹੁੰਦਿਆਂ 12 ਮਈ 2012 ਨੂੰ ਸਿੱਖ ਮੈਰਿਜ ਐਕਟ ਦੇ ਖਰੜੇ ਸਬੰਧੀ ਚੀਫ ਖ਼ਾਲਸਾ ਦੀਵਾਨ ਦੇ ਹਾਲ ਵਿਚ ਪੰਥਕ ਇਕੱਠ ਵਿਚ ਸਿੱਖ ਮੈਰਿਜ ਦਾ ਖਰੜਾ ਤਤਕਾਲੀ ਜਥੇਦਾਰ ਅਕਾਲ ਤਖਤ ਸਾਹਿਬ, ਗਿਆਨੀ ਗੁਰਬਚਨ ਸਿੰਘ ਨੂੰ ਪੇਸ਼ ਕੀਤਾ ਸੀ ਜਿਸ ਨੂੰ ਸਮੁੱਚੀ ਸੰਗਤ ਵਿਚ ਜੈਕਾਰਿਆਂ ਨਾਲ ਸਵੀਕਾਰ ਵੀ ਕੀਤਾ ਗਿਆ। ਦੋ ਦਿਨਾਂ ਬਾਅਦ ਹੀ ਉਸ ਸਮੇਂ ਦੇ ਸਿੰਘ ਸਾਹਿਬਾਨ ਨੇ 'ਯੂ-ਟਰਨ' ਲੈਂਦਿਆਂ ਰਾਜਨੀਤਕ ਲੀਡਰਾਂ ਦੀ ਸੁਰ ਵਿਚ ਸੁਰ ਮਿਲਾਉਂਦੇ ਹੋਏ ਅਨੰਦ ਮੈਰਿਜ ਐਕਟ ਅਧੀਨ ਵਿਆਹ ਰਜਿਸਟਰ ਕਰਵਾਉਣ ਦੀ ਤਰਮੀਮ ਨੂੰ ਹੀ ਲਾਗੂ ਕਰਵਾਉਂਣਾ ਪਸੰਦ ਕੀਤਾ ਗਿਆ। ਅੱਜ ਤੋਂ ਦਸ ਸਾਲ ਪਹਿਲਾਂ ਮੈਂ ਗੁਰਦੁਆਰਾ ਮੰਗੂ ਮੱਠ ਸਬੰਧੀ ਵੀ ਉਕਤ ਜ਼ਿੰਮੇਵਾਰ ਸ਼ਖ਼ਸੀਅਤਾਂ ਨੂੰ ਆਗਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੱਸਿਆ ਸੀ ਕਿ 1984 ਤੋਂ ਬਾਅਦ ਜਿਸ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਸ਼ੋਭਿਤ ਸੀ ਜੋ ਉੱਥੋਂ ਹਟਾ ਲਈ ਗਈ ਹੈ। ਇਕ ਸਿੱਖ ਹੋਣ ਦੇ ਨਾਤੇ ਮੇਰਾ ਇਹ ਫ਼ਰਜ਼ ਬਣਦਾ ਹੈ ਕਿ ਪੰਥਕ ਮਸਲਿਆਂ ਸਬੰਧੀ ਕੌਮ ਨੂੰ ਆਗਾਹ ਕੀਤਾ ਜਾਵੇ। 'ਚਿਲਡਰਨ ਡੇਅ' ਪੰਡਿਤ ਜਵਾਹਰਲਾਲ ਨਹਿਰੂ ਦੇ ਜਨਮ ਦਿਨ ਵਜੋਂ ਹੁਣ ਤਕ ਮਨਾਇਆ ਜਾਂਦਾ ਰਿਹਾ ਹੈ। ਉਸ ਦਿਨ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜਨ ਬਾਰੇ ਸੋਚਣਾ ਬੱਜਰ ਗੁਨਾਹ ਅਤੇ ਤਵਾਰੀਖ਼ੀ ਭੁੱਲ ਸਮਝਿਆ ਜਾਵੇਗਾ। ਸਾਹਿਬਜ਼ਾਦਿਆਂ ਦੀ ਕੁਰਬਾਨੀ ਦੁਨੀਆ ਦੇ ਇਤਿਹਾਸ ਵਿਚ ਲਾਸਾਨੀ ਸ਼ਹਾਦਤ ਵਜੋਂ ਮਨਾਈ ਜਾਂਦੀ ਹੈ। ਨੌਂ ਸਾਲ ਅਤੇ ਸੱਤ ਸਾਲ ਦੇ ਗੁਰੂ ਦੇ ਲਾਲਾਂ ਨੇ ਆਪਣੇ ਧਰਮ ਖ਼ਾਤਰ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਜਾਣ ਤੋਂ ਬਾਅਦ ਧਰਮ ਦੀਆਂ ਨੀਹਾਂ ਮਜ਼ਬੂਤ ਕਰ ਗਏ। ਇਸ ਕਰਕੇ ਸੰਗਤ ਇਸ ਸ਼ਹਾਦਤ ਨੂੰ 'ਨਿੱਕੀਆਂ ਜਿੰਦਾਂ ਵੱਡਾ ਸਾਕਾ' ਕਰਕੇ ਸਿਰ ਨਿਵਾਉਂਦੀ ਆ ਰਹੀ ਹੈ। ਵੱਡੇ ਸਾਹਿਬਜ਼ਾਦਿਆਂ ਨੇ ਵੀ 'ਸਵਾ ਲਾਖ ਸੇ ਏਕ ਲੜਾਊਂ' ਦੇ ਕਥਨ ਨੂੰ ਅਮਲੀ ਜਾਮਾ ਪਹਿਨਾਉਦਿਆਂ ਸ਼ਹਾਦਤ ਦਿੱਤੀ ਸੀ।
ਮੈਂ ਇਨ੍ਹਾਂ ਸਤਰਾਂ ਰਾਹੀਂ ਸਾਹਿਬਜ਼ਾਦਿਆਂ ਦੇ ਨਾਮ 'ਤੇ ਰਚੀ ਜਾ ਰਹੀ ਡੂੰਘੀ ਸਾਜ਼ਿਸ਼ ਜਾਂ ਕੁਝ ਵਿਕਾਊ ਨੇਤਾਵਾਂ ਦੁਆਰਾ ਜਚਾਈ ਜਾ ਰਹੀ ਕੁਤਾਹੀ ਤੋਂ ਆਗਾਹ ਕਰਵਾ ਰਿਹਾ ਹਾਂ। ਪਿਛਲੇ ਕੁਝ ਸਮੇਂ ਤੋਂ ਕੁਝ ਰਾਜਨੀਤਕ ਨੇਤਾ, ਅਖੌਤੀ ਧਾਰਮਿਕ ਜਥੇਬੰਦੀਆਂ ਇਸ ਦਿਨ ਨੂੰ 'ਚਿਲਡਰਨ ਡੇਅ' ਦਾ ਨਾਮ ਦੇਣ ਦੀ ਰਟ ਲਾ ਰਹੀਆਂ ਹਨ। ਇਹ ਰਾਜਨੀਤਕ ਅਤੇ ਅਖੌਤੀ ਧਾਰਮਿਕ ਲੋਕ ਸਿੱਖ ਧਰਮ ਦੀ ਵਡਮੁੱਲੀ ਸਾਖ਼ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਨਾਲ ਹੀ ਇਕ ਰਾਜਨੀਤਕ ਪਾਰਟੀ ਇਸ ਦਿਨ ਨੂੰ ਪੰਡਿਤ ਨਹਿਰੂ ਦੇ ਨਾਮ ਨਾਲੋਂ ਹਟਾ ਕੇ ਆਪਣਾ ਹਿੱਤ ਪੂਰ ਕੇ ਸਿੱਖਾਂ ਨੂੰ ਇਸ ਲਈ ਵਰਤਣਾ ਚਾਹੁੰਦੀ ਹੈ। ਅਜਿਹੀ ਲੀਡਰਸ਼ਿਪ ਜਿਸ ਸੰਬੰਧੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਸਵੇਰ ਨੂੰ ਕੋਟ-ਟਾਈ ਲਾ ਕੇ ਨਿਕਲਦੀ ਹੈ ਅਤੇ ਤਰਕੀਬਾਂ ਬਣਾਉਂਦੀ ਹੈ ਕਿ ਸਿੱਖੀ ਕਿਸ ਤਰ੍ਹਾਂ ਵੇਚੀ ਜਾ ਸਕਦੀ ਹੈ। ਅਜਿਹੀ ਲੀਡਰਸ਼ਿਪ ਇਸ ਭੂਮਿਕਾ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਪੱਬਾਂ ਭਾਰ ਹੈ। ਮੈਂ ਦਿੱਲੀ ਦੀ ਸੰਗਤ ਨੂੰ ਸੁਚੇਤ ਰੂਪ ਵਿਚ ਕਹਿ ਰਿਹਾ ਹਾਂ ਕਿ ਸਿੱਖ ਮਰਿਆਦਾ ਅਤੇ ਸਿੱਖੀ ਆਨ-ਬਾਨ-ਸ਼ਾਨ ਲਈ ਲਾਸਾਨੀ ਕੁਰਬਾਨੀ ਨੂੰ ਸਿਰਫ਼ ਤੇ ਸਿਰਫ਼ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਯਾਦ ਕਰਨ ਅਤੇ ਮਨਾਉਣ ਦੀ ਪਰੰਪਰਾ ਜਾਰੀ ਰੱਖੀ ਜਾਵੇ। ਸਾਹਿਬਜ਼ਾਦੇ ਕੋਈ ਆਮ, ਸਾਧਾਰਨ ਬੱਚੇ ਨਹੀਂ ਸਨ ਜੋ ਇਨ੍ਹਾਂ ਨੂੰ ਕਿਸੇ ਨੇਤਾ ਦੇ ਜਨਮ ਦਿਨ ਨਾਲ ਮਿਲਾ ਕੇ ਨਵੀਂ ਦਿੱਖ ਦੇਣ ਦੀ ਕੋਝੀ ਹਰਕਤ ਕੀਤੀ ਜਾਵੇ। ਮੇਰੀ ਇਹ ਜੋਦੜੀ ਹੈ ਕਿ ਆਓ! ਸੁਚੇਤ ਰੂਪ ਵਿਚ ਖੁੱਲ੍ਹੀਆਂ ਅੱਖਾਂ ਨਾਲ ਇਸ ਸਾਜ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਸਿੱਖ ਧਰਮ ਨੂੰ ਇਸ ਸੌੜੀ ਰਾਜਨੀਤੀ ਅਤੇ ਕੋਝੀ ਸੋਚ ਤੋਂ ਦੂਰ ਰੱਖਦੇ ਹੋਏ ਆਪਣੇ ਇਤਿਹਾਸ ਦੀ ਮਹਾਨਤਾ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਮਨਾਉਣ ਦੀ ਪਰੰਪਰਾ ਨੂੰ ਜਾਰੀ ਰੱਖੀਏ ਅਤੇ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਇਸ ਦਿਨ ਨੂੰ ਸਾਰੇ ਦੇਸ਼ ਵਿਚ 'ਸਾਹਿਬਜ਼ਾਦਾ ਸ਼ਹੀਦੀ ਦਿਵਸ' ਵਜੋਂ ਮਨਾਉਣ ਦਾ ਐਲਾਨ ਕਰੇ।
-(ਲੇਖਕ ਕਾਨੂੰਨ ਦਾ ਪ੍ਰੋਫੈਸਰ ਤੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦਾ ਸਾਬਕਾ ਪ੍ਰਿੰਸੀਪਲ ਹੈ)।
-ਮੋਬਾਈਲ ਨੰ. : 98145-18877