ਜ਼ਿੰਦਗੀ ਦੇ ਸਫ਼ਰ ’ਤੇ ਚੱਲਦਿਆਂ ਅਜਿਹੇ ਮੋੜ ਵੀ ਆਉਂਦੇ ਨੇ ਜਦੋਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਵਰਗੇ ਇਨਸਾਨ ਆਪਣੇ ਇਰਦ-ਗਿਰਦ ਵਾਪਰਦੀਆਂ ਘਟਨਾਵਾਂ ਤੋਂ ਐਨੇ ਹਲੂਣੇ ਜਾਂਦੇ ਹਨ ਕਿ ਉਹ ਅਰੁੱਕ ਅਤੇ ਅਮੁੱਕ ਸਫ਼ਰ ਦੇ ਪਾਂਧੀ ਹੋ ਜਾਂਦੇ ਹਨ। ਉਹ ਆਪਣੀ ਅਕਾਦਮਿਕ ਵਿੱਦਿਆ ਤੋਂ ਅਗਲੇ ਵਿਸ਼ਾਲ ਖੋਜ ਖੇਤਰਾਂ ਵੱਲ ਨਿਕਲ ਤੁਰਦੇ ਹਨ। ਉਹ ਭਾਵੇਂ ਪਹਿਲਾਂ ਹੀ ਲੋਕ ਇਤਿਹਾਸ ਦੀਆਂ ਪੈੜਾਂ ਕੱਢਣ ਲਈ ਸਫ਼ਰ ’ਤੇ ਸਨ ਪਰ ਕਈ ਘਟਨਾਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੇਂ ਅਰਥ ਦਿੱਤੇ।

ਜ਼ਿੰਦਗੀ ਦੇ ਸਫ਼ਰ ’ਤੇ ਚੱਲਦਿਆਂ ਅਜਿਹੇ ਮੋੜ ਵੀ ਆਉਂਦੇ ਨੇ ਜਦੋਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਵਰਗੇ ਇਨਸਾਨ ਆਪਣੇ ਇਰਦ-ਗਿਰਦ ਵਾਪਰਦੀਆਂ ਘਟਨਾਵਾਂ ਤੋਂ ਐਨੇ ਹਲੂਣੇ ਜਾਂਦੇ ਹਨ ਕਿ ਉਹ ਅਰੁੱਕ ਅਤੇ ਅਮੁੱਕ ਸਫ਼ਰ ਦੇ ਪਾਂਧੀ ਹੋ ਜਾਂਦੇ ਹਨ। ਉਹ ਆਪਣੀ ਅਕਾਦਮਿਕ ਵਿੱਦਿਆ ਤੋਂ ਅਗਲੇ ਵਿਸ਼ਾਲ ਖੋਜ ਖੇਤਰਾਂ ਵੱਲ ਨਿਕਲ ਤੁਰਦੇ ਹਨ। ਉਹ ਭਾਵੇਂ ਪਹਿਲਾਂ ਹੀ ਲੋਕ ਇਤਿਹਾਸ ਦੀਆਂ ਪੈੜਾਂ ਕੱਢਣ ਲਈ ਸਫ਼ਰ ’ਤੇ ਸਨ ਪਰ ਕਈ ਘਟਨਾਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੇਂ ਅਰਥ ਦਿੱਤੇ। ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋਫੈਸਰ ਸਨ। ਮੈਂ ਉਸੇ ਕਾਲਜ ਦਾ ਵਿਦਿਆਰਥੀ ਹੋਣ ਕਰਕੇ ਪ੍ਰੋ. ਵੜੈਚ ਦੇ ਵਿਦਿਆਰਥੀਆਂ ਨਾਲ ਰਿਸ਼ਤੇ ਤੋਂ ਬੇਹੱਦ ਪ੍ਰਭਾਵਿਤ ਸੀ। ਉਹ ਵਿਦਿਆਰਥੀਆਂ ਦੇ ਇਨਕਲਾਬੀ ਲਹਿਰਾਂ ਵੱਲ ਖਿੱਚੇ ਜਾਣ ਨੂੰ ਇਤਿਹਾਸਕ ਵਰਤਾਰਿਆਂ ਅਤੇ ਆਜ਼ਾਦੀ, ਜਮਹੂਰੀਅਤ, ਸਮਾਜਿਕ ਆਰਥਿਕ ਬਰਾਬਰੀ ਦੇ ਜੁਮਰੇ ਵਿਚ ਰੱਖ ਕੇ ਅਧਿਐਨ ਕਰਦੇ ਸਨ। ਇਹ ਦੌਰ ਸੀ ਜਦੋਂ ਜੋਸ਼ ਅਤੇ ਹੋਸ਼ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਸੀ। ਇਨਕਲਾਬੀ ਰਾਹ ਦੀਆਂ ਲੀਹਾਂ ਅਤੇ ਸੇਧ ਨੂੰ ਪਰਪੱਕ ਕਰਨਾ ਜ਼ਰੂਰੀ ਸੀ। ਇਸ ਉੱਸਲਵੱਟੇ ਲੈਂਦੇ ਅਤੇ ਰੋਹ ਭਰੇ ਵਾਤਾਵਰਨ ਵਿਚ ਪ੍ਰੋ. ਵੜੈਚ ਉਸ ਬੁੱਧੀਮਾਨ ਚਿੰਤਕ, ਦੂਰਅੰਦੇਸ਼ ਕ੍ਰਾਂਤੀਕਾਰੀ ਵਿਦਵਾਨ ਬਣਨ ਦੇ ਸਫ਼ਰ ਦਾ ਸੁੱਘੜ-ਸਿਆਣਾ ਇਤਿਹਾਸਕਾਰ, ਬੌਧਿਕ ਕਾਮਾ ਅਤੇ ਇਨਕਲਾਬੀ ਇਤਿਹਾਸ ਦੀ ਟੁੱਟੀ ਤੰਦ ਗੰਢਣ ਵਾਲਾ ਕਾਰੀਗਰ ਕਾਮਾ ਬਣ ਕੇ ਸਾਹਮਣੇ ਆਇਆ। ਇਕ ਦਿਨ ਅਜਿਹਾ ਆਇਆ ਜਦੋਂ ਪ੍ਰੋ. ਸਾਬ੍ਹ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਹੀ ਵਿਦਿਆਰਥੀ ਪ੍ਰੋ. ਜਗਮੋਹਣ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਲੁਧਿਆਣਾ ਤੋਂ ਸਾਈਕਲਾਂ ’ਤੇ ਹੀ ਅੰਮ੍ਰਿਤਸਰ ਜ਼ਿਲ੍ਹੇ ’ਚ ਪੈਂਦੇ ਪਿੰਡ ਭਕਨੇ ਨੂੰ ਸਫ਼ਰ ’ਤੇ ਨਿਕਲ ਪਏ। ਉਨ੍ਹਾਂ ਦੇ ਮਨ ਅੰਦਰ ਤੜਫ਼ ਅਤੇ ਗਹਿਰੀ ਨੀਝ ਸੀ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਜਾ ਕੇ ਮਿਲਿਆ ਜਾਵੇ। ਉਹ ਰਾਹ ਵਿਚ ਸੋਚਦੇ ਗਏ ਕਿ ਐਡਾ ਵੱਡਾ ਆਗੂ ਸਾਨੂੰ ਮਿਲਣ ਲਈ ਸਮਾਂ ਵੀ ਦੇਵੇਗਾ, ਉਨ੍ਹਾਂ ਕੋਲ਼ ਤਾਂ ਮਿਲਣ ਵਾਲਿਆਂ ਦਾ ਮੇਲਾ ਲੱਗਾ ਹੋਵੇਗਾ। ਉਨ੍ਹਾਂ ਦੇ ਕਿਆਸ ਨਾਲੋਂ ਹਕੀਕਤ ਕੁਝ ਹੋਰ ਹੀ ਸੀ। ਬਾਬਾ ਸੋਹਣ ਸਿੰਘ ਭਕਨਾ ਕੁੱਲੀਨੁਮਾ ਰਿਹਾਇਸ਼ ਵਿਚ ਕੱਲਮ-’ਕੱਲਾ ਸੀ। ਬਾਬੇ ਨੇ ਆਪ ਹੀ ਦੁੱਧ ਗਰਮ ਕਰ ਕੇ ਉਨ੍ਹਾਂ ਨੂੰ ਦਿੱਤਾ। ਇਹ ਸਾਰਾ ਦ੍ਰਿਸ਼ ਉਨ੍ਹਾਂ ਬੁੱਧੀਮਾਨਾਂ ਲਈ ਇਤਿਹਾਸ ਅਤੇ ਲਹਿਰਾਂ ਦੀ ਝਲਕ ਸੀ ਕਿ ਇਸ ਮੁਲਕ ਅੰਦਰ ਦੇਸ਼ ਭਗਤਾਂ ਖ਼ਾਸ ਕਰ ਕੇ ਬਾਬਾ ਸੋਹਣ ਸਿੰਘ ਭਕਨਾ ਵਰਗੀਆਂ ਸ਼ਖ਼ਸੀਅਤਾਂ ਦੀ ਜ਼ਿੰਦਗੀ ’ਚ ਇਕੱਲਤਾ ਕਿਸੇ ਵਿਅਕਤੀ ਦੀ ਹੀ ਕਹਾਣੀ ਨਹੀਂ, ਇਹ ਲਹਿਰ ਦੀ ਇਕੱਲਤਾ ਨੂੰ ਸਮਝਣ ਦਾ ਗਹਿਰਾ ਸਵਾਲ ਹੈ। ਇਨ੍ਹਾਂ ਸਵਾਲਾਂ ਦੇ ਝੁਰਮਟ ਨੇ ਪ੍ਰੋਫੈਸਰ ਹੋਰਾਂ ਦੇ ਮਨ ਅੰਦਰ ਹਲਚਲ ਪੈਦਾ ਕਰ ਦਿੱਤੀ। ਉਸ ਉਪਰੰਤ ਹੀ ਪ੍ਰੋ. ਵੜੈਚ ਨੇ ਮਨ ਹੀ ਮਨ ਜ਼ਿੰਦਗੀ ਦੇ ਵੱਡੇ ਫ਼ੈਸਲੇ ਲਏ। ਬਾਬਾ ਜੀ ਨਾਲ ਵਾਰਤਾਲਾਪ ਉਪਰੰਤ ਬਸ ਫਿਰ ਤਾਂ ਚੱਲ ਸੋ ਚੱਲ। ਬਾਬਾ ਸੋਹਣ ਸਿੰਘ ਭਕਨਾ ਉਰਦੂ ਵਿਚ ਲਿਖੇ ਵਰਕੇ ਪ੍ਰੋ. ਵੜੈਚ ਨੂੰ ਦੇਣ ਲੱਗੇ। ਉਹ ਪੰਜਾਬੀ ਵਿਚ ਅਨੁਵਾਦ ਕਰਨ ਲੱਗੇ। ਕਿਤਾਬ ਦੇ ਰੂਪ ਵਿਚ ਛਪੀ ਇਸ ਪਲੇਠੀ ਕਿਤਾਬ ਕਾਰਨ ਪ੍ਰੋ. ਵੜੈਚ ਖ਼ੁਸ਼ੀ ’ਚ ਖੀਵੇ ਹੋ ਗਏ। ਉਹ ਆਪਣੀ ਧੀ ਦੇ ਜਨਮ ’ਤੇ ਜਿੰਨਾ ਖ਼ੁਸ਼ ਹੋਏ, ਇਉਂ ਹੀ ਪਹਿਲੀ ਕਿਤਾਬ ਦੇ ਜਨਮ ’ਤੇ ਖਿੜ ਉੱਠੇ।
ਬਾਬਾ ਭਕਨਾ ਨਾਲ ਪਿੰਡ ਭਕਨਾ ’ਚ ਮੁਲਾਕਾਤ ਉਪਰੰਤ ਤਾਂ ਉਹ ਬੱਦੋਵਾਲ, ਨਾਰੰਗਵਾਲ, ਸਰਾਭਾ, ਚਮਿੰਡਾ, ਗ਼ਦਰੀ ਬਾਬਿਆਂ, ਕੂਕਾ ਲਹਿਰ, ਬੱਬਰ ਅਕਾਲੀਆਂ ਦੇ ਪਿੰਡਾਂ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਸੰਗਰਾਮੀ ਪੈੜਾਂ ਦੀ ਖ਼ੋਜ ਕਰਨ ਨਿਕਲ ਤੁਰੇ। ਉਨ੍ਹਾਂ ਨੇ ਕਾਲਜ ਪ੍ਰੋਫੈਸਰ ਦੀਆਂ ਸੇਵਾਵਾਂ ਤੋਂ ਵਿਦਾਇਗੀ ਲੈ ਕੇ ਵਕਾਲਤ ਕੀਤੀ। ਧਨ-ਦੌਲਤ ਇਕੱਠੀ ਕਰਨ ਲਈ ਨਹੀਂ, ਇਤਿਹਾਸ ਦੇ ਅਣਫੋਲੇ, ਅਣਛੋਹੇ ਵਰਕੇ ਖੋਜਣ ਲਈ। ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਵਰਗੇ ਅਨੇਕਾਂ ਦੀ ਜ਼ਮੀਨ-ਜਾਇਦਾਦ ਦੀ ਕੁਰਕੀ ਰੱਦ ਕਰਾਉਣ ਨਿਕਲ ਪਏ। ਗ਼ਦਰੀ ਬਾਬਿਆਂ ਦੇ ਇਤਿਹਾਸ ਦੇ ਖੋਜੀ ਵਿਦਵਾਨ ਪ੍ਰੋ. ਵੜੈਚ ਅਜਿਹੇ ਸਥਾਪਤ ਬਰੋਟੇ ਸਨ ਜਿਨ੍ਹਾਂ ਦੀ ਛਾਵੇਂ ਅਨੇਕ ਹੀ ਬੂਟੇ ਉੱਗੇ। ਜਿਸ ਕਿਸੇ ਨੂੰ ਸਮੱਗਰੀ ਲੋੜੀਂਦੀ ਹੋਵੇ, ਉਨ੍ਹਾਂ ਨੇ ਤੇਰਾ-ਤੇਰਾ ਕਰ ਕੇ ਲੁਟਾਈ। ਉਨ੍ਹਾਂ ਨੇ 62 ਤੋਂ ਵੱਧ ਕਿਤਾਬਾਂ ਦਸਤਾਵੇਜ਼ੀ ਰੂਪ ’ਚ ਛਾਪ ਕੇ ਪਾਠਕਾਂ ਦੀ ਝੋਲੀ ਪਾਈਆਂ। ਉਨ੍ਹਾਂ ਦੇ ਜੀਵਨ ਸਾਥਣ ਰਾਜਿੰਦਰ ਕੌਰ ਵੜੈਚ 19 ਅਗਸਤ 2014 ਨੂੰ ਸਦੀਵੀ ਵਿਛੋੜਾ ਦੇ ਗਏ। ਆਪਣੇ-ਆਪ ਨੂੰ ਗ਼ਦਰੀ ਬਾਬਿਆਂ ਦੇ ਮੁਨਸ਼ੀ ਕਹਾਉਣ ਵਾਲੇ ਪ੍ਰੋ. ਵੜੈਚ ਦਾ ਸ਼ਰਧਾਂਜਲੀ ਸਮਾਗਮ 23 ਮਈ ਨੂੰ ਚੰਡੀਗੜ੍ਹ ਵਿਚ ਹੋ ਰਿਹੈ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਲਈ ਇਹ ਮਾਣਮੱਤੀ ਘਟਨਾ ਹੈ ਕਿ ਪ੍ਰੋ. ਮਲਵਿੰਦਰਜੀਤ ਆਮ ਕਰ ਕੇ ਕਦੇ ਵੀ ਮਾਣ-ਸਨਮਾਨ ਨਹੀਂ ਸੀ ਲਿਆ ਕਰਦੇ। ਉਨ੍ਹਾਂ ਨੇ 1 ਮਈ 2015 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਪਲਸ ਮੰਚ ਵੱਲੋਂ ਦਿੱਤਾ ਸਨਮਾਨ ਹਾਸਲ ਕੀਤਾ।
-ਅਮੋਲਕ ਸਿੰਘ।
-ਮੋਬਾਈਲ : 98778-68710