ਉਸ ਇਮਾਰਤ ’ਚ ਵੀ ਅੱਗ ਬੁਝਾਊ ਯੰਤਰ ਨਹੀਂ ਸਨ ਤੇ ਉੱਥੋਂ ਨਿਕਲਣ ਲਈ ਸਿਰਫ਼ ਇੱਕੋ ਰਾਹ ਸੀ। ਇਸ ਤੋਂ ਪਹਿਲਾਂ 2022 ’ਚ ਦਿੱਲੀ ਦੇ ਮੁੰਡਕਾ ’ਚ ਇਕ ਇਮਾਰਤ ਨੂੰ ਅੱਗ ਲੱਗਣ ਨਾਲ 27 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਸਨ। ਮੁੰਬਈ ’ਚ ਇਕ ਉੱਚੀ ਇਮਾਰਤ ’ਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋਈ ਸੀ। ਪਿਛਲੇ ਸਾਲ ਹੈਦਰਬਾਦ ਦੇ ਗੁਲਜ਼ਾਰ ਹੌਜ਼ ’ਚ ਵੀ ਭਿਆਨਕ ਅੱਗ ਲੱਗੀ ਸੀ।

ਪੂਰੇ ਮੁਲਕ ’ਚ ਢਾਂਚਾਗਤ ਵਿਕਾਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਨਵੀਆਂ ਕਾਲੋਨੀਆਂ ਵਸ ਰਹੀਆਂ ਹਨ ਤੇ ਪਿੰਡ ਵੀ ਸ਼ਹਿਰਾਂ ਦਾ ਰੂਪ ਧਾਰਨ ਤੋਂ ਪਿੱਛੇ ਨਹੀਂ ਰਹਿ ਰਹੇ। ਜਿਸ ਰਫ਼ਤਾਰ ਨਾਲ ਨਵੀਆਂ ਇਮਾਰਤਾਂ ਬਣ ਰਹੀਆਂ ਹਨ, ਉਸ ਦੇ ਨਾਲ ਹੀ ਇਨ੍ਹਾਂ ’ਚ ਰਹਿਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੱਡੀਆਂ ਇਮਾਰਤਾਂ ’ਚ ਜਾਨ ਕਿੰਨੀ ਕੁ ਸੌਖੀ ਹੈ ਤੇ ਅੱਧੇ-ਅਸਮਾਨ ’ਚ ਟੰਗੇ ਹੋਏ ਲੋਕ ਕਿਵੇਂ ਸੁਰੱਖਿਆ ਤੋਂ ਵਾਂਝੇ ਹਨ, ਇਸ ਦਾ ਅੰਦਾਜ਼ਾ ਦਿੱਲੀ ਦੇ ਵਿਵੇਕ ਵਿਹਾਰ ’ਚ ਚਾਰ ਮੰਜ਼ਿਲਾ ਇਮਾਰਤ ਵਿਚ ਏਸੀ ’ਚ ਧਮਾਕੇ ਤੋਂ ਬਾਅਦ ਲੱਗੀ ਅੱਗ ਤੋਂ ਲਗਾਇਆ ਜਾ ਸਕਦਾ ਹੈ।
ਇਸ ਹਾਦਸੇ ਕਾਰਨ ਇਕ ਡੇਢ ਸਾਲਾ ਬੱਚੀ ਸਣੇ 9 ਲੋਕਾਂ ਦੀ ਮੌਤ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਇਮਾਰਤ ’ਚ ਸੁਰੱਖਿਆ ਪ੍ਰਬੰਧਾਂ ਨੂੰ ਵੱਡੇ ਪੱਧਰ ’ਤੇ ਅੱਖੋਂ-ਪਰੋਖੇ ਕੀਤਾ ਗਿਆ ਸੀ। ਸਿਰਫ਼ ਢਾਈ ਫੁੱਟ ਦੀ ਪੌੜੀ ਨੇ ਵੀ ਲੋਕਾਂ ਨੂੰ ਅੱਗ ਤੇ ਧੂੰਏਂ ’ਚ ਫਸ ਕੇ ਜਾਨ ਗੁਆਉਣ ਲਈ ਮਜਬੂਰ ਕੀਤਾ। ਬੇਸ਼ੱਕ ਫਾਇਰ ਬ੍ਰਿਗੇਡ ਪੰਦਰਾਂ ਮਿੰਟ ਵਿਚ ਪਹੁੰਚ ਗਈ ਸੀ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਨੂੰ ਬੁਝਾਉਣ ’ਚ ਚਾਰ ਘੰਟਿਆਂ ਤੋਂ ਵੱਧ ਦਾ ਸਮਾਂ ਲੱਗ ਗਿਆ।
ਇਸ ਚਾਰ ਮੰਜ਼ਿਲਾ ਇਮਾਰਤ ਵਿਚ ਨਾ ਕੋਈ ਹੰਗਾਮੀ ਨਿਕਾਸੀ ਦਾ ਪ੍ਰਬੰਧ ਸੀ ਤੇ ਨਾ ਹੀ ਅੱਗ ਬੁਝਾਉਣ ਲਈ ਕੋਈ ਯੰਤਰ। ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਈ ਗਈ ਇਸ ਬਿਲਡਿੰਗ ’ਚ ਲੋਕਾਂ ਦੀ ਮੌਤ ਦਾ ਅਸਲ ਜ਼ਿੰਮੇਵਾਰ ਕੌਣ ਹੈ? ਇਹ ਸਵਾਲ ਇਕੱਲੀ ਇਸੇ ਇਮਾਰਤ ਨਾਲ ਨਹੀਂ ਜੁੜਿਆ ਹੋਇਆ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਉੱਚੀਆਂ ਇਮਾਰਤਾਂ ’ਚ ਅੱਗ ਲੱਗਣ ਕਾਰਨ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸਾਲ 2024 ’ਚ ਰਾਜਕੋਟ ਗੇਮਿੰਗ ਜ਼ੋਨ ਵਿਚ ਅੱਗ ਲੱਗਣ ਨਾਲ 32 ਕੁ ਲੋਕਾਂ ਦੀ ਮੌਤ ਹੋ ਗਈ ਸੀ।
ਉਸ ਇਮਾਰਤ ’ਚ ਵੀ ਅੱਗ ਬੁਝਾਊ ਯੰਤਰ ਨਹੀਂ ਸਨ ਤੇ ਉੱਥੋਂ ਨਿਕਲਣ ਲਈ ਸਿਰਫ਼ ਇੱਕੋ ਰਾਹ ਸੀ। ਇਸ ਤੋਂ ਪਹਿਲਾਂ 2022 ’ਚ ਦਿੱਲੀ ਦੇ ਮੁੰਡਕਾ ’ਚ ਇਕ ਇਮਾਰਤ ਨੂੰ ਅੱਗ ਲੱਗਣ ਨਾਲ 27 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਸਨ। ਮੁੰਬਈ ’ਚ ਇਕ ਉੱਚੀ ਇਮਾਰਤ ’ਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋਈ ਸੀ। ਪਿਛਲੇ ਸਾਲ ਹੈਦਰਬਾਦ ਦੇ ਗੁਲਜ਼ਾਰ ਹੌਜ਼ ’ਚ ਵੀ ਭਿਆਨਕ ਅੱਗ ਲੱਗੀ ਸੀ। ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਦੱਸਿਆ ਗਿਆ ਤੇ 17 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਹੋਰ ਵੀ ਕਈ ਇਮਾਰਤਾਂ ਹਨ ਜੋ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਦੀਆਂ ਗਵਾਹ ਹਨ। ਦੂਜੇ ਪਾਸੇ ਨੋਇਡਾ, ਗੁਰੂਗ੍ਰਾਮ, ਦਿੱਲੀ ਤੇ ਮੁੰਬਈ ਸਣੇ ਦੇਸ਼ ਦੇ ਹੋਰ ਮਹਾਨਗਰਾਂ ਵਿਚ ਬਣਨ ਵਾਲੀਆਂ ਉੱਚੀਆਂ ਇਮਾਰਤਾਂ ਵਿਚ ਸੁਰੱਖਿਆ ਦੇ ਮਾਪਦੰਡ ਬਹੁਤੇ ਮਾਮਲਿਆਂ ਵਿਚ ਪੂਰੇ ਨਹੀਂ ਕੀਤੇ ਜਾਂਦੇ।
ਨੋਇਡਾ ਵਿਚ 32 ਕੁ ਮੰਜ਼ਿਲਾ ਇਕ ਇਮਾਰਤ 2022 ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨਿਰਮਾਣ ਕਰਨ ਦੇ ਇਲਜ਼ਾਮਾਂ ਹੇਠ ਢਾਹ ਦਿੱਤੀ ਗਈ ਸੀ। ਮੁੰਬਈ ’ਚ ਵੀ ਇਕ 31 ਮੰਜ਼ਿਲਾ ਇਮਾਰਤ ਨੂੰ ਇਸ ਲਈ ਢਾਹ ਦਿੱਤਾ ਗਿਆ ਕਿਉਂਕਿ ਉਸ ’ਚ ਸੁਰੱਖਿਆ ਸਣੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨਾਲ ਵੱਡੇ ਪੱਧਰ ’ਤੇ ਖਿਲਵਾੜ ਕੀਤਾ ਗਿਆ ਸੀ। ਮਨਜ਼ੂਰੀ ਨਾਲੋਂ ਵਾਧੂ ਮੰਜ਼ਿਲਾਂ ਬਣਾਉਣਾ, ਸੁਰੱਖਿਆ ਮਾਪਦੰਡ ਪੂਰੇ ਨਹੀਂ ਕਰਨੇ ਤੇ ਵਾਤਾਵਰਨ ਨਾਲ ਸਬੰਧਤ ਜ਼ਰੂਰੀ ਸ਼ਰਤਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਵੀ ਇਨ੍ਹਾਂ ਉੱਚੀਆਂ ਇਮਾਰਤਾਂ ਦੇ ਨਿਰਮਾਣ ਕਰਨ ਵਾਲਿਆਂ ’ਤੇ ਲੱਗਦੇ ਰਹੇ ਹਨ।
ਲੋਕਾਂ ਨੂੰ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾ-ਪੂੰਜੀ ਇਨ੍ਹਾਂ ਬਿਲਡਿੰਗਾਂ ’ਚ ਬਣੇ ਫਲੈਟਾਂ ’ਤੇ ਖ਼ਰਚ ਕਰਨ ਤੋਂ ਪਹਿਲਾਂ ਘੱਟੋ-ਘੱਟ ਸੁਰੱਖਿਆ ਦੇ ਮਾਪਦੰਡ ਜ਼ਰੂਰ ਜਾਂਚ ਲੈਣੇ ਚਾਹੀਦੇ ਹਨ। ਦੂਜੇ ਪਾਸੇ ਇਨ੍ਹਾਂ ਬਹੁ-ਮੰਜ਼ਿਲਾ ਬਦਇੰਤਜ਼ਾਮੀਆਂ ਨੂੰ ਦਰੁਸਤ ਕਰਨ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਲਈ ਇਹ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਾ ਬਣਨ।