ਪਹਿਲੀ ਨਵੰਬਰ 1966 ਦਾ ਦਿਨ ਪੰਜਾਬ ਤੇ ਪੰਜਾਬੀ ਭਾਸ਼ਾ ਲਈ ਬਹੁਤ ਅਹਿਮ ਹੈ। ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣੇ ਨੂੰ ਅੱਜ 59 ਸਾਲ ਪੂਰੇ ਹੋ ਗਏ ਹਨ। ਕੁਝ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਪੰਜਾਬੀ ਸੂਬਾ ਬਹੁਤ ਪਹਿਲਾਂ ਬਣ ਜਾਣਾ ਸੀ ਪਰ ਸਮੇਂ ਦੀਆਂ ਸਰਕਾਰਾਂ ਇਸ ਮੰਗ ਨੂੰ ਟਾਲਦੀਆਂ ਆ ਰਹੀਆਂ ਸਨ।

ਪਹਿਲੀ ਨਵੰਬਰ 1966 ਦਾ ਦਿਨ ਪੰਜਾਬ ਤੇ ਪੰਜਾਬੀ ਭਾਸ਼ਾ ਲਈ ਬਹੁਤ ਅਹਿਮ ਹੈ। ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਬਣੇ ਨੂੰ ਅੱਜ 59 ਸਾਲ ਪੂਰੇ ਹੋ ਗਏ ਹਨ। ਕੁਝ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਪੰਜਾਬੀ ਸੂਬਾ ਬਹੁਤ ਪਹਿਲਾਂ ਬਣ ਜਾਣਾ ਸੀ ਪਰ ਸਮੇਂ ਦੀਆਂ ਸਰਕਾਰਾਂ ਇਸ ਮੰਗ ਨੂੰ ਟਾਲਦੀਆਂ ਆ ਰਹੀਆਂ ਸਨ। ਭਾਸ਼ਾ ਤੇ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਆਧਾਰ ’ਤੇ ਵੱਖਰੀ ਥਾਂ ਬਣਾਉਣ ਵਾਲੇ ਸੂਬਿਆਂ ਦੀ ਸੂਚੀ ਲੰਬੀ ਹੈ। ਇਤਿਹਾਸ ਦੇ ਪੰਨਿਆਂ ’ਚ ਹੀਬਰੂ ਯੂਨੀਵਰਸਿਟੀ ਆਫ ਯੇਰੂਸ਼ਲਮ ਦੁਨੀਆ ਦੀ ਆਧੁਨਿਕ ਸਮੇਂ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਭਾਸ਼ਾ ਦੇ ਪੁਨਰ-ਸੁਰਜੀਤ ਹੋਣ ਤੋਂ ਬਾਅਦ ਹਿਬਰੂ ’ਚ ਕੰਮਕਾਜ ਕਰਦੀ ਹੈ।
ਪੰਜਾਬ ਸੂਬਾ ਬਣਨ ਤੋਂ ਬਾਅਦ ਪਟਿਆਲਾ ’ਚ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਆਧਾਰ ’ਤੇ ਬਣੀ ਦੁਨੀਆ ਦੀ ਦੂਜੀ ਯੂਨੀਵਰਸਿਟੀ ਸੀ। ਬਹੁਤ ਸਾਰੀਆਂ ਕੌਮਾਂ ਤੇ ਫ਼ਿਰਕਿਆਂ ਦੇ ਲੋਕ ਆਪਣੀਆਂ ਭਾਸ਼ਾਵਾਂ ਦੀ ਸਥਾਪਤੀ ਲਈ ਸੰਘਰਸ਼ ਕਰਦੇ ਆਏ। ਸਾਲ 1948 ’ਚ ਪਾਕਿਸਤਾਨ ਬਣਨ ਤੋਂ ਬਾਅਦ ਉਰਦੂ ਨੂੰ ਉਸ ਮੁਲਕ ਦੀ ਕੌਮੀ ਭਾਸ਼ਾ ਐਲਾਨਿਆ ਗਿਆ ਸੀ ਪਰ ਇਸ ਫ਼ੈਸਲੇ ਦਾ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਬੌਧਿਕ ਵਰਗ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਦੌਰਾਨ ਪੁਲਿਸ ਨੇ ਗੋਲ਼ੀ ਚਲਾਈ ਅਤੇ ਕਈ ਵਿਦਿਆਰਥੀ ਸ਼ਹੀਦ ਹੋ ਗਏ। ਯੂਨੈਸਕੋ ਨੇ 1999 ਵਿਚ 21 ਫਰਵਰੀ ਨੂੰ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਸੀ।
ਪੰਜਾਬੀਆਂ ਨੂੰ ਵੱਖਰਾ ਸੂਬਾ ਲੈਣ ਲਈ ਮੋਰਚੇ ਲਾਉਣੇ ਪਏ। ਸੰਨ 1966 ’ਚ ਮੰਗ ਮੰਨੀ ਗਈ ਤਾਂ ਕਈ ਪੰਜਾਬੀ ਬੋਲਦੇ ਇਲਾਕੇ ਨਵੇਂ ਬਣੇ ਸੂਬੇ ਤੋਂ ਬਾਹਰ ਚਲੇ ਗਏ। ਵੰਡ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਦਾਇਰਾ ਬਹੁਤ ਵੱਡਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪ੍ਰਸ਼ਾਸਨਿਕ ਭਾਸ਼ਾ ਫ਼ਾਰਸੀ ਸੀ। ਜੇਕਰ ਇਹ ਪੰਜਾਬੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ। ਭਾਸ਼ਾ ਦੇ ਆਧਾਰ ’ਤੇ ਪੰਜਾਬ ਦੇ ਨਵੇਂ ਰੂਪ ਨੇ ਕਈ ਚੁਣੌਤੀਆਂ ਨੂੰ ਵੀ ਜਨਮ ਦਿੱਤਾ ਹੈ। ਭਾਸ਼ਾ, ਸੱਭਿਆਚਾਰ ਤੇ ਇਸ ਖਿੱਤੇ ਦੇ ਹੱਕਾਂ ਦੀਆਂ ਲੜਾਈਆਂ ਹਾਲੇ ਵੀ ਜਾਰੀ ਹਨ। ਚੰਡੀਗੜ੍ਹ ਦਾ ਮੁੱਦਾ ਫ਼ਿਲਹਾਲ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ ਹੈ।
ਹਾਲਾਂਕਿ ਨਵਾਂ ਬੌਧਿਕ ਵਰਗ ਆਪਣੀ ਭਾਸ਼ਾ ਦੀ ਬਿਹਤਰੀ ਲਈ ਜ਼ਿੰਮੇਵਾਰੀਆਂ ਜ਼ਰੂਰ ਨਿਭਾ ਰਿਹਾ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਵੱਲੋਂ ਸਾਹਿਤ ਦੀਆਂ ਪੁਰਾਣੀਆਂ ਹੱਥ ਲਿਖਤਾਂ ਨੂੰ ਡਿਜੀਟਲੀ ਤਰੀਕਿਆਂ ਨਾਲ ਸੰਭਾਲਣ ਦਾ ਕਾਰਜ ਅਰੰਭਿਆ ਗਿਆ ਹੈ। ਆਪਣੀ ਭਾਸ਼ਾ ਦੀ ਬਿਹਤਰੀ ਲਈ ਕੰਮ ਦੇ ਨਾਲ-ਨਾਲ ਇਸ ਨੂੰ ਖੁੱਲ੍ਹੇ ਦਿਲ ਨਾਲ ਅਪਣਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਆਪਣੀ ਬੋਲੀ ਤੇ ਆਪਣੇ ਦੇਸ ਦਾ ਸਤਿਕਾਰ ਗੁਆਉਣ ਵਾਲਿਆਂ ’ਤੇ ਬਾਬੂ ਫਿਰੋਜ਼ਦੀਨ ਸ਼ਰਫ਼ ਦੀਆਂ ਇਹ ਸਤਰਾਂ ਵੀ ਢੁੱਕਵੀਆਂ ਹਨ, ‘ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ। ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।’ ਪੰਜਾਬੀ ਸੂਬੇ ਦੀ ਸਥਾਪਤੀ ਨੂੰ ਬੇਸ਼ੱਕ ਲੰਬਾ ਅਰਸਾ ਹੋ ਗਿਆ ਹੈ ਪਰ ਅੱਜ ਇਸ ਧਰਤੀ ਦੇ ਜੰਮੇ-ਜਾਏ ਉਸ ਮੁਕਾਮ ’ਤੇ ਆ ਖਲੋਤੇ ਹਨ ਜਿੱਥੇ ਮਾਤ ਭਾਸ਼ਾ ਤੇ ਪੰਜਾਬੀ ਸੂਬੇ ਦੇ ਰੁਤਬੇ ਨੂੰ ਸਾਧਾਰਨ ਅੱਖ ਨਾਲ ਦੇਖਿਆ ਜਾ ਰਿਹਾ ਹੈ। ਲੋੜ ਹੈ ਇਸ ਦਿਨ ਨਵੇਂ ਸੰਕਲਪ ਲਏ ਜਾਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ, ਪੰਜਾਬੀਅਤ ਤੇ ਮਾਤ ਭਾਸ਼ਾ ਦੀ ਅਹਿਮੀਅਤ ਰਾਹ ਦਸੇਰਾ ਬਣ ਸਕੇ।