ਆਟੋਮੈਟਿਕ ਫਲੱਡ ਗੇਟ ਉਨ੍ਹਾਂ ਦੀ ਮਹੱਤਵਪੂਰਨ ਕਾਢ ਸੀ। ਉਨ੍ਹਾਂ ਨੇ ਇਹ ਗੇਟ ਪੇਟੈਂਟ ਵੀ ਕਰਾਏ ਪਰ ਇਸ ਪੇਟੈਂਟ ਦਾ ਕੋਈ ਆਰਥਿਕ ਲਾਭ ਨਹੀਂ ਲਿਆ। ਇਹ ਗੇਟ ਹੁਣ ਵਿਸ਼ਵੇਸ਼ਵਰਈਆ ਗੇਟ ਕਹਾਉਂਦੇ ਹਨ। ਇਨ੍ਹਾਂ ਗੇਟਾਂ ਨਾਲ ਡੈਮ ਵਿਚ ਲੋੜ ਮੁਤਾਬਕ ਪਾਣੀ ਭਰਿਆ ਰਹਿੰਦਾ ਹੈ ਤੇ ਬਰਸਾਤਾਂ ਵਿਚ ਪਾਣੀ ਆਉਣ ’ਤੇ ਇਹ ਗੇਟ ਆਪੇ ਖੁੱਲ੍ਹ ਜਾਂਦੇ ਹਨ। ਇਸ ਤੋਂ ਇਲਾਵਾ ਸਿੰਚਾਈ ਲਈ ਬਲਾਕ ਪ੍ਰਣਾਲੀ ਵੀ ਉਨ੍ਹਾਂ ਦੀ ਬਹੁਤ ਮਹੱਤਵਪੂਰਨ ਕਾਢ ਹੈ।
ਭਾਰਤ ਵਿਚ ਹਰ ਸਾਲ 15 ਸਤੰਬਰ ਨੂੰ ‘ਇੰਜੀਨੀਅਰਜ਼ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਵਸ ਮਹਾਨ ਇੰਜੀਨੀਅਰ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਈਆ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ ਸੰਨ 1861 ਵਿਚ ਮੈਸੂਰ (ਕਰਨਾਟਕ) ਦੇ ਮੁੱਦੇਨਹੱਲੀ ਪਿੰਡ ਵਿਚ ਹੋਇਆ ਸੀ। ਪਿਤਾ ਦੀ ਮੌਤ ਤੋਂ ਬਾਅਦ ਪੜ੍ਹਾਈ ਦੇ ਖ਼ਰਚੇ ਦੀ ਪੂਰਤੀ ਲਈ ਉਹ ਕਈ-ਕਈ ਮੀਲ ਤੁਰ ਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਜਾਂਦੇ ਸਨ। ਉਨ੍ਹਾਂ ਨੇ ਆਪਣੀ ਪੜ੍ਹਾਈ ਕਾਲਜ ਆਫ ਸਾਇੰਸ, ਪੂਨਾ ਤੋਂ ਪਹਿਲੇ ਦਰਜੇ ਵਿਚ ਪਾਸ ਕੀਤੀ ਤਾਂ ਬੰਬੇ ਸਰਕਾਰ ਨੇ ਉਨ੍ਹਾਂ ਨੂੰ ਅਸਿਸਟੈਂਟ ਇੰਜੀਨੀਅਰ ਭਰਤੀ ਕਰ ਲਿਆ। ਸਿੰਧ ਦੇ ਸੁਕੁਰ (ਹੁਣ ਪਾਕਿਸਤਾਨ) ਵਿਚ ਗੰਧਲੇ ਪਾਣੀ ਤੋਂ ਪੀਣ ਵਾਲੇ ਪਾਣੀ ਦੀ ਇਕ ਨਿਵੇਕਲੀ ਯੋਜਨਾ ਬਣਾਉਣ ਲਈ ਸਰਕਾਰ ਨੇ ਉਨ੍ਹਾਂ ਨੂੰ ‘ਕੇਸਰ-ਏ-ਹਿੰਦ’ ਦੇ ਖ਼ਿਤਾਬ ਨਾਲ ਨਿਵਾਜਿਆ।
ਆਟੋਮੈਟਿਕ ਫਲੱਡ ਗੇਟ ਉਨ੍ਹਾਂ ਦੀ ਮਹੱਤਵਪੂਰਨ ਕਾਢ ਸੀ। ਉਨ੍ਹਾਂ ਨੇ ਇਹ ਗੇਟ ਪੇਟੈਂਟ ਵੀ ਕਰਾਏ ਪਰ ਇਸ ਪੇਟੈਂਟ ਦਾ ਕੋਈ ਆਰਥਿਕ ਲਾਭ ਨਹੀਂ ਲਿਆ। ਇਹ ਗੇਟ ਹੁਣ ਵਿਸ਼ਵੇਸ਼ਵਰਈਆ ਗੇਟ ਕਹਾਉਂਦੇ ਹਨ। ਇਨ੍ਹਾਂ ਗੇਟਾਂ ਨਾਲ ਡੈਮ ਵਿਚ ਲੋੜ ਮੁਤਾਬਕ ਪਾਣੀ ਭਰਿਆ ਰਹਿੰਦਾ ਹੈ ਤੇ ਬਰਸਾਤਾਂ ਵਿਚ ਪਾਣੀ ਆਉਣ ’ਤੇ ਇਹ ਗੇਟ ਆਪੇ ਖੁੱਲ੍ਹ ਜਾਂਦੇ ਹਨ। ਇਸ ਤੋਂ ਇਲਾਵਾ ਸਿੰਚਾਈ ਲਈ ਬਲਾਕ ਪ੍ਰਣਾਲੀ ਵੀ ਉਨ੍ਹਾਂ ਦੀ ਬਹੁਤ ਮਹੱਤਵਪੂਰਨ ਕਾਢ ਹੈ।
ਚੀਫ ਇੰਜੀਨੀਅਰ ਦਾ ਅਹੁਦਾ ਸਿਰਫ਼ ਅੰਗਰੇਜ਼ ਅਧਿਕਾਰੀਆਂ ਲਈ ਹੀ ਰਾਖਵਾਂ ਸੀ ਤੇ ਇਸ ਕਾਰਨ ਉਨ੍ਹਾਂ ਦੀ ਤਰੱਕੀ ਬਤੌਰ ਚੀਫ ਇੰਜੀਨੀਅਰ ਨਹੀਂ ਹੋ ਸਕਦੀ ਸੀ। ਇਹ ਗੱਲ ਉਨ੍ਹਾਂ ਦੇ ਸਵੈ-ਮਾਣ ਦੇ ਵਿਰੁੱਧ ਸੀ, ਇਸ ਲਈ ਉਹਨਾਂ ਨੇ ਰੋਸ ਵਜੋਂ ਸਵੈ-ਇੱਛਿਤ ਰਿਟਾਇਰਮੈਂਟ ਲੈ ਲਈ।
ਸੰਨ 1909 ਵਿਚ ਉਹ ਮੈਸੂਰ ਦੇ ਚੀਫ ਇੰਜੀਨੀਅਰ ਬਣ ਗਏ। ਇੱਥੇ ਉਨ੍ਹਾਂ ਨੇ ਕਾਵੇਰੀ ਨਦੀ ’ਤੇ ਕ੍ਰਿਸ਼ਨਰਾਜਾ ਸਾਗਰ ਡੈਮ ਦਾ ਨਿਰਮਾਣ ਕਰਾਇਆ। ਇਸ ਡੈਮ ਨੂੰ ਵੇਖ ਕੇ ਹੀ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਿਰਫ਼ ਕ੍ਰਿਸ਼ਨਰਾਜਾ ਡੈਮ ਹੀ ਵਿਸ਼ਵੇਸ਼ਵਰਈਆ ਦਾ ਨਾਂ ਅਮਰ ਕਰਨ ਲਈ ਕਾਫ਼ੀ ਹੈ। ਸੰਨ 1912 ਵਿਚ ਉਹ ਮੈਸੂਰ ਦੇ ਦੀਵਾਨ ਬਣੇ, ਉਨ੍ਹਾਂ ਤੋਂ ਪਹਿਲਾਂ ਸਿਰਫ਼ ਆਈਸੀਐੱਸ ਅਫ਼ਸਰ ਹੀ ਦੀਵਾਨ ਨਿਯੁਕਤ ਹੁੰਦੇ ਸਨ।
ਉਨ੍ਹਾਂ ਦੇ ਯਤਨਾਂ ਸਦਕਾ ਮੈਸੂਰ ਯੂਨੀਵਰਸਿਟੀ ਦੀ ਸਥਾਪਨਾ ਹੋਈ ਜੋ ਦੇਸੀ ਰਿਆਸਤਾਂ ਵਿਚ ਸਭ ਤੋਂ ਪਹਿਲੀ ਯੂਨੀਵਰਸਿਟੀ ਸੀ। ਵਿਸ਼ਵੇਸ਼ਵਰਈਆ ਨੇ ਚੰਦਨ ਦੇ ਤੇਲ, ਸਾਬਣ ਅਤੇ ਚਮੜਾ ਰੰਗਣ ਆਦਿ ਦੇ ਕਾਰਖ਼ਾਨਿਆਂ ਅਤੇ ਬੈਂਕ ਆਫ ਮੈਸੂਰ ਦੀ ਸਥਾਪਨਾ ਸਮੇਤ ਕਾਲਜ ਆਫ ਇੰਜੀਨੀਅਰਿੰਗ ਬੈਂਗਲੌਰ ਦੀ ਸਥਾਪਨਾ ਕਰਵਾਈ ਜਿਹੜਾ ਭਾਰਤ ਦਾ ਪੰਜਵਾਂ ਅਤੇ ਮੈਸੂਰ ਦਾ ਪਹਿਲਾ ਇੰਜੀਨੀਅਰਿੰਗ ਕਾਲਜ ਸੀ। ਉਨ੍ਹਾਂ ਨੇ ਕੰਨੜ ਸਾਹਿਤ ਪ੍ਰੀਸ਼ਦ, ਮੈਸੂਰ ਵਿਚ ਜੈਚਾਮਰਾਜੇਂਦਰ ਟੈਕਨੀਕਲ ਇੰਸਟੀਚਿਊਟ, ਹਿੱਬਲ ਵਿਚ ਪਹਿਲਾ ਖੇਤੀਬਾੜੀ ਸਕੂਲ ਅਤੇ ਬੈਂਗਲੌਰ ਵਿਚ ਹਵਾਈ ਜਹਾਜ਼ਾਂ ਦਾ ਕਾਰਖ਼ਾਨਾ ਸਥਾਪਤ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਵਿਸ਼ਵੇਸ਼ਵਰਈਆ ਦਾ ਮੰਨਣਾ ਸੀ ਕਿ “ਹਰੇਕ ਦੇਸ਼ ਦੀ ਤਰੱਕੀ ਉੱਥੋਂ ਦੇ ਲੋਕਾਂ ਦੀ ਸਿੱਖਿਆ ’ਤੇ ਨਿਰਭਰ ਕਰਦੀ ਹੈ।” ਇਸੇ ਲਈ ਉਨ੍ਹਾਂ ਨੇ ਨਾਅਰਾ ਦਿੱਤਾ, “ਖੋਜੋ, ਸਿੱਖੋ ਅਤੇ ਜੁੜੋ।” ਉਨ੍ਹਾਂ ਵੱਲੋਂ ਕੁੜੀਆਂ ਦੀ ਸਿੱਖਿਆ ’ਤੇ ਜ਼ੋਰ ਦੇਣ ਕਾਰਨ ਹੀ ਉਸ ਸਮੇਂ ਸਕੂਲ ਜਾਣ ਵਾਲੀਆਂ ਕੁੜੀਆਂ ਦੀ ਸੰਖਿਆ 6.4% ਤੋਂ ਵਧ ਕੇ 14.2% ਹੋ ਗਈ ਸੀ। ਉਨ੍ਹਾਂ ਨੇ ਜਨਤਕ ਲਾਇਬ੍ਰੇਰੀਆਂ ਖੁਲ੍ਹਵਾਈਆਂ ਅਤੇ ਯਤਨ ਕੀਤੇ ਕਿ ਵਿਗਿਆਨ ਦੀਆਂ ਸਰਲ ਪੁਸਤਕਾਂ ਕੰਨੜ ਭਾਸ਼ਾ ਵਿਚ ਸੌਖਿਆਂ ਹੀ ਮਿਲ ਸਕਣ। ਆਪਣੀ ਕਿਤਾਬ ‘ਮੈਮੋਰੀਜ਼ ਆਫ ਮਾਈ ਵਰਕਿੰਗ ਲਾਈਫ’ ਵਿਚ ਰਾਸ਼ਟਰ ਨਿਰਮਾਣ ਅਤੇ ਰਾਸ਼ਟਰੀ ਚਰਿੱਤਰ ਨਿਰਮਾਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਅ ਅੱਜ ਵੀ ਓਨੀ ਹੀ ਮਹੱਤਤਾ ਰੱਖਦੇ ਹਨ ਜਿੰਨੀ ਕਿ ਉਹ ਅੱਜ ਤੋਂ ਲਗਪਗ 100 ਸਾਲ ਪਹਿਲਾਂ ਰੱਖਦੇ ਸਨ।
ਉਹ ਸਰਕਾਰੀ ਤੰਤਰ ਦੀ ਵਰਤੋਂ ਨਿੱਜੀ ਕੰਮਾਂ ਵਿਚ ਕਰਨ ਦੇ ਵਿਰੁੱਧ ਸਨ। ਆਪਣੇ ਨਿੱਜੀ ਕੰਮ ਲਈ ਉਹ ਸਰਕਾਰੀ ਕਾਗਜ਼ ਤੱਕ ਨਹੀਂ ਵਰਤਦੇ ਸਨ। ਉਹ ਅਸਤੀਫ਼ਾ ਦੇਣ ਲਈ ਸਰਕਾਰੀ ਗੱਡੀ ਵਿਚ ਗਏ ਸਨ ਪਰ ਪਰਤੇ ਆਪਣੀ ਗੱਡੀ ਵਿਚ ਸਨ। ਉਨ੍ਹਾਂ ਨੇ ਉਹ ਮੁਕਾਮ ਹਾਸਲ ਕੀਤਾ ਕਿ ਉਨ੍ਹਾਂ ਦੀ ਜਨਮ ਸ਼ਤਾਬਦੀ ’ਤੇ ਪੰਡਿਤ ਨਹਿਰੂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।
ਆਪਣੇ ਗਿਆਨ ਨੂੰ ਨਵੀਨਤਮ ਰੱਖਣ ਲਈ ਉਹ ਵਿਦੇਸ਼ ਯਾਤਰਾ ਕਰਦੇ ਰਹਿੰਦੇ ਸਨ। ਉਹ ਸ਼ਾਕਾਹਾਰੀ ਖਾਣਾ ਖਾਂਦੇ ਸਨ ਤੇ ਕੋਈ ਵੀ ਨਸ਼ਾ ਨਹੀਂ ਕਰਦੇ ਸਨ। ਘਰ ਤੋਂ ਬਾਹਰ ਉਹ ਪੱਛਮੀ ਕੱਪੜੇ ਪਹਿਨਣਾ ਪਸੰਦ ਕਰਦੇ ਸਨ ਤੇ ਇੰਨੇ ਸਲੀਕੇ ਨਾਲ ਕੱਪੜੇ ਪਹਿਨਦੇ ਸਨ ਕਿ ਲੋਕ ਉਨ੍ਹਾਂ ਬਾਰੇ ਕਹਿੰਦੇ ਸਨ ਕਿ ਉਹ ਕੱਪੜੇ ਇਸਤਰੀ ਕਰ ਕੇ ਪਾਉਂਦੇ ਨੇ ਜਾਂ ਪਾ ਕੇ ਇਸਤਰੀ ਕਰਦੇ ਨੇ। ਉਹ ਇੰਜੀਨੀਅਰਿੰਗ ਦੇ ਕੰਮਾਂ ਨੂੰ ਪੂਰੀ ਗੁਣਵੱਤਾ ਨਾਲ ਕਰਨ ’ਤੇ ਬਹੁਤ ਜ਼ੋਰ ਦਿੰਦੇ ਸਨ। ਵਿਸ਼ਵੇਸ਼ਵਰਈਆ ਕਹਿੰਦੇ ਸਨ ਕਿ “ਕੁਦਰਤ ਕਿਸੇ ਲਾਪਰਵਾਹੀ ਨੂੰ ਮਾਫ਼ ਨਹੀਂ ਕਰਦੀ-ਸਾਰੇ ਇੰਜੀਨੀਅਰਾਂ ਨੂੰ ਇਹ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ।” ਇੰਜੀਨੀਅਰਿੰਗ ਦੇ ਕੰਮਾਂ ਵਿਚ ਉਹ ਕਿਸੇ ’ਤੇ ਵੀ ਵਿਸ਼ਵਾਸ ਨਹੀਂ ਕਰਦੇ ਸਨ। ਬੁਢਾਪੇ ਵਿਚ ਵੀ ਉਹ ਕੰਮਾਂ ਦੀ ਨਿਗਰਾਨੀ ਲਈ ਪਹਾੜੀਆਂ ਚੜ੍ਹ ਜਾਂਦੇ ਸਨ। ਉਹ ਅਕਸਰ ਆਪਣੀ ਕਾਰ ਤੋਂ ਉਤਰ ਕੇ ਨਵੀਂਆਂ ਯੋਜਨਾਵਾਂ ਬਾਰੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਸਨ ਤਾਂ ਜੋ ਯੋਜਨਾ ਦੇ ਵਿਹਾਰਕ ਪੱਖਾਂ ਬਾਰੇ ਪਤਾ ਲੱਗ ਸਕੇ।
ਸੰਨ 1955 ਵਿਚ ਉਨ੍ਹਾਂ ਨੂੰ ਦੇਸ਼ ਦੇ ਸਰਬਉੱਚ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਅੰਤ 102 ਸਾਲ ਦੀ ਉਮਰ ਵਿਚ 14 ਅਪ੍ਰੈਲ 1962 ਨੂੰ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਮੁੱਦੇਨਹੱਲੀ ਵਿਚ ਹੀ ਕੀਤਾ ਗਿਆ। ਭਾਰਤ ਨੂੰ ਆਪਣੇ ਇਸ ਮਹਾਨ ਇੰਜੀਨੀਅਰ ’ਤੇ ਮਾਣ ਹੈ ਜੋ ਅੱਜ ਵੀ ਸਿਰਫ਼ ਇੰਜੀਨੀਅਰਾਂ ਲਈ ਹੀ ਨਹੀਂ ਸਗੋਂ ਹਰ ਵਿਅਕਤੀ ਲਈ ਵੀ ਪ੍ਰੇਰਨਾ ਸਰੋਤ ਹਨ।
ਭਾਰਤ ਰਤਨ ਪੁਰਸਕਾਰ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੰਡਿਤ ਨਹਿਰੂ ਨੂੰ ਸੁਨੇਹਾ ਭੇਜਿਆ ਸੀ ਕਿ ਜੇਕਰ ਤੁਸੀਂ ਇਹ ਸਮਝਦੇ ਹੋ ਕਿ ਇਸ ਪੁਰਸਕਾਰ ਨੂੰ ਲੈ ਕੇ ਮੈਂ ਤੁਹਾਡੀ ਸਰਕਾਰ ਦੀ ਪ੍ਰਸ਼ੰਸਾ ਕਰਾਂਗਾ ਤਾਂ ਤੁਹਾਨੂੰ ਨਿਰਾਸ਼ਾ ਹੀ ਹੋਵੇਗੀ। ਪੰਡਿਤ ਨਹਿਰੂ ਨੇ ਉਨ੍ਹਾਂ ਦੇ ਇਸ ਕਥਨ ਦੀ ਤਾਰੀਫ਼ ਕਰਦੇ ਹੋਏ ਬੇਨਤੀ ਕੀਤੀ ਸੀ ਕਿ ਉਹ ਇਸ ਪੁਰਸਕਾਰ ਨੂੰ ਸਵੀਕਾਰ ਕਰਨ। ਵਿਸ਼ਵੇਸ਼ਵਰਈਆ ਤੋਂ ਕਾਲਜ ਦੇ ਪ੍ਰਿੰਸੀਪਲ ਚਾਰਲਸ ਵਾਟਰਜ਼ ਇੰਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਆਪਣੇ ਸੋਨੇ ਦੇ ਕਫ-ਲਿੰਕਸ ਵਸੀਅਤ ਵਜੋਂ ਵਿਸ਼ਵੇਸ਼ਵਰਈਆ ਲਈ ਰੱਖੇ ਕਿਉਂਕਿ ਪ੍ਰਿੰਸੀਪਲ ਵਾਟਰਜ਼ ਜਾਣਦੇ ਸਨ ਕਿ ਉਨ੍ਹਾਂ ਨੂੰ ਸੋਨੇ ਦੇ ਕਫ-ਲਿੰਕਸ ਬਹੁਤ ਪਸੰਦ ਹਨ। ਮਿਸੇਜ਼ ਵਾਟਰਜ਼ ਨੇ ਖ਼ੁਦ ਭਾਰਤ ਆ ਕੇ ਵਿਸ਼ਵੇਸ਼ਵਰਈਆ ਨੂੰ ਇਹ ਕਫ-ਲਿੰਕਸ ਦਿੱਤੇ ਸਨ।
ਵਿਸ਼ਵੇਸ਼ਵਰਈਆ ਦਾ ਮੰਨਣਾ ਸੀ ਕਿ ਦੇਸ਼ ਦੀ ਤਰੱਕੀ ਲਈ ਪਿੰਡ ਪੱਧਰ ਤੱਕ ਉਦਯੋਗੀਕਰਨ ਹੋਣਾ ਚਾਹੀਦਾ ਹੈ ਪਰ ਇਕ ਦੂਜੇ ਪ੍ਰਤੀ ਸਤਿਕਾਰ ਹੋਣ ਦੇ ਬਾਵਜੂਦ ਮਹਾਤਮਾ ਗਾਂਧੀ ਉਨ੍ਹਾਂ ਦੇ ਇਸ ਵਿਚਾਰ ਦਾ ਵਿਰੋਧ ਕਰਦੇ ਸਨ। ਮਹਾਤਮਾ ਗਾਂਧੀ ਦੀ ਬੇਨਤੀ ’ਤੇ ਉਨ੍ਹਾਂ ਨੇ ਹੜ੍ਹਾਂ ਕਾਰਨ ਤਬਾਹ ਹੋਏ ਉੜੀਸਾ ਦਾ ਦੌਰਾ ਕੀਤਾ ਅਤੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਨੂੰ ਆਧਾਰ ਬਣਾ ਕੇ ਹੀ ਮਹਾਨਦੀ ’ਤੇ ਹੀਰਾਕੁੰਡ ਬੰਨ੍ਹ ਦਾ ਨਿਰਮਾਣ ਕੀਤਾ ਗਿਆ। ਇਕ ਵਾਰ ਜਦੋਂ ਗਾਂਧੀ ਨੇ ਉਨ੍ਹਾਂ ਦੇ ਕਿਸੇ ਵਿਚਾਰ ਨਾਲ ਅਸਹਿਮਤੀ ਪ੍ਰਗਟਾਈ ਤਾਂ ਵਿਸ਼ਵੇਸ਼ਵਰਈਆ ਨੇ ਕਿਹਾ ਕਿ ਮੈਂ ਉਮਰ ਵਿਚ ਤੁਹਾਡੇ ਤੋਂ ਵੱਡਾ ਹਾਂ। ਇਸ ਲਈ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਤਜਰਬਾ ਹੈ ਜਿਸ ਨੂੰ ਗਾਂਧੀ ਜੀ ਨੇ ਹੱਸਦੇ ਹੋਏ ਸਵੀਕਾਰ ਕਰ ਲਿਆ।
ਗੁਰਜਿੰਦਰ ਸਿੰਘ ਬੜਾਣਾ
-ਮੋਬਾਈਲ: 94637-10096