ਨਿਚੋੜ ਇਹ ਹੈ ਕਿ ਇੰਟਰਨੈੱਟ ਦੀ ਵਰਤੋਂ ਅਜੋਕੀ ਜੀਵਨ-ਸ਼ੈਲੀ ਲਈ ਕਾਫ਼ੀ ਲਾਹੇਵੰਦ ਹੈ ਪਰ ਇਸ ਦਾ ਲਾਭ ਤਾਂ ਹੀ ਹੈ ਜੇ ਇੰਟਰਨੈੱਟ ਦੀ ਵਰਤੋਂ ਸੁਰੱਖਿਅਤ ਹੋਵੇ। ਇਸੇ ਲਈ ਸੰਨ 2004 ’ਚ 8 ਫਰਵਰੀ ਨੂੰ ‘ਕੌਮਾਂਤਰੀ ਸੁਰੱਖਿਅਤ ਇੰਟਰਨੈੱਟ ਦਿਵਸ’ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ।

ਇੰਟਰਨੈੱਟ ਨੂੰ ਜੇ ਅਜੋਕੇ ਜੀਵਨ ਦੀ ਜੀਵਨਧਾਰਾ ਤੇ ਰਹਿਣ-ਸਹਿਣ ਦਾ ਅਹਿਮ ਅੰਗ ਮੰਨ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਨਵਰੀ 2021 ਦੇ ਅੰਕੜਿਆਂ ਅਨੁਸਾਰ ਦੁਨੀਆ ਦੀ ਕੁੱਲ ਆਬਾਦੀ ਦਾ 59.5 ਫ਼ੀਸਦੀ ਹਿੱਸਾ ਭਾਵ 4.66 ਬਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਜਿਨ੍ਹਾਂ ’ਚੋਂ 4.32 ਬਿਲੀਅਨ ਭਾਵ 92.6 ਫ਼ੀਸਦੀ ਲੋਕ ਮੋਬਾਈਲ ਸਾਧਨਾਂ ’ਤੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਜੇ ਗੱਲ ਭਾਰਤ ਦੀ ਕਰੀਏ ਤਾਂ ਇੱਥੇ ਸੰਨ 2017 ਵਿਚ 21 ਫ਼ੀਸਦੀ ਘਰਾਂ ਵਿਚ ਇੰਟਰਨੈੱਟ ਵਰਤਿਆ ਜਾਂਦਾ ਸੀ ਜੋ ਜਨਵਰੀ 2021 ਵਿਚ 61 ਫ਼ੀਸਦੀ ਘਰਾਂ ’ਚ ਪੁੱਜ ਗਿਆ ਸੀ।
ਭਾਰਤ ’ਚ ਸੰਨ 2020 ’ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 80 ਮਿਲੀਅਨ ਸੀ। ਕੋਰੋਨਾ ਕਾਲ ਦੌਰਾਨ 2021 ’ਚ ਇਹ ਗਿਣਤੀ ਵਧ ਕੇ 130 ਮਿਲੀਅਨ ਤਕ ਜਾ ਪੁੱਜੀ ਸੀ। ਇੰਟਰਨੈੱਟ ਨੇ ਸੂਚਨਾ ਦੇ ਸੰਚਾਰ, ਸਿੱਖਿਆ, ਸਿਹਤ, ਵਪਾਰ, ਰੁਜ਼ਗਾਰ ਅਤੇ ਮਨੋਰੰਜਨ ਦੇ ਖੇਤਰ ਵਿਚ ਹੈਰਾਨੀਜਨਕ ਤਬਦੀਲੀ ਲਿਆਂਦੀ ਹੈ। ਕੋਰੋਨਾ ਕਾਲ ਦੌਰਾਨ ਇੰਟਰਨੈੱਟ ਦੀ ਮਦਦ ਨਾਲ ਆਨਲਾਈਨ ਕਲਾਸਾਂ, ਆਨਲਾਈਨ ਦਫ਼ਤਰੀ ਕੰਮਕਾਜ, ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਮਨੋਰੰਜਨ ਦੀ ਉਪਲਬਧਤਾ ਨੇ ਘਰਾਂ ਅੰਦਰ ਤਾੜੇ ਲੋਕਾਂ ਦੀ ਜੀਵਨ-ਧਾਰਾ ਨੂੰ ਠੱਪ ਹੋਣ ਤੋਂ ਬਚਾਇਆ ਸੀ।
ਨਿਚੋੜ ਇਹ ਹੈ ਕਿ ਇੰਟਰਨੈੱਟ ਦੀ ਵਰਤੋਂ ਅਜੋਕੀ ਜੀਵਨ-ਸ਼ੈਲੀ ਲਈ ਕਾਫ਼ੀ ਲਾਹੇਵੰਦ ਹੈ ਪਰ ਇਸ ਦਾ ਲਾਭ ਤਾਂ ਹੀ ਹੈ ਜੇ ਇੰਟਰਨੈੱਟ ਦੀ ਵਰਤੋਂ ਸੁਰੱਖਿਅਤ ਹੋਵੇ। ਇਸੇ ਲਈ ਸੰਨ 2004 ’ਚ 8 ਫਰਵਰੀ ਨੂੰ ‘ਕੌਮਾਂਤਰੀ ਸੁਰੱਖਿਅਤ ਇੰਟਰਨੈੱਟ ਦਿਵਸ’ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ। ‘ਈਯੂ ਸੇਫ ਬਾਰਡਰਜ਼ ਪ੍ਰਾਜੈਕਟ’ ਤਹਿਤ ਕੀਤੀ ਗਈ ਇਹ ਸ਼ੁਰੂਆਤ ਅੱਜ 200 ਮੁਲਕਾਂ ਵਿਚ ਪੁੱਜ ਚੁੱਕੀ ਹੈ। ਇਹ ਦਿਵਸ ਇੰਟਰਨੈੱਟ ਦੀ ਵਰਤੋਂ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ’ਤੇ ਚਿੰਤਨ ਕਰ ਕੇ ਉਨ੍ਹਾਂ ਦੇ ਹੱਲ ਲਈ ਅੱਗੇ ਵਧਣ ਦਾ ਦਿਨ ਮੰਨਿਆ ਜਾਂਦਾ ਹੈ।
ਸੰਨ 2021 ਵਿਚ ਇਸ ਦਿਵਸ ਦਾ ਥੀਮ ਸੀ-‘ਸੁਰੱਖਿਅਤ ਇੰਟਰਨੈੱਟ ਲਈ ਸਾਰੇ ਇਕੱਠੇ ਹੰਭਲਾ ਮਾਰੀਏ’ ਜਦਕਿ ਇਸ ਸਾਲ ਲਈ ਚੁਣਿਆ ਗਿਆ ਥੀਮ ਹੈ-‘ਇੰਟਰਨੈੱਟ ’ਤੇ ਸਤਿਕਾਰ ਤੇ ਸਾਂਝਾਂ ਵਧਾਓ’। ਸਾਈਬਰ ਕ੍ਰਾਈਮ ਦੇ ਅੰਕੜਿਆਂ ਮੁਤਾਬਕ ਭਾਰਤ ਦੇ 80 ਫ਼ੀਸਦੀ ਇੰਟਰਨੈੱਟ ਧਾਰਕਾਂ ਨੂੰ ਕਿਸੇ ਛੋਟੇ ਜਾਂ ਵੱਡੇ ਸਾਈਬਰ ਕ੍ਰਾਈਮ ਦੇ ਦਰਪੇਸ਼ ਹੋਣਾ ਪਿਆ ਹੈ ਜਦਕਿ ਅਮਰੀਕਾ, ਫਰਾਂਸ, ਨਿਊਜ਼ੀਲੈਂਡ, ਇਟਲੀ ਅਤੇ ਜਾਪਾਨ ’ਚ ਇਹ ਦਰ ਕ੍ਰਮਵਾਰ 61 ਫ਼ੀਸਦੀ, 60%, 59 ਪ੍ਰਤੀਸ਼ਤ, 53 ਫ਼ੀਸਦੀ ਤੇ 42% ਰਹੀ ਹੈ। ਭਾਰਤ ’ਚ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਜਾਣਕਾਰੀ ਦੀ ਭਾਰੀ ਘਾਟ ਹੈ। ਸਰਕਾਰ ਤੇ ਨਿੱਜੀ ਅਦਾਰਿਆਂ ਨੂੰ ਇਸ ਸਮੱਸਿਆ ਦੇ ਹੱਲ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੰਚਾਰ ਮਾਧਿਅਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ,
ਬਟਾਲਾ।
-ਮੋਬਾਈਲ: 97816-46008