ਜਦੋਂ ਅਸੀਂ ਪਿੰਡ ਪੁੱਜੇ, ਪੂਰਾ ਪਿੰਡ ਅਤੇ ਆਸ-ਪਾਸ ਦਾ ਭਾਈਚਾਰਾ ਇਕੱਠਾ ਸੀ। ਮਾਹੌਲ ਦੁੱਖ ਨਾਲ ਭਰਿਆ ਹੋਇਆ ਸੀ। ਅੰਤਿਮ ਦਰਸ਼ਨਾਂ ਤੋਂ ਬਾਅਦ ਪਿਤਾ ਜੀ ਦਾ ਸਸਕਾਰ ਕੀਤਾ ਗਿਆ। ਉਸ ਵੇਲੇ ਮੈਂ ਮਨ ਵਿਚ ਧਾਰਿਆ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗਾl

ਗੱਲ ਲਗਪਗ ਦੋ ਸਾਲ ਪੁਰਾਣੀ ਹੈ। ਉਸ ਵੇਲੇ ਮੈਂ ਫ਼ੌਜ ਵਿਚ ਬਤੌਰ ਇੰਸਟਰਕਟਰ ਪੰਚਮੜੀ (ਮੱਧ ਪ੍ਰਦੇਸ਼) ਵਿਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸਾਂ। ਅਚਾਨਕ ਮੈਨੂੰ ਘਰੋਂ ਮੇਰੀ ਮਾਸੀ ਦੇ ਬੇਟੇ ਦਾ ਫੋਨ ਆਇਆ ਤੇ ਉਸ ਨੇ ਮੈਨੂੰ ਜਲਦ ਤੋਂ ਜਲਦ ਘਰ ਪਹੁੰਚਣ ਲਈ ਕਿਹਾ। ਮੈਂ ਉਸੇ ਦਿਨ ਐਮਰਜੈਂਸੀ ਛੁੱਟੀ ਲੈ ਕੇ ਪੰਜਾਬ ਲਈ ਰੇਲਗੱਡੀ ਫੜ ਲਈ। ਅਗਲੇ ਦਿਨ ਮੈਂ ਦਿੱਲੀ ਅਤੇ ਸ਼ਾਮ ਨੂੰ ਚੰਡੀਗੜ੍ਹ ਪੁੱਜ ਗਿਆ। ਉੱਥੇ ਮੇਰੇ ਪਿਤਾ ਸੱਜਣ ਸਿੰਘ, ਜਿਨ੍ਹਾਂ ਨੇ ਸਾਰੀ ਉਮਰ ਟਰੱਕ ਡਰਾਈਵਰ ਵਜੋਂ ਮਿਹਨਤ ਕਰ ਕੇ ਸਾਨੂੰ ਪੜ੍ਹਾਇਆ-ਲਿਖਾਇਆ ਸੀ, ਫ਼ੌਜੀ ਹਸਪਤਾਲ ਚੰਡੀ ਮੰਦਰ ਦੇ ਆਈਸੀਯੂ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਹਰ ਫ਼ੌਜੀ ਵਾਂਗ ਮੈਂ ਵੀ ਇਹ ਨਹੀਂ ਚਾਹੁੰਦਾ ਸੀ ਕਿ ਜਿੱਥੇ ਮੈਂ ਦੇਸ਼ ਲਈ ਲੜਦਾ ਹਾਂ, ਉੱਥੇ ਘਰ ਵਿਚ ਹਾਰ ਜਾਵਾਂ ਪਰ ਅੱਜ ਮੇਰੇ ਨਾਲ ਇਹੀ ਹੋ ਰਿਹਾ ਸੀ। ਮੇਰਾ ਮਨ ਵਿਚਾਰਾਂ ਦੀ ਸੁਨਾਮੀ ਨਾਲ ਘਿਰ ਗਿਆ ਸੀ।
ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਆਪਣੇ ਪਿੰਡ ਦਾ ਉਹ ਪਹਿਲਾ ਨੌਜਵਾਨ ਸੀ ਜਿਸ ਨੇ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ ਸੀ। ਉਸ ਦੌਰ ਵਿਚ ਜਦੋਂ ਪਿੰਡਾਂ ਵਿੱਚੋਂ ਉੱਚ ਵਿੱਦਿਆ ਲਈ ਸ਼ਹਿਰਾਂ ਵੱਲ ਜਾਣ ਦਾ ਰੁਝਾਨ ਨਾਮਾਤਰ ਸੀ, ਮੇਰੇ ਪਿਤਾ ਜੀ ਨੇ ਮੈਨੂੰ ਚੰਡੀਗੜ੍ਹ ਦੇ ਵੱਕਾਰੀ ਸਰਕਾਰੀ ਕਾਲਜ (ਸੈਕਟਰ-11) ਵਿਚ ਦਾਖ਼ਲ ਕਰਵਾਇਆ। ਘਰ ਵਿਚ ਭਾਵੇਂ ਕਿੰਨੀ ਵੀ ਆਰਥਿਕ ਤੰਗੀ ਰਹੀ ਹੋਵੇ ਪਰ ਉਨ੍ਹਾਂ ਨੇ ਕਦੇ ਵੀ ਮੇਰੀ ਪੜ੍ਹਾਈ ਦੇ ਰਾਹ ਵਿਚ ਤੰਗੀ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੱਤਾ।
ਜਦੋਂ ਮੈਂ ਪੱਤਰਕਾਰੀ ਦੇ ਖੇਤਰ ਵਿਚ ਜਾਣ ਦਾ ਫ਼ੈਸਲਾ ਲਿਆ ਤੇ ਐੱਮਏ ਕਰਨ ਲਈ ਜਲੰਧਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਇਕ ਕਾਲਜ ਵਿਚ ਦਾਖ਼ਲਾ ਲਿਆ ਤਾਂ ਉਨ੍ਹਾਂ ਨੇ ਬੜੀ ਸਹਿਜਤਾ ਨਾਲ ਕਿਹਾ, ‘‘ਪੁੱਤਰਾ! ਜਿਸ ਰਾਹ ’ਤੇ ਤੇਰਾ ਦਿਲ ਟਿਕਦਾ ਹੈ, ਉਸੇ ’ਤੇ ਚੱਲ। ਮੈਂ ਆਪਣੀ ਜ਼ਿੰਦਗੀ ਦੇ ਦਿਨ ਔਖੇ-ਸੌਖੇ ਕੱਟ ਲਏ ਹਨ ਪਰ ਮੈਂ ਨਹੀਂ ਚਾਹੁੰਦਾ ਕਿ ਜੋ ਦੁੱਖ ਮੈਂ ਆਪਣੇ ਪਿੰਡੇ ’ਤੇ ਹੰਢਾਏ, ਮੇਰੀ ਔਲਾਦ ਵੀ ਉਨ੍ਹਾਂ ਹੀ ਮੁਸੀਬਤਾਂ ਦੇ ਸਨਮੁੱਖ ਹੋਵੇ।’’
ਘਰ ਵਿਚ ਛੋਟੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਹੱਡ-ਭੰਨਵੀਂ ਮਿਹਨਤ ਸਦਕਾ ਆਪਣੀਆਂ ਭੈਣਾਂ ਦੇ ਵਿਆਹਾਂ ਦਾ ਕਰਜ਼ਾ ਉਤਾਰਿਆ। ਭਰ ਜਵਾਨੀ ਵਿਚ ਹੀ ਉਨ੍ਹਾਂ ਨੇ ਗੱਡੀ ਦੇ ਸਟੀਅਰਿੰਗ ਨੂੰ ਹੱਥ ਪਾ ਲਿਆ ਸੀ। ਦਿੱਲੀ ਤੋਂ ਦੱਖਣ ਤੱਕ ਦੇ ਚੱਕਰਾਂ ਵਿਚ ਕਈ-ਕਈ ਮਹੀਨੇ ਉਹ ਘਰ ਨਹੀਂ ਸਨ ਪਰਤਦੇ। ਪਿਤਾ ਜੀ ਅਕਸਰ ਘੱਟ ਸ਼ਬਦਾਂ ਵਿਚ ਕੋਈ ਡੂੰਘੀ ਗੱਲ ਕਹਿ ਦਿੰਦੇ ਸਨ ਜਿਸ ਦਾ ਅਰਥ ਸਮਝਣ ਲਈ ਮੈਨੂੰ ਕਈ ਦਿਨ ਲੱਗ ਜਾਂਦੇ। ਉਹ ਕਹਿੰਦੇ ਹੁੰਦੇ ਸਨ ਕਿ ਮੇਰੀ ਪੜ੍ਹਾਈ ਭਾਵੇਂ ਘੱਟ ਹੈ, ਪਰ ‘ਜ਼ਿੰਦਗੀ ਦੀ ਯੂਨੀਵਰਸਿਟੀ’ ਨੇ ਜੋ ਸਬਕ ਸਿਖਾਏ ਨੇ, ਉਹ ਕਿਸੇ ਕਿਤਾਬ ਵਿਚ ਨਹੀਂ ਮਿਲਦੇ। ਸੜਕਾਂ ’ਤੇ ਖਾਧੇ ਧੱਕੇ ਅਤੇ ਦਰ-ਦਰ ਦੀਆਂ ਠੋਕਰਾਂ ਹੀ ਅਸਲ ਗਿਆਨ ਬਖ਼ਸ਼ਦੀਆਂ ਨੇ। ਮੈਨੂੰ ਹੁਣ ਪਤਾ ਲੱਗਦਾ ਹੈ ਕਿ ਉਹ ਬਿਲਕੁਲ ਸਹੀ ਕਹਿੰਦੇ ਸਨ।
ਉਨ੍ਹਾਂ ਨੂੰ ਹਰ ਰਾਹ ਪਤਾ ਸੀ। ਮੈਂ ਅਕਸਰ ਮਜ਼ਾਕ ਵਿਚ ਕਹਿਣਾ, ‘‘ਪਿਤਾ ਜੀ, ਤੁਹਾਨੂੰ ਕਿਸੇ ਜੀਪੀਐੱਸ ਦੀ ਲੋੜ ਨਹੀਂ, ਤੁਹਾਡਾ ਦਿਮਾਗ ਹੀ ਜੀਪੀਐੱਸ ਹੈ!’’ ਉਹ ਅੱਗੋਂ ਮੁਸਕਰਾ ਕੇ ਕਹਿੰਦੇ, ‘‘ਪੁੱਤਰਾ, ਅਸੀਂ ਉਸ ਦੌਰ ਦੇ ਡਰਾਈਵਰ ਹਾਂ ਜਦੋਂ ਸਮਾਰਟਫੋਨ ਨਹੀਂ ਹੁੰਦੇ ਸਨ। ਸਾਡੇ ਜ਼ਿਹਨ ਵਿਚ ਹੀ ਉਹ ਨਕਸ਼ੇ ਉੱਕਰੇ ਹੋਏ ਹਨ, ਜੋ ਸਾਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਨੇ।’’
ਪਿਛਲੇ ਦਸ ਸਾਲਾਂ ਦੀ ਨੌਕਰੀ ਵਿਚ ਜੇ ਮੈਂ ਸਿਰ ਉੱਚਾ ਕਰ ਕੇ ਵਿਚਰ ਸਕਿਆ, ਤਾਂ ਉਹ ਸਿਰਫ਼ ਆਪਣੇ ਪਿਤਾ ਦੀ ਹਿੰਮਤ ਅਤੇ ਹੌਸਲੇ ਸਦਕਾ। ਜਦੋਂ ਵੀ ਮੈਂ ਛੁੱਟੀ ਮੁਕਾ ਕੇ ਵਾਪਸ ਜਾਂਦਾ, ਉਹ ਕਹਿੰਦੇ, “ਤੂੰ ਫ਼ਿਕਰ ਨਾ ਕਰੀਂ, ਪਿੱਛੇ ਮੈਂ ਹਾਂ-ਸਭ ਕੁਝ ਸੰਭਾਲ ਲਵਾਂਗਾ।” ਇਹ ਸਭ ਬੋਲ ਅੱਜ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ।
ਇਕ ਛੋਟੀ ਸੱਟ ਕਾਰਨ ਇਨਫੈਕਸ਼ਨ ਵਧਦਾ-ਵਧਦਾ ਉਨ੍ਹਾਂ ਦੇ ਪੂਰੇ ਸਰੀਰ ਵਿਚ ਫੈਲ ਗਿਆ ਸੀ। ਰੋਪੜ ਦੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਤੇ ਉਨ੍ਹਾਂ ਨੂੰ ਚੰਡੀਮੰਦਰ ਰੈਫਰ ਕਰ ਦਿੱਤਾ। ਉਨ੍ਹਾਂ ਨੂੰ ਦਿਲ ਦੀ ਸਮੱਸਿਆ ਵੀ ਸੀ ਜਿਸ ਕਾਰਨ ਸਿਹਤ ਵਿਚ ਸੁਧਾਰ ਬਹੁਤ ਹੌਲੀ ਹੋ ਰਿਹਾ ਸੀ। ਮੈਂ ਹਰ ਰੋਜ਼ ਆਸ ਲੈ ਕੇ ਆਈਸੀਯੂ ਵਿਚ ਜਾਂਦਾ ਅਤੇ ਨਿਰਾਸ਼ ਹੋ ਕੇ ਵਾਪਸ ਆ ਜਾਂਦਾ। ਮਨ ਦੀ ਉਥਲ-ਪੁਥਲ ਮੈਨੂੰ ਅੰਦਰੋਂ ਖਾ ਰਹੀ ਸੀ।
ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਜਾਰੀ ਸੀ। ਮੇਰੀ ਚਾਚੀ ਦਾ ਪੁੱਤਰ, ਜੋ ਚੰਡੀਗੜ੍ਹ ਵਿਚ ਹੀ ਰਹਿੰਦਾ ਸੀ, ਉਸ ਨੇ ਵੀ ਕਾਫ਼ੀ ਸਹਿਯੋਗ ਦਿੱਤਾ। ਸੱਤ ਦਿਨਾਂ ਤੱਕ ਪਿਤਾ ਜੀ ਕਸ਼ਟ ਝੱਲਦੇ ਰਹੇ। ਆਖ਼ਕਾਰ ਇਕ ਦੁਪਹਿਰੇ ਡਾਕਟਰ ਦੀ ਕਾਲ ਆਈ, “ਤੁਸੀਂ ਤੁਰੰਤ ਉੱਪਰ ਆ ਜਾਓ।” ਉਹ ਕੁਝ ਪੌੜੀਆਂ ਦਾ ਰਸਤਾ ਮੈਨੂੰ ਪਹਾੜ ਦੀ ਚੋਟੀ ਵਰਗਾ ਲੱਗ ਰਿਹਾ ਸੀ। ਮੈਂ ਆਪਣੇ ਅੰਦਰਲੇ ਫ਼ੌਜੀ ਨੂੰ ਸੰਭਾਲ ਕੇ ਆਈਸੀਯੂ ਵਿਚ ਪਹੁੰਚਿਆ। ਡਾਕਟਰਾਂ ਨੇ ਹੌਲੀ ਆਵਾਜ਼ ਵਿਚ ਕਿਹਾ, “ਆਪਣੇ-ਆਪ ਨੂੰ ਸੰਭਾਲੋ…, ਤੁਹਾਡੇ ਪਿਤਾ ਜੀ ਕੁਝ ਪਲ ਪਹਿਲਾਂ ਸਵਾਸ ਛੱਡ ਗਏ ਹਨ।”
ਇਹ ਸੁਣਦੇ ਹੀ ਮੇਰੀਆਂ ਅੱਖਾਂ ਸਾਹਮਣੇ ਸਾਰੀ ਜ਼ਿੰਦਗੀ ਦੀ ਤਸਵੀਰ ਘੁੰਮ ਗਈ। ਮੈਂ ਸੁੰਨ ਹੋ ਗਿਆ। ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਉਹ ਸਭ ਯਾਦ ਆ ਰਿਹਾ ਸੀ ਜੋ ਉਨ੍ਹਾਂ ਨੇ ਸਾਡੇ ਲਈ ਕੀਤਾ ਸੀ। ਡਾਕਟਰਾਂ ਨੇ ਕਿਹਾ ਕਿ ਹੁਣ ਦੇਰ ਹੋ ਗਈ ਹੈ, ਤੁਸੀਂ ਕੱਲ੍ਹ ਮ੍ਰਿਤਕ ਦੇਹ ਲਿਜਾ ਸਕਦੇ ਹੋ। ਮੈਂ ਉਹ ਰਾਤ ਨਾਢਾ ਸਾਹਿਬ ਗੁਰਦੁਆਰੇ ਵਿਚ ਬਿਤਾਈ। ਸਵੇਰੇ ਪਿਤਾ ਜੀ ਨੂੰ ਲੈ ਕੇ ਅਸੀਂ ਜੱਦੀ ਪਿੰਡ ਵੱਲ ਚੱਲ ਪਏ।
ਜਦੋਂ ਅਸੀਂ ਪਿੰਡ ਪੁੱਜੇ, ਪੂਰਾ ਪਿੰਡ ਅਤੇ ਆਸ-ਪਾਸ ਦਾ ਭਾਈਚਾਰਾ ਇਕੱਠਾ ਸੀ। ਮਾਹੌਲ ਦੁੱਖ ਨਾਲ ਭਰਿਆ ਹੋਇਆ ਸੀ। ਅੰਤਿਮ ਦਰਸ਼ਨਾਂ ਤੋਂ ਬਾਅਦ ਪਿਤਾ ਜੀ ਦਾ ਸਸਕਾਰ ਕੀਤਾ ਗਿਆ। ਉਸ ਵੇਲੇ ਮੈਂ ਮਨ ਵਿਚ ਧਾਰਿਆ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗਾl
ਅਗਲੇ ਦਿਨ ਮਾਂ ਨੇ ਕਿਹਾ, “ਪੁੱਤਰ, ਮੈਂ ਤੇਰੇ ਤਾਏ ਨੂੰ ਮਿਲ ਕੇ ਆਉਂਦੀ ਹਾਂ।” ਮੈਂ ਵੀ ਨਾਲ ਚੱਲ ਪਿਆ। ਮੇਰੇ ਤਾਇਆ ਜੀ ਸਾਡੇ ਘਰ ਦੇ ਨੇੜੇ ਹੀ ਰਹਿੰਦੇ ਨੇ। ਉੱਥੇ ਪੁੱਜਦਿਆਂ ਸਾਰ ਮਾਂ ਨੇ ਕਿਹਾ, “ਕੋਈ ਖ਼ਰਚਾ ਤਾਂ ਨਹੀਂ ਬਚਿਆ, ਜੋ ਅਸੀਂ ਦੇਣਾ ਹੋਵੇ?” ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਤਾਇਆ ਕਹਿੰਦਾ, ‘‘ਸਭ ਪੈਸੇ ਤੁਸੀਂ ਦੇ ਦਿੱਤੇ ਨੇ, ਹਾਂ, ਇਕ ਬਰਫ ਦੀ ਸਿੱਲੀ ਦੇ ਪੈਸੇ ਰਹਿੰਦੇ ਨੇ।”
ਮਾਂ ਨੇ ਤੁਰੰਤ ਪੈਸੇ ਦੇ ਦਿੱਤੇ। ਉਸ ਪਲ ਮੇਰੀ ਆਤਮਾ ਹਿੱਲ ਗਈ। ਇੱਕੋ ਮਾਂ ਦੇ ਜਣੇ ਦੋ ਜਾਏ ਤੇ ਇਕ ਅੱਜ ਛੋਟੇ ਭਰਾ ਦੀ ਮੌਤ ’ਤੇ ਬਰਫ ਦੀ ਸਿੱਲੀ ਦੇ ਪੈਸੇ ਮੰਗ ਰਿਹਾ ਹੈ। ਉਹ ਬਰਫ ਦੀ ਸਿੱਲੀ ਦੇ ਪੈਸੇ ਮੰਗਣ ਦੇ ਬੋਲ ਅੱਜ ਵੀ ਕਦੇ-ਕਦੇ ਮਨ ਨੂੰ ਭਾਰੀ ਕਰ ਦਿੰਦੇ ਨੇ। ਇਸ ਫਾਨੀ ਸੰਸਾਰ ਵਿਚ ਕੋਈ ਕਿਸੇ ਦਾ ਨਹੀਂ ਹੈ।
ਸਾਰੀ ਉਮਰ ਜਿੰਨੀ ਸਖ਼ਤ ਮਿਹਨਤ ਮੇਰੇ ਪਿਤਾ ਜੀ ਨੇ ਕੀਤੀ ਸੀ, ਸ਼ਾਇਦ ਮੈਂ ਨਾ ਕਰ ਸਕਾਂ ਪਰ ਮੇਰੀ ਕੋਸ਼ਿਸ਼ ਰਹੇਗੀ ਕਿ ਰਹਿੰਦੇ ਸਵਾਸਾਂ ਤੱਕ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਕੋਈ ਕਰਮ ਨਾ ਕਰਾਂ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸਾਡੀ ਸ਼ਖ਼ਸੀਅਤ ਵਿਚ ਸਾਡੇ ਮਾਪਿਆਂ ਦੀ ਝਲਕ ਹੁੰਦੀ ਹੈ। ਮੈਂ ਤਾਉਮਰ ਕੋਸ਼ਿਸ਼ ਕਰਾਂਗਾ ਕਿ ਮੇਰੇ ਕਿਰਦਾਰ ਵਿੱਚੋਂ ਮੇਰੇ ਪਿਤਾ ਦਾ ਅਕਸ ਹਮੇਸ਼ਾ ਖ਼ੂਬਸੂਰਤ ਅਤੇ ਗੌਰਵਮਈ ਨਜ਼ਰ ਆਵੇ।’’
-ਮਨਿੰਦਰ ਸਿੰਘ ਸੈਣੀ
-ਮੋਬਾਈਲ: 97800-37010