ਆਜ਼ਾਦੀ ਦਾ ਮਹਾਤਮ
ਦੇਸ਼ 74ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਅੰਗਰੇਜ਼ਾਂ ਦੇ ਜ਼ੁਲਮੋ-ਸਿਤਮ ਖ਼ਿਲਾਫ਼ ਲੰਬੇ ਘੋਲ ਦਾ ਫ਼ਲ 15 ਅਗਸਤ 1947 ਨੂੰ ਮਿਲਿਆ ਸੀ।
Publish Date: Fri, 14 Aug 2020 11:11 PM (IST)
Updated Date: Sat, 15 Aug 2020 07:00 AM (IST)

ਦੇਸ਼ 74ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਅੰਗਰੇਜ਼ਾਂ ਦੇ ਜ਼ੁਲਮੋ-ਸਿਤਮ ਖ਼ਿਲਾਫ਼ ਲੰਬੇ ਘੋਲ ਦਾ ਫ਼ਲ 15 ਅਗਸਤ 1947 ਨੂੰ ਮਿਲਿਆ ਸੀ। ਅੰਗਰੇਜ਼ਾਂ ਦੀ ਗ਼ੁਲਾਮੀ ਦੇ ਲਗਪਗ 200 ਸਾਲਾਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਅਣਗਿਣਤ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ ਸੀ। ਇਸ ਦਿਨ ਜਦੋਂ ਸਵੇਰੇ ਲਾਲ ਕਿਲ੍ਹੇ 'ਤੇ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ ਤਾਂ ਹਰੇਕ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਲਾਲ ਕਿਲ੍ਹੇ 'ਤੇ ਤਿਰੰਗੇ ਨੂੰ ਪਹਿਲੀ ਵਾਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਹਿਰਾਇਆ ਸੀ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਸਮ ਨੂੰ ਨਿਭਾਉਣਗੇ। ਪਿਛਲੇ ਸਾਲ ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ 'ਚ ਦੁਨੀਆ ਨੂੰ ਅੱਤਵਾਦ ਖ਼ਿਲਾਫ਼ ਲੜਨ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਅੱਤਵਾਦ ਦੇ ਖ਼ਾਤਮੇ ਲਈ ਵਚਨਬੱਧ ਹੈ। ਇਹੀ ਨਹੀਂ, ਉਹ ਇਸ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਲਈ ਹਮੇਸ਼ਾ ਵਾਂਗ ਆਪਣੀ ਭੂਮਿਕਾ ਬਾਰੇ ਸੰਜੀਦਾ ਰਹੇਗਾ। ਇਸੇ ਲਈ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਆਪਣੇ ਰੁਖ਼ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਤਿੰਨਾਂ ਸੈਨਾਵਾਂ ਦੇ ਬਿਹਤਰ ਤਾਲਮੇਲ ਤੇ ਉਨ੍ਹਾਂ ਦੀ ਸਮਰੱਥਾ 'ਚ ਹੋਰ ਤਿੱਖਾਪਣ ਲਿਆਉਣ ਦੇ ਮਕਸਦ ਨਾਲ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਦੇ ਗਠਨ ਦਾ ਐਲਾਨ ਵੀ ਪੀਐੱਮ ਨੇ ਲਾਲ ਕਿਲ੍ਹੇ ਤੋਂ ਹੀ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਤੇ ਮੌਕਿਆਂ ਦਾ ਜ਼ਿਕਰ ਵੀ ਕੀਤਾ ਸੀ। ਦੂਜੇ ਪਾਸੇ ਜੇ ਪਿਛਲੇ ਇਕ ਸਾਲ 'ਤੇ ਨਜ਼ਰ ਮਾਰੀਏ ਤਾਂ 2019 ਤਕ ਹਾਲਾਤ ਕੁਝ ਠੀਕ ਸਨ ਪਰ 2020 'ਚ ਕੋਰੋਨਾ ਦੇ ਆਉਣ ਤੋਂ ਬਾਅਦ ਹਾਲਾਤ ਲਗਾਤਾਰ ਵਿਗੜ ਰਹੇ ਹਨ। ਦੇਸ਼ ਦੀ ਆਜ਼ਾਦੀ ਲਈ ਅਸੀਂ ਅੰਗਰੇਜ਼ਾਂ ਖ਼ਿਲਾਫ਼ ਇਕ ਲੜਾਈ ਲੜੀ ਸੀ। ਇਸ ਵੇਲੇ ਦੁਨੀਆ ਦੇ ਨਾਲ-ਨਾਲ ਪੂਰਾ ਦੇਸ਼ ਇਕ ਜੰਗ ਕੋਰੋਨਾ ਖ਼ਿਲਾਫ਼ ਲੜ ਰਿਹਾ ਹੈ। ਡਾਕਟਰ, ਸਿਹਤ ਕਰਮੀ, ਪੁਲਿਸ ਮੁਲਾਜ਼ਮ ਤੇ ਸਫ਼ਾਈ ਕਰਮੀ ਇਸ ਜੰਗ 'ਚ ਮੋਹਰਲੇ ਮੁਹਾਜ਼ 'ਤੇ ਡਟੇ ਹੋਏ ਹਨ। ਇਨ੍ਹਾਂ 'ਚੋਂ ਕਈਆਂ ਨੇ ਆਪਣੀ ਜਾਨ ਵੀ ਗੁਆ ਦਿੱਤੀ ਹੈ। ਕੋਰੋਨਾ ਰੋਕੂ ਵੈਕਸੀਨ ਦੇ ਟਰਾਇਲ ਵੀ ਚੱਲ ਰਹੇ ਹਨ। ਉਮੀਦ ਹੈ ਕਿ ਛੇਤੀ ਹੀ ਇਸ ਬਿਮਾਰੀ ਤੋਂ ਦੇਸ਼ ਨੂੰ ਆਜ਼ਾਦੀ ਮਿਲ ਜਾਵੇਗੀ। ਦੇਸ਼ ਦੀ ਤਰੱਕੀ ਦੇ ਰਾਹ 'ਚ ਆਰਥਿਕ ਚੁਣੌਤੀਆਂ ਦਾ ਅੰਬਾਰ ਲੱਗਾ ਹੋਇਆ ਹੈ। ਇਨ੍ਹਾਂ ਦਾ ਸਾਹਮਣਾ ਸਨਅਤੀ ਮਾਹੌਲ ਨੂੰ ਬਿਹਤਰ ਬਣਾ ਕੇ ਅਤੇ ਕਿਸਾਨੀ ਨੂੰ ਠੁੰਮ੍ਹਣਾ ਦੇ ਕੇ ਹੀ ਕੀਤਾ ਜਾ ਸਕਦਾ ਹੈ। ਇਸ ਪਾਸੇ ਸਰਕਾਰ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸਰਕਾਰ ਇਸ ਵੱਲ ਵੀ ਧਿਆਨ ਦੇਵੇ ਕਿ ਯੋਗ ਨਾਗਰਿਕਾਂ ਨੂੰ ਇਸ ਦਾ ਲਾਭ ਜ਼ਰੂਰ ਮਿਲੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਸਭ ਤੋਂ ਵੱਡੀ ਸਮੱਸਿਆ ਰੁਜ਼ਗਾਰ ਦੀ ਬਣਨ ਵਾਲੀ ਹੈ। ਇਸ ਵੇਲੇ ਬੇਰੁਜ਼ਗਾਰਾਂ ਦੀ ਭੀੜ ਘਟਣ ਦੀ ਥਾਂ ਲਗਾਤਾਰ ਵੱਧ ਰਹੀ ਹੈ। ਰੁਜ਼ਗਾਰ ਦੇ ਮੌਕੇ ਹੋਰ ਵੀ ਸੁੰਗੜ ਰਹੇ ਹਨ। ਹੱਥਾਂ 'ਚ ਡਿਗਰੀਆਂ ਫੜੀ ਖੜ੍ਹੇ ਬੇਰੁਜ਼ਗਾਰਾਂ ਦਾ ਭਵਿੱਖ ਖ਼ਤਰੇ 'ਚ ਹੈ। ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਸ ਦਿਹਾੜੇ 'ਤੇ ਸਰਕਾਰ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਇਸ ਸਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਵੱਧ ਧਿਆਨ ਦਿੱਤਾ ਜਾਵੇਗਾ। ਇੰਜ ਕਰਨ 'ਤੇ ਹੀ ਭਾਰਤ ਆਤਮ ਨਿਰਭਰ ਬਣ ਸਕੇਗਾ। ਨੌਜਵਾਨਾਂ ਦੀ ਤਾਕਤ ਨੂੰ ਸਹੀ ਦਿਸ਼ਾ ਦੇਣੀ ਹੋਵੇਗੀ। ਜੇ ਹਰ ਕਿਸੇ ਨੂੰ ਕਿਫ਼ਾਇਤੀ ਪਰ ਉੱਨਤ ਸਿੱਖਿਆ ਅਤੇ ਸਿਹਤ ਸੇਵਾਵਾਂ ਮਿਲਣ ਤਾਂ ਹੀ ਉਹ ਆਜ਼ਾਦੀ ਦਾ ਅਸਲੀ ਨਿੱਘ ਮਾਣ ਸਕੇਗਾ।