25 ਅਪ੍ਰੈਲ ਦਾ ਦਿਨ ਆਲਮੀ ਮਲੇਰੀਆ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਗਰਮੀ ਦੇ ਮੌਸਮ ਦੌਰਾਨ ਮੱਛਰ ਬਹੁਤ ਵਧ ਜਾਂਦਾ ਹੈ, ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹ ਇਕ ਆਮ ਜਾਣਿਆ ਜਾਣ ਵਾਲਾ ਰੋਗ ਹੈ। ਆਮ ਭਾਸ਼ਾ ’ਚ ਇਸ ਨੂੰ ਤੇਈਆ ਤਾਪ ਵੀ ਕਿਹਾ ਜਾਂਦਾ ਹੈ।

25 ਅਪ੍ਰੈਲ ਦਾ ਦਿਨ ਆਲਮੀ ਮਲੇਰੀਆ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਗਰਮੀ ਦੇ ਮੌਸਮ ਦੌਰਾਨ ਮੱਛਰ ਬਹੁਤ ਵਧ ਜਾਂਦਾ ਹੈ, ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹ ਇਕ ਆਮ ਜਾਣਿਆ ਜਾਣ ਵਾਲਾ ਰੋਗ ਹੈ। ਆਮ ਭਾਸ਼ਾ ’ਚ ਇਸ ਨੂੰ ਤੇਈਆ ਤਾਪ ਵੀ ਕਿਹਾ ਜਾਂਦਾ ਹੈ। ਇਸ ’ਚ ਠੰਢ ਤੇ ਸਿਰਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਚੜ੍ਹਦਾ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉੱਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਬੁਖ਼ਾਰ ਉਤਰਨ ਤੋਂ ਬਾਅਦ ਮਰੀਜ਼ ਨੂੰ ਪਸੀਨਾ ਆਉਂਦਾ ਹੈ ਤੇ ਕਮਜ਼ੋੋਰੀ ਮਹਿਸੂਸ ਹੁੰਦੀ ਹੈ। ਇਹ ਰੋਗ ਭੂਮੱਧ ਦੇ ਆਲੇ-ਦੁਆਲੇ ਖੰਡੀ ਤੇ ਉਪ-ਖੰਡੀ ਖੇਤਰ ’ਚ ਫੈਲਦਾ ਹੈ, ਜਿਸ ’ਚ ਸਬਸਹਾਰਾ, ਅਫ਼ਰੀਕਾ ਤੇ ਏਸ਼ੀਆ ਵੀ ਸ਼ਾਮਲ ਹਨ। ਭਾਰਤ ਦੇਸ਼ ’ਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ ਪਰ ਬਰਸਾਤੀ ਮੌਸਮ ਦੌਰਾਨ ਤੇ ਬਾਅਦ ’ਚ ਮੱਛਰ ਦੇ ਪ੍ਰਜਣਨ ਕਾਰਨ ਇਹ ਵੱਡੇ ਪੱਧਰ ’ਤੇ ਫੈਲਦਾ ਹੈ। ਮਲੇਰੀਆ ਪਲਾਸਮੋਡੀਅਮ ਦੇ ਤੌਰ ’ਤੇ ਜਾਣੇ ਜਾਂਦੇ ਪਰਜੀਵੀ ਕਾਰਨ ਹੁੰਦਾ ਹੈ। ਇਸ ਦੇ ਪਰਜੀਵੀ ਚਾਰ ਪ੍ਰਕਾਰ ਦੇ ਹੁੰਦੇ ਹਨ : ਪੀ. ਵਾਈਵੈਕਸ, ਪੀ. ਫੈਲਸੀਪੈਰਮ, ਪੀ. ਮਲੇਰੀ ਤੇ ਪੀ. ਓਵੇਲ। ਇਨ੍ਹਾਂ ’ਚੋਂ ਪੀ. ਵਾਈਵੈਕਸ ਜ਼ਿਆਦਾਤਰ
ਹੁੰਦਾ ਹੈ ਤੇ ਪੀ. ਫੈਲਸੀਪੈਰਮ ਘੱਟ ਹੁੰਦਾ ਹੈ ਪਰ ਸਭ ਤੋਂ ਵੱਧ ਘਾਤਕ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ। ਮੱਛਰ ਦੇ ਸਰੀਰ ਅੰਦਰ ਮਲੇਰੀਆ ਦੇ ਪਰਜੀਵੀ ਉਸ ਵੇਲੇ ਪ੍ਰਵੇਸ਼ ਕਰਦੇ ਹਨ ਜਦੋਂ ਇਹ
ਮਲੇਰੀਆ ਕਿਸੇ ਪੀੜਤ ਵਿਅਕਤੀ ਨੂੰ ਕੱਟਦਾ ਹੈ। ਅਜਿਹਾ ਮੱਛਰ ਜਦੋਂ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉੁਸ ਵਿਅਕਤੀ ਦੇ ਖ਼ੂਨ-ਪ੍ਰਵਾਹ ’ਚ ਮਲੇਰੀਆ ਦੇ ਪਰਜੀਵੀ ਛੱਡ ਦਿੰਦਾ ਹੈ, ਜਿਸ ਨਾਲ 10 ਤੋਂ 14 ਦਿਨ ’ਚ ਉੁਸ ਵਿਅਕਤੀ ’ਚ ਵੀ ਮਲੇਰੀਆ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ। ਇਸ ਦੇ ਆਮ ਲੱਛਣ ਬੁਖ਼ਾਰ, ਸਿਰਦਰਦ, ਉਲਟੀ ਤੇ ਹੋਰ ਫਲੂ ਵਰਗੇ ਲੱਛਣ ਹੁੰਦੇ ਹਨ। ਬੁਖ਼ਾਰ ਚਾਰ ਤੋਂ ਅੱਠ ਘੰਟੇ ਦੇ ਚੱਕਰ ’ਚ ਹੁੰਦਾ ਹੈ। ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਤੇ ਨਸ਼ਟ ਕਰਦਾ ਹੈ। ਨਤੀਜੇ ਵਜੋਂ ਥਕਾਵਟ, ਡੋਬ/ਕੜਵੱਲ ਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ। ਜੇ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮਾਂ ਰਹਿੰਦਿਆਂ ਨਾ ਹੋਵੇ ਤਾਂ ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ। ਮਲੇਰੀਆ ਦੀ ਜਾਂਚ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਮੁਫ਼ਤ ਕੀਤਾ ਜਾਂਦਾ ਹੈ। ਬੁਖ਼ਾਰ ਹੋਣ ’ਤੇ ਜਿੰਨਾ ਛੇਤੀ ਹੋ ਸਕੇ, ਡਾਕਟਰ ਦੀ ਸਲਾਹ ਨਾਲ ਖ਼ੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ
ਮਲੇਰੀਆ ਹੋਣ ਦੀ ਪੁਸ਼ਟੀ ਹੋਣ ’ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ। ਬਲੱਡ ਸਲਾਈਡ ਤੋਂ ਇਲਾਵਾ ਅੱਜਕੱਲ੍ਹ ਰੈਪਿਡ ਟੈਸਟ ਵੀ ਹੋ ਜਾਂਦਾ ਹੈ, ਜਿਸ ਨਾਲ ਨਤੀਜਾ ਤੁਰੰਤ ਮਿਲ ਜਾਂਦਾ ਹੈ। ਬੁਖ਼ਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢਕ ਕੇ ਆਰਾਮ ਕਰਨਾ ਚਾਹੀਦਾ ਹੈ। ਜੇ ਫੈਲਸੀਪੈਰਮ ਮਲੇਰੀਆ ਦੀ ਸ਼ਨਾਖ਼ਤ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ’ਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ, ਜੋ ਸਾਫ਼ ਖੜ੍ਹੇ ਪਾਣੀ ’ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ’ਚ ਤੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ, ਪਾਣੀ ਦੀਆਂ ਟੈਂਕੀਆਂ ਢਕ ਕੇ ਰੱਖੀਆਂ ਜਾਣ, ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ, ਕੂਲਰਾਂ ਵਿਚਲਾ ਪਾਣੀ ਹਫ਼ਤੇ ਦੇ ਅੰਦਰ ਨਿਯਮਿਤ ਬਦਲਿਆ ਜਾਵੇ, ਛੱਤਾਂ ’ਤੇ ਵਾਧੂ ਕਬਾੜ, ਭਾਂਡੇ, ਟਾਇਰ ਆਦਿ ਨਾ ਰੱਖੇ ਜਾਣ, ਘਰ ’ਚ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ। ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ’ਤੇ ਜਾਲੀ ਲਗਵਾਉਣੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢਕਣ ਵਾਲੇ ਕੱਪੜੇ ਪਹਿਨਣਾ, ਘਰ ’ਚ ਸਮੇਂ-ਸਮੇਂ ’ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਬਹੁਤ ਜ਼ਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ’ਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵੱਡੀ ਪੱਧਰ ’ਤੇ ਲੋਕਾਂ ’ਚ ਮਲੇਰੀਆ ਬਾਰੇ ਜਾਗਰੂਕਤਾ ਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਜਾਣਕਾਰੀ ’ਚ ਹੀ ਇਸ ਦਾ ਬਚਾਅ ਹੈ, ਜਿਸ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਚਾਨਣਦੀਪ ਸਿੰਘ ਔਲਖ 98768-88177