ਰਸਤੇ, ਪੁਲ ਅਤੇ ਬਿਜਲੀ ਦੀਆਂ ਲਾਈਨਾਂ ਤਬਾਹ ਹੋ ਗਈਆਂ ਹਨ ਜਿਸ ਕਾਰਨ ਆਵਾਜਾਈ ਤੇ ਵਪਾਰ ਪ੍ਰਭਾਵਿਤ ਹੋਇਆ ਹੈ। ਹਜ਼ਾਰਾਂ ਪਸ਼ੂ ਵੀ ਮਰ ਗਏ ਹਨ ਜਾਂ ਵਹਿ ਗਏ ਹਨ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਤਿੰਨ ਲੱਖ ਏਕੜ ਤੋਂ ਵੱਧ ਫ਼ਸਲਾਂ ਤਬਾਹ ਹੋ ਗਈਆਂ ਹਨ।
ਪੰਜਾਬ ’ਚ ਹੜ੍ਹਾਂ ਨੇ ਨਾ ਸਿਰਫ਼ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ ਬਲਕਿ ਸੂਬੇ ਦੀ ਆਰਥਿਕਤਾ ਤੇ ਵਾਤਾਵਰਨ ਨੂੰ ਵੀ ਡੂੰਘਾ ਝਟਕਾ ਦਿੱਤਾ ਹੈ ਅਤੇ ਬਹੁਤ ਸਾਰੇ ਨਵੇਂ ਸਵਾਲ ਪੰਜਾਬੀਆਂ ਦੇ ਸਨਮੁੱਖ ਖੜ੍ਹੇ ਕਰ ਦਿੱਤੇ ਹਨ। ਸਾਲ 1988 ਤੋਂ ਬਾਅਦ ਇਨ੍ਹਾਂ ਹੜ੍ਹਾਂ ਨੇ ਹਜ਼ਾਰਾਂ ਪਿੰਡਾਂ ਨੂੰ ਡੁਬੋ ਦਿੱਤਾ ਹੈ ਅਤੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਇਸ ਨੇ ਘੱਟੋ-ਘੱਟ 29 ਵਿਅਕਤੀਆਂ ਦੀ ਜਾਨ ਲੈ ਲਈ ਹੈ।
ਇਹ ਮੌਤਾਂ ਮੁੱਖ ਤੌਰ ’ਤੇ ਡੁੱਬਣ, ਘਰ ਡਿੱਗਣ ਤੇ ਹਾਦਸਿਆਂ ਕਾਰਨ ਹੋਈਆਂ ਹਨ। ਸੂਬੇ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ’ਚ ਸਥਿਤੀ ਵਧੇਰੇ ਗੰਭੀਰ ਹੈ ਜਿੱਥੇ ਹੜ੍ਹਾਂ ਨੇ ਪੂਰੇ ਪਿੰਡਾਂ ਨੂੰ ਘੇਰ ਲਿਆ ਹੈ। ਕਈ ਲੋਕ ਅਜੇ ਵੀ ਲਾਪਤਾ ਹਨ ਅਤੇ ਬਚਾਅ ਟੀਮਾਂ ਨੂੰ ਉਨ੍ਹਾਂ ਨੂੰ ਲੱਭਣ ’ਚ ਮੁਸ਼ਕਲ ਆ ਰਹੀ ਹੈ। ਹੜ੍ਹਾਂ ਕਾਰਨ 845 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ 3,254 ਕੁ ਘਰ ਮਾਮੂਲੀ ਨੁਕਸਾਨੇ ਗਏ ਹਨ। ਰਸਤੇ, ਪੁਲ ਅਤੇ ਬਿਜਲੀ ਦੀਆਂ ਲਾਈਨਾਂ ਤਬਾਹ ਹੋ ਗਈਆਂ ਹਨ ਜਿਸ ਕਾਰਨ ਆਵਾਜਾਈ ਤੇ ਵਪਾਰ ਪ੍ਰਭਾਵਿਤ ਹੋਇਆ ਹੈ। ਹਜ਼ਾਰਾਂ ਪਸ਼ੂ ਵੀ ਮਰ ਗਏ ਹਨ ਜਾਂ ਵਹਿ ਗਏ ਹਨ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਤਿੰਨ ਲੱਖ ਏਕੜ ਤੋਂ ਵੱਧ ਫ਼ਸਲਾਂ ਤਬਾਹ ਹੋ ਗਈਆਂ ਹਨ।
ਫ਼ਸਲਾਂ ਦੇ ਤਬਾਹ ਹੋਣ ਨਾਲ ਨਾ ਸਿਰਫ਼ ਭੋਜਨ ਸੁਰੱਖਿਆ ਨੂੰ ਖ਼ਤਰਾ ਹੈ ਸਗੋਂ ਕਿਸਾਨਾਂ ਦੀ ਆਮਦਨ ਵੀ ਠੱਪ ਹੋ ਗਈ ਹੈ। ਸਨਅਤੀ ਖੇਤਰ ਦੇ ਵੀ ਵੱਡੇ ਨੁਕਸਾਨ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਹਜ਼ਾਰਾਂ ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਲਗਾਤਾਰ ਪੈ ਰਹੇ ਭਾਰੀ ਮੀਂਹ ਤੇ ਦਰਿਆਵਾਂ ਦੇ ਚੜ੍ਹਾਅ ਨੇ ਰਾਹਤ ਕਾਰਜਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਫ਼ੌਜ ਤੇ ਐੱਨਡੀਆਰਐੱਫ ਦੀਆਂ ਟੀਮਾਂ ਨੇ ਹਜ਼ਾਰਾਂ ਲੋਕਾਂ ਨੂੰ ਬਚਾਇਆ ਹੈ ਪਰ ਨੁਕਸਾਨ ਬਹੁਤ ਵੱਡਾ ਹੈ।
ਬਚਾਅ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਪਰ ਹਾਲੇ ਵੀ ਬਹੁਤ ਸਾਰੇ ਖੇਤਰ ਅਜੇ ਵੀ ਪਹੁੰਚ ਤੋਂ ਬਾਹਰ ਹਨ। ਸਮਾਜ ਸੇਵੀ ਲੋਕਾਂ ਦੇ ਨਾਲ-ਨਾਲ ਕਲਾ ਖੇਤਰ ਦੀਆਂ ਵੱਡੀਆਂ ਹਸਤੀਆਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਗੁਆਂਢੀ ਸੂਬੇ ਹਰਿਆਣਾ ਦੇ ਲੋਕ ਵੀ ਵੱਡੀ ਗਿਣਤੀ ’ਚ ਪੰਜਾਬੀਆਂ ਦੀ ਮਦਦ ਲਈ ਮੈਦਾਨ ’ਚ ਨਿੱਤਰੇ ਹੋਏ ਹਨ। ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਉੱਥੇ ਵੀ ਇਕ ‘ਹੜ੍ਹ’ ਆਇਆ ਹੋਇਆ ਹੈ।
ਅਜਿਹੀ ਆਫ਼ਤ ਦੇ ਮੌਕੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਇਸ ਨੂੰ ‘ਅਵਸਰ’ ਵਿਚ ਬਦਲਣ ਵਿਚ ਲੱਗੇ ਹੋਏ ਹਨ। ਰਾਹਤ ਕਾਰਜਾਂ ਦੀ ਜਗ੍ਹਾ ਕਈ ਥਾਵਾਂ ’ਤੇ ਸਿਰਫ਼ ਫੋਟੋ ਸੈਸ਼ਨ ਹੋ ਰਹੇ ਹਨ। ਸਿਆਸੀ ਲੋਕ ਇਕ-ਦੂਜੇ ’ਤੇ ਦੂਸ਼ਣਬਾਜ਼ੀ ਕਰਨ ਤੋਂ ਵੀ ਬਾਜ਼ ਨਹੀਂ ਆ ਰਹੇ। ਸਰਕਾਰ ਤੇ ਅਧਿਕਾਰੀਆਂ ਨੂੰ ਕੋਸਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਇਹ ਹੜ੍ਹ ਪੰਜਾਬ ਦੀ ਆਰਥਿਕਤਾ ਲਈ ਇਕ ਵੱਡਾ ਝਟਕਾ ਹਨ।
ਇਕ ਮੋਟੇ ਅੰਦਾਜ਼ੇ ਮੁਤਾਬਕ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕੇਂਦਰ ਤੋਂ ਸੂਬੇ ਲਈ ਰਾਹਤ ਪੈਕੇਜ ਵੀ ਮੰਗਿਆ ਹੈ। ਕੇਂਦਰ ਸਰਕਾਰ ਵੱਲੋਂ ਰਾਹਤ ਪੈਕੇਜ ਬਾਰੇ ਹਾਲੇ ਕੋਈ ਠੋਸ ਭਰੋਸਾ ਨਹੀਂ ਮਿਲਿਆ ਹੈ। ਦਰਅਸਲ, ਪੰਜਾਬ ਨੂੰ ਇਸ ਤਬਾਹੀ ਤੋਂ ਉੱਭਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਟਿਕਾਊ ਵਿਕਾਸ ਅਤੇ ਵਾਤਾਵਰਨ ਦੀ ਸੰਭਾਲ ਜ਼ਰੂਰੀ ਹੈ। ਇਨ੍ਹਾਂ ਹੜ੍ਹਾਂ ਨੇ ਸਾਨੂੰ ਯਾਦ ਕਰਵਾ ਦਿੱਤਾ ਹੈ ਕਿ ਨਾ ਸਿਰਫ਼ ਕੁਦਰਤ ਨਾਲ ਖਿਲਵਾੜ ਮਹਿੰਗਾ ਪੈ ਸਕਦਾ ਹੈ ਬਲਕਿ ਆਪਣੇ ਨੁਮਾਇੰਦੇ ਚੁਣਨ ਵੇਲੇ ਵੀ ਸੁਚੇਤ ਰਹਿਣ ਦੀ ਲੋੜ ਹੈ।