ਨਿੱਕੀਆਂ ਜਿੰਦਾਂ ਵੱਡੇ ਸਾਕੇ
ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ ਇਕਾਦਸੀ 1755 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਅਤੇ ਸ਼ਹੀਦੀ ਸਰਹਿੰਦ ਵਿਖੇ ਹੋਈ। ਕਿਉਂਕਿ ਦੋ-ਦੋ ਸਾਹਿਬਜ਼ਾਦੇ ਇਕੱਠੇ ਸ਼ਹੀਦ ਹੋਏ, ਇਸ ਕਰਕੇ ਇਨ੍ਹਾਂ ਨੂੰ 'ਵੱਡੇ ਸਾਹਿਬਜ਼ਾਦੇ' ਤੇ 'ਛੋਟੇ ਸਾਹਿਬਜ਼ਾਦੇ' ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।
Publish Date: Tue, 24 Dec 2019 09:41 PM (IST)
Updated Date: Wed, 25 Dec 2019 04:15 AM (IST)
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753, ਸੰਨ 1696 ਈਸਵੀ ਤੇ ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ 7 ਸੰਮਤ 1755, ਸੰਨ 1698 ਈ. ਨੂੰ ਹੋਇਆ ਸੀ। ਪਿਆਰਾ ਸਿੰਘ ਪਦਮ ਅਨੁਸਾਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, ਸੰਮਤ 1753 ਬਿਕਰਮੀ ਨੂੰ ਮਾਤਾ ਜਤੋ ਜੀ ਦੀ ਕੁੱਖੋਂ ਆਨੰਦਪੁਰ ਵਿਚ ਹੋਇਆ ਤੇ ਸ਼ਹੀਦੀ 3 ਪੋਹ ਸੰਮਤ 1762 ਬਿਕਰਮੀ ਨੂੰ ਸਰਹਿੰਦ ਵਿਖੇ ਹੋਈ। ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ ਇਕਾਦਸੀ 1755 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਅਤੇ ਸ਼ਹੀਦੀ ਸਰਹਿੰਦ ਵਿਖੇ ਹੋਈ। ਕਿਉਂਕਿ ਦੋ-ਦੋ ਸਾਹਿਬਜ਼ਾਦੇ ਇਕੱਠੇ ਸ਼ਹੀਦ ਹੋਏ, ਇਸ ਕਰਕੇ ਇਨ੍ਹਾਂ ਨੂੰ 'ਵੱਡੇ ਸਾਹਿਬਜ਼ਾਦੇ' ਤੇ 'ਛੋਟੇ ਸਾਹਿਬਜ਼ਾਦੇ' ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।
ਬਾਬਾ ਜ਼ੋਰਾਵਰ ਸਿੰਘ ਦੀ ਸ਼ਹਾਦਤ ਸਮੇਂ ਉਨ੍ਹਾਂ ਦੀ ਉਮਰ ਲਗਪਗ 9 ਸਾਲ ਅਤੇ ਬਾਬਾ ਫਤਿਹ ਸਿੰਘ ਦੀ ਲਗਪਗ 7 ਸਾਲ ਸੀ। ਲਾਸਾਨੀ ਕੁਰਬਾਨੀ ਦੇ ਕਾਰਨ ਉਨ੍ਹਾਂ ਨੂੰ 'ਬਾਬਾ' ਪਦ ਨਾਲ ਸਨਮਾਨਿਆ ਜਾਂਦਾ ਹੈ ਅਤੇ ਅਰਦਾਸ ਸਮੇਂ ਇਨ੍ਹਾਂ ਦਾ ਨਾਮ ਸ਼ਰਧਾ, ਸਤਿਕਾਰ ਨਾਲ ਲਿਆ ਜਾਂਦਾ ਹੈ। ਸਾਕਾ ਸਰਹਿੰਦ ਅਤੇ ਇਸ ਨਾਲ ਸਬੰਧਤ ਘਟਨਾਵਾਂ ਦਾ ਸਿਲਸਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਨ ਨਾਲ ਸ਼ੁਰੂ ਹੁੰਦਾ ਹੈ। ਇੱਕੀ ਦਸੰਬਰ 1704 ਈ. (ਸੰਮਤ 1761 ਬਿਕਰਮੀ) ਨੂੰ ਗੁਰੂ ਜੀ ਫ਼ੌਜਾਂ ਅਤੇ ਲਾਡਲੇ ਸਾਹਿਬਜ਼ਾਦਿਆਂ ਸਮੇਤ ਥੋੜ੍ਹੀ ਹੀ ਦੂਰ ਗਏ ਸਨ ਕਿ ਮੁਗ਼ਲ ਸੈਨਾ ਨੇ ਪਿੱਛਿਓਂ ਆ ਕੇ ਹਮਲਾ ਕਰ ਦਿੱਤਾ। ਸਿੰਘਾਂ ਨੇ ਬੜੀ ਬਹਾਦਰੀ ਨਾਲ ਮੁਗ਼ਲ ਸੈਨਾ ਦਾ ਟਾਕਰਾ ਕੀਤਾ। ਅੱਗੇ ਸਰਸਾ ਨਦੀ ਠਾਠਾਂ ਮਾਰ ਰਹੀ ਸੀ। ਸਰਸਾ ਨੂੰ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਿਵਾਰ ਵਿੱਛੜ ਗਿਆ। ਕਈ ਸਿੰਘ ਵੀ ਸਰਸਾ ਨਦੀ ਦੀ ਭੇਟ ਹੋ ਗਏ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ 40 ਸਿੰਘ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਜਾ ਪੁੱਜੇ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਜੀ ਤੇ ਗੰਗੂ ਰਸੋਈਏ ਨਾਲ ਉਨ੍ਹਾਂ ਦੇ ਪਿੰਡ ਖੇੜੀ ਨੇੜੇ ਮੋਰਿੰਡਾ ਕੋਲ ਜਾ ਪਹੁੰਚੇ। ਗੰਗੂ ਰਸੋਈਆ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਤੇ ਆਰਾਮ ਕਰਨ ਲਈ ਇਕ ਕਮਰਾ ਦਿੱਤਾ। ਗੰਗੂ ਆਖ਼ਰ ਇਕ ਨੌਕਰ ਸੀ, ਉਹ ਗੁਰੂ ਦਾ ਸਿੱਖ ਨਹੀਂ ਸੀ। ਉਸ ਦੇ ਘਰਦਿਆਂ ਨੇ ਪ੍ਰੇਰਿਆ ਹੋਣੈ ਕਿ ਸਰਕਾਰ ਦੇ ਐਲਾਨੇ ਬਾਗ਼ੀ ਦੇ ਪਰਿਵਾਰ ਨੂੰ ਘਰ ਵਿਚ ਪਨਾਹ ਦੇ ਕੇ ਉਹ ਆਪਣੇ ਪਿੰਡ ਲਈ ਮੁਸੀਬਤ ਸਹੇੜ ਰਿਹਾ ਹੈ। ਇੱਥੇ ਉਸ ਨੇ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਕਿ ਉਸ ਨੇ ਆਪਣੇ ਮਾਲਕ ਨਾਲ ਬੇਵਫ਼ਾਈ ਕੀਤੀ। ਪਹਿਲਾਂ ਤਾਂ ਮਾਤਾ ਗੁਜਰੀ ਜੀ ਕੋਲ ਜੋ ਕੁਝ ਨਕਦੀ ਅਤੇ ਸੋਨਾ ਸੀ ਉਹ ਰਾਤ ਨੂੰ ਚੋਰੀ ਕਰ ਲਿਆ ਤੇ ਸਵੇਰੇ ਚੋਰੀ ਹੋਣ ਦਾ ਡਰਾਮਾ ਰਚਿਆ। ਮਾਤਾ ਜੀ ਤਾਂ ਗੰਗੂ ਦੀ ਬਦਨੀਅਤ ਨੂੰ ਪਹਿਲਾਂ ਹੀ ਭਾਂਪ ਗਏ ਸਨ।
ਅਗਲੀ ਸਵੇਰ 9 ਪੋਹ (23 ਦਸੰਬਰ) ਨੂੰ ਇਲਾਕੇ ਦੇ ਥਾਣੇਦਾਰ ਨੂੰ ਬੁਲਾ ਕੇ ਇਹ ਸੂਚਨਾ ਦੇਣੀ ਕਿ ਗੁਰੂ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਉਨ੍ਹਾਂ ਨਾਲ ਦੋ ਛੋਟੇ-ਛੋਟੇ ਸਾਹਿਬਜ਼ਾਦੇ ਘਰ ਵਿਚ ਲਿਆਂਦੇ ਹੋਏ ਹਨ। ਮਾਤਾ ਜੀ ਦਾ ਮਾਲ-ਧਨ ਚੋਰਾਂ ਵਾਂਗ ਰਾਤ ਨੂੰ ਚੁਰਾ ਲੈਣ ਤੋਂ ਪਿੱਛੋਂ ਗੰਗੂ ਸਵੇਰੇ ਸੱਚਾ ਬਣਨ ਲਈ ਸਰਕਾਰ ਦੀਆਂ ਨਜ਼ਰਾਂ 'ਚ ਮੁਖ਼ਬਰ ਬਣ ਕੇ ਇਨਾਮ ਦਾ ਹੱਕਦਾਰ ਬਣ ਰਿਹਾ ਸੀ। ਮੋਰਿੰਡੇ ਦਾ ਕੋਤਵਾਲ ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਲੈ ਗਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਅਗਲੇ ਦਿਨ 10 ਪੋਹ (ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਹੁਕਮ ਨਾਲ ਉਸ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਪਰ ਸਾਹਿਬਜ਼ਾਦਿਆਂ ਨੇ ਸਭ ਕੁਝ ਠੁਕਰਾ ਦਿੱਤਾ। 11 ਪੋਹ (ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਦੁਬਾਰਾ ਫਿਰ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ ਪਰ ਜਿਨ੍ਹਾਂ ਦੀਆਂ ਰਗਾਂ ਵਿਚ ਦਸਮੇਸ਼ ਪਿਤਾ ਦਾ ਖ਼ੂਨ ਹੋਵੇ ਅਤੇ ਜਿਨ੍ਹਾਂ ਦੇ ਵਡੇਰਿਆਂ ਦੀ ਇਹ ਕੁਲ ਰੀਤੀ ਚਲੀ ਆ ਰਹੀ ਹੈ :
ਸੀਸੁ ਦੀਆ ਪਰ ਸਿਰਰੁ ਨ ਦੀਆ £14£
(ਦਸਮ ਗੰ੍ਰਥ ਸਾਹਿਬ ਜੀ, ਅੰਗ 54)
ਉਹ ਕਿਵੇਂ ਝੂਠ, ਡਰਾਵੇ ਅਤੇ ਫੋਕੇ ਮਾਇਆ ਦੇ ਲਾਲਚ ਅੱਗੇ ਝੁਕ ਸਕਦੇ ਸਨ। ਕੋਈ ਵੱਸ ਨਾ ਚੱਲਦਾ ਵੇਖ ਸੂਬੇਦਾਰ ਨੇ ਆਪਣੀ ਹਾਰ ਸਮਝਦਿਆਂ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਦੇਣ ਦਾ ਫ਼ੈਸਲਾ ਦੇ ਦਿੱਤਾ। ਨਵਾਬ ਮਲੇਰਕੋਟਲਾ ਵੀ ਉਸ ਸਮੇਂ ਉੱਥੇ ਹੀ ਸੀ। ਉਸ ਨੇ ਸੂਬੇਦਾਰ (ਵਜ਼ੀਰ ਖਾਂ) ਨੂੰ ਬੜੇ ਜ਼ੋਰਦਾਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਵਜ਼ੀਰ ਖਾਂ, ''ਤੇਰਾ ਝਗੜਾ ਗੁਰੂ ਗੋਬਿੰਦ ਸਿੰਘ ਨਾਲ ਹੈ, ਉਸ ਨਾਲ ਤੂੰ ਜੰਗ ਕਰਦਾ ਵੀ ਚੰਗਾ ਲੱਗਦਾ ਹੈਂ। ਇਨ੍ਹਾਂ ਨਿੱਕੇ ਜਿਹੇ ਮਾਸੂਮ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਹੈ? ਇਨ੍ਹਾਂ ਨੂੰ ਮਾਰਨਾ ਤੇਰੀ ਬੁਜ਼ਦਿਲੀ ਹੋਵੇਗੀ।'' ਡਾ. ਹਰਚੰਦ ਸਿੰਘ ਸਰਹਿੰਦੀ ਤੇ ਹੋਰ ਕਈ ਲੇਖਕਾਂ ਅਨੁਸਾਰ 12 ਪੋਹ (26 ਦਸੰਬਰ) ਨੂੰ ਚੁੱਪ ਵਰਤੀ ਰਹੀ। 13 ਪੋਹ (27 ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਆਪਣੇ ਫ਼ੈਸਲੇ 'ਤੇ ਅਟੱਲ ਰਹੇ। ਸੂਬੇਦਾਰ ਦੇ ਹੁਕਮ ਨਾਲ ਸਮਾਣੇ ਦੇ ਦੋ ਜਲਾਦਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਦਿੱਤੇ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਸਾਹਿਬਜ਼ਾਦਿਆਂ ਦੇ ਸਿਰ ਕਲਮ ਕੀਤੇ ਜਾਣ ਬਾਰੇ ਦੱਸਿਆ ਹੈ। ਕਈ ਲੇਖਕਾਂ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਲਿਖਿਆ ਹੈ। ਅਨੇਕਾਂ ਚਿੱਤਰਕਾਰਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਦਿਆਂ ਦੀਆਂ ਤਸਵੀਰਾਂ ਬਣਾਈਆਂ ਹਨ। ਜਦੋਂ ਮਾਤਾ ਗੁਜਰੀ ਜੀ ਨੇ ਬੱਚਿਆਂ ਦੀ ਸ਼ਹੀਦੀ ਦੀ ਖ਼ਬਰ ਸੁਣੀ ਤਾਂ ਉਹ ਬੇਹੋਸ਼ ਹੋ ਗਏ ਤੇ ਦੁਬਾਰਾ ਹੋਸ਼ ਵਿਚ
ਨਾ ਆਏ।
ਗੁਰੂਘਰ ਦੇ ਅਨਿੰਨ ਸੇਵਕ ਸੇਠ ਦੀਵਾਨ ਟੋਡਰ ਮੱਲ ਨੇ ਤਿੰਨ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦਾ ਸਸਕਾਰ ਕਰਨ ਲਈ 78000 ਸੋਨੇ ਦੀ ਮੋਹਰਾਂ ਖੜ੍ਹੀਆਂ ਜ਼ਮੀਨ 'ਤੇ ਵਿਛਾ ਕੇ ਮੁਸਲਿਮ ਬਾਦਸ਼ਾਹ ਤੋਂ ਜ਼ਮੀਨ ਖ਼ਰੀਦੀ। ਸੋਨੇ ਦੀ ਕੀਮਤ ਦੇ ਮੁਤਾਬਕ ਇਸ ਚਾਰ ਸਕੁਏਅਰ ਮੀਟਰ ਜ਼ਮੀਨ ਦੀ ਕੀਮਤ ਦੋ ਅਰਬ ਪੰਜਾਹ ਕਰੋੜ ਰੁਪਏ ਬਣਦੀ ਹੈ। ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਸੀ, ਉੱਥੇ ਅੱਜਕੱਲ੍ਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਥਿਤ ਹੈ। ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸਰਹਿੰਦ-ਚੂੰਗੀ ਸੜਕ 'ਤੇ ਸਥਿਤ ਹੈ। ਗੁਰਦੁਆਰਾ ਸ੍ਰੀ ਫਤਿਹਪੁਰ ਸਾਹਿਬ ਸਰਹਿੰਦ-ਮੋਰਿੰਡਾ ਸੜਕ 'ਤੇ ਸਥਿਤ ਹੈ। ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ 'ਚ ਹਰ ਸਾਲ ਹੁੰਦੇ ਸਮਾਗਮ ਨੂੰ ਸ਼ਹੀਦੀ ਸਭਾ, ਜੋੜ-ਮੇਲਾ, ਸ਼ਹੀਦੀ ਦਿਹਾੜਾ ਕਿਹਾ ਜਾਂਦਾ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਸ ਸ਼ਹੀਦੀ ਸਭਾ ਤੇ ਜਾਣ ਦਾ ਮੌਕਾ ਪ੍ਰਾਪਤ ਹੋਇਆ। ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਦਾ ਤਿੰਨ ਸੌ ਸਾਲਾ ਸ਼ਹੀਦੀ ਸਮਾਗਮ ਸੀ। ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚਣ ਲਈ ਤਿੰਨ-ਚਾਰ ਕਿਲੋਮੀਟਰ ਪੈਦਲ ਤੁਰਨਾ ਪਿਆ। ਲੱਖਾਂ ਹੀ ਸੰਗਤਾਂ ਦਾ ਇਕੱਠ ਸੀ। ਥਾਂ-ਥਾਂ ਗੁਰੂ ਕਾ ਲੰਗਰ, ਜਲੇਬੀਆਂ, ਲੱਡੂ, ਬਰੈੱਡ-ਪਕੌੜੇ, ਮਠਿਆਈਆਂ (ਵੇਸਣ ਦੀ ਬਰਫ਼ੀ), ਬਾਲੂਸ਼ਾਹੀ, ਖੀਰ, ਪੂੜੇ ਆਦਿ ਵਰਤਾਏ ਜਾ ਰਹੇ ਸਨ। ਕਈ ਲੰਗਰਾਂ 'ਚ ਤਾਂ ਲਾਊਡ ਸਪੀਕਰਾਂ ਰਾਹੀਂ ਸੰਗਤਾਂ ਨੂੰ ਲੰਗਰ ਛਕਣ ਲਈ ਆਖਿਆ ਜਾ ਰਿਹਾ ਸੀ। ਬਦਾਮਾਂ ਵਾਲੀ ਖੀਰ ਇੱਥੇ ਮਿਲਦੀ ਹੈ, ਆਦਿ ਲਿਖ ਕੇ ਲਗਾਇਆ ਹੋਇਆ ਸੀ।
ਲੇਖਕ ਨੇ ਆਪਣੀ ਪਤਨੀ ਨਾਲ ਸੁਭਾਵਿਕ ਹੀ ਗੱਲ ਕੀਤੀ ਕਿ ਛੋਟੇ ਸਾਹਿਬਜ਼ਾਦਿਆਂ ਨੇ ਤਾਂ ਨੀਹਾਂ 'ਚ ਚਿਣ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਫਿਰ ਇਹ ਜਲੇਬੀਆਂ, ਬਰੈੱਡ, ਪਕੌੜਿਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੇ ਲੰਗਰ ਕਿਉਂ ਲਗਾਏ ਜਾਂਦੇ ਹਨ? ਇਹ ਤਾਂ ਸ਼ਹੀਦੀ ਦਿਵਸ ਹੈ, ਕੋਈ ਅਵਤਾਰ ਗੁਰਪੁਰਬ ਨਹੀਂ। ਇਕ ਸੱਜਣ ਨੇ ਇਹ ਵੀ ਕਿਹਾ ਤੇ ਮੈਂ ਸੁਣਿਆ ਵੀ ਹੈ ਕਿ ਇੱਥੋਂ ਦੇ ਲੋਕ 1 ਹਫ਼ਤਾ ਚੱਲਣ ਵਾਲੇ ਸ਼ਹੀਦੀ ਸਮਾਗਮ ਮੌਕੇ ਭੁੰਜੇ ਹੀ ਸੌਂਦੇ ਹਨ। ਘਰ ਦਾ ਕੋਈ ਵੀ ਜੀਅ ਮੰਜੇ, ਬੈੱਡ, ਪਲੰਘ 'ਤੇ ਆਰਾਮ ਨਹੀਂ ਕਰਦਾ। ਇਨ੍ਹਾਂ ਸਮਾਗਮਾਂ ਸਮੇਂ ਦਾਲ, ਸਬਜ਼ੀ ਤੇ ਪ੍ਰਸ਼ਾਦਿਆਂ (ਰੋਟੀ, ਫੁਲਕਾ) ਦਾ ਹੀ ਲੰਗਰ ਲਗਾਉਣਾ ਚਾਹੀਦਾ ਹੈ। ਵਿਆਹ ਤੇ ਹੋਰ ਖ਼ੁਸ਼ੀ ਦੇ ਸਮਾਗਮ ਨਹੀਂ ਕਰਨੇ ਚਾਹੀਦੇ, ਸ਼ਹੀਦਾਂ ਦੀਆਂ ਕਵਿਤਾਵਾਂ ਤੇ ਸਾਖੀਆਂ ਹੀ ਸੁਣਨੀਆਂ ਚਾਹੀਦੀਆਂ ਹਨ। ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਥਾਪਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪੁੱਜਦੀਆਂ ਹਨ। ਹਰ ਸਾਲ ਜਦੋਂ ਸ਼ਹੀਦੀ ਸਭਾ ਦਾ ਦਿਨ ਨੇੜੇ ਆਉਂਦਾ ਹੈ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਕਾ ਅੱਖਾਂ ਅੱਗੇ ਆ ਜਾਂਦਾ ਹੈ। ਨੌਂ ਤੇ ਸੱਤ ਸਾਲ ਦੀ ਉਮਰ 'ਚ ਸਾਹਿਬਜ਼ਾਦਿਆਂ ਨੇ ਸੂਬੇਦਾਰ ਦੀ ਕਚਹਿਰੀ 'ਚ ਜੋ ਜਵਾਬ ਦਿੱਤੇ, ਉਹ ਰੌਂਗਟੇ ਖੜ੍ਹੇ ਕਰਨ ਵਾਲੇ ਸਨ।
-ਮੋਬਾਈਲ ਨੰ. : 98552-40552