ਅੱਜ-ਕੱਲ੍ਹ ਜ਼ਿਆਦਾਤਰ ਲੋਕ ਆਹ ਤਿੰਨ ਗੱਲਾਂ ਲਾਈਕ, ਸ਼ੇਅਰ ਅਤੇ ਕੁਮੈਂਟ ਵਿਚ ਹੀ ਉਲਝੇ ਪਏ ਹਨ। ਸਾਧਾਰਨ ਬੰਦਾ ਵੀ ਆਵਦਾ ਯੂ-ਟਿਊਬ ਚੈਨਲ ਬਣਾਈ ਬੈਠਾ ਹੈ। ਜਦੋਂ ਵੀ ਸੋਸ਼ਲ ਮੀਡੀਆ ’ਤੇ ਕੁਝ ਕੰਮ ਦੀ ਗੱਲ ਸੁਣਨ ਲੱਗੀਏ ਤਾਂ ਅਗਲਾ ਪਹਿਲਾਂ ਹੀ ਆਖ ਦਿੰਦਾ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਲਾਈਕ, ਸ਼ੇਅਰ ਤੇ ਕੁਮੈਂਟ ਵੀ ਕਰ ਦਿਉ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਵੀ ਸੋਸ਼ਲ ਸਾਈਟਾਂ ’ਤੇ ਰੁੱਝੇ ਰਹਿੰਦੇ ਹਨ।

ਅੱਜ-ਕੱਲ੍ਹ ਜ਼ਿਆਦਾਤਰ ਲੋਕ ਆਹ ਤਿੰਨ ਗੱਲਾਂ ਲਾਈਕ, ਸ਼ੇਅਰ ਅਤੇ ਕੁਮੈਂਟ ਵਿਚ ਹੀ ਉਲਝੇ ਪਏ ਹਨ। ਸਾਧਾਰਨ ਬੰਦਾ ਵੀ ਆਵਦਾ ਯੂ-ਟਿਊਬ ਚੈਨਲ ਬਣਾਈ ਬੈਠਾ ਹੈ। ਜਦੋਂ ਵੀ ਸੋਸ਼ਲ ਮੀਡੀਆ ’ਤੇ ਕੁਝ ਕੰਮ ਦੀ ਗੱਲ ਸੁਣਨ ਲੱਗੀਏ ਤਾਂ ਅਗਲਾ ਪਹਿਲਾਂ ਹੀ ਆਖ ਦਿੰਦਾ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਲਾਈਕ, ਸ਼ੇਅਰ ਤੇ ਕੁਮੈਂਟ ਵੀ ਕਰ ਦਿਉ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਵੀ ਸੋਸ਼ਲ ਸਾਈਟਾਂ ’ਤੇ ਰੁੱਝੇ ਰਹਿੰਦੇ ਹਨ। ਕਿਸੇ ਕੋਲ ਇਕ-ਦੂਜੇ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ। ਵੈਸੇ ਸੋਸ਼ਲ ਮੀਡੀਆ ਉੱਤੇ ਲੋਕ ਬਹੁਤ ਸਾਰੇ ਸਮਾਜਿਕ ਭਲੇ ਦੇ ਕੰਮ ਕਰਦੇ ਵੀ ਵਿਖਾਈ ਦਿੰਦੇ ਹਨ ਪਰ ਕਈ ਵਾਰੀ ਇਹ ਸਾਰਾ ਵਰਤਾਰਾ ਸਿਰਫ਼ ਵੀਡੀਓ ਬਣਾਉਣ ਅਤੇ ਲਾਈਕ, ਲੈਣ ਲਈ ਕੀਤਾ ਜਾਂਦਾ ਹੈ। ਲੋਕਾਂ ਅੰਦਰ ਰਾਤੋ-ਰਾਤ ਮਸ਼ਹੂਰ ਹੋਣ ਦੀ ਦੌੜ ਇਸ ਕਦਰ ਵਧ ਚੁੱਕੀ ਹੈ ਕਿ ਮੁੰਡੇ-ਕੁੜੀਆਂ ਬੇਮਤਲਬ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੰਦੇ ਹਨ ਅਤੇ ਵੀਡੀਓ ਵਾਇਰਲ ਕਰਨ ਲਈ ਹਰ ਹੀਲਾ-ਵਸੀਲਾ ਕਰਦੇ ਹਨ। ਨਾਬਾਲਗ ਬੱਚੇ ਸਕੂਲਾਂ ਅੰਦਰ ਹੀ ਨਸ਼ੇ ਕਰਦੇ ਹੋਏ ਜਾਂ ਲੱਚਰ ਗੀਤਾਂ ’ਤੇ ਨੱਚਦੇ-ਟੱਪਦੇ ਵੀਡੀਓ ਬਣਾਉਂਦੇ ਹਨ। ਇਹ ਗੱਲ ਸਮਝ ਨਹੀਂ ਆਉਂਦੀ ਕਿ ਸਕੂਲਾਂ ਵਿਚ ਸਖ਼ਤੀ ਦੇ ਚੱਲਦਿਆਂ ਵੀ ਉੱਥੇ ਮੋਬਾਈਲ ਫੋਨ ਕਿਵੇਂ ਪਹੁੰਚ ਜਾਂਦੇ ਹਨ? ਸਕੂਲ ਪ੍ਰਬੰਧਕ ਕਮੇਟੀਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਲਾਈਕ, ਸ਼ੇਅਰ, ਕੁਮੈਂਟ ਦੀ ਇਸ ਦੌੜ ਵਿਚ ਕੁੜੀਆਂ ਵਧੇਰੇ ਸ਼ਾਮਲ ਹਨ। ਬਹੁਤ ਸਾਰੀਆਂ ਕੁੜੀਆਂ ਵੱਲੋਂ ਸ਼ਰੇਆਮ ਅੰਗ ਪ੍ਰਦਰਸ਼ਨ ਕੀਤਾ ਜਾਂਦਾ ਹੈ। ਆਖ਼ਰ ਕਿਉਂ ਲੋਕ ਇਹ ਅਸ਼ਲੀਲਤਾ ਕਰਦੇ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੇ। ਇਹੀ ਵੀਡੀਓਜ਼ ਆਉਣ ਵਾਲੇ ਸਮੇਂ ਅੰਦਰ ਉਨ੍ਹਾਂ ਦੇ ਬੱਚੇ ਵੀ ਵੇਖਣਗੇ। ਬਹੁਤਿਆਂ ਦੇ ਬੱਚੇ ਤਾਂ ਹੁਣ ਵੀ ਆਵਦੇ ਮਾਤਾ-ਪਿਤਾ ਨੂੰ ਬੇਤੁਕੇ ਗਾਣਿਆਂ ’ਤੇ ਵੀਡੀਓ ਬਣਾਉਂਦੇ ਵੇਖਦੇ ਹਨ। ਜੇਕਰ ਆਸੇ-ਪਾਸੇ ਇਹੋ ਵਰਤਾਰਾ ਰਿਹਾ ਤਾਂ ਭੁੱਲ ਜਾਓ ਕਿ ਨਵੀਂ ਪੀੜ੍ਹੀ, ਖਿਡਾਰੀਆਂ, ਪਹਿਲਵਾਨਾਂ, ਫ਼ੌਜੀਆਂ ਦੀ ਹੋਵੇਗੀ। ਜੇ ਆਪਾਂ ਜਾਪਾਨ, ਚੀਨ ਵਰਗੇ ਦੇਸ਼ਾਂ ਦੀਆਂ ਵੀਡੀਓਜ਼ ਵੇਖੀਏ ਤਾਂ ਉਹ ਜਿਮਨਾਸਟ ਕਰਦੇ, ਕਰਾਟੇ ਕਰਦੇ ਦਿਸਦੇ ਹਨ। ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਵੀ ਬਹੁਤ ਤੇਜ਼ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਇਦਾਂ ਦੀ ਜੀਵਨ-ਸ਼ੈਲੀ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਆਪਾਂ ਨੂੰ ਵੀ ਉਨ੍ਹਾਂ ਤੋਂ ਕੁਝ ਚੰਗੀ ਸੇਧ ਲੈਣ ਦੀ ਲੋੜ ਹੈ। ਬੱਚਿਆਂ ਨੂੰ ਮੋਬਾਈਲ ਫੋਨ ਦੀ ਥਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰੋ ਤੇ ਆਪ ਵੀ ਉਨ੍ਹਾਂ ਸਾਹਵੇਂ ਫੋਨ ਨਾ ਵਰਤੋ ਅਤੇ ਵਿਹਲੇ ਸਮੇਂ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰੋ। ਖ਼ੁਦ ਵੀ ਨੇਮ ਅਨੁਸਾਰ ਕਿਤਾਬਾਂ ਜ਼ਰੂਰ ਪੜ੍ਹੋ ਤਾਂ ਜੋ ਬੱਚੇ ਆਪਾਂ ਨੂੰ ਵੇਖ ਕੇ ਕੋਈ ਚੰਗੀ ਗੱਲ ਸਿੱਖਣ। ਸੋ, ਪਹਿਲਾਂ ਆਪਾਂ ਖ਼ੁਦ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਹੋਈਏ, ਤਾਂ ਹੀ ਸਮਾਜ ਬਦਲ ਸਕਦਾ ਹੈ। ਲੋੜ ਹੈ ਚੰਗਾ ਸਮਾਜ ਸਿਰਜਣ ਤੇ ਬਦਲਾਅ ਲਿਆਉਣ ਦੀ।
-ਅਮਨਦੀਪ ਕੌਰ, ਹਾਕਮ ਸਿੰਘ ਵਾਲਾ
, ਬਠਿੰਡਾ।
-(98776-54596)