ਹਾਲਾਂਕਿ ਭਾਰਤ ਨੇ 2019 ਵਿਚ ਬਾਲਾਕੋਟ ਵਿਚ ਅੱਤਵਾਦੀ ਮੁਹਿੰਮ ਵਿਚ ਹਮਲਾਵਰ ਹਵਾਈ ਤਾਕਤ ਦਾ ਇਸਤੇਮਾਲ ਕੀਤਾ ਸੀ ਪਰ ਇਸ ਵਾਰ ਜੈਸ਼ ਅਤੇ ਲਸ਼ਕਰ ਦੇ ਹੈੱਡਕੁਆਰਟਰਾਂ ’ਤੇ ਹਮਲੇ ਦੀ ਤਤਪਰਤਾ ਨੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਲਈ ਜੋਖ਼ਮ ਲੈਣ ਦੀ ਨਵੀਂ ਪ੍ਰਵਿਰਤੀ ਅਤੇ ਸੰਘਰਸ਼ ਵਧਾਉਣ ਦੀ ਇੱਛਾ-ਸ਼ਕਤੀ ਨੂੰ ਉਜਾਗਰ ਕੀਤਾ।

ਰੂਸ-ਯੂਕਰੇਨ ਯੁੱਧ ਦੇ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਸਣ ਅਤੇ ਪੱਛਮੀ ਏਸ਼ੀਆ ਦੇ ‘ਨਾ ਯੁੱਧ-ਨਾ ਸ਼ਾਂਤੀ’ ਦੇ ਦਲਦਲ ਵਿਚ ਫਸੇ ਹੋਣ ਦੇ ਬਾਵਜੂਦ ਹਾਲੀਆ ਸਮੇਂ ਦੇ ਦੂਜੇ ਸੰਘਰਸ਼ਾਂ ਦੇ ਮੁਕਾਬਲੇ ‘ਆਪ੍ਰੇਸ਼ਨ ਸਿੰਧੂਰ’ ਨੂੰ ਇਕ ਮਿਆਰੀ ਮੁਹਿੰਮ ਦੇ ਤੌਰ ’ਤੇ ਦੇਖਣਾ ਮਹੱਤਵਪੂਰਨ ਹੈ। ਇਸ ਆਪ੍ਰੇਸ਼ਨ ਦੀ ਸਭ ਤੋਂ ਖ਼ਾਸ ਗੱਲ ਸੀ-ਫ਼ੌਜੀ ਤਾਕਤ ਦਾ ਤੇਜ਼ ਅਤੇ ਨਿਯੰਤ੍ਰਿਤ ਤਰੀਕੇ ਨਾਲ ਫ਼ੈਸਲਾਕੁਨ ਇਸਤੇਮਾਲ, ਤਾਂ ਜੋ ਸੰਘਰਸ਼ ਦੌਰਾਨ ਅਜਿਹੇ ਰਣਨੀਤਕ ਨਤੀਜੇ ਹਾਸਲ ਕੀਤੇ ਜਾ ਸਕਣ ਜੋ ਸਰਕਾਰ ਦੇ ਸਿਆਸੀ ਟੀਚਿਆਂ ਦੇ ਅਨੁਕੂਲ ਹੋਣ।
ਇਸ ਦਾ ਟੀਚਾ ਸੀ, ਪਾਕਿਸਤਾਨ ਦੇ ਭਾਰਤ-ਵਿਰੋਧੀ ਅੱਤਵਾਦੀ ਨੈੱਟਵਰਕ ਦੇ ਗੜ੍ਹ ’ਤੇ ਸਿੱਧਾ ਹਮਲਾ ਕਰਨਾ ਤੇ ਜੇਕਰ ਪਾਕਿਸਤਾਨੀ ਫ਼ੌਜ ਜਵਾਬ ਦਿੰਦੀ ਹੈ, ਤਾਂ ਉਸ ਨੂੰ ਭਾਰੀ ਨੁਕਸਾਨ ਪਹੁੰਚਾਉਣਾ। ਇਹ ਇਕ ਜ਼ਿੰਮੇਵਾਰ ਤਾਕਤ ਵੱਲੋਂ ਸਟੇਟ ਸਪਾਂਸਰਡ ਅੱਤਵਾਦ ਦੇ ਵਾਰ-ਵਾਰ ਦੁਹਰਾਏ ਜਾਣ ਵਾਲੇ ਕਾਰਨਾਮਿਆਂ ਨੂੰ ਸਜ਼ਾ ਦੇਣ ਲਈ ਚਲਾਈ ਗਈ ਇਕ ਸਟੀਕ ਅਤੇ ਸੰਜਮੀ ਵਿਰੋਧੀ ਮੁਹਿੰਮ ਸੀ।
ਹਾਲਾਂਕਿ ਭਾਰਤ ਨੇ 2019 ਵਿਚ ਬਾਲਾਕੋਟ ਵਿਚ ਅੱਤਵਾਦੀ ਮੁਹਿੰਮ ਵਿਚ ਹਮਲਾਵਰ ਹਵਾਈ ਤਾਕਤ ਦਾ ਇਸਤੇਮਾਲ ਕੀਤਾ ਸੀ ਪਰ ਇਸ ਵਾਰ ਜੈਸ਼ ਅਤੇ ਲਸ਼ਕਰ ਦੇ ਹੈੱਡਕੁਆਰਟਰਾਂ ’ਤੇ ਹਮਲੇ ਦੀ ਤਤਪਰਤਾ ਨੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਲਈ ਜੋਖ਼ਮ ਲੈਣ ਦੀ ਨਵੀਂ ਪ੍ਰਵਿਰਤੀ ਅਤੇ ਸੰਘਰਸ਼ ਵਧਾਉਣ ਦੀ ਇੱਛਾ-ਸ਼ਕਤੀ ਨੂੰ ਉਜਾਗਰ ਕੀਤਾ।
ਇਸ ਵਿਚ ਇਹ ਸੋਚ ਸਾਫ਼ ਸੀ ਕਿ ਇਕ ਵਿਸ਼ਾਲ ਸੰਘਰਸ਼ ਭਾਰਤ ਦੇ ਹਿੱਤ ਵਿਚ ਨਹੀਂ ਹੈ, ਭਾਵੇਂ ਹੀ ਪਾਕਿਸਤਾਨ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾਉਣ ਦਾ ਫ਼ੌਜੀ ਲਾਲਚ ਮੌਜੂਦ ਹੋਵੇ। ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਕੋਈ ਵਾਧੂ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਫ਼ੌਜੀ ਸ੍ਰੇਸ਼ਠਤਾ ਦੇ ਬਾਵਜੂਦ ਪਾਕਿਸਤਾਨ ਦੇ ਜੰਗਬੰਦੀ ਵਾਲੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਚਾਰ ਦਿਨਾਂ ਦੇ ਅੰਦਰ ਸੰਘਰਸ਼ ਖ਼ਤਮ ਕਰਨ ਨਾਲ ਜੋ ਸੈਂਕੜੇ ਕਰੋੜਾਂ ਦੀ ਬੱਚਤ ਹੋਈ, ਉਸ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਮੌਜੂਦਾ ਸੰਘਰਸ਼ ਦੌਰਾਨ ਭਾਰਤ ਦੀ ਆਰਥਿਕ ਕਾਬਲੀਅਤ ਨੂੰ ਬਰਕਰਾਰ ਰੱਖਣ ਵਿਚ ਯੋਗਦਾਨ ਦਿੱਤਾ।
ਪੱਛਮੀ ਏਸ਼ੀਆ ਦੇ ਸੰਘਰਸ਼ ਵਿਚ ਅਮਰੀਕਾ ਦੇ 27 ਅਰਬ ਡਾਲਰਾਂ ਤੋਂ ਵੀ ਜ਼ਿਆਦਾ ਖ਼ਰਚ ਹੋ ਚੁੱਕੇ ਹਨ ਅਤੇ ਤਣਾਅ ਹਾਲੇ ਵੀ ਕਾਇਮ ਹੈ। ਆਪ੍ਰੇਸ਼ਨ ਸਿੰਧੂਰ ਦੀ ਤਿਆਰੀ ਦੇ ਪੜਾਅ ਵਿਚ ਕੇਂਦਰੀਕ੍ਰਿਤ ਨਿਯੰਤਰਣ ਦਾ ਇਕ ਸਾਫ਼ ਮਾਡਲ ਦੇਖਣ ਨੂੰ ਮਿਲਿਆ। ਇਸ ਦੇ ਪਹਿਲੇ ਪੱਧਰ ’ਤੇ ਪ੍ਰਧਾਨ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰੱਖਿਆ ਮੰਤਰੀ ਸਨ, ਜਦਕਿ ਦੂਜੇ ਪੱਧਰ ’ਤੇ ਸੀਡੀਐੱਸ ਅਤੇ ਤਿੰਨੋਂ ਫ਼ੌਜਾਂ ਦੇ ਮੁਖੀ। ਫੌ਼ਜ ਦੇ ਮੁਖੀਆਂ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਸਾਫ਼ ਅਤੇ ਠੋਸ ਰਣਨੀਤਕ ਨਤੀਜੇ ਦੱਸੇ ਗਏ ਸਨ। ਇਸ ਨਾਲ ਉਨ੍ਹਾਂ ਨੂੰ ਵਿਵਹਾਰਕ ਕਾਰਜ-ਯੋਜਨਾ ਬਣਾਉਣ ਵਿਚ ਮਦਦ ਮਿਲੀ।
ਭਾਵੇਂ ਹਜ਼ਾਰਾਂ ਸਾਲਾਂ ਵਿਚ ਯੁੱਧ ਦੇ ਸਰੂਪ ਵਿਚ ਕਈ ਬਦਲਾਅ ਆਏ ਹਨ ਪਰ ਕੌਟੱਲਿਆ, ਸੁਨ ਜੂ, ਕਲੌਜ਼ਵਿਟਜ਼, ਲਿਡਲ ਹਾਰਟ ਵਰਗੇ ਰਣਨੀਤੀਕਾਰਾਂ ਦੁਆਰਾ ਦੱਸੇ ਗਏ ਯੁੱਧ ਦੇ ਬਹੁਤ ਸਾਰੇ ਮੂਲ ਸਿਧਾਂਤ ਸਮੇਂ ਦੀ ਕਸੌਟੀ ’ਤੇ ਖ਼ਰੇ ਉਤਰਦੇ ਹਨ। ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ਨੇ ਵਿਰੋਧ ਕਰਨ ਦੀਆਂ ਸੀਮਾਵਾਂ ਨੂੰ ਵਧਾਇਆ। ਭਾਰਤ ਇਹ ਕਰ ਸਕਿਆ, ਕਿਉਂਕਿ ਇਸ ਨੇ ਸਮੇਂ ਦੀ ਕਸੌਟੀ ’ਤੇ ਖ਼ਰੇ ਉਤਰਦੇ ਯੁੱਧ ਦੇ ਕੁਝ ਸਿਧਾਂਤਾਂ ਅਤੇ ਸੰਕਟ ਦੇ ਸਮੇਂ ਫ਼ੈਸਲੇ ਲੈਣ ਦੇ ਤਰੀਕਿਆਂ ਦੀ ਪਾਲਣਾ ਕੀਤੀ। ਹਵਾਈ ਫ਼ੌਜ ਦੇ ਇਸਤੇਮਾਲ ਦਾ ਫ਼ੈਸਲਾ ਇਕ ਸਾਹਸੀ ਕਦਮ ਸੀ ਜੋ ਅੱਜ ਦੇ ਸੰਘਰਸ਼ਾਂ ਦੇ ਬਦਲਦੇ ਸਰੂਪ ਨੂੰ ਦਿਖਾਉਂਦਾ ਹੈ ਤੇ ਜਿਸ ’ਤੇ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ।
ਚੀਨ ਤੋਂ ਮਿਲੀਆਂ ਪਾਕਿਸਤਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਚਕਮਾ ਦੇਣ ਤੇ ਉਨ੍ਹਾਂ ਨੂੰ ਜਾਮ ਕਰਨ ਤੋਂ ਬਾਅਦ ਭਾਰਤ ਨੇ ਉਸ ਦੇ ਅੰਦਰੂਨੀ ਇਲਾਕਿਆਂ ਵਿਚ ਦਾਖ਼ਲ ਹੋ ਕੇ ਹਮਲਾ ਕੀਤਾ। ਇਸ ਹਮਲੇ ਵਿਚ ਪਾਕਿਸਤਾਨ ਅਤੇ ਗੁਲਾਮ ਜੰਮੂ-ਕਸ਼ਮੀਰ ਵਿਚ ਮੌਜੂਦ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਮੁਜਾਹਿਦੀਨ ਦੇ 9 ਅੱਤਵਾਦੀ ਟਿਕਾਣੇ ਤਬਾਹ ਹੋ ਗਏ। ਕੁਝ ਹੀ ਘੰਟਿਆਂ ਅੰਦਰ ਭਾਰਤ ਨੇ ਆਪਣੇ ਹਮਲੇ ਦਾ ਦਾਇਰਾ ਵਧਾਇਆ ਅਤੇ ਨੂਰ ਖਾਨ, ਸਿਆਲਕੋਟ, ਸਰਗੋਧਾ, ਸਕਾਰਦੂ, ਭੋਲਾਰੀ, ਜੈਕੋਬਾਬਾਦ ਏਅਰਬੇਸ ਵਰਗੇ 11 ਪ੍ਰਮੁੱਖ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਕਾਰਵਾਈ ਨਾਲ ਪਾਕਿਸਤਾਨ ਦੀ ਰੱਖਿਆ ਸਮਰੱਥਾ ਨੂੰ ਗੰਭੀਰ ਨੁਕਸਾਨ ਪਹੁੰਚਿਆ।
-ਡਾ. ਅਰਜੁਨ ਸੁਬਰਾਮਣੀਅਮ।
-(ਲੇਖਕ ਸੇਵਾਮੁਕਤ ਏਅਰ ਵਾਇਸ ਮਾਰਸ਼ਲ ਹਨ)।