ਪਾਕਿ ਨੂੰ ਨੇਤਾਵਾਂ ਨੇ ਬਣਾਇਆ ਅਸਫਲ ਦੇਸ਼
ਸੰਵਿਧਾਨਕ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਜਿਨਾਹ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਭਵਿੱਖੀ ਸ਼ਾਸਕਾਂ ਦਾ ਪਹਿਲਾ ਫ਼ਰਜ਼ ਇਹ ਹੈ ਕਿ ਉਹ ਆਪਣੇ ਬਾਸ਼ਿੰਦਿਆਂ ਦੀ ਜਾਨ, ਮਾਲ ਅਤੇ ਧਾਰਮਿਕ ਮਾਨਤਾਵਾਂ ਦੀ ਰੱਖਿਆ ਯਕੀਨੀ ਬਣਾਉਣ।
Publish Date: Fri, 23 Apr 2021 11:06 PM (IST)
Updated Date: Sat, 24 Apr 2021 07:30 AM (IST)

14 ਅਗਸਤ 1947 ਨੂੰ ਦੋ ਕੌਮਾਂ ਦੇ ਫਿਰਕੂ ਸਿਧਾਂਤ ’ਤੇ ਬਜ਼ਿੱਦ ਹੋ ਕੇ ਭਾਰਤ ਨਾਲੋਂ ਵੱਖ ਹੋ ਕੇ ਬਣੇ ਵੱਖਰੇ ਦੇਸ਼ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਖਾਂਤ ਇਹ ਰਿਹਾ ਹੈ ਕਿ ਉਹ ਕਦੇ ਵੀ ਲੋਕਤੰਤਰੀ ਵਿਵਸਥਾ ਲਾਗੂ ਨਹੀਂ ਕਰ ਸਕਿਆ। ਨਾ ਹੀ ਉਸ ਨੇ ਆਪਣੇ ਸੰਸਥਾਪਕ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਵੱਲੋਂ ਦਿੱਤੇ ਗਏ ਰਾਜਨੀਤਕ ਅਤੇ ਪ੍ਰਸ਼ਾਸਕੀ ਸਿਧਾਂਤਾਂ ਨੂੰ ਕਦੇ ਲਾਗੂ ਕੀਤਾ।
ਸੰਵਿਧਾਨਕ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਜਿਨਾਹ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਭਵਿੱਖੀ ਸ਼ਾਸਕਾਂ ਦਾ ਪਹਿਲਾ ਫ਼ਰਜ਼ ਇਹ ਹੈ ਕਿ ਉਹ ਆਪਣੇ ਬਾਸ਼ਿੰਦਿਆਂ ਦੀ ਜਾਨ, ਮਾਲ ਅਤੇ ਧਾਰਮਿਕ ਮਾਨਤਾਵਾਂ ਦੀ ਰੱਖਿਆ ਯਕੀਨੀ ਬਣਾਉਣ। ਸ਼ਾਸਨ ਵਿਵਸਥਾ ਨੂੰ ਇਨਸਾਫ਼ ਅਤੇ ਸੰਪੂਰਨ ਨਿਰਪੱਖਤਾ ਨਾਲ ਚਲਾਉਣ ਪਰ ਹੋ ਉਲਟ ਰਿਹਾ ਹੈ। ਪਾਕਿਸਤਾਨ ਨੂੰ ਕੱਟੜਵਾਦੀ ਇਸਲਾਮਿਕ ਰਿਪਬਲਿਕ ਵਿਚ ਬਦਲ ਕੇ, ਸੰਨ 1956, 1962 ਅਤੇ 1973 ਵਿਚ ਸੰਵਿਧਾਨਾਂ ਦਾ ਨਿਰਮਾਣ ਅਤੇ ਸੋਧਾਂ ਕਰਨ ਦੇ ਬਾਵਜੂਦ ਜਿਨਾਹ ਦੇ ਸਿਧਾਂਤਾਂ ’ਤੇ ਅਮਲ ਨਹੀਂ ਕੀਤਾ ਗਿਆ। ਪਾਕਿਸਤਾਨ ਨੇ ਆਪਣੇ ਘੱਟ ਗਿਣਤੀਆਂ ਦੀ ਰਾਖੀ ਤਾਂ ਕੀ ਕਰਨੀ ਸੀ, ਮੁਸਲਮਾਨ ਭਾਈਚਾਰਿਆਂ ਅੰਦਰ ਵੀ ਹਿੰਸਕ ਟਕਰਾਅ ਜਾਰੀ ਰਿਹਾ। ਤੁਗਲਕ, ਲੋਧੀ, ਗੁਲਾਮ ਵੰਸ਼ ਅਤੇ ਮੁਗ਼ਲ ਕਾਲ ਵਾਂਗ ਸੱਤਾ ਲਈ ਲਗਾਤਾਰ ਜੰਗ ਜਾਰੀ ਰਹੀ। ਪਾਕਿ ਨੂੰ ਫ਼ੌਜੀ ਤਖਤ ਪਲਟਿਆਂ, ਦੇਸ਼ ਦੀ ਦੋ ਹਿੱਸਿਆਂ ਵਿਚ ਵੰਡ, ਰਾਜਨੀਤਕ ਅਤੇ ਧਾਰਮਿਕ ਟਕਰਾਅ ਦਾ ਸਾਹਮਣਾ ਕਰਨਾ ਪਿਆ। ਮੁਲਕ ਨੂੰ ਦਰਪੇਸ਼ ਸੰਗੀਨ ਮਸਲੇ ਹਮੇਸ਼ਾ ਟਾਲਣ ਅਤੇ ਸੱਤਾ ’ਤੇ ਕਬਜ਼ੇ ਨੂੰ ਪਹਿਲ ਦਿੱਤੀ ਜਾਂਦੀ ਰਹੀ। ਵਧੀਆ ਮਨੁੱਖੀ ਸੋਮੇ ਅਤੇ ਕੁਦਰਤੀ ਸਰੋਤਾਂ ਦੇ ਭੰਡਾਰਾਂ ਦੇ ਬਾਵਜੂਦ ਰਾਜਨੀਤਕ ਅਸਥਿਰਤਾ, ਅੰਦਰੂਨੀ ਖਿੱਚੋਤਾਣ, ਆਰਥਿਕ ਵਿਕਾਸ ਦੇ ਦੂਰ-ਦਿ੍ਰਸ਼ਟੀ ਭਰਪੂਰ ਰੋਡ-ਮੈਪ ਦੀ ਅਣਹੋਂਦ ਕਾਰਨ ਪਾਕਿਸਤਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦਾ ਚਲਾ ਗਿਆ। ਉਹ ਗੁਆਂਢੀ ਮੁਲਕ ਭਾਰਤ ਨਾਲ ਲਗਾਤਾਰ ਕਸ਼ਮੀਰ, ਸਰਹੱਦੀ ਤੇ ਪਾਣੀਆਂ ਦੇ ਝਗੜਿਆਂ ਵਿਚ ਰੁੱਝਿਆ ਰਿਹਾ। ਅੱਤਵਾਦੀ ਫੈਕਟਰੀ ਪ੍ਰਫੁੱਲਿਤ ਕਰ ਕੇ ਭਾਰਤ, ਅਫ਼ਗਾਨਿਸਤਾਨ ਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਹਿੰਸਾ, ਤੋੜ-ਫੋੜ ਲਈ ਸਰਗਰਮ ਰਿਹਾ। ਪਾਕਿਸਤਾਨ ਵਿਚ ਸੱਤਾ ਅਤੇ ਸ਼ਾਸਨ ਲਗਾਤਾਰ ਜਗੀਰਦਾਰਾਂ, ਫ਼ੌਜੀ ਜਰਨੈਲਾਂ, ਤਾਕਤਵਰ ਮੁਲਾਣਿਆਂ ਅਤੇ ਉੱਚ ਅਫ਼ਸਰਸ਼ਾਹਾਂ ਦੇ ਹੱਥਾਂ ’ਚ ਚੱਲ ਰਿਹਾ ਹੈ। ਇਹ ਦੇਸ਼ ਪਹਿਲਾਂ ਅਮਰੀਕਾ ਅਤੇ ਹੁਣ ਚੀਨ ਦਾ ਪਿੱਠੂ ਬਣਿਆ ਪਿਆ ਹੈ। ਸੱਤਾ ’ਤੇ ਕਬਜ਼ੇ ਦਾ ਰੁਝਾਨ ਇੰਨਾ ਭਾਰੂ ਰਹਿੰਦਾ ਹੈ ਕਿ ਇਸ ਦੇਸ਼ ’ਚ ਅਜੇ ਤਕ ਇਕ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਹੈ। ਪਾਕਿ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੂੰ 16 ਅਕਤੂਬਰ 1951 ਵਿਚ ਰਾਵਲਪਿੰਡੀ ਵਿਖੇ ਕਤਲ ਕਰ ਦਿੱਤਾ ਗਿਆ।
ਉਨ੍ਹਾਂ ਦੇ ਜਾਨਸ਼ੀਨ ਵਜੋਂ ਖਵਾਜਾ ਨਿਜ਼ਾਮੂਦੀਨ ਪ੍ਰਧਾਨ ਮੰਤਰੀ ਬਣੇ। ਤਤਕਾਲੀ ਗਵਰਨਰ ਜਨਰਲ ਪਾਕਿਸਤਾਨ ਨੇ 17 ਅਪ੍ਰੈਲ 1953 ਨੂੰ ਉਨ੍ਹਾਂ ਨੂੰ ਅਹੁਦੇ ਤੋਂ ਡਿਸਮਿਸ ਕਰ ਦਿੱਤਾ ਸੀ। ਉਨ੍ਹਾਂ ਨੇ ਗਵਰਨਰ ਜਨਰਲ ਦੇ ਫੁਰਮਾਨ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਪਰ ਅਦਾਲਤ ਨੇ ਉਸ ਕਾਰਵਾਈ ਨੂੰ ਸਹੀ ਠਹਿਰਾਇਆ। ਉਨ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਮੁਹੰਮਦ ਅਲੀ ਬੁਗਰਾ ਨੂੰ ਅਗਲੇ ਸਾਲ 1954 ਵਿਚ ਗਵਰਨਰ ਜਨਰਲ ਗੁਲਾਮ ਮੁਹੰਮਦ ਨੇ ਚਲਦਾ ਕਰ ਦਿੱਤਾ ਪਰ ਉਸ ਪਿੱਛੇ ਤਾਕਤਵਰ ਲਾਬੀ ਹੋਣ ਕਾਰਨ ਉਹ ਫਿਰ ਪ੍ਰਧਾਨ ਮੰਤਰੀ ਬਣ ਗਿਆ ਪਰ ਗਵਰਨਰ ਜਨਰਲ ਸਿਕੰਦਰ ਮਿਰਜ਼ਾ ਨੇ ਸੰਨ 1955 ਵਿਚ ਉਸ ਨੂੰ ਚੱਲਦਾ ਕਰ ਦਿੱਤਾ। ਉਪਰੰਤ ਫ਼ੌਜੀ ਰਾਜ ਪਲਟੇ ਰਾਹੀਂ ਜਨਰਲ ਅਯੂਬ ਖਾਂ ਨੇ 27 ਅਕਤੂਬਰ 1958 ਵਿਚ ਸੱਤਾ ਹਥਿਆ ਕੇ ਦੇਸ਼ ਵਿਚ ਮਾਰਸ਼ਲ ਲਾਅ ਨਾਫਿਜ਼ ਕਰ ਦਿੱਤਾ। ਪੂਰਬੀ ਪਾਕਿਸਤਾਨ ਅੰਦਰ ਪੈਦਾ ਹੋਏ ਹਾਲਾਤ ਤੋਂ ਉੱਠੇ ਭਾਰੀ ਵਿਰੋਧ ਕਾਰਨ 25 ਮਾਰਚ 1969 ਨੂੰ ਉਸ ਨੇ ਜਨਰਲ ਯਾਹੀਆ ਖਾਂ ਨੂੰ ਸੱਤਾ ਸੌਂਪ ਦਿੱਤੀ ਜਿਸ ਨੇ ਦੇਸ਼ ਅੰਦਰ ਮਾਰਸ਼ਲ ਲਾਅ ਲਾ ਦਿੱਤਾ। ਪਾਕਿਸਤਾਨ ਅੰਦਰ ਪਹਿਲੀਆਂ ਆਮ ਚੋਣਾਂ 1970 ਵਿਚ ਹੋਈਆਂ ਜਿਨ੍ਹਾਂ ਵਿਚ ਪੂਰਬੀ ਪਾਕਿਸਤਾਨ ਦੇ ਆਗੂ ਸ਼ੇਖ ਮੁਜੀਬੁਰ ਰਹਿਮਾਨ ਵੱਲੋਂ ਬਹੁਮਤ ਹਾਸਲ ਕਰਨ ’ਤੇ ਜਦੋਂ ਉਸ ਨੂੰ ਪ੍ਰਧਾਨ ਮੰਤਰੀ ਨਾ ਬਣਾਇਆ ਗਿਆ ਤਾਂ ਖਾਨਾਜੰਗੀ ਸ਼ੁਰੂ ਹੋ ਗਈ। ਭਾਰਤ ਦੀ ਮਦਦ ਨਾਲ ਪੂਰਬੀ ਪਾਕਿਸਤਾਨ ਆਜ਼ਾਦ ਬੰਗਲਾ ਦੇਸ਼ ਵਜੋਂ ਹੋਂਦ ਵਿਚ ਆ ਗਿਆ। ਜਨਰਲ ਯਾਹੀਆ ਖਾਂ ਨੂੰ ਨਮੋਸ਼ੀ ਭਰੇ ਢੰਗ ਨਾਲ ਜ਼ੁਲਫਿਕਾਰ ਅਲੀ ਭੁੱਟੋ ਨੂੰ 20 ਦਸੰਬਰ 1971 ਨੂੰ ਸੱਤਾ ਸੌਂਪਣੀ ਪਈ ਜੋ 1973 ਤਕ ਰਾਸ਼ਟਰਪਤੀ ਦੇ ਅਹੁਦੇ ’ਤੇ ਰਿਹਾ।
ਸੰਨ 1973 ਦੇ ਨਵੇਂ ਸੰਵਿਧਾਨ ਅਨੁਸਾਰ ਚੋਣਾਂ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣਿਆ ਜਿਸ ਤੋਂ ਜੁਲਾਈ 1977 ਵਿਚ ਜਨਰਲ ਜ਼ਿਆ-ਉਲ-ਹੱਕ ਨੇ ਤਖਤਾ ਪਲਟ ਕੇ ਸੱਤਾ ਖੋਹ ਲਈ। ਬੇਨਜ਼ੀਰ ਭੁੱਟੋ ਦੀ 1988 ’ਚ ਬਣੀ ਸਰਕਾਰ ਰਾਸ਼ਟਰਪਤੀ ਗੁਲਾਮ ਇਸਹਾਕ ਖਾਂ ਨੇ 6 ਅਗਸਤ 1990 ਅਤੇ ਫਿਰ ਸੰਨ 1993 ਵਿਚ ਬਣੀ ਸਰਕਾਰ ਰਾਸ਼ਟਰਪਤੀ ਫਾਰੂਕ ਲਗਾਰੀ ਨੇ ਨਵੰਬਰ 1996 ਵਿਚ ਬਰਖਾਸਤ ਕਰ ਦਿੱਤੀ। ਸੰਨ 1990 ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬਣੀ ਸਰਕਾਰ ਨੂੰ ਸੰਨ 1993 ਵਿਚ ਰਾਸ਼ਟਰਪਤੀ ਗੁਲਾਮ ਇਸਹਾਕ ਖਾਂ ਅਤੇ ਫਰਵਰੀ 1997 ਵਿਚ ਬਣੀ ਸਰਕਾਰ ਅਕਤੂਬਰ 1999 ਵਿਚ ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਤਖਤਾ ਪਲਟਾ ਕੇ ਚੱਲਦੀ ਕਰ ਦਿੱਤੀ ਸੀ। ਸੰਨ 2008 ਵਿਚ ਚੋਣਾਂ ਰਾਹੀਂ ਬਣੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਦਾਲਤੀ ਮਾਣਹਾਨੀ ਦੇ ਦੋਸ਼ ਹੇਠ ਸੁਪਰੀਮ ਕੋਰਟ ਨੇ 26 ਅਪ੍ਰੈਲ 2012 ਨੂੰ ਅਯੋਗ ਕਰਾਰ ਦੇ ਕੇ ਅਹੁਦੇ ਤੋਂ ਹਟਾ ਦਿੱਤਾ ਸੀ। ਸੰਨ 2013 ਵਿਚ ਮੀਆਂ ਨਵਾਜ਼ ਸ਼ਰੀਫ ਮੁੜ ਪ੍ਰਧਾਨ ਮੰਤਰੀ ਬਣੇ ਜੋ ਪਨਾਮਾ ਗੇਟ ਭ੍ਰਿਸ਼ਟਾਚਾਰ ਕੇਸ ਕਾਰਨ ਸੁਪਰੀਮ ਕੋਰਟ ਰਾਹੀਂ ਜੁਲਾਈ 2017 ’ਚ ਚੱਲਦੇ ਕਰ ਦਿੱਤੇ ਗਏ।ਅਠਾਰਾਂ ਅਗਸਤ 2018 ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਇਮਰਾਨ ਖ਼ਾਨ ਮਿਲੀ-ਜੁਲੀ ਸਰਕਾਰ ਦੀ ਅਗਵਾਈ ਕਰ ਰਹੇ ਹਨ। ਦੇਸ਼ ਦੀ ਆਰਥਿਕਤਾ ਦਾ ਇੰਨਾ ਮਾੜਾ ਹਾਲ ਹੈ ਕਿ ਤਿੰਨ ਸਾਲਾਂ ਤੋਂ ਵੀ ਘੱਟ ਵਕਫੇ ਵਿਚ 4 ਵਿੱਤ ਮੰਤਰੀ ਬਦਲੇ ਗਏ ਹਨ।
ਇਹ ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਵੀ ਸੱਤਾ ਵਿਚ ਓਨਾ ਚਿਰ ਹੀ ਬਣੇ ਰਹਿਣਗੇ ਜਿੰਨਾ ਚਿਰ ਫ਼ੌਜ ਚਾਹੇਗੀ। ਸਵਾਲ ਇਹ ਹੈ ਕਿ ਲਗਾਤਾਰ ਰਾਜਨੀਤਕ ਅਸਥਿਰਤਾ, ਫਿਰਕੂ ਅਤੇ ਅੱਤਵਾਦੀ ਹਿੰਸਾ, ਫ਼ੌਜੀ ਦਬਾਅ, ਜਗੀਰਦਾਰੀ ਅਤੇ ਹੁਣ ਕਾਰਪੋਰੇਟਵਾਦੀ ਗਲਬੇ, ਮੁਲਾਣਾਵਾਦੀ ਕੱਟੜਤਾ ਵਾਲੇ ਮਾਹੌਲ ਵਿਚ ਪਾਕਿਸਤਾਨ ਤਰੱਕੀ ਕਿਵੇਂ ਕਰ ਸਕਦਾ ਹੈ? ਪਾਕਿਸਤਾਨ ਕੋਲ ਅਥਾਹ ਕੁਦਰਤੀ ਸਰੋਤ ਹਨ। ਸੱਠ ਪ੍ਰਤੀਸ਼ਤ ਸਿਹਤਮੰਦ ਨੌਜਵਾਨ ਹਨ ਪਰ ਸਿੱਖਿਆ ਅਤੇ ਹੁਨਰਮੰਦੀ ਦੀ ਘਾਟ ਕਾਰਨ ਅਯੋਗ ਹਨ। ਜਗੀਰਦਾਰਾਂ, ਫ਼ੌਜੀ ਜਰਨੈਲਾਂ, ਉੱਚ ਅਫ਼ਸਰਸ਼ਾਹਾਂ ’ਤੇ ਆਧਾਰਿਤ ਕਾਰਪੋਰੇਟ ਘਰਾਣੇ ਜਨਤਕ ਅਦਾਰਿਆਂ ਅਰਥਾਤ ਪਾਕਿਸਤਾਨ ਏਅਰਲਾਈਨਜ਼, ਪਾਕਿਸਤਾਨ ਰੇਲਵੇਜ਼, ਸਟੀਲ ਮਿੱਲਾਂ, ਪੋਸਟਲ ਸੇਵਾਵਾਂ, ਟਰਾਂਸਪੋਰਟ ਕਾਰਪੋਰੇਸ਼ਨ, ਸਰਕਾਰੀ ਹਸਪਤਾਲ, ਬੰਦਰਗਾਹਾਂ ਆਦਿ ’ਤੇ ਕਾਬਜ਼ ਹੋ ਗਏ ਹਨ। ਦੇਸ਼ ਦੀ ਆਰਥਿਕਤਾ ਦਾ ਡੰਗ ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਅਮਰੀਕੀ ਅਤੇ ਚੀਨੀ ਸਹਾਇਤਾ ਨਾਲ ਲੰਘ ਰਿਹਾ ਹੈ। ਭ੍ਰਿਸ਼ਟਾਚਾਰ, ਗੈਂਗਸਟਰਵਾਦ, ਅੱਤਵਾਦੀ ਗਿਰੋਹ, ਧੋਖਾਧੜੀ, ਮਹਿੰਗਾਈ, ਬੇਰੁਜ਼ਗਾਰੀ ਤੇ ਗੁਰਬਤ ਪਾਕਿ ’ਚ ਅਮਨ-ਕਾਨੂੰਨ ਦੀ ਸਥਿਤੀ ਵਿਗਾੜ ਰਹੇ ਹਨ। ਇਮਰਾਨ ਸਰਕਾਰ ਇੰਨੀ ਕਮਜ਼ੋਰ ਹੈ ਕਿ ਉਸ ਨੂੰ ਫਰਾਂਸ ਅੰਦਰ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਮਸਲੇ ਕਾਰਨ ਤਹਿਰੀਕ-ਏ-ਲਿਬੈਕ ਕੱਟੜਵਾਦੀ ਮੁਲਾਣਾਵਾਦੀ ਪਾਰਟੀ ਅੱਗੇ ਗੋਡੇ ਟੇਕਣੇ ਪੈ ਰਹੇ ਹਨ। ਦੇਸ਼ ਦੀ ਆਰਥਿਕ ਵਿਕਾਸ ਦਰ 0.4 ਪ੍ਰਤੀਸ਼ਤ ਹੈ। ਪਾਕਿ ਦੀ 220 ਮਿਲੀਅਨ ਆਬਾਦੀ ’ਚੋਂ 20% ਉੱਚ ਵਰਗਾਂ ਦੇ ਲੋਕਾਂ ਕੋਲ ਮੁਲਕ ਦੀ ਕੁੱਲ ਸੰਪਤੀ ’ਚੋਂ 49.6 ਫ਼ੀਸਦੀ ਸੰਪਤੀ ਹੈ। ਇੱਥੇ 1.1% ਜਗੀਰਦਾਰਾਂ ਕੋਲ 22 % ਵਾਹੀਯੋਗ ਜ਼ਮੀਨ ਹੈ। ਇਕ ਪ੍ਰਤੀਸ਼ਤ ਧਨਾਢ 314.4 ਬਿਲੀਅਨ ਡਾਲਰ ਦੇ ਮਾਲਕ ਹਨ।
ਕਾਰਪੋਰੇਟ ਘਰਾਣਿਆਂ ਨੂੰ ਭਾਰਤ ਵਾਂਗ 407 ਬਿਲੀਅਨ ਡਾਲਰ ਟੈਕਸ ਮਾਫ਼ੀ ਦਿੱਤੀ ਗਈ। ਤਰਤਾਲੀ ਪ੍ਰਤੀਸ਼ਤ ਲੋਕ ਭੋਜਨ ਦੀ ਕਿੱਲਤ ਦੇ ਸ਼ਿਕਾਰ ਹਨ। ਪੰਜ ਸਾਲ ਦੀ ਉਮਰ ਵਾਲੇ 50 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਗਲੋਬਲ ਹੰਗਰ ਇੰਡੈਕਸ ਵਿਚ ਪਾਕਿਸਤਾਨ ਦਾ 119 ਦੇਸ਼ਾਂ ਵਿਚੋਂ 106ਵਾਂ ਸ਼ਰਮਨਾਕ ਸਥਾਨ ਹੈ। ਦੇਸ਼ ਵਿਚ ਗੁਰਬਤ, ਅਨਾਜ ਦੀ ਘਾਟ ਅਤੇ ਮਹਿੰਗਾਈ ਕਾਰਨ ਲੋਕਾਂ ਨੂੰ ਡੀਪੂਆਂ ਤੋਂ ਇਕ ਕਿੱਲੋ ਅਨਾਜ ਅਤੇ ਇਕ ਕਿੱਲੋ ਖੰਡ ਲੈਣ ਲਈ ਲੰਬੀਆਂ ਕਤਾਰਾਂ ਵਿਚ ਖੜੇ੍ਹ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਪਾਕਿਸਤਾਨ ਵੱਲੋਂ ਫਰਾਂਸ ਨਾਲੋਂ ਡਿਪਲੋਮੈਟਿਕ ਸਬੰਧ ਤੋੜਨ ਦਾ ਮਤਲਬ ਹੈ ਯੂਰਪੀ ਯੂਨੀਅਨ ਦੀ ਨਾਰਾਜ਼ਗੀ ਸਹੇੜਨਾ ਪਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਤਰਕ ਨੂੰ ਕੱਟੜਪੰਥੀਆਂ ਵੱਲੋਂ ਠੁਕਰਾਉਣ ਦਾ ਅਰਥ ਹੈ ਦੇਸ਼ ਦੀ ਆਰਥਿਕਤਾ ਦੀ ਬਰਬਾਦੀ। ਜੇਕਰ ਅਗਲੇ ਕੁਝ ਸਾਲਾਂ ਵਿਚ ਲੋਕਤੰਤਰੀ ਸ਼ਕਤੀਆਂ ਪਾਕਿਸਤਾਨ ਵਿਚ ਮਜ਼ਬੂਤ ਨਹੀਂ ਹੁੰਦੀਆਂ, ਰਾਜਨੀਤਕ ਸਥਿਰਤਾ ਕਾਇਮ ਨਹੀਂ ਹੁੰਦੀ ਤਾਂ ਇਸ ਅਸਫਲ ਦੇਸ਼ ਨੂੰ ਟੋਟੇ-ਟੋਟੇ ਹੋਣ ਤੋਂ ਨਹੀਂ ਬਚਾਇਆ ਜਾ ਸਕੇਗਾ।
-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।
-ਸੰਪਰਕ : +1 2898292929