ਕਿਸੇ ਦਾ ਜਵਾਨ ਪੁੱਤ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਜਾਵੇ ਤਾਂ ਇਸ ਨੂੰ ਘਰ ਦਾ ਚਿਰਾਗ਼ ਬੁਝ ਜਾਣ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਦੇਸ਼/ਕੌਮ ਖ਼ਾਤਰ ਸ਼ਹੀਦ ਹੋਣ ਵਾਲਿਆਂ ਨੂੰ ਅਮਰ ਮੰਨਿਆ ਜਾਂਦਾ ਹੈ। ਜੋ ਮਰ ਕੇ ਵੀ ਨਹੀਂ ਮਰਦੇ, ਉਨ੍ਹਾਂ ਦੀਆਂ ਕਬਰਾਂ/ਸਮਾਧਾਂ ’ਤੇ ਦੀਵੇ ਜਗਾਉਣ ਦੀ ਪ੍ਰਥਾ ਹੈ।
ਮੁੱਢ-ਕਦੀਮ ਤੋਂ ਹੀ ਮਨੁੱਖ ਪ੍ਰਕਿਰਤੀ ਦਾ ਅਨੁਕਰਨ ਕਰਦਾ ਆ ਰਿਹਾ ਹੈ। ਦੀਵੇ, ਚੰਨ-ਤਾਰਿਆਂ ਦੀ ਅਨੁਕ੍ਰਿਤੀ ਹਨ। ਪ੍ਰਾਚੀਨ ਗ੍ਰੰਥਾਂ ਵਿਚ ਦੀਵੇ ਨੂੰ ਜੀਵਨ ਦਾ ਪ੍ਰਤੀਕ ਮੰਨਿਆ ਗਿਆ ਹੈ। ਲੋਕਧਾਰਾ ਵਿਚ ਪੁੱਤਾਂ ਨੂੰ ‘ਘਰ ਦਾ ਚਿਰਾਗ਼’ ਕਿਹਾ ਜਾਂਦਾ ਹੈ। ਸਮੇਂ ਨੇ ਕਰਵਟ ਲਈ ਤਾਂ ਇਸ ਕਤਾਰ ਵਿਚ ਧੀਆਂ ਵੀ ਆ ਗਈਆਂ।
ਕਿਸੇ ਦਾ ਜਵਾਨ ਪੁੱਤ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਜਾਵੇ ਤਾਂ ਇਸ ਨੂੰ ਘਰ ਦਾ ਚਿਰਾਗ਼ ਬੁਝ ਜਾਣ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਦੇਸ਼/ਕੌਮ ਖ਼ਾਤਰ ਸ਼ਹੀਦ ਹੋਣ ਵਾਲਿਆਂ ਨੂੰ ਅਮਰ ਮੰਨਿਆ ਜਾਂਦਾ ਹੈ। ਜੋ ਮਰ ਕੇ ਵੀ ਨਹੀਂ ਮਰਦੇ, ਉਨ੍ਹਾਂ ਦੀਆਂ ਕਬਰਾਂ/ਸਮਾਧਾਂ ’ਤੇ ਦੀਵੇ ਜਗਾਉਣ ਦੀ ਪ੍ਰਥਾ ਹੈ। ਹਜ਼ਰਤ ਸੁਲਤਾਨ ਬਾਹੂ ਦਾ ਕਥਨ ਹੈ, ‘‘ਮਰਨਾ ਸਫਲ ਤਿਨ੍ਹਾਂ ਦਾ ਬਾਹੂ/ਕਬਰ ਜਿਨ੍ਹਾਂ ਦੀ ਜੀਵੇ ਹੂ।’’ ਸਿੰਧ ਪ੍ਰਾਂਤ ਦੇ ਸੂਫ਼ੀ ਸੰਤ ਲਾਲ ਸ਼ਾਹਬਾਜ਼ ਕਲੰਦਰ ਦੀ ਮਜ਼ਾਰ ਦੇ ਚਹੁੰ-ਕੋਨਿਆਂ ਵਿਚ ਹਰ ਵੇਲੇ ਬਲ਼ਦੇ ਚਿਰਾਗ਼ ਇਸੇ ਤੱਥ ਦੀ ਗਵਾਹੀ ਭਰਦੇ ਹਨ।
ਬਿਲਾਵਲ ਮਹਲਾ ਪਹਿਲਾ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, ‘‘ਐਸਾ ਦੀਵਾ ਬਾਲੇ ਕੋਇ।। ਨਾਨਕ ਸੋ ਪਾਰੰਗਤਿ ਹੋਇ।।’’ (ਭਾਵ, ਜੋ ਜੀਵ ਆਤਮਿਕ ਚਾਨਣ ਦੇਣ ਵਾਲਾ ਦੀਵਾ ਜਗਾਏਗਾ, ਉਸ ਦੀ ਅਵਸਥਾ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਹੋ ਜਾਵੇਗੀ। ਗਰੁੜ ਪੁਰਾਣ ’ਚ ਦੀਪਦਾਨ ਕਰਨ ਦਾ ਵਿਸ਼ੇਸ਼ ਮਹਾਤਮ ਹੈ। ਮ੍ਰਿਤਕ ਦੀ ਹਥੇਲੀ ’ਤੇ ਬਲ਼ਦਾ ਦੀਵਾ ਰੱਖੇ ਜਾਣ ਦੀ ਰੀਤ ਸਦੀਆਂ ਤੋਂ ਚਲੀ ਆ ਰਹੀ ਹੈ। ਮਿਥਿਹਾਸ ਅਨੁਸਾਰ ਅਜਿਹਾ ਕਰਨ ਨਾਲ ਆਤਮਾ ਨੂੰ ਵੈਤਰਨੀ (ਮਿਥਿਹਾਸਕ ਨਦੀ) ਪਾਰ ਕਰਨ ਵਿਚ ਮਦਦ ਮਿਲਦੀ ਹੈ।
ਨੇਕ ਰੂਹਾਂ ਲਈ ਯਮਲੋਕ ਦੇ ਰਾਹ ਵਿਚ ਆਉਣ ਵਾਲੀ ਪੌਰਾਣਿਕ ਵੈਤਰਨੀ ਸ਼ਾਂਤ ਜਲ-ਧਾਰਾ ਬਣ ਜਾਂਦੀ ਹੈ ਜਦਕਿ ਬਦਰੂਹਾਂ ਲਈ ਇਹ ਲਹੂ-ਮਿੱਝ ਆਦਿ ਨਾਲ ਭਰੀ ਹੁੰਦੀ ਹੈ। ਥਾਲ ਵਿਚ ਦੀਵੇ ਰੱਖ ਕੇ ਆਰਤੀ ਕਰਨ ਦੀ ਪ੍ਰਥਾ ਕਾਦਰ ਤੇ ਉਸ ਦੀ ਰਚੀ ਹੋਈ ਅਲੌਕਿਕ ਕੁਦਰਤ ਦੀ ਅਰਾਧਨਾ ਨੂੰ ਦਰਸਾਉਂਦੀ ਹੈ। ਨਾਇਕਾਂ ਦੀ ਆਰਤੀ ਕਰਨ ਦਾ ਰਿਵਾਜ ਵੀ ਪੁਰਾਤਨ ਹੈ। ਜਦੋਂ ਕੋਈ ਮੈਦਾਨ-ਏ-ਜੰਗ ਵਿਚ ਜਾਂਦਾ ਹੈ ਜਾਂ ਜੰਗ ਜਿੱਤ ਕੇ ਆਉਂਦਾ ਹੈ ਤਾਂ ਉਸ ਦੀ ਆਰਤੀ ਉਤਾਰੀ ਜਾਂਦੀ ਹੈ। ਭਾਵ, ਦੀਵੇ ਜਨਮ ਤੋਂ ਮਰਨ ਤੱਕ ਮਨੁੱਖ ਦਾ ਸਾਥ ਦਿੰਦੇ ਹਨ।
ਮਰਨ ਉਪਰੰਤ ਦੀਵੇ ਮੜ੍ਹੀਆਂ-ਮਸਾਣਾਂ ’ਤੇ ਬਲਦੇ ਹਨ। ਗੁਰੂ ਨਾਨਕ ਨੇ ਧਨਾਸਰੀ ਮਹਲਾ ਪਹਿਲਾ ਵਿਚ ਆਰਤੀ ਨੂੰ ਨਵੇਂ ਅਰਥ ਦਿੱਤੇ ਹਨ। ਬ੍ਰਹਿਮੰਡ ਵਿਚ ਨਿਰੰਤਰ ਆਰਤੀ ਹੋ ਰਹੀ ਹੈ। ‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।’’(ਸਾਰਾ ਅੰਬਰ ਮਾਨੋ ਥਾਲ ਹੈ ਤੇ ਸੂਰਜ/ਚੰਦ ਉਸ ਦੇ ਦੀਵੇ ਹਨ। ਤਾਰਿਆਂ ਦੇ ਸਮੂਹ ਜਿਵੇਂ ਥਾਲ ਵਿਚ ਮੋਤੀ ਰੱਖੇ ਹੋਏ ਹੋਣ)। ਮੱਸਿਆ ਦੀ ਰਾਤ ਨੂੰ ਚੰਨ ਤੇ ਸੂਰਜ ਗ਼ੈਰ-ਹਾਜ਼ਰ ਹੁੰਦੇ ਹਨ। ਤਾਰੇ ਵੀ ਕਈ ਵਾਰ ਬਦਲੋਟੀਆਂ ਵਿਚ ਘਿਰ ਜਾਂਦੇ ਹਨ। ਅਜਿਹੀ ਘੁੱਪ-ਹਨੇਰੀ ਰਾਤ ਵਿਚ ਜਦੋਂ ਭਗਵਾਨ ਰਾਮ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਆਏ ਤਾਂ ਖੀਵੇ ਹੋਏ ਨਗਰ ਵਾਸੀਆਂ ਨੇ ਖ਼ਾਲਸ ਘਿਉ/ਸਰ੍ਹੋਂ ਦੇ ਤੇਲ ਦੇ ਦੀਵੇ ਜਲਾਏ ਸਨ। ਅਮਾਵਸ ਦੀ ਰਾਤ ਹੋਣ ਦੇ ਬਾਵਜੂਦ ਅਯੁੱਧਿਆ ਵਿਚ ਜਿਵੇਂ ਦਿਨ ਚੜ੍ਹ ਗਿਆ ਸੀ।
ਸਿੱਖ ਭਾਈਚਾਰਾ ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਦੇ ਤੌਰ ’ਤੇ ਮਨਾਉਂਦਾ ਹੈ। ਛੇਵੇਂ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਜਦੋਂ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਗੁਰੂ ਨਗਰੀ ਦੇ ਹਰ ਮਕਾਨ ਤੇ ਦੁਕਾਨ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਦੀਵਿਆਂ ਦੀਆਂ ਕਤਾਰਾਂ ਨੇ ਮੱਸਿਆ ਰਾਤ ਨੂੰ ਸੰਗਰਾਂਦ ਵਿਚ ਤਬਦੀਲ ਕਰ ਦਿੱਤਾ ਸੀ। ਇੰਜ ਲੱਗਦਾ ਸੀ ਜਿਵੇਂ ਚੰਨ-ਤਾਰੇ ਜ਼ਮੀਨ ’ਤੇ ਉਤਰ ਕੇ ਗੁਰੂ-ਨਗਰੀ ਦੀ ਪਰਿਕਰਮਾ ਕਰ ਰਹੇ ਹੋਣ। ਦੀਪਕ ਨੂੰ ਆਤਮਾ ਦੀ ਜੋਤ ਵੀ ਕਿਹਾ ਜਾਂਦਾ ਹੈ।
ਜਿਨ੍ਹਾਂ ਅੰਦਰ ਇਹ ਜੋਤ ਅਖੰਡ ਬਲ਼ਦੀ ਰਹਿੰਦੀ ਹੈ, ਉਨ੍ਹਾਂ ਨੂੰ ਜਾਗਦੀਆਂ ਜ਼ਮੀਰਾਂ ਵਾਲੇ ਮੰਨਿਆ ਜਾਂਦਾ ਹੈ। ਅਜਿਹੇ ਲੋਕ ਅੱਖਾਂ ਮੀਟ ਜਾਣ ਤਾਂ ਵੀ ਗ਼ੈਰ-ਹਾਜ਼ਰ ਨਹੀਂ ਸਮਝੇ ਜਾਂਦੇ। ਜੋਤ ਆਪਣੇ ਸਰੋਤ ਨਾਲ ਅਭੇਦ ਹੋ ਗਈ ਸਮਝੀ ਜਾਂਦੀ ਹੈ (ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ/ਜੋਤੀ ਜੋਤਿ ਰਹੀ ਸੰਪੂਰਨੁ ਥੀਆ ਰਾਮ)। ਜਦੋਂ ਮਨ-ਮੰਦਿਰ ਵਿਚ ਜੋਤਾਂ ਜਲਦੀਆਂ ਹਨ (ਮਨ ਮੰਦਰ ਮਹਿ ਦੀਪਕੁ ਜਲਿਓ) ਤਾਂ ਮਨੁੱਖ ਦੇ ਅੰਦਰ-ਬਾਹਰ ਚਾਨਣਾ ਹੁੰਦਾ ਹੈ। ਸੂਫ਼ੀ ਕਵੀ ਬੁੱਲ੍ਹੇ ਸ਼ਾਹ ਦੀ ਕਾਫ਼ੀ ਉਸ ਅੰਦਰਲੀ ਜਟਿਲਤਾ ਨੂੰ ਸਰਲਤਾ ਨਾਲ ਸਮਝਾਉਂਦੀ ਹੈ।
ਕਈ ਖ਼ੁਦ ਨੂੰ ਚਾਨਣ ਦੇ ਵਣਜਾਰੇ ਹੋਣ ਦਾ ਭਰਮ ਪਾਲਦੇ ਹਨ ਪਰ ਉਨ੍ਹਾਂ ਦੇ ਆਪਣੇ ਅੰਦਰ ਹਨੇਰਾ ਪਸਰਿਆ ਹੁੰਦਾ ਹੈ-‘‘ਮੁੱਲਾ ਅਤੇ ਮਸ਼ਾਲਚੀ ਦੋਵੇਂ ਏਕੋ ਚਿੱਤ/ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ।’’ ਇਸ ਦੇ ਵਿਪਰੀਤ, ਆਮ ਘਰ ਦਾ ਕਿਰਤੀ ਮਹਿੰਦਰ ਸਾਥੀ, ‘‘ਮਸ਼ਾਲਾਂ ਬਾਲ ਕੇ ਰੱਖਣਾ ਜਦ ਤੱਕ ਰਾਤ ਬਾਕੀ ਹੈ’’ ਦਾ ਸੁਨੇਹਾ ਦਿੰਦਾ ਹੈ। ਅਜਿਹੇ ਚਾਨਣ ਮੁਨਾਰਿਆਂ ਕਰਕੇ ਹੀ ਹਨੇਰਿਆਂ ਖ਼ਿਲਾਫ਼ ਆਦਿ ਕਾਲ ਤੋਂ ਚੱਲੀ ਆਉਂਦੀ ਜੰਗ ਜਾਰੀ ਹੈ। ਅਜਿਹੇ ਚਾਨਣ ਦੇ ਵਣਜਾਰੇ ਲੋਕ ਮਨ-ਮਸਤਕ ਵਿਚ ਲਟਲਟ ਬਲ਼ਦੇ ਚਿਰਾਗ਼ ਰੱਖਦੇ ਹਨ। ਗੁਰਬਾਣੀ ਦਾ ਮੁੱਖ ਵਾਕ ਹੈ, ‘‘ਬਿਨ ਤੇਲ ਦੀਵਾ ਕਿਉ ਜਲੈ।। ਪੋਥੀ ਪੁਰਾਣ ਕਮਾਈਐ।। ਭਉ ਵਟੀ ਇਤੁ ਤਨਿ ਪਾਈਐ।।
(ਭਾਵ ਸਿਮਰਨ ਦੇ ਤੇਲ ਬਿਨਾਂ ਆਤਮਿਕ ਜੀਵਨ ਦਾ ਦੀਵਾ ਕਿਵੇਂ ਟਹਿਕ ਸਕਦਾ ਹੈ? ਮਾਇਆ ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦਿੰਦੇ। ਧਰਮ ਪੁਸਤਕਾਂ ਦਾ ਤੇਲ ਅੰਤਹਕਰਨ ਵਿਚ ਚਾਨਣ ਬਿਖੇਰਦਾ ਹੈ। ਰੱਬ ਦੇ ਖ਼ੌਫ਼ ਦੇ ਦੀਵੇ (ਸਰੀਰ) ਵਿਚ ਵੱਟੀ ਪਾ ਕੇ ਪਰਮਾਤਮਾ ਨਾਲ ਸਾਂਝ ਪੈਂਦੀ ਹੈ)। ਜੀਵਨ ਦੇ ਟਹਿਕਣ ਤੇ ਮਹਿਕਣ ਲਈ ਸੱਚੇ ਪਰਵਰਦਗਾਰ ਦਾ ਨਾਂ ਦਿਲ ਵਿਚ ਵਸਾਉਣਾ ਲਾਜ਼ਮੀ ਹੈ, ‘‘ਇਹ ਤੇਲੁ ਦੀਵਾ ਇਉ ਜਲੈ। ਕਰਿ ਚਾਨਣੁ ਸਾਹਿਬ ਤਉ ਮਿਲੈ।।’’ ਦੀਵਾ ਸਾਡੀ ਸੰਸਕ੍ਰਿਤੀ ਦਾ ਅਨਿੱਖੜਵਾਂ ਹਿੱਸਾ ਹੈ। ਦੀਵਾ ਸਾਡੀ ਜੀਵਨਧਾਰਾ ਹੈ। ਜਿੰਨੀ ਦੇਰ ਦੀਵੇ (ਸਰੀਰ) ਵਿਚ ਸਵਾਸਾਂ ਦਾ ਤੇਲ ਰਹਿੰਦਾ ਹੈ, ਇਹ ਓਨੀ ਦੇਰ ਹੀ ਬਲਦਾ ਹੈ। ਮਨੁੱਖ ਨੂੰ ‘ਇਕ ਦਮੀ’ ਕਿਹਾ ਗਿਆ ਹੈ, ‘‘ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ’’ (ਅਸੀਂ ਆਦਮੀ ਇਕ ਦਮ ਵਾਲੇ ਹਾਂ। ਸਾਨੂੰ ਜ਼ਿੰਦਗੀ ਦੀ ਮਿਆਦ ਦਾ ਇਲਮ ਨਹੀਂ ਹੈ। ਸਾਨੂੰ ਇਹ ਵੀ ਪਤਾ ਨਹੀਂ ਕਿ ਕਦੋਂ ਮੌਤ ਦੇ ਫ਼ਰਿਸ਼ਤੇ ਨੇ ਸਾਨੂੰ ਆ ਦਬੋਚਣਾ ਹੈ। ਦਮ ਨਾ ਆਇਆ ਤਾਂ ਯਮਲੋਕ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਇਹ ਸਭ ਜਾਣਦਿਆਂ ਵੀ ਮਨੁੱਖ ਆਪਣੇ ਮਾਰਗ ਤੋਂ ਭਟਕ ਜਾਂਦਾ ਹੈ।
ਲਟ-ਲਟ ਬਲ਼ਦਾ ਦੀਵਾ ਭੰਬੂਕਾ ਮਾਰ ਕੇ ਬੁਝ ਜਾਂਦਾ ਹੈ। ਆਵਾਗੌਣ ਦਾ ਚੱਕਰ ਉਨ੍ਹਾਂ ਦੀ ਹੋਣੀ ਬਣਦਾ ਹੈ। ਅਜਿਹੀਆਂ ਰੂਹਾਂ ਨੂੰ ਕਬਰਾਂ ’ਚ ਵੀ ਚੈਨ ਨਾ ਮਿਲੇ ਤਾਂ ਇਹ ਭਟਕਦੀਆਂ ਰਹਿੰਦੀਆਂ ਹਨ। ਤੁੰਦ ਹਵਾਵਾਂ ਉਨ੍ਹਾਂ ਦੇ ਮਜ਼ਾਰਾਂ ’ਤੇ ਬਲ਼ਦੇ ਦੀਵੇ ਬੁਝਾ ਦਿੰਦੀਆਂ ਹਨ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਦੀਵਾ ਬਲੈ ਅੰਧੇਰਾ ਜਾਇ’’। ਜੇ ਅੰਦਰ ਦੇ ਦੀਵੇ ਵਿਚ ਤੇਲ-ਵੱਟੀ ਨਾ ਪਾਈਏ ਤਾਂ ਮਨੁੱਖ ਦਾ ਜੀਵਨ ਹਨੇਰੇ ਦਾ ਪੱਕਾ ਰੈਣ-ਵਸੇਰਾ ਬਣ ਜਾਂਦਾ ਹੈ। ਰੂਹ ਦੀ ਰਾਹ-ਨੁਮਾਈ ਲਈ ਰਿਸ਼ਮਾਂ-ਕਿਰਨਾਂ ਨਾ ਹੋਣ ਤਾਂ ਹਾਸਲ ਸਦੀਵੀ ਭਟਕਣਾ ਹੁੰਦਾ ਹੈ।
‘ਦੀਵੇ ਤਲੇ ਹਨੇਰਾ’ ਅਖਾਣ ਦੀਆਂ ਗੁੱਝੀਆਂ ਰਮਜ਼ਾਂ ਵੀ ਕਿਸੇ-ਕਿਸੇ ਨੂੰ ਸਮਝ ਆਉਂਦੀਆਂ ਹਨ। ਪੰਜਾਬੀ ਦੇ ਆਦਿ ਕਵੀ, ਬਾਬਾ ਫ਼ਰੀਦ ਜੀ ਨੇ ਜਨਮ ਤੇ ਮਰਨ ਵਿਚਲੇ ਫ਼ਾਸਲੇ ਬਾਰੇ ਕਈ ਸ਼ਬਦ ਰਚੇ ਹਨ ਜੋ ਆਮ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ਜੀਵਨ-ਜੋਤ ਬੁਝਣ ਤੋਂ ਪਹਿਲਾਂ ਚੰਗੇ ਕਰਮ ਕਰਨ ਦੀ ਉਹ ਤਾਕੀਦ ਕਰਦੇ ਹਨ। ਉਹ ਕਹਿੰਦੇ ਹਨ ‘ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।’ ਇਸ ਦੇ ਬਾਵਜੂਦ ਮਨੁੱਖ ਕਾਲੇ ਕਰਮ ਕਰ ਕੇ ਆਪਣੀ ਹੀ ਕਬਰ ਖੋਦਦਾ ਰਹਿੰਦਾ ਹੈ। ਦੌਲਤ ਦੇ ਅੰਬਾਰ ਲਾਉਣ ਲਈ ਉਹ ਕਈ ਤਰ੍ਹਾਂ ਦੇ ਕੁਕਰਮ ਕਰਦਾ ਹੈ, ‘‘ਪਾਪਾ ਬਾਝਹੁ ਹੋਵੈ ਨਾ ਹੀ ਮੁਇਆ ਸਾਥਿ ਨ ਜਾਈ।।’’ ਅਜਿਹੀ ਰਮਜ਼ ਸਮਝਣ ਲਈ ਗਿਆਨ ਦੇ ਦੀਵੇ ਬਾਲ਼ਣੇ ਪੈਣਗੇ।
ਦੀਵਾਲੀ ਨੂਰ ਦਾ ਉਤਸਵ ਹੈ। ਮਨ ਮੰਦਿਰ ਵਿਚ ਦੀਵੇ ਬਾਲ਼ਣੇ ਚਾਹੀਦੇ ਹਨ। ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਦੀ 19ਵੀਂ ਵਾਰ ਦੀ ਛੇਵੀਂ ਪਾਉੜੀ ਦੀ ਪਹਿਲੀ ਸਤਰ, ‘‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’’ ਦੇ ਅੰਤਰੀਵ ਭਾਵ ਸਮਝੇ ਬਗ਼ੈਰ ਸ਼ਬਦ ਦੀ ਇਸ ਟੂਕ ਨੂੰ ਸਥਾਈ ਦੇ ਤੌਰ ’ਤੇ ਗਾਇਆ ਜਾਂਦਾ ਹੈ। ਇਸ ਨਾਲ ਇਹ ਪ੍ਰਭਾਵ ਪੈਂਦਾ ਹੈ ਕਿ ਭਾਈ ਸਾਹਿਬ ਸ਼ਾਇਦ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ਣ ਦੀ ਵਕਾਲਤ ਕਰ ਰਹੇ ਹਨ। ਅਜਿਹਾ ਬਿਲਕੁਲ ਨਹੀਂ ਹੈ। ਅਲਬੱਤਾ ਉਹ ਸਮਝਾਉਂਦੇ ਹਨ ਕਿ ਦੀਵਾਲੀ ਦੀ ਰਾਤ ਨੂੰ ਬਾਲ਼ੇ ਜਾਂਦੇ ਦੀਵੇ ਆਖ਼ਰ ਬੁਝ ਜਾਂਦੇ ਹਨ। ਚੰਨ-ਤਾਰੇ ਵੀ ਦਿਨ ਚੜ੍ਹਨ ਬਾਅਦ ਛਿਪ ਜਾਂਦੇ ਹਨ। ਬਾਗ-ਬਗੀਚੀਆਂ ਵਿਚ ਖਿੜੇ ਫੁੱਲ ਵੀ ਕੁਮਲਾ ਜਾਂਦੇ ਹਨ। ਲੇਕਿਨ ਸਦੀਵੀ ਸੁੱਖ ਗੁਰ-ਸ਼ਬਦ ਦੀ ਰੋਸ਼ਨੀ ਵਿਚ ਚੱਲਣ ਵਾਲੀ ਜੀਵਨ-ਸ਼ੈਲੀ ਵਿਚ ਹੀ ਮਿਲਦਾ ਹੈ।
ਵਰਿੰਦਰ ਸਿੰਘ ਵਾਲੀਆ
ਸੰਪਾਦਕ