ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਮੈਂਬਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਸਨ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਤੇ ਪਿਤਾ ਮੰਗਲ ਸਿੰਘ ਗਰੇਵਾਲ ਦੇ ਘਰ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦਾ ਜੀ ਨੇ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ।

ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਮੈਂਬਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਸਨ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਤੇ ਪਿਤਾ ਮੰਗਲ ਸਿੰਘ ਗਰੇਵਾਲ ਦੇ ਘਰ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦਾ ਜੀ ਨੇ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਜਦੋਂ ਸਰਾਭਾ ਪੰਦਰਾਂ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਕੰਮ ਤੇ ਪੜ੍ਹਾਈ ਕਰਨ ਲਈ ਅਮਰੀਕਾ ਭੇਜਿਆ। ਉਨ੍ਹਾਂ ਦਾ ਜਹਾਜ਼ ਜਨਵਰੀ 1912 ਨੂੰ ਸੈਨ ਫਰਾਂਸਿਸਕੋ ਦੀ ਬੰਦਰਗਾਹ ’ਤੇ ਪੁੱਜਾ।
ਉਸ ਸਮੇਂ ਏਸ਼ੀਅਨ ਪਰਵਾਸੀਆਂ ਤੋਂ ਸਖ਼ਤ ਪੁੱਛਗਿੱਛ ਕੀਤੀ ਜਾਂਦੀ ਸੀ ਜਦਕਿ ਪੱਛਮੀ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਮਾਮੂਲੀ ਜਾਂਚ ਤੋਂ ਬਾਅਦ ਲੰਘਣ ਦਿੱਤਾ ਜਾਂਦਾ ਸੀ। ਇਸ ਪੱਖਪਾਤ ਦਾ ਸਰਾਭਾ ’ਤੇ ਬਹੁਤ ਪ੍ਰਭਾਵ ਪਿਆ। ਜਵਾਲਾ ਸਿੰਘ ਦੀ ਪ੍ਰੇਰਨਾ ਸਦਕਾ ਕਰਤਾਰ ਸਿੰਘ ਸਰਾਭਾ ਨੇ ਬਰਕਲੇ ਯੂਨੀਵਰਸਿਟੀ ’ਚ ਦਾਖ਼ਲਾ ਲਿਆ। ਇੱਕੀ ਅਪ੍ਰੈਲ 1913 ਨੂੰ ਕੈਲੀਫੋਰਨੀਆ ਦੇ ਭਾਰਤੀ ਇਕੱਠੇ ਹੋਏ ਤੇ ਗ਼ਦਰ ਪਾਰਟੀ ਦਾ ਗਠਨ ਕੀਤਾ ਜਿਸ ਦਾ ਉਦੇਸ਼ ਹਥਿਆਰਬੰਦ ਸੰਘਰਸ਼ ਰਾਹੀਂ ਭਾਰਤ ਨੂੰ ਬਿ੍ਰਟਿਸ਼ ਸ਼ਾਸਨ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣਾ ਤੇ ਭਾਰਤ ’ਚ ਇਕ ਜਮਹੂਰੀ ਸਰਕਾਰ ਦੀ ਸਥਾਪਨਾ ਕਰਨਾ ਸੀ। ਇਕ ਨਵੰਬਰ 1913 ਨੂੰ ਗ਼ਦਰ ਪਾਰਟੀ ਨੇ ‘ਗ਼ਦਰ’ ਨਾਂ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਜੋ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਤੇ ਪਸ਼ਤੋ ਭਾਸ਼ਾਵਾਂ ’ਚ ਛਪਦਾ ਸੀ।
ਇਸ ਅਖ਼ਬਾਰ ਦਾ ਸਾਰਾ ਕੰਮ ਕਰਤਾਰ ਸਿੰਘ ਸਰਾਭਾ ਦੇਖਦੇ ਸਨ। ਇਹ ਅਖ਼ਬਾਰ ਸਾਰੇ ਦੇਸ਼ਾਂ ’ਚ ਰਹਿੰਦੇ ਭਾਰਤੀਆਂ ਨੂੰ ਭੇਜਿਆ ਜਾਂਦਾ ਸੀ। ਸੰਨ 1914 ’ਚ ਪਹਿਲੇ ਵਿਸ਼ਵ ਯੁੱਧ ਦਾ ਪੂਰਾ ਲਾਭ ਉਠਾਉਣ ਲਈ ਗ਼ਦਰ ਪਾਰਟੀ ਨੇ ਸਰਗਰਮੀ ਵਧਾਈ। ਸਰਾਭਾ ਤੇ ਹੋਰ ਸਾਥੀ ਕੋਲੰਬੋ ਰਾਹੀਂ ਕਲਕੱਤਾ ਪਹੁੰਚੇ। ਸਰਕਾਰ ਵੱਖੋ-ਵੱਖ ਬੰਦਰਗਾਹਾਂ ’ਤੇ ਗ਼ਦਰੀਆਂ ਨੂੰ ਗਿ੍ਫ਼ਤਾਰ ਕਰ ਰਹੀ ਸੀ। ਇਸ ਦੇ ਬਾਵਜੂਦ ਲੁਧਿਆਣਾ ਦੇ ਇਕ ਪਿੰਡ ’ਚ ਗ਼ਦਰ ਪਾਰਟੀ ਦੀ ਸਭਾ ਹੋਈ। ਪੱਚੀ ਜਨਵਰੀ 1915 ਨੂੰ ਰਾਸ ਬਿਹਾਰੀ ਬੋਸ ਦੇ ਆਉਣ ਤੋਂ ਬਾਅਦ 21 ਫਰਵਰੀ ਨੂੰ ਅੰਦੋਲਨ ਸ਼ੁਰੂ ਕਰਨਾ ਤਹਿ ਹੋਇਆ। ਇਕ ਮੁਖਬਰ ਨੇ ਦਲ ਦੀ ਯੋਜਨਾ ਪੁਲਿਸ ਨੂੰ ਦੱਸੀ। ਪੁਲਿਸ ਨੇ ਕਈ ਗ਼ਦਰੀਆਂ ਨੂੰ ਗਿ੍ਫ਼ਤਾਰ ਕਰ ਲਿਆ।
ਇਸ ਨਾਕਾਮੀ ਪਿੱਛੋਂ ਸਭ ਨੇ ਅਫ਼ਗਾਨਿਸਤਾਨ ਜਾਣ ਦੀ ਯੋਜਨਾ ਬਣਾਈ। ਪਰ ਰਾਹ ’ਚ ਹੀ ਕਰਤਾਰ ਸਿੰਘ ਸਰਾਭਾ ਨੇ ਗਿ੍ਫ਼ਤਾਰ ਸਾਥੀਆਂ ਕੋਲ ਜਾਣ ਦਾ ਫ਼ੈਸਲਾ ਕਰ ਲਿਆ। ਦੋ ਮਾਰਚ 1915 ਨੂੰ ਉਹ ਆਪਣੇ ਦੋ ਸਾਥੀਆਂ ਨਾਲ ਵਾਪਸ ਲਾਇਲਪੁਰ, ਚੌਕੀ-5 ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਸੰਨ 1914-15 ਦੇ ਇਕ ਸਾਜ਼ਿਸ਼ ਬਾਬਤ ਕੇਸ ’ਚ 24 ਗ਼ਦਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕਰਤਾਰ ਸਿੰਘ ਸਰਾਭਾ ਉਨ੍ਹਾਂ ’ਚੋਂ ਇਕ ਸਨ। ਸਰਾਭਾ ਨੂੰ 16 ਨਵੰਬਰ 1915 ਨੂੰ 19 ਸਾਲਾਂ ਦੀ ਉਮਰ ’ਚ ਲਾਹੌਰ ਦੀ ਸੈਂਟਰਲ ਜੇਲ੍ਹ ’ਚ ਫਾਂਸੀ ਦੇ ਦਿੱਤੀ ਗਈ।
-ਹਰਜੋਤ ਸਿੰਘ ਸਿੱਧੂ।
-ਮੋਬਾਈਲ : 98548-00075