ਅਸੀਂ ਅਕਸਰ ਇੰਟਰਨੈੱਟ ਜ਼ਰੀਏ ਖ਼ੁਦ ਨੂੰ ਵੱਡੇ ਵਿਗਿਆਨੀ, ਗਿਆਨੀ ਸਮਝ ਕੇ ਆਪ ਹੀ ਡਾਕਟਰ ਬਣ ਜਾਂਦੇ ਹਾਂ। ਇੰਜ ਅਸੀਂ ਹੋਰ ਵੀ ਮੁਸ਼ਕਲਾਂ ਵਿਚ ਫਸ ਜਾਂਦੇ ਹਾਂ। ਇੰਟਰਨੈੱਟ ਤੇ ਸੋਸ਼ਲ ਮੀਡੀਆ ਅੱਜ ਇਕ ਆਫ਼ਤ ਵੀ ਸਾਬਿਤ ਹੋ ਰਹੇ ਹਨ ਜਿਸ ਦਾ ਪ੍ਰਭਾਵ ਸਭ ਤੋਂ ਪਹਿਲਾਂ ਬੱਚਿਆਂ ਉੱਤੇ ਪੈਂਦਾ ਹੈ। ‘ਜਿੱਥੇ ਫੁੱਲ ਉੱਥੇ ਕੰਡਾ’ ਦੇ ਸਿਧਾਂਤ ਅਨੁਸਾਰ ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕਸ ਦਾ ਹੋਰ ਸਾਮਾਨ ਮਨੁੱਖਤਾ ਲਈ ਜ਼ਰੂਰੀ ਬਣ ਗਏ ਹਨ

ਅਸੀਂ ਅਕਸਰ ਇੰਟਰਨੈੱਟ ਜ਼ਰੀਏ ਖ਼ੁਦ ਨੂੰ ਵੱਡੇ ਵਿਗਿਆਨੀ, ਗਿਆਨੀ ਸਮਝ ਕੇ ਆਪ ਹੀ ਡਾਕਟਰ ਬਣ ਜਾਂਦੇ ਹਾਂ। ਇੰਜ ਅਸੀਂ ਹੋਰ ਵੀ ਮੁਸ਼ਕਲਾਂ ਵਿਚ ਫਸ ਜਾਂਦੇ ਹਾਂ। ਇੰਟਰਨੈੱਟ ਤੇ ਸੋਸ਼ਲ ਮੀਡੀਆ ਅੱਜ ਇਕ ਆਫ਼ਤ ਵੀ ਸਾਬਿਤ ਹੋ ਰਹੇ ਹਨ ਜਿਸ ਦਾ ਪ੍ਰਭਾਵ ਸਭ ਤੋਂ ਪਹਿਲਾਂ ਬੱਚਿਆਂ ਉੱਤੇ ਪੈਂਦਾ ਹੈ। ‘ਜਿੱਥੇ ਫੁੱਲ ਉੱਥੇ ਕੰਡਾ’ ਦੇ ਸਿਧਾਂਤ ਅਨੁਸਾਰ ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕਸ ਦਾ ਹੋਰ ਸਾਮਾਨ ਮਨੁੱਖਤਾ ਲਈ ਜ਼ਰੂਰੀ ਬਣ ਗਏ ਹਨ ਪਰ ਇਨ੍ਹਾਂ ਦੇ ਨਾਂਹ-ਪੱਖੀ ਪ੍ਰਭਾਵ ਵੀ ਬਹੁਤ ਜ਼ਿਆਦਾ ਹਨ। ਅਸੀਂ ਇੰਟਰਨੈੱਟ ਜ਼ਰੀਏ ਇਲਾਜ ਸ਼ੁਰੂ ਕਰ ਦਿੰਦੇ ਹਾਂ। ਇਹ ਸਮਝੋ ਕਿ ਇਕ ਬਿਮਾਰੀ ਦੇ ਬਹੁਤ ਅਤੇ ਬਹੁ-ਪਰਤੀ ਲੱਛਣ ਹੁੰਦੇ ਹਨ। ਇਸੇ ਤਰ੍ਹਾਂ ਹਰ ਦਵਾਈ ਦਾ ਵੀ ਵੱਖ-ਵੱਖ ਮਾਪਦੰਡਾਂ ਅਨੁਸਾਰ ਇਸਤੇਮਾਲ ਕਰਨਾ ਹੁੰਦਾ ਹੈ। ਵੇਲਾ ਬੀਤਣ ਤੋਂ ਬਾਅਦ ਜਾਗਣ ਨਾਲੋਂ ਚੰਗਾ ਹੈ ਕਿ ਸਪੈਸ਼ਲਿਸਟ ਡਾਕਟਰ ਕੋਲ ਜਾ ਕੇ ਸਕਰੀਨਿੰਗ ਕਰਵਾ ਕੇ ਦਵਾਈ ਲੈਣੀ ਚਾਹੀਦੀ ਹੈ। ਡਾਕਟਰ ਨਾਂਹ-ਪੱਖੀ ਪ੍ਰਭਾਵ ਦੱਸ ਕੇ ਹੀ ਸਹੀ ਦਵਾਈ ਦਿੰਦੇ ਹਨ। ਇੰਟਰਨੈੱਟ ਸਹਾਰੇ ਅਸੀਂ ਆਪਣੇ ਜੀਵਨ ਦੀ ਰਣਨੀਤੀ ਖ਼ੂਬਸੂਰਤ ਬਣਾ ਲੈਂਦੇ ਹਾਂ ਪਰ ਇਸ ਦੇ ਨਤੀਜਿਆਂ ਬਾਰੇ ਸੋਚਣਾ ਸਾਡੀ ਸਮਝ ਵਿਚ ਫਿੱਟ ਨਹੀਂ ਬੈਠਦਾ। ਇੰਟਰਨੈੱਟ ਦੇ ਸਹਾਰੇ ਅਸੀਂ ਨਾਂਹ-ਪੱਖੀ ਪ੍ਰਭਾਵਾਂ ਨੂੰ ਵੀ ਆਪਣੇ ਜੀਵਨ ’ਚ ਵਾੜ ਲੈਂਦੇ ਹਾਂ ਜੋ ਬਿਲਕੁਲ ਗ਼ਲਤ ਸਾਬਿਤ ਹੁੰਦੇ ਹਨ। ਇੰਟਰਨੈੱਟ ਖੋਲ੍ਹਦਿਆਂ ਹੀ ਧੜਾਧੜ ਮੈਡੀਕਲ, ਹੋਮਿਓਪੈਥੀ ਅਤੇ ਆਯੁਰਵੈਦਿਕ ਡਾਕਟਰ ਅਤੇ ਉਨ੍ਹਾਂ ਦੇ ਪ੍ਰੋਡਕਟਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਨ੍ਹਾਂ ਦਾ ਕੋਈ ਮਾਪਦੰਡ ਨਹੀਂ ਹੁੰਦਾ। ਅਸੀਂ ਝੱਟ ਆਰਡਰ ਕਰ ਕੇ ਮੰਗਵਾ ਕੇ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਆਪਣੇ ਪਰਿਵਾਰ ਦੇ ਇਕ ਫੈਮਿਲੀ ਡਾਕਟਰ ਸੰਦੀਪ ਛੱਤਵਾਲ ਕੋਲ ਚੰਡੀਗੜ੍ਹ ਗਿਆ। ਉਨ੍ਹਾਂ ਨੇ ਮੇਰਾ ਚੈੱਕਅੱਪ ਕਰ ਕੇ ਪੁੱਛਿਆ ਕਿ ਕੀ ਤੂੰ ਚਿੱਟਾ ਨਮਕ ਛੱਡ ਕੇ ਦੂਜੇ ਨਮਕ ਖਾਂਦਾ ਏਂ। ਮੈਂ ਕਿਹਾ ‘ਹਾਂਜੀ’। ਉਨ੍ਹਾਂ ਨੇ ਕਿਹਾ, ‘ਇਹ ਠੀਕ ਹੈ, ਆਪਣੀ ਸਿਹਤ ਦਾ ਖ਼ਿਆਲ ਰੱਖੋ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਤੇਰਾ ਥੋੜ੍ਹਾ ਕਲੋਰਾਈਡ ਵਧ ਗਿਆ ਹੈ। ਇਸ ਲਈ ਜਿਹੜੀ ਚੀਜ਼ ਦਾ ਸੇਵਨ ਕਰਨਾ ਹੈ, ਉਹ ਸਹੀ ਢੰਗ ਨਾਲ ਵਰਤੋ। ਮੈਂ ਇਕਦਮ ਹੈਰਾਨ ਹੋ ਗਿਆ। ਸੋਚਿਆ ਕਿ ਸੱਚੀਂ ਹੀ ਇੰਟਰਨੈੱਟ ਕੋਈ ਡਾਕਟਰ ਨਹੀਂ ਹੁੰਦਾ। ਇਸ ਲਈ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ। ਇੰਟਰਨੈੱਟ ਲੱਛਣ ਲੱਭਣ ਲਈ ਮਦਦ ਜ਼ਰੂਰ ਕਰ ਸਕਦਾ ਹੈ ਪਰ ਇਲਾਜ ਲਈ ਠੀਕ ਨਹੀਂ ਹੈ। ਇਸ ਜ਼ਰੀਏ ਗ਼ਲਤ ਜਾਣਕਾਰੀ ਵੀ ਮਿਲ ਸਕਦੀ ਹੈ। ਹਰ ਵਿਅਕਤੀ ਦੇ ਸਰੀਰ ਦੀ ਤਾਸੀਰ ਵੱਖ-ਵੱਖ ਹੁੰਦੀ ਹੈ। ਇਸ ਲਈ ਹਰ ਢੁੱਕਵਾਂ ਵਿਕਲਪ ਇੰਟਰਨੈੱਟ ਕੋਲ ਨਹੀਂ ਹੁੰਦਾ। ਦਵਾਈਆਂ ਅਤੇ ਸਿਹਤ ਸਬੰਧੀ ਇੰਟਰਨੈੱਟ ਦੀ ਸਲਾਹ ਜ਼ਰੂਰ ਲੈ ਲਵੋ ਪਰ ਉਸ ਨੂੰ ਪੱਥਰ ’ਤੇ ਲਕੀਰ ਮੰਨ ਕੇ ਇਲਾਜ ਨਾ ਕਰਵਾਓ। ਜੇ ਇੰਟਰਨੈੱਟ ਹੀ ਇਲਾਜ ਕਰਦਾ ਹੋਵੇ ਤਾਂ ਡਾਕਟਰਾਂ ਦੀ ਕੋਈ ਲੋੜ ਨਹੀਂ ਰਹਿ ਜਾਵੇਗੀ। ਇਸ ਦੀ ਵਰਤੋ ਜ਼ਰੂਰ ਕਰੋ ਪਰ ਅੰਤਿਮ ਫ਼ੈਸਲਾ ਡਾਕਟਰ ਦੀ ਸਲਾਹ ਅਨੁਸਾਰ ਲਓ।
-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।
-ਮੋਬਾਈਲ : 98781-11445