ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਖਪਤਕਾਰ ਸਮਾਰਟ ਮੀਟਰਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਹੁਤੇ ਜਾਗਰੂਕ ਨਹੀਂ ਹਨ। ਪੰਜਾਬ ਵਿਚ ਸਮਾਰਟ ਮੀਟਰਾਂ ਬਾਰੇ ਬਹੁਤ ਸਾਰੇ ਭਰਮ-ਭੁਲੇਖੇ ਪਾਏ ਜਾ ਰਹੇ ਹਨ। ਸਮਾਰਟ ਮੀਟਰ ਅਜੋਕੇ ਯੁੱਗ ਵਿਚ ਬਦਲਦੀ ਤਕਨਾਲੋਜੀ ਦੀ ਲੜੀ ’ਚੋਂ ਇਕ ਹਨ।

ਅਜੋਕੇ ਯੁੱਗ ’ਚ ਨਵੀਂ ਤਕਨਾਲੋਜੀ ਸਦਕਾ ਵੱਖ-ਵੱਖ ਖੇਤਰਾਂ ’ਚ ਇਨਕਲਾਬੀ ਸੁਧਾਰ ਆਏ ਹਨ। ਜਿੱਥੇ ਪੁਰਾਣੇ ਯੰਤਰਾਂ ਤੇ ਮਸ਼ੀਨਾਂ ਦੀ ਥਾਂ ਨਵੀਆਂ ਤੇ ਆਧੁਨਿਕ ਮਸ਼ੀਨਾਂ ਨੇ ਲੈ ਲਈ ਹੈ, ਉੱਥੇ ਹੀ ਇਸ ਨਾਲ ਮਨੁੱਖੀ ਜੀਵਨ ਵੀ ਵਧੇਰੇ ਸੁੱਖਮਈ ਹੋਇਆ। ਪੁਰਾਣੇ ਸਮੇਂ ’ਚ ਭਾਰ ਤੋਲਣ ਲਈ ਤੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਤੱਕੜੀ ਦੀ ਥਾਂ ਡਿਜੀਟਲ ਕੰਡੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਵੇਂ ਹੀ ਕੀਪੈਡ ਵਾਲੇ ਮੋਬਾਈਲ ਫੋਨਾਂ ਰਾਹੀਂ ਕੇਵਲ ਫੋਨ ਕੀਤਾ ਅਤੇ ਐੱਸਐੱਮਐੱਸ ਭੇਜੇ ਜਾ ਸਕਦੇ ਸਨ। ਹੁਣ ਉਨ੍ਹਾਂ ਦੀ ਥਾਂ ਸਮਾਰਟਫੋਨਾਂ ਨੇ ਲੈ ਲਈ ਹੈ। ਇਵੇਂ ਹੀ ਬਿਜਲੀ ਦੀ ਖਪਤ ਦੀ ਗਿਣਤੀ ਲਈ ਘੜੀਆਂ ਵਾਲੇ ਸਾਧਾਰਨ ਬਿਜਲੀ ਮੀਟਰਾਂ ਦੀ ਥਾਂ ਹੁਣ ਸਮਾਰਟ ਮੀਟਰਾਂ ਨੇ ਲੈ ਲਈ ਹੈ। ਭਾਰਤ ਵਿਚ ਕੁਝ ਰਾਜਾਂ ਦੀਆਂ ਬਿਜਲੀ ਇਕਾਈਆਂ ਵੱਲੋਂ ਸਮਾਰਟ ਮੀਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬਿਜਲੀ ਦੇ ਖੇਤਰ ਵਿਚ ਖਪਤਕਾਰ ਵੱਲੋਂ ਕੀਤੀ ਬਿਜਲੀ ਦੀ ਖਪਤ ਦਾ ਲੇਖਾ-ਜੋਖਾ ਬਿਜਲੀ ਦੇ ਬਿੱਲਾਂ ਰਾਹੀਂ ਰੱਖਿਆ ਜਾਂਦਾ ਹੈ। ਬਿਜਲੀ ਇਕਾਈ ਵੱਲੋਂ ਜਾਰੀ ਕੀਤਾ ਬਿਜਲੀ ਦਾ ਬਿੱਲ ਖਪਤਕਾਰ ਤੇ ਬਿਜਲੀ ਵਿਭਾਗ ਵਿਚਕਾਰ ਭਰੋਸੇ ਦਾ ਪ੍ਰਤੀਕ ਹੁੰਦਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਖਪਤਕਾਰ ਸਮਾਰਟ ਮੀਟਰਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਹੁਤੇ ਜਾਗਰੂਕ ਨਹੀਂ ਹਨ। ਪੰਜਾਬ ਵਿਚ ਸਮਾਰਟ ਮੀਟਰਾਂ ਬਾਰੇ ਬਹੁਤ ਸਾਰੇ ਭਰਮ-ਭੁਲੇਖੇ ਪਾਏ ਜਾ ਰਹੇ ਹਨ। ਸਮਾਰਟ ਮੀਟਰ ਅਜੋਕੇ ਯੁੱਗ ਵਿਚ ਬਦਲਦੀ ਤਕਨਾਲੋਜੀ ਦੀ ਲੜੀ ’ਚੋਂ ਇਕ ਹਨ। ਬਿਜਲੀ ਦੇ ਸਾਧਾਰਨ ਮੀਟਰ ਦੇ ਮੁਕਾਬਲੇ ਸਮਾਰਟ ਮੀਟਰ ਬਿਜਲੀ ਖਪਤਕਾਰਾਂ ’ਚ ਵਿਭਾਗ ਪ੍ਰਤੀ ਹੋਰ ਭਰੋਸੇਯੋਗਤਾ ਵਧਾਉਣ ਤੇ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਵਿਕਸਤ ਕੀਤਾ ਗਿਆ ਹੈ। ਖਪਤਕਾਰ ਪੀਐੱਸਪੀਸੀਐੱਲ ਦੀ ਖਪਤਕਾਰ ਐਪ ਰਾਹੀਂ ਆਪਣੇ ਬਿਜਲੀ ਦੇ ਖਾਤੇ ਸਬੰਧੀ ਕਿਸੇ ਵੀ ਸਮੇਂ ਕੋਈ ਵੀ ਸੂਚਨਾ ਆਪਣੇ ਮੋਬਾਈਲ ਫੋਨ ’ਤੇ ਵੇਖ ਸਕਦੇ ਹਨ। ਸਮਾਰਟ ਮੀਟਰ ਦੇ ਖਪਤਕਾਰ ਨੂੰ ਸਭ ਤੋਂ ਪਹਿਲਾ ਫ਼ਾਇਦਾ ਇਹ ਹੈ ਕਿ ਉਸ ਨੂੰ ਖਪਤ ਕੀਤੀ ਬਿਜਲੀ ਦੀ ਇਕ ਮਹੀਨੇ ਬਾਅਦ ਬਿਜਲੀ ਦੀ ਰੀਡਿੰਗ ਲਈ ਮੀਟਰ ਰੀਡਰ ’ਤੇ ਨਿਰਭਰ ਨਹੀਂ ਰਹਿਣਾ ਪੈਂਦਾ। ਇਸ ਦੇ ਫਲਸਰੂਪ ਬਿਜਲੀ ਖਪਤਕਾਰ ਨੂੰ ਕੁਝ ਕੁ ਮਾਮਲਿਆਂ ਵਿਚ ਮੀਟਰ ਰੀਡਰ ਦੀ ਬਲੈਕਮੈਲਿੰਗ ਤੋਂ ਨਿਜਾਤ ਮਿਲੀ ਹੈ। ਸਮਾਰਟ ਮੀਟਰ ’ਤੇ ਖਪਤਕਾਰ ਦੀ ਬਿਜਲੀ ਖਪਤ ਦੀ ਗਿਣਤੀ 30 ਜਾਂ 31 ਦਿਨਾਂ ਦੀ ਨਿਰਧਾਰਤ ਹੈ। ਇਸ ਵਿਚ ਖਪਤ ਨਾ ਤਾਂ 29 ਦਿਨਾਂ ਤੇ ਨਾ ਹੀ 32 ਦਿਨਾਂ ਦੀ ਹੋ ਸਕਦੀ ਹੈ। ਖਪਤਕਾਰ ਕਿਸੇ ਵੀ ਸਮੇਂ ਆਪਣੀ ਬਿਜਲੀ ਦੀ ਖਪਤ ਦੀ ਰੀਡਿੰਗ ਦੇਖ ਸਕਦਾ ਹੈ।
ਉਸ ਨੂੰ ਬਿਜਲੀ ਖਪਤ ਸਬੰਧੀ ਸੂਚਨਾ ਤੇ ਪੂਰੇ ਵਿਸਥਾਰ ਵਿਚ ਬਿੱਲ ਫੋਨ ’ਤੇ ਐੱਸਐੱਮਐੱਸ ਰਾਹੀਂ ਅਤੇ ਈਮੇਲ ਜ਼ਰੀਏ ਭੇਜਿਆ ਜਾਂਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਟਿਆਲਾ ਵਿਖੇ ਮੁੱਖ ਦਫ਼ਤਰ ਵਿਚ ਬਿਜਲੀ ਖ਼ਪਤਕਾਰਾਂ ਦੇ ਬਿਜਲੀ ਦੀ ਖਪਤ ਦੀ ਸੂਚਨਾ ਦੀ ਲਗਾਤਾਰ ਦੇਖ-ਰੇਖ ਲਈ ਇਕ ਡਾਟਾ ਸੈਂਟਰ ਸਥਾਪਤ ਕੀਤਾ ਹੋਇਆ ਹੈ ਜਿਸ ਸਦਕਾ ਖਪਤਕਾਰ ਇਹ ਵੀ ਵੇਖ ਸਕਦਾ ਹੈ ਕਿ ਮਹੀਨੇ ਵਿਚ ਕਿੰਨੀ ਵਾਰ ਉਸ ਦੀ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ। ਸਮਾਰਟ ਮੀਟਰ ਰਾਹੀਂ ਖਪਤਕਾਰ ਇਹ ਵੀ ਵੇਖ ਸਕਦਾ ਹੈ ਕਿ ਉਸ ਵੱਲੋਂ ਹਰ ਦਿਨ ਬਿਜਲੀ ਦੀ ਕਿੰਨੀ ਖਪਤ ਕੀਤੀ ਜਾਂਦੀ ਹੈ ਤੇ ਕਿਸ ਦਿਨ ਉਸ ਨੇ ਸਭ ਤੋਂ ਵੱਧ ਬਿਜਲੀ ਦੀ ਖਪਤ ਕੀਤੀ। ਬਿਜਲੀ ਦੀ ਖਪਤ ਦੀ ਨਿਗਰਾਨੀ ਖਪਤਕਾਰ ਨੂੰ ਬਿਜਲੀ ਬੱਚਤ ਲਈ ਵੀ ਉਤਸ਼ਾਹਤ ਕਰੇਗੀ। ਸਮਾਰਟ ਮੀਟਰ ਦੀ ਖ਼ਰਾਬੀ ਬਾਰੇ ਖਪਤਕਾਰ ਨੂੰ ਕੋਈ ਸ਼ਿਕਾਇਤ ਦਰਜ ਕਰਵਾਉਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਿਸੇ ਦਫ਼ਤਰ ਵਿਚ ਜਾਣ ਦੀ ਲੋੜ ਹੈ ਕਿਉਂਕਿ ਜੇਕਰ ਮੀਟਰ ਆਫ ਮੋਡ ਵਿਚ ਹੈ ਤਾਂ ਸਮਾਰਟ ਮੀਟਰ ਦੀ ਸੂਚਨਾ ਆਟੋਮੈਟਿਕ ਪ੍ਰਣਾਲੀ ਰਾਹੀਂ ਡਾਟਾ ਸੈਂਟਰ ਵਿਚ ਅਪਲੋਡ ਹੋ ਜਾਂਦੀ ਹੈ। ਪੰਜਾਬ ’ਚ ਸੰਨ 2021 ਵਿਚ ਸਮਾਰਟ ਮੀਟਰਾਂ ਦੀ ਸ਼ੁਰੂਆਤ ਹੋਈ ਸੀ। ਮੁਹਾਲੀ ਵਿਚ ਪਹਿਲਾ ਸਮਾਰਟ ਮੀਟਰ ਲਗਾਇਆ ਗਿਆ ਸੀ। ਹੁਣ ਤੱਕ ਲਗਪਗ ਚਾਰ ਲੱਖ ਸਮਾਰਟ ਮੀਟਰ ਲਗਾਏ ਜਾ ਚੁੱਕੇ ਹਨ। ਪੀਐੱਸਪੀਸੀਐੱਲ ਵੱਲੋਂ ਬਿਜਲੀ ਖਪਤਕਾਰਾਂ ਨੂੰ ਸਮਾਰਟ ਮੀਟਰਾਂ ਬਾਰੇ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਖ਼ਾਸ ਤੌਰ ’ਤੇ ਦਿਹਾਤੀ ਇਲਾਕਿਆਂ ਵਿਚ ਸ਼ੁਰੂ ਕੀਤੀ ਗਈ ਹੈ।
ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫੋਰਸਮੈਂਟ ਤੇ ਸੰਚਾਲਨ ਸਰਕਲਾਂ ਵੱਲੋਂ ਰਾਜ ਭਰ ਵਿਚ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕਰ ਕੇ ਖਪਤਕਾਰਾਂ ਨੂੰ ਸਮਾਰਟ ਮੀਟਰਾਂ ਦੀਆਂ ਖ਼ਾਸੀਅਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿਚ ਬਿਜਲੀ ਖਪਤਕਾਰਾਂ ਦੇ ਸਮਾਰਟ ਮੀਟਰਾਂ ਨੂੰ ਲੈ ਕੇ ਪਾਏ ਜਾ ਰਹੇ ਭੁਲੇਖਿਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਕੈਂਪਾਂ ਵਿਚ ਖਪਤਕਾਰਾਂ ਦਾ ਹੁੰਗਾਰਾ ਬਹੁਤ ਹਾਂ-ਪੱਖੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਮਾਰਟ ਮੀਟਰਾਂ ਰਾਹੀਂ ਪੋਸਟ ਪੇਡ ਮੀਟਰਾਂ ਵਾਂਗ ਹੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਆਉਣਗੇ। ਉਨ੍ਹਾਂ ਨੂੰ ਵਿਸਥਾਰਪੂਰਵਕ ਬਿੱਲ ਉਨ੍ਹਾਂ ਦੀ ਰਜਿਸਟਰਡ ਈਮੇਲ ਅਤੇ ਰਜਿਸਟਰਡ ਮੋਬਾਈਲ ’ਤੇ ਐੱਸਐੱਮਐੱਸ ਰਾਹੀਂ ਸਮੇਂ ਸਿਰ ਮਿਲੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਪਸ਼ਟ ਕਰਦੀ ਹੈ ਕਿ ਸਮਾਰਟ ਮੀਟਰਾਂ ਦੇ ਲੱਗਣ ਨਾਲ ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟਾਂ ਪ੍ਰਤੀ ਮਹੀਨਾ ਮੁਫ਼ਤ ਅਤੇ ਟਿਊਬਵੈੱਲ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ।
-ਮਨਮੋਹਨ ਸਿੰਘ
-(ਉਪ ਸਕੱਤਰ, ਲੋਕ ਸੰਪਰਕ ਵਿਭਾਗ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ)।
-ਮੋਬਾਈਲ : 96461-77800