ਮਹਿਲਾ ਵਨਡੇ ਵਿਸ਼ਵ ਕੱਪ ਜਿੱਤ ਦੀ ਉਡੀਕ ਕਿਸ ਬੇਸਬਰੀ ਨਾਲ ਕੀਤੀ ਜਾ ਰਹੀ ਸੀ, ਇਸ ਦਾ ਪਤਾ ਫਾਈਨਲ ਮੁਕਾਬਲੇ ਨੂੰ ਲੈ ਕੇ ਬਣੇ ਮਾਹੌਲ ਤੋਂ ਵੀ ਲੱਗਦਾ ਹੈ ਅਤੇ ਸਟੇਡੀਅਮ ਵਿਚ ਉਮੜੀ ਦਰਸ਼ਕਾਂ ਦੀ ਭੀੜ ਤੋਂ ਵੀ। ਇਹ ਮਾਹੌਲ ਅਤੇ ਭੀੜ ਇਸ ਕਾਰਨ ਸੀ ਕਿਉਂਕਿ ਖੇਡ ਪ੍ਰੇਮੀਆਂ ਨੂੰ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਸ ਦੀ ਉਤਸ਼ਾਹੀ ਟੀਮ ’ਤੇ ਪੂਰਾ ਭਰੋਸਾ ਸੀ।

-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਜਿੱਤ ਕੇ ਸਿਰਫ਼ ਇਤਿਹਾਸ ਹੀ ਨਹੀਂ ਰਚਿਆ ਬਲਕਿ ਆਪਣੇ ਹੁਨਰ ਅਤੇ ਸਮਰੱਥਾ ਦਾ ਲੋਹਾ ਮਨਵਾਉਣ ਦੇ ਨਾਲ ਹੀ ਦੇਸ਼ ਦੀਆਂ ਲੱਖਾਂ ਕੁੜੀਆਂ ਲਈ ਖੇਡਾਂ ਅਤੇ ਹੋਰ ਖੇਤਰਾਂ ਵਿਚ ਅਸੀਮ ਸੰਭਾਵਨਾਵਾਂ ਦੇ ਦੁਆਰ ਖੋਲ੍ਹਣ ਦਾ ਵੀ ਕੰਮ ਕੀਤਾ ਹੈ। ਇਸ ਜਿੱਤ ਨੇ ਫਿਰ ਇਹ ਸਿੱਧ ਕੀਤਾ ਕਿ ਕੁੜੀਆਂ ਮੁੰਡਿਆਂ ਦੀ ਤਰ੍ਹਾਂ ਹਰ ਖੇਤਰ ਵਿਚ ਚੁਣੌਤੀਆਂ ਤੋਂ ਪਾਰ ਪਾ ਸਕਦੀਆਂ ਹਨ ਅਤੇ ਆਪਣੇ ਹੌਸਲੇ ਨਾਲ ਦੇਸ਼-ਦੁਨੀਆ ਨੂੰ ਹੈਰਾਨ ਕਰ ਸਕਦੀਆਂ ਹਨ। ਇਹ ਜਿੱਤ ਲੜਕੀਆਂ ਪ੍ਰਤੀ ਸਾਡੇ ਪੁਰਸ਼ ਪ੍ਰਧਾਨ ਸਮਾਜ ਦੇ ਦ੍ਰਿਸ਼ਟੀਕੋਣ ਵਿਚ ਹਾਂ-ਪੱਖੀ ਬਦਲਾਅ ਲਿਆਉਣ ’ਚ ਵੀ ਕਾਰਗਰ ਸਿੱਧ ਹੋਣੀ ਚਾਹੀਦੀ ਹੈ।
ਇਹ ਬਦਲਾਅ ਉਨ੍ਹਾਂ ਨੂੰ ਅੱਗੇ ਵਧਣ ਅਤੇ ਖ਼ੁਦ ਨੂੰ ਸਾਬਿਤ ਕਰਨ ਦੇ ਮੌਕੇ ਤਾਂ ਦੇਵੇਗਾ ਹੀ, ਭਾਰਤੀ ਸਮਾਜ ਵਿਚ ਖੇਡਾਂ ਦੀ ਮਹੱਤਤਾ ਵੀ ਵਧਾਵੇਗਾ। ਅਜਿਹਾ ਹੋਣਾ ਵੀ ਚਾਹੀਦਾ ਹੈ ਕਿਉਂਕਿ ਅੱਜ ਦੇ ਯੁੱਗ ਵਿਚ ਖੇਡ ਦੇ ਮੈਦਾਨ ਵਿਚ ਹਾਸਲ ਕੀਤੀਆਂ ਜਾਣ ਵਾਲੀਆਂ ਸਫਲਤਾਵਾਂ ਦੇਸ਼ ਵਿਸ਼ੇਸ਼ ਦੀ ਤਰੱਕੀ ਦੀਆਂ ਸੂਚਕ ਹਨ। ਮਹਿਲਾ ਵਿਸ਼ਵ ਕੱਪ ਦੀ ਜਿੱਤ ਇਸ ਲਈ ਵੀ ਇਕ ਵੱਡੀ ਕਾਮਯਾਬੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਕੌਮਾਂਤਰੀ ਖੇਡ ਵਿਚ ਭਾਰਤੀ ਲੜਕੀਆਂ ਦੀ ਟੀਮ ਨੇ ਕੋਈ ਖਿਤਾਬ ਨਹੀਂ ਜਿੱਤਿਆ ਸੀ। ਇਹ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਮਹਿਲਾ ਵਿਸ਼ਵ ਕੱਪ ਕ੍ਰਿਕਟ ਵਿਚ ਆਸਟ੍ਰੇਲੀਆ ਤੇ ਇੰਗਲੈਂਡ ਦਾ ਦਬਦਬਾ ਸੀ। ਇਸ ਤੋਂ ਪਹਿਲਾਂ ਦੇ ਸਾਰੇ ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਨਾਂ ਰਹੇ। ਇਕ ਤਰ੍ਹਾਂ ਨਾਲ ਭਾਰਤੀ ਟੀਮ ਨੇ ਆਪਣੀ ਜਿੱਤ ਨਾਲ ਵਿਕਾਸਸ਼ੀਲ ਮੁਲਕਾਂ ਦੀਆਂ ਮਹਿਲਾ ਕ੍ਰਿਕਟ ਟੀਮਾਂ ਨੂੰ ਵੀ ਪ੍ਰੇਰਨਾ ਦੇਣ ਦਾ ਕੰਮ ਕੀਤਾ ਹੈ।
ਮਹਿਲਾ ਵਨਡੇ ਵਿਸ਼ਵ ਕੱਪ ਜਿੱਤ ਦੀ ਉਡੀਕ ਕਿਸ ਬੇਸਬਰੀ ਨਾਲ ਕੀਤੀ ਜਾ ਰਹੀ ਸੀ, ਇਸ ਦਾ ਪਤਾ ਫਾਈਨਲ ਮੁਕਾਬਲੇ ਨੂੰ ਲੈ ਕੇ ਬਣੇ ਮਾਹੌਲ ਤੋਂ ਵੀ ਲੱਗਦਾ ਹੈ ਅਤੇ ਸਟੇਡੀਅਮ ਵਿਚ ਉਮੜੀ ਦਰਸ਼ਕਾਂ ਦੀ ਭੀੜ ਤੋਂ ਵੀ। ਇਹ ਮਾਹੌਲ ਅਤੇ ਭੀੜ ਇਸ ਕਾਰਨ ਸੀ ਕਿਉਂਕਿ ਖੇਡ ਪ੍ਰੇਮੀਆਂ ਨੂੰ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਸ ਦੀ ਉਤਸ਼ਾਹੀ ਟੀਮ ’ਤੇ ਪੂਰਾ ਭਰੋਸਾ ਸੀ। ਇਸ ਭਰੋਸੇ ਦਾ ਆਧਾਰ ਉਨ੍ਹਾਂ ਦੀ ਖੇਡ ਵਿਚ ਆਏ ਸੁਧਾਰ ਦੇ ਨਾਲ-ਨਾਲ ਇਹ ਵੀ ਸੀ ਕਿ ਭਾਰਤੀ ਮਹਿਲਾ ਟੀਮ ਦੋ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜ ਚੁੱਕੀ ਸੀ।
ਇਹ ਸੁਭਾਵਕ ਹੈ ਕਿ ਇਸ ਜਿੱਤ ਨੂੰ 1983 ਦੇ ਵਨਡੇ ਵਿਸ਼ਵ ਕੱਪ ਵਿਚ ਕਪਿਲ ਦੇਵ ਦੀ ਅਗਵਾਈ ਵਾਲੀ ਟੀਮ ਵੱਲੋਂ ਹਾਸਲ ਕੀਤੀ ਗਈ ਖਿਤਾਬੀ ਜਿੱਤ ਦੇ ਬਰਾਬਰ ਦੱਸਿਆ ਜਾ ਰਿਹਾ ਹੈ। ਉਸ ਜਿੱਤ ਨੇ ਭਾਰਤੀ ਕ੍ਰਿਕਟ ਦਾ ਚਿਹਰਾ ਬਦਲ ਦਿੱਤਾ ਸੀ। ਮਹਿਲਾ ਕ੍ਰਿਕਟ ਦੇ ਨਾਲ ਅਜਿਹਾ ਹੋਣਾ ਹੋਰ ਜ਼ਿਆਦਾ ਆਸਾਨ ਹੈ ਕਿਉਂਕਿ ਉਦੋਂ ਦੇ ਮੁਕਾਬਲੇ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਰਥਿਕ ਪੱਖੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਸਮਰੱਥ ਹੈ।
ਦਰਅਸਲ, ਕ੍ਰਿਕਟ ਬੋਰਡ ਦੀ ਇਸ ਆਰਥਿਕ ਸਮਰੱਥਾ ਨੇ ਹੀ ਮਹਿਲਾ ਕ੍ਰਿਕਟਰਾਂ ਦੀ ਵਿਸ਼ਵ ਜੇਤੂ ਮੁਹਿੰਮ ਨੂੰ ਸਰਲ ਬਣਾਇਆ। ਬੀਸੀਸੀਆਈ ਨੇ 2006 ਵਿਚ ਮਹਿਲਾ ਕ੍ਰਿਕਟ ਦੀ ਕਮਾਨ ਆਪਣੇ ਹੱਥਾਂ ਵਿਚ ਲਈ ਸੀ। ਜੇਕਰ ਉਸ ਨੇ ਦੋ ਦਹਾਕਿਆਂ ਦੇ ਅੰਦਰ ਹੀ ਮਹਿਲਾ ਕ੍ਰਿਕਟਰਾਂ ਨੂੰ ਚੋਟੀ ’ਤੇ ਪਹੁੰਚਾ ਦਿੱਤਾ ਹੈ ਤਾਂ ਇਸ ਦਾ ਕਾਰਨ ਹੈ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਉਨ੍ਹਾਂ ਦੀ ਪੁਰਸਕਾਰ ਰਾਸ਼ੀ ਪੁਰਸ਼ਾਂ ਦੇ ਬਰਾਬਰ ਕਰਨਾ, ਉਨ੍ਹਾਂ ਨੂੰ ਉਨ੍ਹਾਂ ਵਰਗੇ ਸੋਮੇ ਮੁਹੱਈਆ ਕਰਵਾਉਣਾ ਅਤੇ ਮਹਿਲਾ ਪ੍ਰੀਮੀਅਰ ਲੀਗ ਸ਼ੁਰੂ ਕਰਨਾ।