ਭਾਰਤ ਲਈ ਆਟੋਮੈਟਿਕ ਰੋਬੋਟ ਤੇ ਡ੍ਰੋਨ ਤਕਨੀਕ ਵਿਚ ਬੜ੍ਹਤ ਗੁਆਂਢੀ ਮੁਲਕਾਂ ਵਿਚ ਅੱਤਵਾਦੀ ਅੱਡਿਆਂ ਨਾਲ ਨਿਪਟਣ ਵਿਚ ਵੀ ਮਦਦਗਾਰ ਬਣੇਗੀ।

ਰੂਸ ਯੂਕਰੇਨ ਨਾਲੋਂ ਦਸ ਗੁਣਾ ਸ਼ਕਤੀਸ਼ਾਲੀ ਪਰਮਾਣੂ ਮਹਾਸ਼ਕਤੀ ਹੈ ਪਰ ਚਾਰ ਸਾਲਾਂ ਦੀ ਲੰਬੀ ਜੰਗ ਦੇ ਬਾਵਜੂਦ ਯੂਕਰੇਨ ਨੂੰ ਝੁਕਾ ਨਹੀਂ ਸਕਿਆ। ਅਮਰੀਕਾ ਈਰਾਨ ਨਾਲੋਂ ਸੌ ਗੁਣਾ ਸ਼ਕਤੀਸ਼ਾਲੀ ਪਰਮਾਣੂ ਮਹਾਸ਼ਕਤੀ ਹੈ ਪਰ ਦੋ ਮਹੀਨਿਆਂ ਦੇ ਤਬਾਹਕੁੰਨ ਹਮਲਿਆਂ ਦੇ ਬਾਵਜੂਦ ਈਰਾਨ ਨੂੰ ਨਹੀਂ ਝੁਕਾ ਸਕਿਆ ਹੈ। ਕਾਰਨ ਸ਼ਾਇਦ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਪਿਛਲੇ ਮਹੀਨੇ ਦੇ ਉਸ ਦਾਅਵੇ ਵਿਚ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਫ਼ੌਜ ਦੇ ਆਟੋਮੈਟਿਕ ਰੋਬੋਟ ਵਾਹਨਾਂ ਅਤੇ ਡ੍ਰੋਨ ਪ੍ਰਣਾਲੀ ਨੇ ਇਕ ਰੂਸੀ ਮੋਰਚੇ ’ਤੇ ਕਬਜ਼ਾ ਕਰ ਲਿਆ ਅਤੇ ਤਿੰਨ ਰੂਸੀ ਸੈਨਿਕਾਂ ਨੂੰ ਬੰਦੀ ਬਣਾ ਲਿਆ। ਲੱਗਦਾ ਹੈ ਕਿ ਦੁਨੀਆ ਫਿਰ ਉਸ ਯੁੱਗ ਵਿਚ ਦਾਖ਼ਲ ਹੋ ਰਹੀ ਹੈ ਜਿੱਥੇ ਫ਼ੌਜਾਂ ਦੀ ਥਾਂ ਉਨ੍ਹਾਂ ਦੇ ਹਥਿਆਰਾਂ ਦਾ ਆਪਸ ਵਿਚ ਸੰਗਰਾਮ ਹੋਇਆ ਕਰੇਗਾ।
ਯੂਕਰੇਨ ਇਸ ਸਮੇਂ ਰੂਸੀ ਸੈਨਿਕਾਂ, ਵਾਹਨਾਂ ਅਤੇ ਟਿਕਾਣਿਆਂ ਨੂੰ ਨਸ਼ਟ ਕਰਨ, ਯੁੱਧ ਵਿਚ ਫਸੇ ਸੈਨਿਕਾਂ ਨੂੰ ਰਸਦ ਪਹੁੰਚਾਉਣ ਅਤੇ ਜ਼ਖ਼ਮੀ ਫ਼ੌਜੀਆਂ ਨੂੰ ਬਚਾਉਣ ਲਈ ਆਪਣੇ-ਆਪ ਹੀ ਕੰਮ ਕਰਨ ਵਾਲੀ ਰੋਬੋਟ ਪ੍ਰਣਾਲੀ ਦਾ ਇਸਤੇਮਾਲ ਕਰ ਰਿਹਾ ਹੈ। ਚਾਰ ਸਾਲਾਂ ਦੀ ਜੰਗ ਵਿਚ ਯੂਕਰੇਨ ਦੇ ਲਗਪਗ ਡੇਢ ਲੱਖ ਫ਼ੌਜੀ ਮਾਰੇ ਜਾ ਚੁੱਕੇ ਹਨ, ਇਸ ਲਈ ਉਹ ਰੂਸ ਦੀ ਸਰਹੱਦ ’ਤੇ 30 ਤੋਂ 40 ਕਿੱਲੋਮੀਟਰ ਚੌੜੀ ਪੱਟੀ ਨੂੰ ਅਜਿਹੇ ਖੇਤਰ ਵਿਚ ਬਦਲਣਾ ਚਾਹੁੰਦਾ ਹੈ ਜਿੱਥੇ ਆਟੋਮੈਟਿਕ ਰੋਬੋਟ ਅਤੇ ਡ੍ਰੋਨ ਦੁਸ਼ਮਣ ਨੂੰ ਦੇਖਦੇ ਹੀ ਮਾਰ ਸਕਣ। ਪਿਛਲੇ ਸਾਲ ਜੂਨ ਵਿਚ ਉਸ ਨੇ ਸੌ ਤੋਂ ਵੱਧ ਡ੍ਰੋਨਾਂ ਜ਼ਰੀਏ ਰੂਸ ਵਿਚ ਚਾਰ ਹਜ਼ਾਰ ਕਿੱਲੋਮੀਟਰ ਅੰਦਰ ਤੱਕ ਹਵਾਈ ਟਿਕਾਣਿਆਂ ਦੇ ਇਕ-ਤਿਹਾਈ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ ਸੀ। ਰੂਸ ਵੀ ਅਜਿਹੇ ਹਥਿਆਰਾਂ ਦੇ ਵਿਕਾਸ ਵਿਚ ਪਿੱਛੇ ਨਹੀਂ ਹੈ। ਯੂਕਰੇਨ ਨੇ ਪਿਛਲੇ ਸਾਲ ਰੂਸ ਦਾ ਇਕ ਅਜਿਹਾ ਡ੍ਰੋਨ ਫੜਿਆ ਸੀ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਜ਼ਰੀਏ ਚੱਲਣ ਕਾਰਨ ਦੁਸ਼ਮਣ ਦੇ ਟਿਕਾਣਿਆਂ ਦੀ ਖ਼ੁਦ ਭਾਲ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਸੀ। ਇਸ ਨੂੰ ਆਮ ਡ੍ਰੋਨ ਵਾਂਗ ਸਿਗਨਲ ਲੈਣ ਅਤੇ ਭੇਜਣ ਦੀ ਲੋੜ ਨਹੀਂ ਸੀ, ਇਸ ਲਈ ਉਸ ਨੂੰ ਜਾਮ ਵੀ ਨਹੀਂ ਕੀਤਾ ਜਾ ਸਕਦਾ ਸੀ। ਰੂਸ ਦੇ ਰੱਖਿਆ ਉਦਯੋਗ ਬਾਰੇ ਇਹ ਧਾਰਨਾ ਰਹੀ ਹੈ ਕਿ ਉਹ ਕੇਂਦਰੀ ਨਿਯੰਤਰਣ ਅਤੇ ਫ਼ੌਜ ਦੀਆਂ ਸੰਸਥਾਗਤ ਪਰੰਪਰਾਵਾਂ ਦੀ ਜਕੜ ਵਿਚ ਬੱਝਿਆ ਹੋਇਆ ਹੈ, ਜਿੱਥੇ ਕੋਈ ਵਿਆਪਕ ਬਦਲਾਅ ਬਹੁਤ ਮੁਸ਼ਕਲ ਨਾਲ ਹੁੰਦਾ ਹੈ। ਹਾਲਾਂਕਿ, ਯੂਕਰੇਨ ਜੰਗ ਦੀ ਸੱਟ ਨੇ ਉਸ ਦੀ ਰਵਾਇਤੀ ਸੋਚ ਨੂੰ ਬਦਲ ਦਿੱਤਾ ਹੈ।
ਇਸ ਲੜੀ ਵਿਚ ਰੂਸ ਨੇ ਸ਼ਰੂਆਤ ਈਰਾਨ ਦੇ ਸ਼ਾਹੀਨ ਡ੍ਰੋਨਾਂ ਜ਼ਰੀਏ ਕੀਤੀ ਸੀ ਜਿਨ੍ਹਾਂ ਵਿਚ ਸੁਧਾਰ ਕਰਦਿਆਂ ਹੋਇਆਂ ਉਹ ਆਜ਼ਾਦਾਨਾ ਤੌਰ ’ਤੇ ਕੰਮ ਕਰਨ ਵਾਲੇ ਡ੍ਰੋਨਾਂ ਤੱਕ ਪਹੁੰਚ ਗਿਆ ਹੈ। ਉਸ ਨੇ ਏਆਈ ਅਤੇ ਆਟੋਮੈਟਿਕ ਸ਼ਸਤਰਾਂ ਦੇ ਵਿਕਾਸ ਲਈ ਆਪਣੇ ਰੱਖਿਆ ਖੋਜ ਖੇਤਰ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਨਿੱਜੀ ਖੇਤਰ ਦੇ ਸਟਾਰਟਅੱਪ, ਪ੍ਰਯੋਗਸ਼ਾਲਾਵਾਂ ਅਤੇ ਇੱਥੋਂ ਤੱਕ ਕਿ ਕੁਝ ਸਕੂਲ ਵੀ ਡ੍ਰੋਨ ਅਤੇ ਰੱਖਿਆ ਉਪਕਰਨਾਂ ਵਿਚ ਏਆਈ ਨਾਲ ਖ਼ੁਦਮੁਖਤਾਰ ਸਮਰੱਥਾ ਦੇ ਵਿਕਾਸ ਵਿਚ ਲੱਗੇ ਹੋਏ ਹਨ। ਜੰਗ ਦੇ ਮੈਦਾਨ ਤੋਂ ਹਰ ਰੋਜ਼ ਹਜ਼ਾਰਾਂ ਵੀਡੀਓਜ਼ ਆਉਂਦੀਆਂ ਹਨ ਜਿਨ੍ਹਾਂ ਦਾ ਮੁਲਾਂਕਣ ਕਰ ਕੇ ਉਨ੍ਹਾਂ ਦੀ ਜਾਣਕਾਰੀ ਨੂੰ ਡ੍ਰੋਨ ਤੇ ਆਟੋਮੈਟਿਕ ਵਾਹਨਾਂ ਵਿਚ ਭਰਿਆ ਜਾਂਦਾ ਹੈ। ਆਟੋਮੈਟਿਕ ਡ੍ਰੋਨਾਂ ਅਤੇ ਰੋਬੋਟ ਵਾਹਨਾਂ ਨੂੰ ਮਨੁੱਖੀ ਅਧਿਕਾਰ ਕਾਰਕੁਨ 21ਵੀਂ ਸਦੀ ਦਾ ਪਰਮਾਣੂ ਬੰਬ ਦੱਸਦੇ ਹਨ। ਇਨ੍ਹਾਂ ਆਟੋਮੈਟਿਕ ਪ੍ਰਣਾਲੀਆਂ ਦੇ ਇਸਤੇਮਾਲ ਨਾਲ ਜਿੱਥੇ ਫ਼ੌਜੀਆਂ ਦੀ ਜਾਨ ਦਾ ਜੋਖ਼ਮ ਘੱਟ ਹੋਵੇਗਾ, ਓਥੇ ਹੀ ਆਮ ਨਾਗਰਿਕਾਂ ਦੀ ਜਾਨ ਦਾ ਜੋਖ਼ਮ ਵਧ ਸਕਦਾ ਹੈ ਕਿਉਂਕਿ ਏਆਈ ਨਾਲ ਕੰਮ ਕਰ ਰਿਹਾ ਡ੍ਰੋਨ ਸੈਨਿਕ ਅਤੇ ਨਾਗਰਿਕ ਵਿਚਾਲੇ ਫ਼ਰਕ ਕਿਵੇਂ ਕਰ ਸਕੇਗਾ?
ਲੜ ਰਹੇ ਫ਼ੌਜੀ ਅਤੇ ਸਮਰਪਣ ਕਰ ਰਹੇ ਫ਼ੌਜੀ ਵਿਚ ਕਿਵੇਂ ਫ਼ਰਕ ਕਰ ਸਕੇਗਾ? ਰੂਸ ਤਾਂ ਇਹ ਸਭ ਚਾਰ ਸਾਲਾਂ ਤੋਂ ਚੱਲ ਰਹੀ ਜੰਗ ਜਿੱਤਣ ਲਈ ਬਣਾ ਰਿਹਾ ਹੈ ਕਿਉਂਕਿ ਉਸ ਨੂੰ ਯੂਕਰੇਨ ਦੇ ਨਾਗਰਿਕਾਂ ਨੂੰ ਹੋਣ ਵਾਲੇ ਨੁਕਸਾਨ ਦੀ ਪਰਵਾਹ ਨਹੀਂ ਹੈ ਪਰ ਯੂਰਪ, ਅਮਰੀਕਾ ਤੇ ਭਾਰਤ ਵਰਗੇ ਦੇਸ਼ਾਂ ਨੂੰ ਆਟੋਮੈਟਿਕ ਪ੍ਰਣਾਲੀਆਂ ਦੇ ਜੋਖ਼ਮ ’ਤੇ ਵੀ ਵਿਚਾਰ ਕਰਨਾ ਹੋਵੇਗਾ। ਇਸ ਦੇ ਬਾਵਜੂਦ ਅਮਰੀਕਾ ਪੂਰੇ ਜੋਸ਼ ਨਾਲ ਖ਼ੁਦਮੁਖਤਾਰ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਵਿਚ ਰੁੱਝਿਆ ਹੋਇਆ ਹੈ। ਕਿਉਂਕਿ ਉਸ ਨੇ ਈਰਾਨ ਨਾਲ ਹੋਈ ਜੰਗ ਵਿਚ ਡ੍ਰੋਨ ਦੀ ਮਾਰੂ ਸਮਰੱਥਾ ਦੇਖ ਲਈ ਹੈ, ਇਸ ਲਈ ਰੱਖਿਆ ਮੰਤਰੀ ਪੀਟ ਹੇਗਸੇਥ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਏਆਈ ਦੀ ਸਭ ਤੋਂ ਵੱਡੀ ਰੱਖਿਆ ਸ਼ਕਤੀ ਬਣਨਾ ਹੈ। ਇਸ ਨੂੰ ਹੀ ਧਿਆਨ ਵਿਚ ਰੱਖਦੇ ਹੋਏ ਪੈਂਟਾਗਨ ਨੇ ਏਆਈ ਵਿਕਾਸ ਵਿਚ ਮੋਹਰੀ ਗੂਗਲ, ਓਪਨ ਏਆਈ, ਐਮਾਜ਼ੋਨ, ਮਾਈਕ੍ਰੋਸਾਫਟ, ਸਪੇਸ ਐਕਸ, ਓਰੈਕਲ ਅਤੇ ਐਨਵੀਡੀਆ ਵਰਗੀਆਂ ਕੰਪਨੀਆਂ ਦੇ ਨਾਲ ਕਦਮਤਾਲ ਸ਼ੁਰੂ ਕੀਤੀ ਹੈ। ਡ੍ਰੋਮ ਵਿਕਾਸ ਲਈ ਸੰਭਵ ਤੌਰ ’ਤੇ ਉਸ ਨੂੰ ਯੂਕਰੇਨ ਤੋਂ ਹੀ ਮਦਦ ਲੈਣੀ ਹੋਵੇਗੀ ਜੋ ਇਸ ਸਮੇਂ ਡ੍ਰੋਨ ਵਿਕਾਸ ਦੇ ਮੋਰਚੇ ’ਤੇ ਬਹੁਤ ਉੱਚੇ ਪਾਏਦਾਨ ’ਤੇ ਹਨ। ਹਾਲ ਹੀਵਿਚ ਉਸ ਨੇ ਮਾਰੀਸ਼ਿਅਨ ਨਾਂ ਦੇ ਖ਼ੁਦਮੁਖਤਾਰ ਡ੍ਰੋਨ ਦਾ ਪ੍ਰੀਖਣ ਸ਼ੁਰੂ ਕੀਤਾ ਹੈ ਜੋ 300 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਦਾ ਹੈ ਤੇ ਡ੍ਰੋਨ ਟੋਹੀ ਰਾਡਾਰਾਂ ਦੀ ਪਕੜ ਵਿਚ ਵੀ ਨਹੀਂ ਆਉਂਦਾ।
ਭਾਰਤ ਦਾ ਰੱਖਿਆ ਤੰਤਰ ਵੀ ਹਥਿਆਰਾਂ ਦੀ ਖ਼ਰੀਦ ਜਾਂ ਵਿਕਾਸ ਦੀਆਂ ਸੰਸਥਾਗਤ ਪਰੰਪਰਾਵਾਂ ਵਿਚ ਬੱਝਿਆ ਹੋਇਆ ਹੈ। ਨਵੇਂ ਹਥਿਆਰਾਂ ਦਾ ਪ੍ਰੀਖਣ ਕਰ ਕੇ ਫ਼ੌਜ ਦੇ ਸਾਰੇ ਅੰਗਾਂ ਨਾਲ ਤਾਲਮੇਲ ਬਿਠਾਉਣ ਵਿਚ ਸਮਾਂ ਲੱਗਦਾ ਹੈ, ਜਦਕਿ ਖ਼ੁਦਮੁਖਤਾਰ ਰੋਬੋਟ ਤੇ ਡ੍ਰੋਨ ਪ੍ਰਣਾਲੀਆਂ ਦਾ ਵਿਕਾਸ ਇੰਨੀ ਤੇਜ਼ੀ ਨਾਲ ਹੋ ਰਿਹਾ ਹੈ ਕਿ ਕੁਝ ਮਹੀਨਿਆਂ ਵਿਚ ਹੀ ਉਨ੍ਹਾਂ ਦੀ ਕਾਟ ਲੱਭ ਲਈ ਜਾਂਦੀ ਹੈ ਅਤੇ ਉਨ੍ਹਾਂ ਦੇ ਹੋਰ ਉੱਨਤ ਰੂਪਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਸ ਲਈ ਇਸ ਹੋੜ ਵਿਚ ਅੱਗੇ ਬਣੇ ਰਹਿਣ ਲਈ ਰੱਖਿਆ ਕੰਪਨੀਆਂ ਦੇ ਨਾਲ-ਨਾਲ ਨਿੱਜੀ ਖੇਤਰ ਅਤੇ ਸਟਾਰਟਅੱਪਸ ਦੀਆਂ ਪ੍ਰਤਿਭਾਵਾਂ ਦਾ ਸਹਿਯੋਗ ਲੈਣਾ ਵੀ ਜ਼ਰੂਰੀ ਹੈ। ਉਨ੍ਹਾਂ ਦੇ ਸਹਿਯੋਗ ਨਾਲ ਹੀ ਚੀਨ ਰੋਬੋਟ ਮਾਨਵਾਂ ਦੇ ਵਿਕਾਸ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਨਿਕਲ ਗਿਆ ਹੈ। ਬੀਤੇ ਮਹੀਨੇ ਬੀਜਿੰਗ ਵਿਚ ਹੋਈ ਮਾਨਵ ਤੇ ਰੋਬੋਕ ਦੌੜਾਕਾਂ ਦੀ 21 ਕਿੱਲੋਮੀਟਰ ਲੰਬੀ ਮੈਰਾਥਨ ਦੌੜ ਵਿਚ ਚੀਨੀ ਮੋਬਾਈਲ ਕੰਪਨੀ ਦੇ ਰੋਬੋਟ ਮਾਨਵ ਲਾਈਟਨਿੰਗ ਨੇ ਵਿਸ਼ਵ ਰਿਕਾਰਡ ਸੱਤ ਮਿੰਟਾਂ ਨਾਲ ਤੋੜ ਦਿੱਤਾ।
ਭਾਰਤ ਲਈ ਖ਼ੁਦਮੁਖਤਾਰ ਰੋਬੋਟ ਤੇ ਡ੍ਰੋਨ ਤਕਨੀਕ ਵਿਚ ਬੜ੍ਹਤ ਗੁਆਂਢੀ ਦੇਸ਼ਾਂ ਵਿਚ ਅੱਤਵਾਦ ਦੇ ਅੱਡਿਆਂ ਨਾਲ ਸਿੱਝਣ ਵਿਚ ਵੀ ਮਦਦਗਾਰ ਬਣੇਗੀ। ਜ਼ਰੂਰਤ ਪੈਣ ’ਤੇ ਖ਼ੁਦਮੁਖਤਾਰ ਰੋਬੋਟ ਤੇ ਡ੍ਰੋਨ ਪ੍ਰਣਾਲੀ ਦੀ ਮਦਦ ਨਾਲ ਕਰੋੜਾਂ ਡਾਲਰ ਦੇ ਜੰਗੀ ਜਹਾਜ਼ਾਂ ਅਤੇ ਟਰੇਂਡ ਪਾਇਲਟਾਂ ਨੂੰ ਜੋਖ਼ਮ ਵਿਚ ਪਾਏ ਬਿਨਾਂ ਆਪ੍ਰੇਸ਼ਨ ਸਿੰਧੂਰ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ ਰੱਖਿਆ ਮਾਹਿਰ ਇਹ ਚਿਤਾਵਨੀ ਵੀ ਦਿੰਦੇ ਹਨ ਕਿ ਜੇ ਇਸ ਤਰ੍ਹਾਂ ਦੇ ਖ਼ੁਦਮੁਖਤਾਰ ਡ੍ਰੋਨ ਤੇ ਰੋਬੋਟ ਅੱਤਵਾਦੀ ਸੰਗਠਨਾਂ ਦੇ ਹੱਥ ਲੱਗ ਜਾਣ ਤਾਂ ਇਹ ਗੰਭੀਰ ਸਮੱਸਿਆ ਬਣ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਚਾਅ ਲਈ ਤਿਆਰ ਹੋ ਰਹੇ ਹਥਿਆਰਾਂ ਦੇ ਵਿਕਾਸ ’ਤੇ ਵੀ ਓਨਾ ਹੀ ਧਿਆਨ ਦੇਣ ਦੀ ਜ਼ਰੂਰਤ ਹੈ। ਇਜ਼ਰਾਈਲ, ਬ੍ਰਿਟੇਨ ਅਤੇ ਅਮਰੀਕਾ ਨੇ ਅਜਿਹੀ ਲੇਜ਼ਰ ਗੰਨ ਦਾ ਵਿਕਾਸ ਕੀਤਾ ਹੈ ਜੋ ਇਕ ਕਿੱਲੋਮੀਟਰ ਦੀ ਦੂਰੀ ਤੋਂ ਹੀ ਡ੍ਰੋਨ ਨੂੰ ਸੁੱਟ ਸਕਦੀ ਹੈ ਅਤੇ ਪੈਟ੍ਰੀਅਟ ਤੇ ਐੱਸ-400 ਵਰਗੀਆਂ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੀ ਤੁਲਨਾ ਵਿਚ ਬੇਹੱਦ ਸਸਤੀ ਹੈ ਪਰ ਇਸ ਦਾ ਦੂਜਾ ਪੱਖ ਵੀ ਹੈ ਕਿ ਇਕ ਤਾਂ ਇਹ ਕੋਹਰੇ ਅਤੇ ਬਰਸਾਤ ਵਿਚ ਓਨੀ ਕਾਰਗਰ ਨਹੀਂ ਰਹਿੰਦੀ, ਦੂਜਾ ਨਿਸ਼ਾਨਾ ਖੁੰਝਣ ਜਾਂ ਡਿੱਗਣ ’ਤੇ ਜਹਾਜ਼ਾਂ ਤੇ ਉਪਗ੍ਰਹਿਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਡਰੋਨ ਰੱਖਿਆ ’ਤੇ ਹਾਲੇ ਹੋਰ ਬਹੁਤ ਕੰਮ ਹੋਣਾ ਬਾਕੀ ਹੈ।
-ਸ਼ਿਵਕਾਂਤ ਸ਼ਰਮਾ
-(ਲੇਖਕ ਬੀਬੀਸੀ ਹਿੰਦੀ ਦੇ ਸਾਬਕਾ ਸੰਪਾਦਕ ਹਨ)।