ਸਾਨੂੰ ਸਾਫ਼ ਤੌਰ ’ਤੇ ਅਤੇ ਸਰਬਸੰਮਤੀ ਨਾਲ ਇਹ ਕਹਿਣਾ ਹੋਵੇਗਾ ਕਿ ਅੱਤਵਾਦ ’ਤੇ ਕੋਈ ਵੀ ਦੋਹਰਾ ਮਾਪਦੰਡ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਗਾਮ ਵਿਚ ਅੱਤਵਾਦੀ ਹਮਲਾ ਨਾ ਸਿਰਫ਼ ਭਾਰਤ ਉੱਪਰ ਸੀ ਬਲਕਿ ਮਾਨਵਤਾ ’ਤੇ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਅਤੇ ਲੋਕਾਂ ਲਈ ਇਕ ਖੁੱਲ੍ਹੀ ਚੁਣੌਤੀ ਸੀ।
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਘੋਸ਼ਣਾ ਪੱਤਰ ਵਿਚ ਪਾਕਿਸਤਾਨ ਦੀ ਮੌਜੂਦਗੀ ’ਚ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਤੇ ਉਸ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਬਾਬਤ ਮੋਹਰ ਲੱਗਣੀ ਭਾਰਤ ਦੀ ਵੱਡੀ ਕੂਟਨੀਤਕ ਕਾਮਯਾਬੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਾਪਾਨ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਜਾਪਾਨੀ ਹਮਰੁਤਬਾ ਸ਼ਿਗੇਰੂ ਇਸ਼ਿਬਾ ਨਾਲ ਟੋਕੀਓ ਵਿਚ ਸਿਖਰ ਵਾਰਤਾ ਕੀਤੀ ਤੇ ਉਸ ਮਗਰੋਂ ਫ਼ੈਸਲਾ ਲਿਆ ਗਿਆ ਕਿ ਜਾਪਾਨ ਭਾਰਤ ਵਿਚ ਦਸ ਅਰਬ ਯੇਨ ਦਾ ਨਿਵੇਸ਼ ਕਰੇਗਾ। ਅਹਿਮ ਖਣਿਜਾਂ, ਰੱਖਿਆ ਤੇ ਤਕਨਾਲੋਜੀ ਸਣੇ ਹੋਰ ਖੇਤਰਾਂ ਵਿਚ ਸਹਿਯੋਗ ਵਧਾਏਗਾ। ਭਾਰਤ ਦੇ ਪ੍ਰਧਾਨ ਮੰਤਰੀ ਪਿਛਲੇ ਸੱਤਾਂ ਸਾਲਾਂ ਬਾਅਦ ਚੀਨ ਦੇ ਦੌਰੇ ’ਤੇ ਗਏ ਸਨ। ਫਿਰ ਚੀਨ ਦੇ ਤਿਆਨਜਿਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਅਤੇ ਉਸ ਤੋਂ ਬਾਅਦ 26 ਮੈਂਬਰੀ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਦੇ ਨਤੀਜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਪਰੇਸ਼ਾਨੀ ਵਾਲੇ ਘਟਨਾਕ੍ਰਮ ਹਨ। ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕਾਰ ਵਿਚ ਤਕਰੀਬਨ 45 ਮਿੰਟ ਗੁਪਤ ਗੱਲਬਾਤ ਹੋਈ। ਭਾਰਤ ’ਤੇ 50% ਟਰੰਪ ਟੈਰਿਫ ਵਿਚਾਲੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿਚ ਪੀਐੱਮ ਮੋਦੀ ਨੇ ਕਿਹਾ ਭਾਰਤ ਤੇ ਰੂਸ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਇਕੱਠੇ ਰਹੇ ਹਨ। ਇਸ ਸਿਖਰ ਸੰਮੇਲਨ ਵਿਚ ਸਾਫ਼ ਸ਼ਬਦਾਂ ਵਿਚ ਜਿਸ ਤਰ੍ਹਾਂ ਦਹਿਸ਼ਤਗਰਦੀ ਵਿਰੁੱਧ ਲੜਾਈ ਦੀ ਗੱਲ ਸ਼ਾਮਲ ਕੀਤੀ ਗਈ ਹੈ, ਉਹ ਭਾਰਤ ਦੀ ਕੂਟਨੀਤਕ ਜਿੱਤ ਦਰਸਾਉਂਦੀ ਹੈ।
ਦਰਅਸਲ ਅੱਤਵਾਦ ਦੇ ਮੁੱਦੇ ’ਤੇ ਭਾਰਤ ਲਗਾਤਾਰ ਕੁਝ ਤਾਕਤਵਰ ਦੇਸ਼ਾਂ ਤੋਂ ਆਪਣਾ ਪੱਖ ਸਪਸ਼ਟ ਕਰਨ ਦੀ ਮੰਗ ਕਰਦਾ ਆ ਰਿਹਾ ਸੀ। ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪਿਛਲੇ ਚਾਰ ਦਹਾਕਿਆਂ ਤੋਂ ਅੱਤਵਾਦ ਦਾ ਡੰਗ ਝੱਲ ਰਿਹਾ ਹੈ। ਸਾਨੂੰ ਸਾਫ਼ ਤੌਰ ’ਤੇ ਅਤੇ ਸਰਬਸੰਮਤੀ ਨਾਲ ਇਹ ਕਹਿਣਾ ਹੋਵੇਗਾ ਕਿ ਅੱਤਵਾਦ ’ਤੇ ਕੋਈ ਵੀ ਦੋਹਰਾ ਮਾਪਦੰਡ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਗਾਮ ਵਿਚ ਅੱਤਵਾਦੀ ਹਮਲਾ ਨਾ ਸਿਰਫ਼ ਭਾਰਤ ਉੱਪਰ ਸੀ ਬਲਕਿ ਮਾਨਵਤਾ ’ਤੇ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਅਤੇ ਲੋਕਾਂ ਲਈ ਇਕ ਖੁੱਲ੍ਹੀ ਚੁਣੌਤੀ ਸੀ। ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਵਿਰੁੱਧ ਪ੍ਰਸਤਾਵ ਪਾਸ ਕਰਨਾ ਭਾਰਤ ਦੀ ਅਹਿਮ ਪ੍ਰਾਪਤੀ ਹੈ ਕਿਉਂਕਿ ਇਸ ਸੰਗਠਨ ਦੇ ਪਿਛਲੇ ਸੰਮੇਲਨ ਵਿਚ ਇਸ ਮੁੱਦੇ ਨੂੰ ਘੋਸ਼ਣਾ ਪੱਤਰ ਵਿਚ ਸ਼ਾਮਲ ਕਰਨ ਬਾਰੇ ਸਹਿਮਤੀ ਨਹੀਂ ਬਣੀ ਸੀ। ਹੁਣ ਐੱਸਸੀਓ ਦੇ ਮੈਂਬਰ ਦੇਸ਼ਾਂ ਨੇ ਅੱਤਵਾਦ ਦੀ ਸਮੱਸਿਆ ਬਾਰੇ ਭਾਰਤ ਦੇ ਪੱਖ ਵਿਚ ਸੰਵੇਦਨਸ਼ੀਲਤਾ ਵਿਖਾਈ ਤੇ ਅੱਤਵਾਦ ਖ਼ਿਲਾਫ਼ ਮੁਹਿੰਮ ਚਲਾਉਣ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਜਤਾਈ ਹੈ। ਵੱਡਾ ਸਵਾਲ ਇਹ ਹੈ ਕਿ ਭਾਰਤ ਵਿਚ ਅੱਤਵਾਦ ਦੀ ਸਮੱਸਿਆ ਦੇ ਸਰੋਤ ਦੇ ਰੂਪ ’ਚ ਜੇ ਪਾਕਿਸਤਾਨ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦਾ ਤੇ ਦੂਸਰੇ ਪਾਸੇ ਚੀਨ ਇਸ ਦੀ ਅਣਦੇਖੀ ਕਰਦਾ ਹੈ ਤਾਂ ਇਸ ਨੂੰ ਕਿਸ ਤਰ੍ਹਾਂ ਵੇਖਿਆ ਜਾਵੇਗਾ। ਹੁਣ ਇਸ ਸੰਮੇਲਨ ਦੇ ਘੋਸ਼ਣਾ ਪੱਤਰ ਵਿਚ ਜਿਸ ਤਰ੍ਹਾਂ ਸਾਰੇ ਮੈਂਬਰ ਦੇਸ਼ਾਂ ਵੱਲੋਂ ਪਹਿਲਗਾਮ ਦੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ, ਇਹ ਭਾਰਤ ਦੀ ਚਿੰਤਾ ਨੂੰ ਰੇਖਾਂਕਿਤ ਕਰਦੀ ਹੈ।
ਘੋਸ਼ਣਾ ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਅਜਿਹੇ ਦਹਿਸ਼ਤੀ ਹਮਲਿਆਂ ਦੇ ਮੁਲਜ਼ਮਾਂ, ਸਾਜ਼ਿਸ਼ਘਾੜਿਆਂ ਤੇ ਸਰਪ੍ਰਸਤਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਅੱਤਵਾਦੀਆਂ ਦੀ ਘੁਸਪੈਠ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਤੁਰਕੀ ਅਤੇ ਕਈ ਹੋਰ ਮੁਲਕਾਂ ਦੇ ਆਗੂਆਂ ਦੀ ਹਾਜ਼ਰੀ ਵਿਚ ਕਿਹਾ ਕਿ ਅੱਤਵਾਦ ਵਿਰੁੱਧ ਜੰਗ ‘ਮਾਨਵਤਾ ਪ੍ਰਤੀ ਸਾਡਾ ਫ਼ਰਜ਼ ਹੈ’। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਸਾਫ਼ ਸ਼ਬਦਾਂ ਵਿਚ ਕਹਿਣਾ ਜ਼ਰੂਰੀ ਹੈ ਕਿ ਅੱਤਵਾਦ ਦੀ ਖੁੱਲ੍ਹੀ ਹਮਾਇਤ ਸਾਨੂੰ ਕਦੇ ਵੀ ਸਵੀਕਾਰ ਨਹੀਂ ਹੋਵੇਗੀ। ਇਸ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਖੁੱਲ੍ਹਮ-ਖੁੱਲ੍ਹਾ ਭਾਰਤ ਨਾਲ ਖੜ੍ਹੇ ਨਜ਼ਰ ਆਏ। ਇਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ ਵੀ ਮੰਨਿਆ ਜਾ ਸਕਦਾ ਹੈ। ਇਸ ਤੋਂ ਇਕ ਗੱਲ ਹੋਰ ਸਪਸ਼ਟ ਹੋਈ ਕਿ ਭਾਰਤ ਤੇ ਰੂਸ ਦੀ ਦੋਸਤੀ ਇਕ ਵਾਰ ਫਿਰ ਤੋਂ ਸਪਸ਼ਟ ਰੂਪ ਵਿਚ ਸਾਹਮਣੇ ਆਈ ਹੈ। ਪਿਛਲੇ ਮਹੀਨੇ ਅਲਾਸਕਾ (ਅਮਰੀਕਾ) ਵਿਚ ਯੂਕਰੇਨ-ਰੂਸ ਯੁੱਧ ਨੂੰ ਸਮਾਪਤ ਕਰਵਾਉਣ ਲਈ ਟਰੰਪ ਤੇ ਪੁਤਿਨ ਵਿਚਾਲੇ ਸ਼ਾਂਤੀ ਵਾਰਤਾ ਬੇਨਤੀਜਾ ਰਹੀ ਸੀ। ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਦੌਰਾਨ ਮੋਦੀ ਵੱਲੋਂ ਪੁਤਿਨ ਨੂੰ ਜੰਗ ਖ਼ਤਮ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਨਵਤਾ ਦੀ ਪੁਕਾਰ ਹੈ। ਇਸ ਤੋਂ ਪਹਿਲਾਂ ਮੋਦੀ ਨੇ ਫੋਨ ’ਤੇ ਗੱਲਬਾਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਦੱਸਿਆ ਸੀ ਕਿ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਜ਼ੇਲੈਂਸਕੀ ਨੇ ਕਿਹਾ ਸੀ ਕਿ ਯੁੱਧ ਦਾ ਅੰਤ ਜੰਗਬੰਦੀ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਇਹ ਕੋਈ ਛੁਪਿਆ ਹੋਇਆ ਤੱਥ ਨਹੀਂ ਹੈ ਕਿ ਪਾਕਿਸਤਾਨ ਸਥਿਤ ਟਿਕਾਣਿਆਂ ਤੋਂ ਆਪਣੀਆਂ ਗਤੀਵਿਧੀਆਂ ਸੰਚਾਲਤ ਕਰਨ ਵਾਲੇ ਅੱਤਵਾਦੀ ਸੰਗਠਨਾਂ ਨੂੰ ਪਾਲਣ-ਪੋਸਣ ਵਾਲੇ ਕੌਣ ਹਨ। ਇਸ ਦੇ ਬਾਵਜੂਦ ਚੀਨ ਤੇ ਤੁਰਕੀ ਕਈ ਮੌਕਿਆਂ ’ਤੇ ਪਾਕਿਸਤਾਨ ਦੀ ਮਦਦ ਕਰਦੇ ਰਹੇ ਹਨ ਜਿਸ ਤੋਂ ਭਾਰਤ ਦੀਆਂ ਪਰੇਸ਼ਾਨੀਆਂ ਵਿਚ ਵਾਧਾ ਹੁੰਦਾ ਹੈ।
ਚੀਨ ’ਚ ਹੋਏ ਐੱਸਸੀਓ ਦੇ ਸਿਖਰ ਸੰਮੇਲਨ ’ਚ ਜਾਰੀ ਕੀਤੇ ਘੋਸ਼ਣਾ ਪੱਤਰ ’ਚ ਪਹਿਲਗਾਮ ਹਮਲੇ ਤੇ ਦਹਿਸ਼ਤਗਰਦੀ ਦੀ ਨਿੰਦਾ ਕੀਤੀ ਜਾਣੀ ਪਾਕਿਸਤਾਨ ਤੇ ਉਸ ਦਾ ਬਚਾਅ ਕਰਨ ਵਾਲੇ ਦੇਸ਼ਾਂ ਵਾਸਤੇ ਇਕ ਸਾਫ਼ ਸੰਦੇਸ਼ ਵੀ ਹੈ। ਇਸ ਸੰਮੇਲਨ ਨੂੰ ਰਾਸ਼ਟਰ ਮੁਖੀਆਂ ਦੇ ਪੱਧਰ ’ਤੇ ਤੇ ਘਰੇਲੂ ਕੂਟਨੀਤਕ ਬੈਠਕਾਂ ’ਚ ਸਭ ਤੋਂ ਅਹਿਮ ਆਯੋਜਨਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਵੈਸੇ ਵੀ ਸ਼ੰਘਾਈ ਸਹਿਯੋਗ ਸੰਗਠਨ ਦੀ ਸ਼ੁਰੂਆਤ ਅੱਤਵਾਦ ਵਿਰੁੱਧ ਲੜਾਈ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤੀ ਦੇਣ ਦੇ ਮਕਸਦ ਨਾਲ ਹੀ ਹੋਈ ਸੀ। ਇਸ ਸੰਮੇਲਨ ’ਚ ਸ਼ਾਮਲ ਦੇਸ਼ਾਂ ਦੇ ਦਸ ਸਾਲਾਂ ਦੇ ਵਿਕਾਸ ਦੀ ਰਣਨੀਤੀ, ਸੁਰੱਖਿਆ, ਅਰਥ-ਵਿਵਸਥਾ, ਆਪਸੀ ਸਬੰਧਾਂ ਅਤੇ ਸੱਭਿਆਚਾਰਕ ਸਹਿਯੋਗ ਦੇ ਮੁੱਦਿਆਂ ਨੂੰ ਸੰਜੀਦਗੀ ਨਾਲ ਵਿਚਾਰਿਆ ਗਿਆ। ਕੁੱਲ ਮਿਲਾ ਕੇ ਇਸ ਸੰਮੇਲਨ ਨੂੰ ਪਾਕਿਸਤਾਨ ਲਈ ਇਕ ਝਟਕਾ ਜਦਕਿ ਭਾਰਤ ਲਈ ਵੱਡੀ ਕੂਟਨੀਤਕ ਕਾਮਯਾਬੀ ਦੇ ਤੌਰ ’ਤੇ ਵੇਖਿਆ ਜਾ ਸਕਦਾ ਹੈ।
-ਮੁਖ਼ਤਾਰ ਗਿੱਲ
-ਸੰਪਰਕ : 98140-82217