ਅੱਜ ਦੇ ਛੋਟੇ ਪਰਿਵਾਰਾਂ ਵਿਚ ਬਜ਼ੁਰਗਾਂ ਦਾ ਹੱਥ ਸਿਰ 'ਤੇ ਨਾ ਹੋਣ ਕਾਰਨ ਮਾਮੂਲੀ ਗੱਲਾਂ ਅਤੇ ਆਪਸੀ ਹਉਮੈ ਦੇ ਟਕਰਾਅ ਅਦਾਲਤਾਂ ਤੱਕ ਪਹੁੰਚ ਜਾਂਦੇ ਹਨ। ਸੋਸ਼ਲ ਮੀਡੀਆ ਦੀ ਬਣਾਵਟੀ ਦੁਨੀਆ ਵੀ ਲੋਕਾਂ ਦੀਆਂ ਉਮੀਦਾਂ ਨੂੰ ਅਸਲੀਅਤ ਤੋਂ ਦੂਰ ਲੈ ਗਈ ਹੈ, ਜਿਸ ਨਾਲ ਰਿਸ਼ਤਿਆਂ ਵਿਚ ਸ਼ੱਕ, ਬੇਵਫ਼ਾਈ ਅਤੇ ਅਸੰਤੁਸ਼ਟਤਾ ਵਧ ਰਹੀ ਹੈ।

ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਤਲਾਕ ਦੇ ਮਾਮਲਿਆਂ ਵਿਚ ਹੋ ਰਿਹਾ ਬੇਤਹਾਸ਼ਾ ਵਾਧਾ ਬੇਹੱਦ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਬਣ ਚੁੱਕਾ ਹੈ। ਇਕ ਸਮਾਂ ਸੀ ਜਦੋਂ ਪੰਜਾਬੀ ਸਮਾਜ ਵਿਚ ਵਿਆਹ ਨੂੰ ਕੇਵਲ ਦੋ ਇਨਸਾਨਾਂ ਦਾ ਮੇਲ ਨਹੀਂ, ਬਲਕਿ ਦੋ ਪਰਿਵਾਰਾਂ ਦੀ ਆਪਸੀ ਸਾਂਝ, ਪਵਿੱਤਰਤਾ ਅਤੇ ਜਨਮ-ਜਨਮਾਂਤਰ ਦਾ ਅਟੁੱਟ ਰਿਸ਼ਤਾ ਮੰਨਿਆ ਜਾਂਦਾ ਸੀ।
ਸਮਾਜਿਕ ਤਾਣੇ-ਬਾਣੇ ਵਿਚ ਪਰਿਵਾਰਕ ਕਦਰਾਂ-ਕੀਮਤਾਂ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਕਿ ਰਿਸ਼ਤਿਆਂ ਵਿਚ ਆਉਣ ਵਾਲੀਆਂ ਤਰੇੜਾਂ ਨੂੰ ਬਜ਼ੁਰਗ ਆਪ ਬੈਠ ਕੇ ਸੁਲਝਾ ਲੈਂਦੇ ਸਨ ਅਤੇ ਅਦਾਲਤਾਂ ਦੇ ਚੱਕਰ ਕੱਟਣ ਨੂੰ ਸਮਾਜ ਵਿਚ ਬਹੁਤ ਬੁਰਾ ਸਮਝਿਆ ਜਾਂਦਾ ਸੀ। ਪਰ ਅੱਜ ਦੇ ਆਧੁਨਿਕ, ਉਦਯੋਗਿਕ ਅਤੇ ਬਦਲਦੇ ਦੌਰ ਵਿਚ ਇਹ ਸਾਰੀਆਂ ਧਾਰਨਾਵਾਂ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਪੰਜਾਬ ਦੀਆਂ ਫੈਮਿਲੀ ਕੋਰਟਾਂ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦੀਆਂ ਹਨ ਕਿ ਸਾਡੀ ਪਰਿਵਾਰਕ ਸੰਸਥਾ ਅੰਦਰੋਂ ਖੋਖਲੀ ਹੁੰਦੀ ਜਾ ਰਹੀ ਹੈ।
ਇਸ ਸਮੱਸਿਆ ਦੇ ਪਿੱਛੇ ਕੋਈ ਇਕ ਕਾਰਨ ਨਹੀਂ, ਬਲਕਿ ਕਈ ਸਮਾਜਿਕ, ਆਰਥਿਕ ਅਤੇ ਮਾਨਸਿਕ ਤਬਦੀਲੀਆਂ ਜ਼ਿੰਮੇਵਾਰ ਹਨ। ਪੰਜਾਬ ਦੇ ਮੌਜੂਦਾ ਹਾਲਾਤ ਵਿਚ ਸਭ ਤੋਂ ਵੱਡਾ ਕੋਹੜ ਨਸ਼ਾ ਹੈ, ਜੋ ਹੱਸਦੇ-ਖੇਡਦੇ ਪਰਿਵਾਰਾਂ ਦੇ ਉੱਜੜਨ ਦਾ ਮੁੱਖ ਕਾਰਨ ਬਣ ਰਿਹਾ ਹੈ।
ਜਦੋਂ ਘਰ ਦਾ ਮੁਖੀ ਜਾਂ ਪਤੀ ਨਸ਼ੇ ਦੀ ਦਲਦਲ ਵਿਚ ਫਸ ਜਾਂਦਾ ਹੈ, ਤਾਂ ਘਰ ਵਿਚ ਆਰਥਿਕ ਤੰਗੀ, ਮਾਨਸਿਕ ਪਰੇਸ਼ਾਨੀ ਅਤੇ ਘਰੇਲੂ ਹਿੰਸਾ ਦਾ ਨੰਗਾ ਨਾਚ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਰਿਸ਼ਤੇ ਦਾ ਦਮ ਘੁਟਣ ਲੱਗਦਾ ਹੈ। ਇਸ ਦੇ ਨਾਲ ਹੀ ਸਮੇਂ ਦੇ ਬਦਲਣ ਨਾਲ ਔਰਤਾਂ ਦੀ ਸਿੱਖਿਆ ਅਤੇ ਆਰਥਿਕ ਆਜ਼ਾਦੀ ਵਿਚ ਵੱਡਾ ਉਛਾਲ ਆਇਆ ਹੈ। ਅੱਜ ਦੀ ਪੰਜਾਬੀ ਕੁੜੀ ਪੜ੍ਹੀ-ਲਿਖੀ ਹੈ, ਆਪਣੇ ਪੈਰਾਂ 'ਤੇ ਖੜ੍ਹੀ ਹੈ ਅਤੇ ਆਤਮ-ਨਿਰਭਰ ਹੈ। ਪੁਰਾਣੇ ਸਮੇਂ ਵਾਂਗ ਹੁਣ ਔਰਤਾਂ ਆਰਥਿਕ ਨਿਰਭਰਤਾ ਕਾਰਨ ਅੱਤਿਆਚਾਰ ਜਾਂ ਮਾਨਸਿਕ ਪੀੜਾ ਸਹਿਣ ਦੀ ਬਜਾਏ, ਆਪਣੇ ਆਤਮ-ਸਨਮਾਨ ਦੀ ਖ਼ਾਤਰ ਅਜਿਹੇ ਨਰਕ ਭਰੇ ਰਿਸ਼ਤੇ ਵਿੱਚੋਂ ਬਾਹਰ ਨਿਕਲਣਾ ਬਿਹਤਰ ਸਮਝਦੀਆਂ ਹਨ।
ਇਕ ਹੋਰ ਵੱਡਾ ਕਾਰਨ ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਅਤੇ ਆਈਲੈਟਸ ਦਾ ਕ੍ਰੇਜ਼ ਹੈ। ਇਸ ਚੱਕਰ ਵਿਚ 'ਕੰਟਰੈਕਟ ਮੈਰਿਜ' ਯਾਨੀ ਕਿ ਸਮਝੌਤਾ ਵਿਆਹਾਂ ਦਾ ਰੁਝਾਨ ਬਹੁਤ ਵਧਿਆ ਹੈ, ਜਿੱਥੇ ਵਿਆਹ ਦਾ ਮਕਸਦ ਸਾਥ ਨਿਭਾਉਣਾ ਨਹੀਂ ਬਲਕਿ ਸਿਰਫ਼ ਵਿਦੇਸ਼ ਦੀ ਧਰਤੀ 'ਤੇ ਪਹੁੰਚਣਾ ਹੁੰਦਾ ਹੈ। ਜਿਵੇਂ ਹੀ ਦੋਵਾਂ ਧਿਰਾਂ ਦੇ ਸੁਆਰਥ ਪੂਰੇ ਹੁੰਦੇ ਹਨ ਜਾਂ ਕੋਈ ਆਪਸੀ ਮਤਭੇਦ ਹੁੰਦਾ ਹੈ, ਤਾਂ ਇਹ ਕਾਗਜ਼ੀ ਰਿਸ਼ਤੇ ਬਹੁਤ ਆਸਾਨੀ ਨਾਲ ਤਲਾਕ ਦੀ ਭੇਟ ਚੜ੍ਹ ਜਾਂਦੇ ਹਨ। ਇਸ ਦੇ ਨਾਲ ਹੀ ਸਾਡੀ ਜੀਵਨ ਸ਼ੈਲੀ ਵਿਚ ਆਏ ਬਦਲਾਅ ਨੇ ਨੌਜਵਾਨ ਪੀੜ੍ਹੀ ਵਿੱਚੋਂ ਸਹਿਣਸ਼ੀਲਤਾ, ਠਹਿਰਾਅ ਅਤੇ ਸਮਝੌਤਾ ਕਰਨ ਦੀ ਭਾਵਨਾ ਨੂੰ ਲਗਪਗ ਖ਼ਤਮ ਕਰ ਦਿੱਤਾ ਹੈ।
ਅੱਜ ਦੇ ਛੋਟੇ ਪਰਿਵਾਰਾਂ ਵਿਚ ਬਜ਼ੁਰਗਾਂ ਦਾ ਹੱਥ ਸਿਰ 'ਤੇ ਨਾ ਹੋਣ ਕਾਰਨ ਮਾਮੂਲੀ ਗੱਲਾਂ ਅਤੇ ਆਪਸੀ ਹਉਮੈ ਦੇ ਟਕਰਾਅ ਅਦਾਲਤਾਂ ਤੱਕ ਪਹੁੰਚ ਜਾਂਦੇ ਹਨ। ਸੋਸ਼ਲ ਮੀਡੀਆ ਦੀ ਬਣਾਵਟੀ ਦੁਨੀਆ ਵੀ ਲੋਕਾਂ ਦੀਆਂ ਉਮੀਦਾਂ ਨੂੰ ਅਸਲੀਅਤ ਤੋਂ ਦੂਰ ਲੈ ਗਈ ਹੈ, ਜਿਸ ਨਾਲ ਰਿਸ਼ਤਿਆਂ ਵਿਚ ਸ਼ੱਕ, ਬੇਵਫ਼ਾਈ ਅਤੇ ਅਸੰਤੁਸ਼ਟਤਾ ਵਧ ਰਹੀ ਹੈ। ਕਾਨੂੰਨੀ ਪ੍ਰਕਿਰਿਆ ਦਾ ਆਸਾਨ ਹੋਣਾ ਅਤੇ ਸਮਾਜ ਵਿਚ ਤਲਾਕ ਪ੍ਰਤੀ ਬਦਨਾਮੀ ਦਾ ਡਰ ਘਟਣਾ ਵੀ ਇਨ੍ਹਾਂ ਮਾਮਲਿਆਂ ਨੂੰ ਹਵਾ ਦੇ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਤਲਾਕ ਦੇ ਵਧ ਰਹੇ ਮਾਮਲਿਆਂ ਦੇ ਪਿੱਛੇ ਕੁਝ ਹੋਰ ਅਜਿਹੇ ਡੂੰਘੇ ਸਮਾਜਿਕ, ਮਨੋਵਿਗਿਆਨਕ ਅਤੇ ਆਰਥਿਕ ਪੱਖ ਵੀ ਹਨ, ਜਿਨ੍ਹਾਂ ਦਾ ਆਮ ਤੌਰ 'ਤੇ ਜ਼ਿਕਰ ਘੱਟ ਹੁੰਦਾ ਹੈ ਪਰ ਉਹ ਅੰਦਰੋਂ-ਅੰਦਰੀਂ ਰਿਸ਼ਤਿਆਂ ਦੀ ਜੜ੍ਹ ਵੱਢ ਰਹੇ ਹਨ। ਇਨ੍ਹਾਂ ਵਿੱਚੋਂ ਇਕ ਮੁੱਖ ਪੱਖ ਪਰਿਵਾਰਾਂ, ਖਾਸ ਕਰਕੇ ਲੜਕੇ ਅਤੇ ਲੜਕੀ ਦੇ ਮਾਪਿਆਂ ਦੀ ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਹੈ।
ਪੁਰਾਣੇ ਸਮੇਂ ਵਿਚ ਕੁੜੀ ਦੇ ਮਾਪੇ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਘਰ ਵਸਣ ਦੀ ਸਲਾਹ ਦਿੰਦੇ ਸਨ, ਪਰ ਅੱਜ-ਕੱਲ੍ਹ ਮਾਪੇ ਬੱਚਿਆਂ ਦੇ ਨਿੱਕੇ-ਨਿੱਕੇ ਝਗੜਿਆਂ ਵਿਚ ਤੁਰੰਤ ਕੁੱਦ ਪੈਂਦੇ ਹਨ। ਹਰ ਛੋਟੀ ਗੱਲ 'ਤੇ ਅਦਾਲਤ ਜਾਂ ਪੁਲਿਸ ਕੋਲ ਪਹੁੰਚਣ ਦੀ ਕਾਹਲ ਅਤੇ ਅੜੀਅਲ ਵਤੀਰਾ ਰਿਸ਼ਤੇ ਨੂੰ ਸੁਧਰਨ ਦਾ ਮੌਕਾ ਹੀ ਨਹੀਂ ਦਿੰਦਾ।
ਇਸ ਤਰ੍ਹਾਂ ਉਪਰੋਕਤ ਚਰਚਾ ਦੇ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਤਲਾਕ ਦੇ ਮਾਮਲਿਆਂ ਦਾ ਵਧਣਾ ਸਾਡੇ ਪਰਿਵਾਰਕ ਅਤੇ ਸਮਾਜਿਕ ਢਾਂਚੇ ਦੇ ਟੁੱਟਣ ਦਾ ਇਕ ਗੰਭੀਰ ਸੰਕੇਤ ਹੈ। ਜੇਕਰ ਅਸੀਂ ਆਪਣੇ ਸਮਾਜ ਨੂੰ ਬਚਾਉਣਾ ਹੈ ਤਾਂ ਸਾਨੂੰ ਵਿਆਹ ਵਰਗੇ ਪਵਿੱਤਰ ਬੰਧਨ ਵਿਚ ਬੱਝਣ ਤੋਂ ਪਹਿਲਾਂ ਨੌਜਵਾਨਾਂ ਦੀ ਸਹੀ ਕਾਊਂਸਲਿੰਗ ਕਰਨੀ ਪਵੇਗੀ ਅਤੇ ਰਿਸ਼ਤਿਆਂ ਵਿਚ ਪਿਆਰ, ਸਬਰ, ਸੰਜਮ ਅਤੇ ਇਕ-ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮੁੜ ਜਗਾਉਣਾ ਪਵੇਗਾ, ਤਾਂ ਜੋ ਪੰਜਾਬ ਦੇ ਘਰਾਂ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ।
-ਰਮਨਦੀਪ ਕੌਰ ਮਾਨ
ਮੌੜ ਮੰਡੀ (ਬਠਿੰਡਾ), 9876349858