ਕਾਲਜ ਵਿਚ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਨੋਟਿਸ ਬੋਰਡ ਦੇਖਦੇ ਸੀ ਤੇ ਫਿਰ ਕਲਾਸਾਂ ਲਗਾਉਣ ਚਲਾ ਜਾਂਦਾ ਸੀ। ਮੇਰੇ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਇੰਗਲਿਸ਼ ਦੇ ਪੀਰੀਅਡ ਲੱਗਦੇ ਸਨ। ਅੰਗਰੇਜ਼ੀ ਦੇ ਹਫ਼ਤੇ ਵਿਚ ਸਿਰਫ਼ ਦੋ ਪੀਰੀਅਡ ਹੀ ਲੱਗਦੇ ਸਨ ਤੇ ਸਾਰਾ ਜ਼ੋਰ ਬਾਕੀ ਦੇ ਸਾਇੰਸ ਵਿਸ਼ਿਆਂ ’ਤੇ ਲਗਾਇਆ ਜਾਂਦਾ ਸੀ।
ਸੰਨ 1984 ਦੀ ਗੱਲ ਹੈ। ਉਦੋਂ ਮੇਰੇ ਵੱਡੇ ਵੀਰ ਇਕਬਾਲ ਸਿੰਘ ਲੋਹਾਮ ਦੀ ਪ੍ਰੇਰਨਾ ਸਦਕਾ ਮੈਂ ਬੀਐੱਸਸੀ ’ਚ ਦਾਖ਼ਲਾ ਲਿਆ ਸੀ। ਮੇਰਾ ਇੱਕੋ ਹੀ ਟੀਚਾ ਸੀ ਕਿ ਦੱਬ ਕੇ ਪੜ੍ਹਾਈ ਕਰਨੀ ਹੈ, ਸਮਾਂ ਬਰਬਾਦ ਨਹੀਂ ਕਰਨਾ ਤੇ ਫਾਲਤੂ ਦੇ ਕੰਮ ਨਹੀਂ ਕਰਨੇ। ਘਰ ਦੇ ਕੰਮ ਵੀ ਘੱਟ ਕਰਦਾ ਸੀ ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਪੂਰਾ ਮਨ ਪੜ੍ਹਾਈ ਵੱਲ ਲਗਾਇਆ ਹੋਇਆ ਸੀ। ਡੀਐੱਮ ਕਾਲਜ ਮੋਗਾ ਵਿਚ ਸਵੇਰੇ ਅੱਠ ਤੋਂ ਤਿੰਨ ਵਜੇ ਤੱਕ ਸਾਰੇ ਪੀਰੀਅਡ ਲੱਗ ਜਾਂਦੇ ਸਨ। ਮੇਰਾ ਆਰਟਸ ਗਰੁੱਪ ਵਾਲਿਆਂ ਨਾਲੋਂ ਵੱਧ ਸਮਾਂ ਲੱਗਦਾ ਸੀ।
ਕਾਲਜ ਵਿਚ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਨੋਟਿਸ ਬੋਰਡ ਦੇਖਦੇ ਸੀ ਤੇ ਫਿਰ ਕਲਾਸਾਂ ਲਗਾਉਣ ਚਲਾ ਜਾਂਦਾ ਸੀ। ਮੇਰੇ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਇੰਗਲਿਸ਼ ਦੇ ਪੀਰੀਅਡ ਲੱਗਦੇ ਸਨ। ਅੰਗਰੇਜ਼ੀ ਦੇ ਹਫ਼ਤੇ ਵਿਚ ਸਿਰਫ਼ ਦੋ ਪੀਰੀਅਡ ਹੀ ਲੱਗਦੇ ਸਨ ਤੇ ਸਾਰਾ ਜ਼ੋਰ ਬਾਕੀ ਦੇ ਸਾਇੰਸ ਵਿਸ਼ਿਆਂ ’ਤੇ ਲਗਾਇਆ ਜਾਂਦਾ ਸੀ।
ਜ਼ਾਨਾ ਸਾਰੇ ਪੀਰੀਅਡ ਲੱਗਦੇ ਸਨ। ਸਾਰੇ ਪ੍ਰੋਫੈਸਰ ਸਾਹਿਬਾਨ ਬਹੁਤ ਤਜਰਬੇਕਾਰ ਤੇ ਮਿਹਨਤੀ ਸਨ ਅਤੇ ਸਮੇਂ ਸਿਰ ਆਪਣਾ ਸਿਲੇਬਸ ਮੁਕਾ ਲੈਂਦੇ ਸਨ। ਆਖ਼ਰੀ ਸਾਲ ਸੀ। ਮੈਂ ਪਹਿਲਾਂ ਦੱਬ ਕੇ ਕਾਲਜ ਦੀ ਪੜ੍ਹਾਈ ਕਰਦਾ ਸੀ ਤੇ ਫਿਰ ਘਰ ਆ ਕੇ ਉਸ ਦੀ ਦੁਹਰਾਈ ਕਰਦਾ ਸੀ। ਮੇਰੇ ਕੋਲ ਬਚਪਨ ਦੀ ਸਲੇਟ ਸੀ ਜਿਸ ’ਤੇ ਮੈਂ ਨਿੱਕੇ ਹੁੰਦੇ ਸਕੂਲ ਸਮੇਂ ਲਿਖਦਾ ਸੀ। ਉਸ ਦੇ ਦੁਆਲੇ ਲੱਕੜ ਦਾ ਫਰੇਮ ਸੀ ਜੋ ਸਮੇਂ ਦੇ ਨਾਲ ਟੁੱਟ ਗਿਆ ਸੀ ਪਰ ਬਾਕੀ ਦੀ ਸਲੇਟ ਵਧੀਆ ਕੰਮ ਦੇ ਰਹੀ ਸੀ। ਸਲੇਟੀਆਂ ਦਾ ਡੱਬਾ ਮੇਰੇ ਕੋਲ ਰੱਖਿਆ ਹੁੰਦਾ ਸੀ।
ਮੈਂ ਪੜ੍ਹ-ਪੜ੍ਹ ਕੇ ਯਾਦ ਕਰਦਾ ਸੀ, ਫਿਰ ਲਿਖ-ਲਿਖ ਕੇ ਦੇਖਦਾ ਸੀ, ਦੁਹਰਾਉਂਦਾ ਸੀ, ਰੱਟਾ ਲਗਾਉਂਦਾ ਸੀ। ਇਹ ਰੋਜ਼ਾਨਾ ਦਾ ਕੰਮ ਸੀ। ਅਕਸਰ ਲਿਖਣ ਦਾ ਕੰਮ ਮੈਂ ਆਪਣੀ ਸਲੇਟ ’ਤੇ ਕਰਦਾ ਸੀ। ਇਕ ਕੌਲੀ ਪਾਣੀ ਅਤੇ ਇਕ ਲੀਰ ਆਪਣੇ ਕੋਲ ਰੱਖਦਾ ਸੀ ਜਿਸ ਨਾਲ ਸਲੇਟ ਨੂੰ ਪੂੰਝਦਾ ਸੀ। ਇਸ ਨੇ ਵੀ ਮੇਰਾ ਬਚਪਨ ਤੋਂ ਲੈ ਕੇ ਕਾਲਜ ਤੱਕ ਦਾ ਸਾਥ ਨਿਭਾਇਆ ਤੇ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾਉਣ ਤੱਕ ਅਹਿਮ ਭੂਮਿਕਾ ਨਿਭਾਈ।
ਅੱਜ ਵੀ ਮੈਂ ਸਲੇਟ ਸਾਂਭ ਕੇ ਰੱਖੀ ਹੋਈ ਹੈ। ਜਦੋਂ ਮੈਂ ਕਾਲਜ ’ਚ ਪ੍ਰੈਕਟੀਕਲ ਕਰਦਾ ਸੀ ਤਾਂ ਪ੍ਰੈਕਟੀਕਲ ਦੀ ਰੀਡਿੰਗ ਦੇ ਸਾਰੇ ਵੇਰਵੇ ਕਾਪੀ ’ਤੇ ਨੋਟ ਕਰਦਾ ਸੀ ਤੇ ਫਿਰ ਘਰ ਆ ਕੇ ਪੱਕੀ ਪ੍ਰੈਕਟੀਕਲ ਦੀ ਕਾਪੀ ’ਤੇ ਲਿਖਦਾ ਸੀ। ਰੋਜ਼ਾਨਾ ਘਰ ਆ ਕੇ ਨਾਲ ਦੀ ਨਾਲ ਮੁਕੰਮਲ ਯਾਦ ਕਰਦਾ ਸੀ। ਅਗਲੇ ਦਿਨ ਪ੍ਰੈਕਟੀਕਲ ਦੀ ਕਾਪੀ ਪ੍ਰੋਫੈਸਰ ਸਾਹਿਬ ਤੋਂ ਚੈੱਕ ਕਰਾਉਂਦਾ ਸੀ। ਮੇਰੇ ਘਰ ਤੋਂ ਕਾਲਜ ਦਾ ਰਸਤਾ ਸਿਰਫ਼ ਪੰਜ ਮਿੰਟ ਦਾ ਸੀ। ਕਈ ਵਾਰ ਘਰ ਤੋਂ ਕਾਲਜ ਸਾਈਕਲ ’ਤੇ ਚਲਿਆ ਜਾਂਦਾ ਸੀ।
ਇਕ ਵਾਰ ਮੈਂ ਤੇ ਮੇਰਾ ਕਾਲਜ ਦਾ ਸਾਥੀ ਜੋ ਹੁਣ ਐਡਵੋਕੇਟ ਹੈ, ਅਸੀਂ ਸਾਈਕਲ ’ਤੇ ਗੱਲਾਂ ਮਾਰਦੇ ਜਾ ਰਹੇ ਸਾਂ। ਉਹ ਡੰਡੇ ’ਤੇ ਬੈਠਾ ਸੀ ਤੇ ਮੈਂ ਚਲਾ ਰਿਹਾ ਸੀ। ਅਸੀਂ ਆਰੀਆ ਸਕੂਲ ਰੋਡ ਚੌਕ ’ਤੇ ਪੁੱਜੇ ਸਾਂ ਕਿ ਅਚਾਨਕ ਸਾਈਕਲ ਦਾ ਚਿਮਟਾ ਟੁੱਟ ਗਿਆ ਤੇ ਅਸੀਂ ਦੋਵੇਂ ਜਣੇ ਡਿੱਗ ਪਏ।
ਓਹਦੇ ਬੁੱਲ੍ਹ ’ਤੇ ਸੱਟ ਵੱਜ ਗਈ। ਅਸੀਂ ਡਾਕਟਰ ਕੋਲ ਜਾ ਕੇ ਦਵਾਈ ਲਈ। ਕੁਝ ਦਿਨਾਂ ਵਿਚ ਹੀ ਉਹ ਠੀਕ ਹੋ ਗਿਆ। ਮੇਰੇ ਘਰ ਵਿਚ ਇਕ ਲੈਂਪ ਸੀ ਜਿਹੜਾ ਮਿੱਟੀ ਦੇ ਤੇਲ ਨਾਲ ਜਗਦਾ ਸੀ। ਉਸ ਦੀ ਬੱਤੀ ਦਾ ਖ਼ਾਸ ਧਿਆਨ ਰੱਖਦਾ ਸੀ। ਕਈ ਵਾਰ ਕੈਂਚੀ ਨਾਲ ਕੱਟ ਕੇ ਉਸ ਦਾ ਸਿਰਾ ਠੀਕ ਕਰਦਾ ਸੀ, ਉਸ ਦੀਆਂ ਕੰਨੀਆਂ ਕੱਟ ਕੇ ਗੁਲਾਈ ਵਿਚ ਕਰ ਦਿੰਦਾ ਸੀ ਤਾਂ ਜੋ ਉਹ ਵਧੇਰੇ ਰੋਸ਼ਨੀ ਦੇਵੇ। ਜਦੋਂ ਵੀ ਬਿਜਲੀ ਚਲੀ ਜਾਂਦੀ ਸੀ, ਮੈਂ ਲੈਂਪ ਜਗਾ ਕੇ ਪੜ੍ਹਾਈ ਕਰਦਾ ਸੀ। ਬਿਜਲੀ ਦਾ ਜਾਣਾ ਆਮ ਹੀ ਸੀ। ਘਰ ਵਿਚ ਇਕ ਲਾਲਟੈਨ ਵੀ ਸੀ।
ਕਦੇ-ਕਦੇ ਉਹ ਵੀ ਕੰਮ ਦੇ ਦਿੰਦੀ ਸੀ। ਘਰ ਵਿਚ ਇਕ ਤੇਲ ਵਾਲਾ ਛੋਟਾ ਦੀਵਾ ਸੀ ਜੋ ਮੱਝਾਂ ਵਾਲੇ ਬਰਾਂਡੇ ਵਿਚ ਉੱਚੇ ਥਾਂ ’ਤੇ ਲਗਾਇਆ ਹੁੰਦਾ ਸੀ। ਮੈਂ ਰਾਤ ਨੂੰ ਅਕਸਰ 12 ਵਜੇ ਤੱਕ ਪੜ੍ਹਦਾ ਸੀ। ਸਾਰਾ ਕੰਮ ਮੁਕਾ ਕੇ ਸੌਂਦਾ ਸੀ। ਕਈ ਵਾਰ ਪੜ੍ਹਦੇ-ਪੜ੍ਹਦੇ ਦੀ ਝਪਕੀ ਲੱਗ ਜਾਂਦੀ ਸੀ। ਕੋਲ ਪਈ ਮਾਂ ਨੇ ਹਲੂਣਾ ਦੇ ਕੇ ਕਹਿਣਾ, ‘‘ਪੁੱਤ! ਹੁਣ ਬਸ ਕਰ। ਤੈਨੂੰ ਨੀਂਦ ਆ ਰਹੀ ਹੈ। ਤੂੰ ਸੌਂ ਜਾ।’’ ਕਈ ਵਾਰ ਬੀਬੀ ਦੀ ਗੱਲ ਸੁਣ ਕੇ ਮੈਂ ਸੌ ਜਾਂਦਾ ਸੀ ਪਰ ਜਦੋਂ ਕੰਮ ਰਹਿੰਦਾ ਹੁੰਦਾ ਸੀ ਤਾਂ ਮੈਂ ਉਸ ਨੂੰ ਕਹਿ ਦਿੰਦਾ ਸੀ ਕਿ ਮਾਂ ਮੇਰੀਏ! ਮੇਰੀ ਪੜ੍ਹਾਈ ਅਜੇ ਰਹਿੰਦੀ ਹੈ।
ਥੋੜ੍ਹਾ ਜਿਹਾ ਹੋਰ ਪੜ੍ਹ ਲਵਾਂ, ਕੰਮ ਮੁਕਾ ਕੇ ਹੀ ਸੌਂਵਾਂਗਾ। ਫਿਰ ਉੱਠ ਕੇ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰਦਾ, ਥੋੜਾ ਮੋਟਾ ਤੁਰਦਾ-ਫਿਰਦਾ ਤੇ ਫਿਰ ਪੜ੍ਹਨ ਲੱਗ ਜਾਂਦਾ। ਪੱਕੇ ਪੇਪਰਾਂ ਦੇ ਦਿਨਾਂ ਵਿਚ ਸਾਰਾ ਦਿਨ ਤੇ ਸਾਰੀ ਰਾਤ ਪੜ੍ਹਦਾ ਰਹਿੰਦਾ ਸੀ। ਫਿਰ ਮਸਾਂ ਜਾ ਕੇ ਸਾਰਾ ਸਿਲੇਬਸ ਪੂਰਾ ਹੁੰਦਾ ਸੀ। ਮਨ ਵਿਚ ਇਹ ਸੀ ਕਿ ਕੋਈ ਵੀ ਵਿਸ਼ਾ ਰਹਿ ਨਾ ਜਾਵੇ। ਪੇਪਰ ਨੇ ਪਤਾ ਨਹੀਂ ਕਿੱਥੋਂ, ਕਿਸ ਪਾਠ ਵਿੱਚੋਂ ਆਉਣਾ ਹੈ।
ਰਾਤ ਦੇ ਸਮੇਂ ਸਿਰਫ਼ ਤਿੰਨ ਕੁ ਘੰਟੇ ਸੌਂ ਕੇ ਗੁਜ਼ਾਰਾ ਕਰਦਾ ਸੀ। ਸਵੇਰੇ ਫਿਰ ਪੜ੍ਹਨ ਲੱਗ ਜਾਂਦਾ ਸੀ। ਅੱਖਾਂ ਵਿਚ ਨੀਂਦ ਰੜਕਦੀ ਸੀ ਪਰ ਪੜ੍ਹਾਈ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਸਮਾਂ ਬਰਬਾਦ ਨਹੀਂ ਕੀਤਾ। ਇਹੋ ਜਿਹੇ ਸਮੇਂ ਵਿਚ ਪੱਕੇ ਪੇਪਰ ਦੇਣ ਸਮੇਂ ਜੋ ਹਾਲਤ ਹੁੰਦੀ ਸੀ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਇਕ ਪੇਪਰ ਦੇ ਕੇ, ਘਰ ਜਾ ਕੇ ਕਿਤਾਬਾਂ ਚੁੱਕ ਕੇ ਅਗਲੇ ਪੇਪਰ ਦੀ ਪੜ੍ਹਾਈ ਨਾਲ ਹੀ ਸ਼ੁਰੂ ਕਰ ਦਿੰਦਾ ਸੀ। ਇੱਕੋ ਹੀ ਮਿਸ਼ਨ ਹੁੰਦਾ ਸੀ ‘ਪੜ੍ਹਾਈ ਹੀ ਭਗਤੀ ਹੈ’। ਪੇਪਰਾਂ ਵਿਚ ਸਾਰੇ ਪ੍ਰਸ਼ਨਾਂ ਦੇ ਉੱਤਰ ਕਰ ਕੇ ਆਉਂਦਾ ਸੀ।
ਗੱਲ ਕੀ, ਪੇਪਰਾਂ ਦੇ ਚਿੱਬ ਕੱਢ ਦਿੰਦਾ ਸਾਂ। ਸਾਰਾ ਪੇਪਰ ਕਰ ਕੇ ਆਉਂਦਾ। ਮੈਂ ਪ੍ਰੋਫੈਸਰਾਂ ਦਾ ਦਿਲੋਂ ਸਤਿਕਾਰ ਕਰਦਾ ਸਾਂ। ਉਨ੍ਹਾਂ ਦੀ ਕਾਰਜਸ਼ੈਲੀ ਨੂੰ ਨਮਨ ਕਰਦਾ। ਸੰਨ 1984 ’ਚ ਵਿਦਿਆਰਥੀਆਂ ਨੇ ਪੱਕੇ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਸੀ ਜਿਸ ਕਰਕੇ ਨਤੀਜੇ ਆਉਣ ਵਿਚ ਦੇਰੀ ਹੋ ਰਹੀ ਸੀ। ਯੂਨੀਵਰਸਿਟੀ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਦਿੱਤਾ ਸੀ ਜਿਨਾਂ ਨੇ ਪੇਪਰ ਨਹੀਂ ਦਿੱਤੇ ਸਨ। ਇਸ ਤਰ੍ਹਾਂ ਜਦੋਂ ਸਾਰੇ ਵਿਦਿਆਰਥੀਆਂ ਦੇ ਪੇਪਰ ਹੋ ਗਏ ਤਾਂ ਮਨ ਨੂੰ ਇਕਦਮ ਸ਼ਾਂਤੀ ਜਿਹੀ ਆ ਗਈ ਕਿਉਂਕਿ ਹੁਣ ਕੁਝ ਸਮੇਂ ਲਈ ਵਿਹਲੇ ਹੋ ਗਏ ਸਾਂ।
ਨਤੀਜੇ ਵਾਲੇ ਦਿਨ ਮੈਂ ਨਤੀਜਾ ਪਤਾ ਕਰਨ ਲਈ ਸਵੇਰੇ 4 ਵਜੇ ਅੰਗਰੇਜ਼ੀ ਦਾ ਅਖ਼ਬਾਰ ਲੈਣ ਲਈ ਜੇਲ੍ਹ ਵਾਲੀ ਗਲੀ ਵਿਚ ਗਿਆ। ਉੱਥੇ ਹੀ ਕਿਸੇ ਬੰਦੇ ਕੋਲ ਮੋਗੇ ਦੇ ਅਖ਼ਬਾਰ ਆਉਂਦੇ ਸਨ। ਉਸ ਦਿਨ ਉਸ ਗਲੀ ਵਿਚ ਮੇਲਾ ਲੱਗਿਆ ਹੋਇਆ ਸੀ। ਮੇਰੇ ਕਾਲਜ ਦੇ ਸਾਰੇ ਸਾਥੀ ਉੱਥੇ ਪੁੱਜੇ ਹੋਏ ਸਨ। ਮੇਰੇ ਸਾਥੀਆਂ ਨੇ ਜਾਂਦਿਆਂ ਹੀ ਮੇਰੇ ਨਤੀਜੇ ਬਾਰੇ ਮੈਨੂੰ ਦੱਸ ਦਿੱਤਾ। ਉਨ੍ਹਾਂ ਨੂੰ ਸੁਣ ਕੇ ਬਹੁਤ ਖ਼ੁਸ਼ੀ ਹੋਈ ਪਰ ਖ਼ੁਦ ਅਖ਼ਬਾਰ ਵਿਚ ਦੇਖ ਕੇ ਤਸੱਲੀ ਹੋ ਗਈ ਕਿ ਮੈਂ ਬੀਐੱਸਸੀ ਨਾਨ ਮੈਡੀਕਲ ਡੀਐੱਮ ਕਾਲਜ ਮੋਗਾ ਤੋਂ ਪਾਸ ਕਰ ਲਈ ਸੀ।
-ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
-ਮੋਬਾਈਲ : 97810-40140