ਭਗਵਾਨ ਸ੍ਰੀਰਾਮ ਚੰਦਰ ਜੀ 14 ਸਾਲਾਂ ਦੇ ਬਨਵਾਸ ਤੋਂ ਬਾਅਦ ਜਦੋਂ ਅਯੁੱਧਿਆ ਵਾਪਸ ਪੁੱਜੇ ਤਾਂ ਇਸੇ ਦਿਨ ਲੋਕਾਂ ਨੇ ਦੀਵੇ ਜਲਾਏ ਸਨ। ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ। ਇਸ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਾਂ ਅਤੇ ਦੀਵਾਲੀ ਦੇ ਦਿਨ ਘਰ ਦੀ ਸਜਾਵਟ ਕਰ ਕੇ ਦੀਵੇ ਬਾਲ਼ਦੇ ਹਾਂ। ਇਸ ਮੌਕੇ ਸਾਰੇ ਲੋਕ ਪਟਾਕੇ ਚਲਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ।
ਦੀਵਾਲੀ ਦੇ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਦਿਨ ਬਹੁਤ ਸਾਰੇ ਸੰਤਾਂ-ਮਹਾਪੁਰਖਾਂ ਦੇ ਜੀਵਨ ਵਿਚ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸਨ। ਜਿਵੇਂ ਕਿ ਭਗਵਾਨ ਮਹਾਵੀਰ ਨੂੰ ਨਿਰਵਾਣ ਦੀ ਪ੍ਰਾਪਤੀ ਇਸੇ ਦਿਨ ਹੋਈ ਸੀ। ਦੀਵਾਲੀ ਦਾ ਦਿਨ ਸਿੱਖ ਇਤਿਹਾਸ ਵਿਚ ਵੀ ਬਹੁਤ ਮਹੱਤਵ ਰੱਖਦਾ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜੋ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਸਨ, ਦੀਵਾਲੀ ਵਾਲੇ ਦਿਨ ਆਪਣੇ ਨਾਲ 52 ਰਾਜਿਆਂ ਤੇ ਮਹਾਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ।
ਸਵਾਮੀ ਰਾਮਤੀਰਥ ਜੀ ਦਾ ਜਨਮ ਵੀ ਦੀਵਾਲੀ ਦੇ ਦਿਨ ਹੋਇਆ ਸੀ। ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਦਾ ਨਿਰਵਾਣ ਵੀ ਦੀਵਾਲੀ ਦੇ ਦਿਨ ਹੋਇਆ ਸੀ। ਭਗਵਾਨ ਸ੍ਰੀਰਾਮ ਚੰਦਰ ਜੀ 14 ਸਾਲਾਂ ਦੇ ਬਨਵਾਸ ਤੋਂ ਬਾਅਦ ਜਦੋਂ ਅਯੁੱਧਿਆ ਵਾਪਸ ਪੁੱਜੇ ਤਾਂ ਇਸੇ ਦਿਨ ਲੋਕਾਂ ਨੇ ਦੀਵੇ ਜਲਾਏ ਸਨ। ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ। ਇਸ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਾਂ ਅਤੇ ਦੀਵਾਲੀ ਦੇ ਦਿਨ ਘਰ ਦੀ ਸਜਾਵਟ ਕਰ ਕੇ ਦੀਵੇ ਬਾਲ਼ਦੇ ਹਾਂ। ਇਸ ਮੌਕੇ ਸਾਰੇ ਲੋਕ ਪਟਾਕੇ ਚਲਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ।
ਆਪਣੇ ਘਰ ਦੀ ਸਾਫ਼-ਸਫ਼ਾਈ ਦੌਰਾਨ ਅਸੀਂ ਉਨ੍ਹਾਂ ਚੀਜ਼ਾਂ ਨੂੰ ਬਾਹਰ ਕੱਢਦੇ ਹਾਂ ਜੋ ਸਾਡੇ ਲਈ ਉਪਯੋਗੀ ਜਾਂ ਲਾਭਦਾਇਕ ਨਹੀਂ ਹੁੰਦੀਆਂ। ਜੇਕਰ ਅਸੀਂ ਆਪਣੇ ਨਾਲ ਬਹੁਤ ਸਾਰਾ ਬੇਕਾਰ ਸਾਮਾਨ ਢੋ ਰਹੇ ਹਾਂ ਜਾਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਦੇਣ ਵਿਚ ਸਮਾਂ ਬਰਬਾਦ ਕਰ ਰਹੇ ਹਾਂ ਜੋ ਸਾਨੂੰ ਕੋਈ ਲਾਭ ਨਹੀਂ ਪਹੁੰਚਾਉਂਦੀਆਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਅਜਿਹੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਜੋ ਸਾਨੂੰ ਆਪਣੇ ਜੀਵਨ ਦੇ ਅਸਲ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਦਦਗਾਰ ਨਹੀਂ ਹੈ। ਸਾਡੀ ਜ਼ਿੰਦਗੀ ਦਾ ਟੀਚਾ ਤਾਂ ਆਪਣੇ-ਆਪ ਨੂੰ ਜਾਣਨਾ ਅਤੇ ਪਿਤਾ-ਪਰਮੇਸ਼ਵਰ ਨੂੰ ਪਾਉਣਾ ਹੈ।
ਇਕ ਪਾਸੇ ਸਾਡਾ ਮਨ ਇਸ ਬਾਹਰਲੇ ਸੰਸਾਰ ਵਿਚ ਲਿਪਤ ਰਹਿਣਾ ਚਾਹੁੰਦਾ ਹੈ ਤਾਂ ਦੂਜੇ ਪਾਸੇ ਸਾਡੀ ਆਤਮਾ ਪਰਮਾਤਮਾ ਨੂੰ ਪਾਉਣਾ ਚਾਹੁੰਦੀ ਹੈ। ਆਤਮਾ ਮਨ ਦੁਆਰਾ ਪੈਦਾ ਗੰਦਗੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਪਰ ਜਿਵੇਂ ਹੀ ਆਤਮਾ ਸਾਡੇ ਵਿਚਾਰਾਂ, ਵਚਨਾਂ ਅਤੇ ਕਾਰਜਾਂ ਦੀ ਗੰਦਗੀ ਨੂੰ ਸਾਫ਼ ਕਰਦੀ ਹੈ, ਤਿਵੇਂ ਹੀ ਸਾਡਾ ਮਨ ਹੋਰ ਜ਼ਿਆਦਾ ਗੰਦਗੀ ਪੈਦਾ ਕਰ ਦਿੰਦਾ ਹੈ।
ਸਾਡਾ ਮਨ ਪੰਜ ਚੋਰਾਂ- ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀ ਮਦਦ ਨਾਲ ਸਾਡੇ ਅੰਦਰ ਗੰਦਗੀ ਪੈਦਾ ਕਰਦਾ ਹੈ। ਇਹੀ ਪੰਜ ਚੋਰ ਸਾਡੇ ਵਿਚਾਰਾਂ, ਵਚਨਾਂ ਅਤੇ ਕਾਰਜਾਂ ਦੁਆਰਾ ਸਾਨੂੰ ਕਰਮਾਂ ਦੇ ਬੰਧਨ ਵਿਚ ਫਸਾਉਂਦੇ ਹਨ। ਜਦੋਂ ਅਸੀਂ ਅੰਦਰ ਧਿਆਨ ਟਿਕਾ ਕੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਨ੍ਹਾਂ ਪੰਜ ਚੋਰਾਂ ਨਾਲ ਸਬੰਧਤ ਵਿਚਾਰ ਸਾਡੇ ਧਿਆਨ ਨੂੰ ਇਕਾਗਰ ਨਹੀਂ ਹੋਣ ਦਿੰਦੇ।
ਕਈ ਵਾਰ ਜਦੋਂ ਅਸੀਂ ਧਿਆਨ-ਅਭਿਆਸ ਦੌਰਾਨ ਆਪਣੇ ਮਨ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਗੁੱਸੇ ਸਬੰਧੀ ਵਿਚਾਰ ਸਾਡੇ ਧਿਆਨ ਨੂੰ ਭਟਕਾਉਣ ਲੱਗਦੇ ਹਨ। ਅਸੀਂ ਆਪਣੇ ਆਪ ਤੇ ਮਨ ਨੂੰ ਤਦ ਤੱਕ ਸ਼ਾਂਤ ਨਹੀਂ ਕਰ ਸਕਦੇ ਜਦ ਤੱਕ ਸਾਨੂੰ ਕਿਸੇ ਪੂਰਨ ਸਤਿਗੁਰੂ ਦੀ ਮਦਦ ਨਾ ਮਿਲੇ। ਇਕ ਪੂਰਨ ਸਤਿਗੁਰੂ ਸਾਡੀ ਮਦਦ ਕਿਵੇਂ ਕਰਦੇ ਹਨ? ਸਭ ਤੋਂ ਪਹਿਲਾਂ ਉਹ ਸਾਨੂੰ ਪਵਿੱਤਰ ਨਾਮ ਨਾਲ ਜੋੜਦੇ ਹਨ।
ਸਤਿਗੁਰੂ ਸਾਨੂੰ ਇਹ ਵੀ ਸਮਝਾਉਂਦੇ ਹਨ ਕਿ ਨਿਸ਼ਕਾਮ ਸੇਵਾ ਕਰਨ ਨਾਲ ਅਸੀਂ ਮਨ ਦੇ ਮਾੜੇ ਪ੍ਰਭਾਵਾਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੇ ਮਨ 'ਤੇ ਨਿਯੰਤਰਣ ਰੱਖ ਸਕਦੇ ਹਾਂ ਜਿਸ ਨਾਲ ਸਾਡੀ ਆਤਮਾ ਵੀ ਸਾਫ਼ ਰਹਿੰਦੀ ਹੈ। ਆਪਣੇ ਸਤਿਗੁਰੂ ਦੇ ਮਾਰਗਦਰਸ਼ਨ ਵਿਚ ਹੀ ਅਸੀਂ ਆਪਣੇ ਜੀਵਨ ਨੂੰ ਸਹੀ ਦਿਸ਼ਾ ਵਿਚ ਲਿਜਾ ਕੇ ਸੱਚੇ ਮਾਅਨੇ ਵਿਚ ਦੀਵਾਲੀ ਦਾ ਤਿਉਹਾਰ ਮਨਾ ਸਕਦੇ ਹਾਂ।
-ਸੰਤ ਰਾਜਿੰਦਰ ਸਿੰਘ