ਈਰਾਨ ਨੂੰ ਪਤਾ ਹੈ ਕਿ ਹੋਰਮੁਜ਼ ਦੀ ਨਾਕੇਬੰਦੀ ਜਿੰਨੀ ਲੰਬੀ ਖਿੱਚੀ ਜਾਵੇਗੀ, ਓਨੀਆਂ ਹੀ ਅਮਰੀਕਾ ਤੇ ਉਸ ਦੇ ਸਾਥੀਆਂ ਦੀਆਂ ਮੁਸ਼ਕਲਾਂ ਵਧਣ ਨਾਲ ਵਾਸ਼ਿੰਗਟਨ ’ਤੇ ਦਬਾਅ ਵਧਦਾ ਜਾਵੇਗਾ।

ਸਿਆਸੀ ਬਦਲਾਅ ਅਤੇ ਈਰਾਨ ਦਾ ਨਿਸ਼ਸਤਰੀਕਰਨ ਕਰਨ ਦੇ ਐਲਾਨੇ ਉਦੇਸ਼ਾਂ ਨਾਲ ਸ਼ੁਰੂ ਕੀਤੇ ਅਮਰੀਕਾ ਦੇ ਯੁੱਧ ਨੂੰ ਈਰਾਨ ਨੇ ਬੜੀ ਚਤੁਰਾਈ ਨਾਲ ਆਰਥਿਕ ਜੰਗ ਵਿਚ ਬਦਲ ਦਿੱਤਾ ਹੈ ਅਤੇ ਹੋਰਮੁਜ਼ ਜਲ-ਮਾਰਗ ਇਸ ਜੰਗ ਦਾ ਅਖਾੜਾ ਬਣ ਗਿਆ ਹੈ। ਈਰਾਨ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰਨ ਵਾਸਤੇ ਉਸ ਦੀ ਸੱਭਿਅਤਾ ਮਿਟਾਉਣ ਤੇ ਪੱਥਰ ਯੱਗ ਵਿਚ ਪਹੁੰਚਾਉਣ ਵਰਗੀਆਂ ਧਮਕੀਆਂ ਦੇਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਅੰਦਾਜ਼ ਬਦਲਣਾ ਪਿਆ ਹੈ। ਉਨ੍ਹਾਂ ਦੇ ਬੜਬੋਲੇਪਣ ਅਤੇ ਧਮਕੀਆਂ ਤੋਂ ਨਾਰਾਜ਼ ਈਰਾਨ ਨੇ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਵਿਚ ਦਿਲਚਸਪੀ ਨਹੀਂ ਦਿਖਾਈ ਹੈ। ਇਸ ਤੋਂ ਬਾਅਦ ਟਰੰਪ ਨੂੰ ਪਹਿਲਾਂ ਆਪਣੀ ਜੰਗਬੰਦੀ ਦੀ ਹੱਦ ਅਣਮਿੱਥੇ ਸਮੇਂ ਲਈ ਵਧਾਉਣੀ ਪਈ ਅਤੇ ਫਿਰ ਲਿਬਨਾਨ ਤੇ ਇਜ਼ਰਾਈਲ ਦੀ ਜੰਗਬੰਦੀ ਨੂੰ ਵੀ ਅੱਗੇ ਵਧਾਉਣਾ ਪਿਆ।
ਟਰੰਪ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਜਦ ਤੱਕ ਈਰਾਨ ਦੇ ਪ੍ਰਤੀਨਿਧ ਆਪਸੀ ਝਗੜਾ ਨਿਪਟਾ ਕੇ ਕੋਈ ਸਾਂਝਾ ਪ੍ਰਸਤਾਵ ਲੈ ਕੇ ਨਹੀਂ ਆਉਂਦੇ, ਉਦੋਂ ਤੱਕ ਹਮਲੇ ਰੋਕ ਲਓ।
ਟਰੰਪ ਨੇ ਕਿਹਾ ਵੀ ਕਿ ਈਰਾਨ ਨੂੰ ਵਾਰਤਾ ਲਈ ਨੇਤਾ ਤੈਅ ਕਰਨ ਵਿਚ ਬੇਹੱਦ ਕਠਿਨਾਈ ਹੋ ਰਹੀ ਹੈ। ਜੰਗ ਵਿਚ ਬੁਰੀ ਤਰ੍ਹਾਂ ਹਾਰ ਰਹੇ ਕੱਟੜਪੰਥੀ ਅਤੇ ਵਿਵਹਾਰਵਾਦੀ ਨੇਤਾਵਾਂ ਵਿਚਾਲੇ ਆਪਸੀ ਲੜਾਈ ਛਿੜ ਗਈ ਹੈ। ਉਪ ਰਾਸ਼ਟਰਪਤੀ ਜੇ.ਡੀ. ਵੇਂਸ ਨੇ ਵੀ ਪਹਿਲੇ ਦੌਰ ਦੀ ਗੱਲਬਾਤ ਦੇ ਤਜਰਬੇ ਦੇ ਆਧਾਰ ’ਤੇ ਇਸ ਦੀ ਪੁਸ਼ਟੀ ਕੀਤੀ ਹੈ।
ਈਰਾਨੀ ਨੇਤਾਵਾਂ ਵਿਚਾਲੇ ਆਪਸੀ ਝਗੜੇ ਦੀ ਗੱਲ ਨੂੰ ਬੀਤੇ ਹਫ਼ਤੇ ਦੀਆਂ ਇਨ੍ਹਾਂ ਅਫ਼ਵਾਹਾਂ ਤੋਂ ਵੀ ਬਲ ਮਿਲਿਆ ਕਿ ਸਮਝੌਤਾ ਵਾਰਤਾਵਾਂ ਵਿਚ ਈਰਾਨ ਦੀ ਅਗਵਾਈ ਕਰ ਰਹੇ ਮੁਹੰਮਦ ਗਲੀਬਾਫ ਨੇ ਮੁੱਖ ਪ੍ਰਤੀਨਿਧ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਵਜ੍ਹਾ ਵਾਰਤਾਵਾਂ ਦੀ ਦਿਸ਼ਾ ਨੂੰ ਲੈ ਕੇ ਰੈਵੋਲਿਊਸ਼ਨਰੀ ਗਾਰਡਜ਼ ਦੇ ਮੁਖੀ ਜਨਰਲ ਅਹਿਮਦ ਵਹੀਦੀ ਨਾਲ ਡੂੰਘੇ ਹੁੰਦੇ ਮਤਭੇਦ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਗੇੜ ਦੀ ਗੱਲਬਾਤ ਵਿਚ ਕਤਰ ਨੇ ਖਾੜੀ ਦੇਸ਼ਾਂ ਦੇ ਵੀਹ ਜ਼ਹਾਜ਼ਾਂ ਦੇ ਬਦਲੇ ਈਰਾਨ ਦੇ 20 ਜਹਾਜ਼ਾਂ ਨੂੰ ਹੋਰਮੁਜ਼ ਤੋਂ ਰਸਤਾ ਦੇਣ ਦਾ ਪ੍ਰਸਤਾਵ ਰੱਖਿਆ ਸੀ। ਗਲੀਬਾਫ ਉਸ ਦੇ ਪੱਖ ਵਿਚ ਸਨ ਪਰ ਰੈਵੋਲਿਊਸ਼ਨਰੀ ਗਾਰਡਜ਼ ਨੇ ਉਸ ਨੂੰ ਰੋਕ ਦਿੱਤਾ।
ਤਦ ਤੋਂ ਉਨ੍ਹਾਂ ਦੇ ਅਤੇ ਈਰਾਨ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਤੇ ਮਜਲਿਸ ਦੇ ਕੱਟੜਪੰਥੀ ਮੈਂਬਰਾਂ ਵਿਚਾਲੇ ਤਿੱਖੀ ਬਿਆਨਬਾਜ਼ੀ ਚੱਲ ਰਹੀ ਹੈ। ਉਨ੍ਹਾਂ ਦੇ ਨਾਲ-ਨਾਲ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੂੰ ਵੀ ਹੋਰਮੁਜ਼ ਖੋਲ੍ਹਣ ਦੇ ਬਿਆਨ ਅਤੇ ਵਾਰਤਾਵਾਂ ਦੇ ਸਮਰਥਨ ਵਿਚ ਦਿੱਤੇ ਕੁਝ ਬਿਆਨਾਂ ਦੀ ਵਜ੍ਹਾ ਕਾਰਨ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਮਤਭੇਦਾਂ ਦੀਆਂ ਇਨ੍ਹਾਂ ਅਫ਼ਵਾਹਾਂ ਨੂੰ ਰੋਕਣ ਲਈ ਹੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੂੰ ਇਕ ਬਿਆਨ ਜਾਰੀ ਕਰਨਾ ਪਿਆ ਜਿਸ ਵਿਚ ਉਨ੍ਹਾਂ ਨੇ ਮਤਭੇਦਾਂ ਦਾ ਖੰਡਨ ਕਰਦੇ ਹੋਏ ਨੇਤਾਵਾਂ ਵਿਚਾਲੇ ਫੌਲਾਦੀ ਏਕਤਾ ਦੀ ਗੱਲ ਕਹੀ।
ਟਰੰਪ ਨੇ ਹਵਾਈ ਹਮਲਿਆਂ ਨਾਲ ਈਰਾਨ ਦੇ ਪਰਮਾਣੂ ਤੇ ਮਿਜ਼ਾਈਲ ਤੰਤਰ, ਹਵਾਈ ਰੱਖਿਆ ਪ੍ਰਣਾਲੀ ਅਤੇ ਸਮੁੰਦਰੀ ਫ਼ੌਜ ਨੂੰ ਤਾਂ ਕਾਫ਼ੀ ਹੱਦ ਤੱਕ ਨਸ਼ਟ ਕਰ ਦਿੱਤਾ ਪਰ ਰੈਵੋਲਿਊਸ਼ਨਰੀ ਗਾਰਡਜ਼ ਤੇ ਬਸੀਜ਼ ਦੇ ਤੰਤਰ ਨੂੰ ਅਤੇ ਸੱਤਾ ’ਤੇ ਉਸ ਦੇ ਸ਼ਿਕੰਜੇ ਨੂੰ ਢਿੱਲਾ ਨਹੀਂ ਕਰ ਸਕੇ। ਬੰਬਾਰੀ ਕਾਰਨ ਹੋਈ ਤਬਾਹੀ ਕਾਰਨ ਜੋ ਲੋਕ ਮੁੱਲਾਸ਼ਾਹੀ ਦੇ ਵਿਰੋਧ ਵਿਚ ਸਨ, ਉਹ ਵੀ ਹੁਣ ਉਸ ਦਾ ਸਮਰਥਨ ਕਰਨ ਲੱਗੇ ਹਨ। ਬਿਜਲੀ ਅਤੇ ਪਾਣੀ ਦੇ ਪਲਾਂਟਾਂ ਅਤੇ ਪੁਲਾਂ ਨੂੰ ਨਸ਼ਟ ਕਰਨ ਨਾਲ ਅਮਰੀਕਾ ਤੇ ਇਜ਼ਰਾਈਲ ਪ੍ਰਤੀ ਰੋਸ ਹੋਰ ਭੜਕ ਸਕਦਾ ਸੀ ਅਤੇ ਜੇ ਬਦਲੇ ਵਿਚ ਈਰਾਨ ਖਾੜੀ ਦੇ ਦੇਸ਼ਾਂ ਦੇ ਜਲ ਅਤੇ ਤੇਲ ਪਲਾਂਟਾਂ ’ਤੇ ਹਮਲੇ ਕਰਦਾ ਤਾਂ ਪੂਰੇ ਖਾੜੀ ਖੇਤਰ ਵਿਚ ਹਾਹਾਕਾਰ ਮਚ ਸਕਦੀ ਸੀ।
ਸ਼ਾਇਦ ਇਹੀ ਸੋਚ ਕੇ ਟਰੰਪ ਨੇ ਈਰਾਨ ਦੀ ਆਮਦਨ ਦੇ ਮੁੱਖ ਸਰੋਤ ਬੰਦ ਕਰਨ ਲਈ ਹੋਰਮੁਜ਼ ਦੀ ਨਾਕੇਬੰਦੀ ਕੀਤੀ ਹੈ। ਇਹ ਚਾਲ ਉਨ੍ਹਾਂ ਨੇ ਜਨਰਲ ਮੁਨੀਰ ਦੀ ਰਾਇ ’ਤੇ ਇਸ ਉਮੀਦ ਨਾਲ ਚੱਲੀ ਹੈ ਕਿ ਆਰਥਿਕ ਤੰਗੀ ਕਾਰਨ ਜਾਂ ਤਾਂ ਈਰਾਨ ਗੱਲਬਾਤ ਲਈ ਮਜਬੂਰ ਹੋ ਜਾਵੇਗਾ ਜਾਂ ਫਿਰ ਆਪਸੀ ਫੁੱਟ ਕਾਰਨ ਉੱਥੇ ਸੱਤਾਪਲਟ ਹੋ ਜਾਵੇਗਾ। ਹਾਲਾਂਕਿ ਇਹ ਚਾਲ ਤਾਂ ਈਰਾਨ ਨੂੰ ਹਵਾਈ ਹਮਲਿਆਂ ਨਾਲ ਬਰਬਾਦ ਕੀਤੇ ਬਿਨਾਂ ਵੀ ਚੱਲੀ ਜਾ ਸਕਦੀ ਸੀ। ਜੈਨੇਵਾ ਵਾਰਤਾਵਾਂ ਵਿਚ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਲਗਪਗ ਤਿਆਰ ਹੋ ਗਿਆ ਸੀ।
ਹੋਰਮੁਜ਼ ਦੀ ਨਾਕੇਬੰਦੀ ਕਰ ਕੇ ਉਸ ਨੂੰ ਮਿਜ਼ਾਈਲ ਪ੍ਰੋਗਰਾਮ ਰੋਕਣ ਅਤੇ ਅੱਤਵਾਦੀ ਧੜਿਆਂ ਦਾ ਸਮਰਥਨ ਬੰਦ ਕਰਨ ਲਈ ਵੀ ਤਿਆਰ ਕੀਤਾ ਜਾ ਸਕਦਾ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਜਿਹੋ ਜਿਹੀ ਭੁੱਲ ਆਪਣੇ ਦੋਸਤ ਨੇਤਨਯਾਹੂ ਦੇ ਕਹਿਣ ’ਤੇ ਈਰਾਨ ’ਤੇ ਚੜ੍ਹਾਈ ਕਰ ਕੇ ਕੀਤੀ ਸੀ, ਸ਼ਾਇਦ ਉਸੇ ਤਰ੍ਹਾਂ ਦੀ ਭੁੱਲ ਉਹ ਆਪਣੇ ਚਹੇਤੇ ਜਨਰਲ ਮੁਨੀਰ ਦੇ ਭਰਮਾਉਣ ਕਾਰਨ ਹੋਰਮੁਜ਼ ਦੀ ਨਾਕੇਬੰਦੀ ਕਰ ਕੇ ਕਰ ਰਹੇ ਹਨ। ਇਸ ਨਾਲ ਤਾਂ ਈਰਾਨ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਟਰੰਪ ਦੇ ਮਿੱਤਰ ਖਾੜੀ ਦੇਸ਼ਾਂ, ਯੂਰਪ, ਏਸ਼ੀਆ ਤੇ ਖ਼ੁਦ ਅਮਰੀਕਾ ਨੂੰ ਹੋਣ ਵਾਲਾ ਹੈ।
ਟਰੰਪ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਈਰਾਨ ਕੋਲ ਕੋਈ ਪੱਤਾ ਨਹੀਂ ਬਚਿਆ ਹੈ ਪਰ ਉਹ ਭੁੱਲ ਜਾਂਦੇ ਹਨ ਕਿ ਈਰਾਨ ਦਾ ਅਸਲੀ ਪੱਤਾ ਉਹ ਆਰਥਿਕ ਚੋਟ ਹੈ ਜਿਸ ਨੂੰ ਉਹ ਹੋਰਮੁਜ਼ ਨੂੰ ਬੰਦ ਕਰ ਕੇ ਪਹੁੰਚਾ ਸਕਦਾ ਹੈ। ਉਸ ਦੀ ਨਾਕੇਬੰਦੀ ਕਾਰਨ ਟਰੰਪ ਨੇ ਈਰਾਨ ਦਾ ਪੱਤਾ ਹੋਰ ਮਜ਼ਬੂਤ ਕੀਤਾ ਹੈ। ਜੰਗ ਵਿਚ ਭਾਵੇਂ ਈਰਾਨ ਨੂੰ 144 ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ ਅਤੇ ਕੌਮਾਂਤਰੀ ਮੁਦਰਾ ਕੋਸ਼ ਮੁਤਾਬਕ ਉਸ ਦੀ ਆਰਥਿਕਤਾ 6.1 ਤੋਂ 10 ਪ੍ਰਤੀਸ਼ਤ ਤੱਕ ਘਟ ਸਕਦੀ ਹੈ ਪਰ ਅਮਰੀਕਾ ਦੇ ਮਿੱਤਰ ਖਾੜੀ ਦੇਸ਼ਾਂ ਨੂੰ 200 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ। ਸਭ ਤੋਂ ਬੁਰੀ ਸੱਟ ਤਾਂ ਕਤਰ ਨੂੰ ਲੱਗੀ ਹੈ ਜਿਸ ਦੀ ਆਰਥਿਕਤਾ ’ਚ 8.6 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। ਕੌਮਾਂਤਰੀ ਮੁਦਰਾ ਕੋਸ਼ ਮੁਤਾਬਕ ਖਾੜੀ ਦੇਸ਼ਾਂ ਦੀ ਅਰਥ-ਵਿਵਸਥਾ ਨੂੰ 5.6 ਫ਼ੀਸਦ ਦਾ ਨੁਕਸਾਨ ਹੋਵੇਗਾ।
ਅਮਰੀਕਾ ਇਸ ਜੰਗ ਵਿਚ ਹਾਲੇ ਤੱਕ 56 ਅਰਬ ਡਾਲਰ ਖ਼ਰਚ ਕਰ ਚੁੱਕਾ ਹੈ ਅਤੇ ਇਸ ਵਿਚ ਜੇ ਤੇਲ, ਖਾਦ ਅਤੇ ਪਲਾਸਟਿਕ ਤੋਂ ਬਣੇ ਸਾਮਾਨ ਦੀ ਮਹਿੰਗਾਈ ਤੋਂ ਹੋਏ ਨੁਕਸਾਨ ਨੂੰ ਜੋੜ ਦੇਈਏ ਤਾਂ ਅੰਕੜਾ ਇਕ ਲੱਖ ਕਰੋੜ ਡਾਲਰ ਤੱਕ ਜਾਣ ਦਾ ਅਨੁਮਾਨ ਹੈ। ਤੇਲ, ਖਾਦ ਤੇ ਰੋਜ਼ਮੱਰਾ ਦੇ ਸਾਮਾਨ ਦੀਆਂ ਕੀਮਤਾਂ ਵਧਣ ਨਾਲ ਭਾਰਤ ਦੇ ਅਰਥਚਾਰੇ ਨੂੰ ਅੱਧੇ ਤੋਂ ਡੇਢ ਪ੍ਰਤੀਸ਼ਤ ਤੱਕ ਦਾ ਨੁਕਸਾਨ ਹੋਣ, ਰੁਪਈਏ ਦੀ ਕੀਮਤ ਡਿੱਗਣ ਤੇ ਉਸ ਨੂੰ ਬਚਾਉਣ ਲਈ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਕਮੀ ਆਉਣ ਦਾ ਖ਼ਤਰਾ ਬਣ ਗਿਆ ਹੈ।
ਈਰਾਨ ਨੂੰ ਪਤਾ ਹੈ ਕਿ ਹੋਰਮੁਜ਼ ਦੀ ਨਾਕੇਬੰਦੀ ਜਿੰਨੀ ਲੰਬੀ ਖਿੱਚੀ ਜਾਵੇਗੀ, ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ਾਂ ਨੂੰ ਲੱਗਣ ਵਾਲੀ ਆਰਥਿਕ ਸੱਟ ਓਨੀ ਹੀ ਡੂੰਘੀ ਹੁੰਦੀ ਜਾਵੇਗੀ ਅਤੇ ਟਰੰਪ ’ਤੇ ਜਲਦੀ ਸਮਝੌਤਾ ਕਰਨ ਦਾ ਦਬਾਅ ਵਧਦਾ ਜਾਵੇਗਾ। ਟਰੰਪ ਦੀ ਪਾਰਟੀ ਨੂੰ ਕਾਂਗਰਸ ਦੀਆਂ ਮੱਧਕਾਲੀ ਚੋਣਾਂ ਵਿਚ ਜਨਤਾ ਦਾ ਸਾਹਮਣਾ ਵੀ ਕਰਨਾ ਪੈਣਾ ਹੈ ਜੋ ਜੰਗ ਵਿਚ ਉਲਝਣ ਅਤੇ ਮਹਿੰਗਾਈ ਵਧਣ ਤੋਂ ਨਾਰਾਜ਼ ਹੈ।
ਇਕ ਮਈ ਨੂੰ ਜੰਗ ਦੇ ਦੋ ਮਹੀਨੇ ਪੂਰੇ ਹੋ ਜਾਣਗੇ ਜਿਸ ਤੋਂ ਬਾਅਦ ਕਾਂਗਰਸ ਤੋਂ ਆਗਿਆ ਲਏ ਬਿਨਾਂ ਟਰੰਪ ਜੰਗ ਜਾਰੀ ਨਹੀਂ ਰੱਖ ਸਕਦੇ। ਉਨ੍ਹਾਂ ਨੂੰ ਇਹ ਵੀ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਜੰਗ ਸਦਕਾ ਅਜਿਹਾ ਕੀ ਹਾਸਲ ਕੀਤਾ ਹੈ ਜਿਸ ਨੂੰ ਕੂਟਨੀਤੀ ਜਾਂ ਆਰਥਿਕ ਨਾਕੇਬੰਦੀ ਨਾਲ ਨਹੀਂ ਹਾਸਲ ਕੀਤਾ ਜਾ ਸਕਦਾ ਸੀ?
-ਸ਼ਿਵਕਾਂਤ ਸ਼ਰਮਾ
-(ਲੇਖਕ ਬੀਬੀਸੀ ਹਿੰਦੀ ਦੇ ਸਾਬਕਾ ਸੰਪਾਦਕ ਹਨ)।