ਪੰਜਾਬ ਕਈ ਤਰ੍ਹਾਂ ਦੇ ਦੁਖਾਂਤ ਤੇ ਕਾਲੇ ਦੌਰ ਆਪਣੇ ਪਿੰਡੇ ’ਤੇ ਹੰਢਾਅ ਚੁੱਕਾ ਹੈ। ਇਸ ਦੀਆਂ ਜੜ੍ਹਾਂ ’ਚ ਹਾਲੇ ਵੀ ਕਿੰਨਾ ਕੁਝ ਰਿੱਝ-ਪੱਕ ਰਿਹਾ ਹੈ, ਜਿਸ ਕਾਰਨ ਸੂਬੇ ਦੇ ਹਾਲਾਤ ਪ੍ਰਭਾਵਿਤ ਹੋ ਰਹੇ ਹਨ। ਇਸ ਵੇਲੇ ਸਭ ਤੋਂ ਵੱਡੀ ਚਿੰਤਾ ਪੰਜਾਬ ਦੀ ਨੌਜਵਾਨੀ ਨਾਲ ਜੁੜੀ ਹੋਈ ਹੈ। ਨੌਜਵਾਨ ਕਿਹੜੇ ਰਸਤੇ ਜਾ ਰਹੇ ਹਨ ਤੇ ਚੰਗੇ-ਮਾੜੇ ਰਾਹ ’ਤੇ ਜਾਣ ਲਈ ਉਨ੍ਹਾਂ ਨੂੰ ਕੌਣ ਪ੍ਰਭਾਵਿਤ ਕਰ ਰਿਹਾ ਹੈ, ਇਹ ਜ਼ਿਆਦਾ ਅਹਿਮ ਹੈ।

ਪੰਜਾਬ ਕਈ ਤਰ੍ਹਾਂ ਦੇ ਦੁਖਾਂਤ ਤੇ ਕਾਲੇ ਦੌਰ ਆਪਣੇ ਪਿੰਡੇ ’ਤੇ ਹੰਢਾਅ ਚੁੱਕਾ ਹੈ। ਇਸ ਦੀਆਂ ਜੜ੍ਹਾਂ ’ਚ ਹਾਲੇ ਵੀ ਕਿੰਨਾ ਕੁਝ ਰਿੱਝ-ਪੱਕ ਰਿਹਾ ਹੈ, ਜਿਸ ਕਾਰਨ ਸੂਬੇ ਦੇ ਹਾਲਾਤ ਪ੍ਰਭਾਵਿਤ ਹੋ ਰਹੇ ਹਨ। ਇਸ ਵੇਲੇ ਸਭ ਤੋਂ ਵੱਡੀ ਚਿੰਤਾ ਪੰਜਾਬ ਦੀ ਨੌਜਵਾਨੀ ਨਾਲ ਜੁੜੀ ਹੋਈ ਹੈ। ਨੌਜਵਾਨ ਕਿਹੜੇ ਰਸਤੇ ਜਾ ਰਹੇ ਹਨ ਤੇ ਚੰਗੇ-ਮਾੜੇ ਰਾਹ ’ਤੇ ਜਾਣ ਲਈ ਉਨ੍ਹਾਂ ਨੂੰ ਕੌਣ ਪ੍ਰਭਾਵਿਤ ਕਰ ਰਿਹਾ ਹੈ, ਇਹ ਜ਼ਿਆਦਾ ਅਹਿਮ ਹੈ। ਇਸ ਵੇਲੇ ਲਾਰੈਂਸ ਬਿਸ਼ਨੋਈ ’ਤੇ ਬਣੀ ਵੈੱਬ ਸੀਰੀਜ਼ ਰਿਲੀਜ਼ ਤੋਂ ਪਹਿਲਾਂ ਹੀ ਸੂਬੇ ਦੀਆਂ ਸਿਆਸੀ ਸਫ਼ਾਂ ਤੇ ਬੁੱਧੀਜੀਵੀਆਂ ਵਿਚਾਲੇ ਮਾਹੌਲ ਗਰਮਾਉਣ ਦਾ ਕੰਮ ਕਰ ਰਹੀ ਹੈ।
ਖ਼ਾਸ ਤੌਰ ’ਤੇ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਾਜਾ ਵੜਿੰਗ ਨੇ ‘ਲਾਰੈਂਸ ਆਫ ਪੰਜਾਬ’ ਟੀਵੀ ਸੀਰੀਜ਼ ’ਤੇ ਇਤਰਾਜ਼ ਪ੍ਰਗਟਾਉਂਦਿਆਂ ਹਾਈ ਕੋਰਟ ’ਚ ਜਨਹਿਤ ਪਟੀਸ਼ਨ ਦਾਖ਼ਲ ਕਰਨ ਦੀ ਗੱਲ ਕਹੀ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦਾ ਨੌਜਵਾਨ ਵਰਗ ਮੌਜੂਦਾ ਦੁਚਿੱਤੀ ਵਾਲੇ ਮਾਹੌਲ ’ਚੋਂ ਆਪਣਾ ‘ਹੀਰੋ’ ਲੱਭ ਰਿਹਾ ਹੈ। ਉਹ ਹਰ ਚੀਜ਼ ਨੌਜਵਾਨੀ ਨੂੰ ਆਪਣੇ ਵੱਲ ਖਿੱਚਦੀ ਹੈ, ਜੋ ਉਸ ਨੂੰ ਆਪਣੇ ਹਾਣ ਦੀ ਲੱਗਦੀ ਹੈ। ਸੂਬੇ ਦਾ ਗੀਤ-ਸੰਗੀਤ, ਫਿਲਮਾਂ, ਰਹਿਣ ਸਹਿਣ, ਪਹਿਰਾਵਾ ਤੇ ਖਾਣ-ਪੀਣ ਆਪਣੀਆਂ ਜੜ੍ਹਾਂ ਨਾਲੋਂ ਟੁੱਟਦਾ ਜਾ ਰਿਹਾ ਹੈ। ਪੰਜਾਬ ਦੇ ਵਿਰਸੇ ਦੀ ਮਿਸਾਲ ਦੇਣ ਵਾਲੇ ਪਿੰਡ ਵੀ ਸ਼ਹਿਰਾਂ ਵਰਗਾ ਨਵਾਂਪਣ ਸਿਰਜ ਰਹੇ ਹਨ। ਕੁਝ ਦਹਾਕਿਆਂ ’ਚ ਸੂਬੇ ’ਚ ਗੈਂਗਸਟਰਵਾਦ ਤੇ ਨਵੇਂ ਤਰ੍ਹਾਂ ਦੇ ਗੀਤਾਂ ਤੇ ਗੀਤਕਾਰੀ ਨੇ ਪੈਰ ਪਸਾਰੇ ਹਨ। ਜ਼ਿਆਦਾਤਰ ਨੌਜਵਾਨੀ ਇਨ੍ਹਾਂ ਤੋਂ ਹੀ ਸੇਧ ਲੈ ਰਹੀ ਹੈ। ਇਸੇ ’ਚੋਂ ਗੈਂਗਸਟਰਾਂ ਵਰਗੀ ਰਹਿਣੀ-ਬਹਿਣੀ ਤੇ ਸੋਚ ਜਨਮ ਲੈ ਰਹੀ ਹੈ ਪਰ ਸਵਾਲ ਉੱਠਦਾ ਹੈ ਕਿ ਕੀ ਇਹੀ ਹੁਣ ਸੂਬੇ ਦੀ ਨੌਜਵਾਨੀ ਦੇ ਰੋਲ ਮਾਡਲ ਹੋਣਗੇ? ਕੀ ਪੰਜਾਬ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਇਕ ਤਰ੍ਹਾਂ ਨਾਲ ਬਦਨਾਮ ਚਿਹਰਿਆਂ ਨੂੰ ਹੀ ਆਪਣਾ ਅਸਲ ਹੀਰੋ ਮੰਨ ਚੁੱਕੀ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਇਨ੍ਹਾਂ ਚਿਹਰਿਆਂ ਨੂੰ ਹੀਰੋ ਵਾਂਗ ਪੇਸ਼ ਕਰ ਕੇ ਨੌਜਵਾਨ ਵਰਗ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਬਣ ਰਹੀ ਟੈਲੀਵਿਜ਼ਨ ਸੀਰੀਜ਼ ਦਾ ਨਾਂ ‘ਲਾਰੈਂਸ ਆਫ ਪੰਜਾਬ’ ਇਸ ਲਈ ਵੀ ਇਤਰਾਜ਼ਯੋਗ ਹੈ ਕਿਉਂਕਿ ਪੰਜਾਬ ਦੀਆਂ ਨੀਹਾਂ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰੀਆਂ ਪਈਆਂ ਹਨ। ਇਹੀ ਨਹੀਂ, ਨੌਜਵਾਨਾਂ ਨੂੰ ਭੜਕਾਉਣ, ਆਪਸ ’ਚ ਲੜਾਉਣ ਤੇ ਮਰਨ-ਮਾਰਨ ਦੀ ਤਰਜਮਾਨੀ ਕਰਨ ਵਾਲਾ ਗੀਤ-ਸੰਗੀਤ ਕਦੇ ਵੀ ਸੂਬੇ ਦੀ ਰੂਹ ਨਹੀਂ ਰਿਹਾ ਹੈ। ਕੁਝ ਦਹਾਕਿਆਂ ਤੋਂ ਭੜਕਾਊ ਕਿਸਮ ਦੇ ਗੀਤਾਂ ਨਾਲ ਜੁੜੇ ਚਿਹਰਿਆਂ ਨੂੰ ਵੀ ਨੌਜਵਾਨਾਂ ਨੇ ਆਪਣਾ ਹੀਰੋ ਮੰਨਿਆ ਹੈ। ਇਹ ਰੁਝਾਨ ਹਾਲੇ ਵੀ ਜਾਰੀ ਹੈ। ਮਸਲਾ ਸਿਰਫ਼ ਲਾਰੈਂਸ ਤੱਕ ਸੀਮਤ ਨਹੀਂ ਹੈ।
ਦਰਅਸਲ, ਇਸ ਵੇਲੇ ਨੌਜਵਾਨਾਂ ਨੂੰ ਗ਼ਲਤ ਸੰਦੇਸ਼ ਦੇਣ ਵਾਲੀ ਉਸ ਹਰ ਚੀਜ਼ ਦਾ ਵਿਰੋਧ ਜ਼ਰੂਰੀ ਹੈ ਜੋ ਪੰਜਾਬ ਦੇ ਰਵਾਇਤੀ ਚਿਹਰੇ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅਜਿਹੀਆਂ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਥੋੜ੍ਹੇ ਜਿਹੇ ਆਰਥਿਕ ਲਾਹਿਆਂ ਖ਼ਾਤਰ ਅਮੀਰ ਵਿਰਾਸਤ ਵਾਲੇ ਸੂਬੇ ਦੇ ਸੱਭਿਆਚਾਰ ਅਤੇ ਨੌਜਵਾਨਾਂ ਦੇ ਦਿਮਾਗੀ ਪੱਧਰ ਨੂੰ ਵਿਗਾੜਨ ਦੀਆਂ ਹਰਕਤਾਂ ਕਰ ਰਹੇ ਹਨ। ਦੇਸ਼ ਦੀ ਫ਼ੌਜ ਹੋਵੇ ਚਾਹੇ ਕੋਈ ਹੋਰ ਖੇਤਰ, ਹਰ ਖਿੱਤੇ ’ਚ ਪੰਜਾਬੀ ਨੌਜਵਾਨ ਮਿਹਨਤ ਕਰਦੇ ਹਨ। ਖੇਡਾਂ ’ਚ ਸ਼ੁਭਮਨ ਗਿੱਲ, ਹਰਭਜਨ ਸਿੰਘ, ਨਵਜੋਤ ਸਿੰਘ ਸਿੱਧੂ, ਯੁਵਰਾਜ ਸਿੰਘ, ਬਿਸ਼ਨ ਸਿੰਘ ਬੇਦੀ ਅਤੇ ਯੋਗਰਾਜ ਸਿੰਘ ਸਣੇ ਸੈਂਕੜੇ ਅਜਿਹੇ ਨਾਂ ਹਨ ਜਿਨ੍ਹਾਂ ਨੂੰ ਪੰਜਾਬ ਦੇ ਹੀਰੋ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਗੈਂਗਸਟਰਵਾਦ ਅਤੇ ਭੜਕਾਊ ਕਿਸਮ ਦੇ ਚਿਹਰੇ ਕਦੇ ਵੀ ਪੰਜਾਬ ਦੀ ਨੌਜਵਾਨੀ ਦੇ ਨਾਇਕ ਨਹੀਂ ਹੋ ਸਕਦੇ।