ਬੱਦਲਾਂ ਦੀ ਛਾਂ ਵਰਗਾ ਤੇਰਾ ਸੁਭਾਅ ਤੇ ਮਖਾਣੇ ਜਿਹੀ ਆਵਾਜ਼। ਸਟੇਜ ਉੱਤੇ ਪੇਸ਼ਕਾਰੀ ਕਰਦਿਆਂ ਇਕ ਫਨਕਾਰ ਦਾ ਆਪਣੇ ਸਾਹਮਣੇ ਬੈਠੇ ਖਲੋਤੇ ਆਪਣੇ ਸਰੋਤਿਆਂ ਨਾਲ ਇਕਮਿਕ ਹੋਣਾ ਕਿੰਨਾ ਅਹਿਮ ਹੁੰਦਾ ਏ, ਇਹ ਕੋਈ ਸਿੱਖੇ, ਤਾਂ ਤੈਥੋਂ ਸਿੱਖੇ।
ਹੋਣੀ ਨਹੀਂ ਟਲੀ। ਦੁਆਵਾਂ ਵੀ ਨਾ ਲੱਗੀਆਂ ਤੇ ਨਾ ਹੀ ਦਵਾਈਆਂ ਰਾਸ ਆਈਆਂ। ਜਵੰਦਾ ਤੁਰਿਆ, ਅੰਦਰੋਂ ਕੁਝ ਖੁਰਿਆ। ਉਪਜਣਾ ਤੇ ਬਿਨਸਣਾ ਕੁਦਰਤ ਦਾ ਅਸੂਲ ਏ ਪਰ ਜਦ ਬੇਵਕਤਾ ਅਸੂਲ ਵਰਤੀਂਦਾ ਏ ਤਾਂ ਕੁਦਰਤ ਵੀ ਕਾਦਰ ਨਾਲ ਝੇੜਾ ਕਰਦੀ ਜਾਪਦੀ ਏ। ‘ਬੇਵਕਤ’ ਸ਼ਬਦ ਏਨਾ ਮਨਹੂਸ ਤੇ ਮੋਇਆ-ਮੋਇਆ ਜਾਪਣ ਲੱਗਦਾ ਏ ਕਿ ਮਨ ਬੇਟਿਕਾਣਾ ਤੇ ਬੇਯਕੀਨਾ ਹੋ ਕੇ ਭਟਕਣ ਦੇ ਸੁੱਕੇ ਬਗੀਚੇ ਮੂਹਰੇ ਜਾ ਖਲੋਂਦਾ ਏ।
ਯਾਰ ਜਵੰਦਿਆ, ਮਿਲ ਤਾਂ ਜਾਂਦਾ ਜਾਣ ਲੱਗਿਆਂ? ਐਡੀ ਕੀ ਕਾਹਲ ਪਈ ਸੀ ਯਾਰ? ਤੇਰਾ ਤੁਰ ਜਾਣਾ ਝੂਠ-ਝੂਠ ਜਿਹਾ ਜਾਪਦਾ ਏ। ਸੱਚ ਨਹੀਂ ਆਉਂਦਾ। ਏਨਾ ਮੋਹ ਪਾ ਗਿਆ। ਮੁਹੱਬਤਾਂ ਲੁੱਟ ਕੇ ਲੈ ਗਿਆ। ਸੱਚਮੁੱਚ ਹੀ ਤੂੰ ਲੋਕਾਂ ਦਾ ਫਨਕਾਰ ਏਂ ਬੇਲੀਆ। ਤੂੰ ਹਾਲੇ “ਹੈਂ”-! ਤੇਰੇ ਬਾਰੇ ਲਿਖਦਿਆਂ ਜਾਂ ਗੱਲ ਕਰਦਿਆਂ “ਸੀ” ਸ਼ਬਦ ਵਰਤਣਾ ਤਿੱਖੀ ਸੂਈ ਦੀ ਨੋਕ ਖੁੱਭਣ ਵਾਂਗ ਜਾਪਦਾ ਏ। ਕਲੇਜੇ ਰੁੱਗ ਹੀ ਨਹੀਂ ਭਰੇ, ਕਲੇਜੇ ਛਲਣੀ ਕਰ ਕੇ ਕਿਧਰੇ ਛੁਪ ਗਿਆ ਏਂ ਯਾਰ ਜਵੰਦਿਆ! ਤੇਰੀ ਟੂਣੇਹਾਰੀ ਆਵਾਜ਼, ਨਿਵੇਕਲਾ ਅੰਦਾਜ਼, ਸਾਊ ਤੇ ਸਰਲ ਸ਼ਖ਼ਸੀਅਤ ਸਾਡੇ ਅੰਗ-ਸੰਗ ਹੀ ਏ ਤੇਰਾ ਸਾਰਾ ਕੁਝ। ਬੱਦਲਾਂ ਦੀ ਛਾਂ ਵਰਗਾ ਤੇਰਾ ਸੁਭਾਅ ਤੇ ਮਖਾਣੇ ਜਿਹੀ ਆਵਾਜ਼। ਸਟੇਜ ਉੱਤੇ ਪੇਸ਼ਕਾਰੀ ਕਰਦਿਆਂ ਇਕ ਫਨਕਾਰ ਦਾ ਆਪਣੇ ਸਾਹਮਣੇ ਬੈਠੇ ਖਲੋਤੇ ਆਪਣੇ ਸਰੋਤਿਆਂ ਨਾਲ ਇਕਮਿਕ ਹੋਣਾ ਕਿੰਨਾ ਅਹਿਮ ਹੁੰਦਾ ਏ, ਇਹ ਕੋਈ ਸਿੱਖੇ, ਤਾਂ ਤੈਥੋਂ ਸਿੱਖੇ। ਫਨਕਾਰ ਤੇ ਉਸ ਦੇ ਸਰੋਤੇ ਆਪਣੇ ਆਪ ਨੂੰ ‘ਆਪਣੇ ਆਪਣੇ’ ਜਾਪਣ, ਇਹ ਗੁਣ ਤੇਰਾ ਵਿਲੱਖਣ ਸੀ। ਤੂੰ ਸਟੇਜ ਉੱਤੇ ਹਰੇਕ ਨੂੰ ‘ਆਪਣਾ ਆਪਣਾ’ ਲੱਗਦਾ ਸੀ ਤੇ ਸਾਰੇ ਤੈਨੂੰ ‘ਤੇਰੇ ਤੇਰੇ’ ਈ ਜਾਪਦੇ ਸਨ।
ਬੜੇ ਭੈੜੇ ਦਿਨ ਆਏ ਨੇ ਕਿ ਅੱਚਵੀਂ ਤੇ ਬੇਚੈਨੀ ਤੇਰੇ ਚਹੇਤਿਆਂ ਸਰੋਤਿਆਂ ਦੇ ਸਿਰ ਚੜ੍ਹ ਗਈ ਏ। ਬੇਰੋਕ ਹੰਝੂ ਤੇ ਲੰਬੇ ਹਉਕੇ ਇਕਮਿਕ ਹੋ ਗਏ ਨੇ। ਧਰਤੀ ਮਾਂ ਦੀ ਧੜਕਨ ਵਧਣ ਲੱਗਦੀ ਏ ਜਦ ਉਹਦੇ ਨਾਲੋਂ ਜੁਦਾ ਹੁੰਦਾ ਉਹਦਾ ਜਾਇਆ ਕੋਈ ਪਿਆਰਾ ਫਨਕਾਰ ਕਿਸੇ ਪੰਛੀ ਵਾਂਗ ਫੜਫੜਾਉਣ ਲੱਗਦਾ ਏ, ਉਦੋਂ ਅੰਬਰ ਦੇ ਅੱਥਰੂ ਦਾ ਕੋਈ ਅੰਤ ਨਹੀਂ ਰਹਿੰਦਾ। ਇਕ ਵਾਰ ਕਿਸੇ ਭਰੀ ਮਹਿਫਲ ਵਿਚ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਗਾਇਆ ਸੀ :
ਅੱਖਾਂ ਜਦੋਂ ਮੀਟੀਆਂ, ਜ਼ਮਾਨਾ ਮੈਨੂੰ ਰੋਏਗਾ।
ਥਾਓਂ ਥਾਈਂ ਆਪਣਾ,ਬਿਗਾਨਾ ਮੈਨੂੰ ਰੋਏਗਾ।
ਰਹੇ ਨਾ ਰਾਗ ਰੰਗ, ਜਦ ਇਨ੍ਹਾਂ ਮਹਿਫਲਾਂ ’ਚ
ਗੀਤ ਵੈਣ ਪਾਉਣਗੇ,ਤਰਾਨਾ ਮੈਨੂੰ ਰੋਏਗਾ...।
ਇਹ ਸੁਣ ਸਰੋਤਿਆਂ ਦੀਆਂ ਅੱਖਾਂ ਵਗ ਤੁਰੀਆਂ। ਵੈਰਾਗ ਹਾਵੀ ਹੋ ਗਿਆ। ਸਾਜ਼ ਤੇ ਸੁਰਾਂ ਗਮ ਵਿਚ ਡੁੱਬ ਗਏ। ਯਾਰ ਜਵੰਦਿਆ, ਤੇਰੀ ਦਸਤਾਰ, ਤੇਰੀ ਗੁਫਤਾਰ ਤੇ ਤੇਰੀ ਰਫ਼ਤਾਰ, ਤੂੰ ਤਿੰਨਾਂ ਦਾ ਹੀ ਗਾਜੀ ਹੋ ਗਿਆ। ਤੇਰੇ ਪਿੰਡ ਦੀਆਂ ਗਲੀਆਂ ਦੇ ਕੱਖ ਵੀ ਕੁਰਲਾਏ ਯਾਰਾ, ਆਦਮ ਨੇ ਤਾਂ ਵਿਲਕਣਾ ਹੀ ਸੀ। ਝਕਾਨੀ ਜਿਹੀ ਦੇ ਕੇ ਤੈਂ ਇੱਧਰੋਂ ਓਧਰੋਂ ਹੁਣੇ ਕਿਧਰੋਂ ਆ ਜਾਣਾ ਏਂ, ਆਪ ਮੁਹਾਰਾ ਹੋ ਅਲਾਪ ਲਾਉਂਦਾ, ਨਿੰਮਾ ਨਿੰਮਾ ਮੁਸਕਰਾਉਂਦਾ, ਸੁਰਾਂ ਨਾਲ ਖੇਲ੍ਹਦਾ ਤੇ ਟਹਿਲਦਾ। ਤੇਰੀਆਂ ਯਾਦਾਂ ਉਧੜ-ਉਧੜ ਆ ਰਹੀਆਂ ਨੇ ਵੀਰ! “ਓ ਨਿੰਦਰ ਬਾਈ, ਸਾਸਰੀ ਕਾਲ ਜੀ ਈਈਈਈ...।” ਤੂੰ “ਜੀ” ਸ਼ਬਦ ਨੂੰ ਬੜੇ ਅਦਬ ਨਾਲ ਲਮਕਾ ਦਿੰਦਾ ਸੈਂ। ਹਰ ਵੇਲੇ ਫੋਨ ਚੁੱਕਦਾ ਸੈਂ। ਮਿਠਾਸ ਭਰੀ ਆਵਾਜ਼ ’ਚ ਗੱਲ ਕਰਦਾ ਰਤਾ ਓਪਰਾ ਨਾ ਲੱਗਦਾ। ਸ਼ੁੱਧ ਮਲਵਈ ਅੰਦਾਜ਼। ਰਸੀ ਹੋਈ ਆਵਾਜ਼, ਜਿਵੇਂ ਦੂਰ ਜੰਗਲ ਵਿਚ ਕੋਈ ਜੋਗੀ ਗਾ ਰਿਹਾ ਹੋਵੇ : ਨਹੀਓਂ ਲੱਭਣੇ ਗੁਆਚੇ ਹੋਏ ਲਾਲ, ਮਿੱਟੀ ਨਾ ਫਰੋਲ ਜੋਗੀਆ... ਹਮੇਸ਼ਾ ਸਾਡਾ ਪਿੱਛਾ ਕਰਨਗੇ ਇਹ ਬੋਲ। ਤੇਰੇ ਪਿਤਾ ਕਰਮ ਸਿੰਘ ਜਵੰਦਾ ਥਾਣੇਦਾਰ ਤਾਂ ਸਨ ਪਰ ਉਸਾਰੂ ਸਾਹਿਤ ਦੇ ਪਾਠਕ ਵੀ ਪੱਕੇ ਸਨ। ਆਪਣੇ ਪਿਤਾ ਵੱਲੋਂ ਡਰਾਇੰਗ ਰੂਮ ਦੇ ਕੋਨੇ ਵਿਚ ਰੱਖੀਆਂ ਕਿਤਾਬਾਂ ਵਿੱਚੋਂ ਜਦ ਤੂੰ ਮੇਰੀਆਂ ਲਿਖੀਆਂ ਕਿਤਾਬਾਂ ਦੇ ਨਾਂ ਗਿਣਾਏ ਸਨ, ਤਾਂ ਮੈਂ ਅੰਤਾਂ ਦੇ ਮਾਣ ਨਾਲ ਭਰ ਗਿਆ ਸਾਂ। ਬਾਪੂ ਜਗਦੇਵ ਸਿੰਘ ਜੱਸੋਵਾਲ ਦਾ ਪੋਤਰਾ ਅਮਰਿੰਦਰ ਜੱਸੋਵਾਲ ਪਹਿਲੀ ਵਾਰ ਫੋਨ ਉੱਤੇ ਉਦੋਂ ਗੱਲ ਕਰਵਾਉਂਦਾ ਏ ਜਦੋਂ ਤੂੰ ਹਾਲੇ ਆਪਣੇ ਪੋਨੇ ਪਿੰਡ ਈ ਰਿਹਾ ਕਰਦਾ ਸੀ ਤੇ ਪਿੰਡ ਆਉਣ ਦੇ ਵਾਰ-ਵਾਰ ਸੱਦੇ ਦਿੱਤੇ ਸਨ। ਮੋਹਾਲੀ ਕਾਹਦਾ “ਮੂਵ” ਹੋਇਆ, ਸਦਾ ਸਦਾ ਲਈ “ਮੂਵ” ਹੋ ਗਿਆ ਏਂ ਸਾਥੋਂ ਯਾਰ ਜਵੰਦਿਆ! ਛੇਤੀ ਮਿਲਣ ਦਾ ਵਾਅਦਾ ਕਰਕੇ ਤੇ ਸਭ ਨੂੰ ਲਾਰੇ ਲਾ ਕੇ ਤੁਰ ਗਿਓਂ। ਜਿਹੜੀਆਂ ਮਾਵਾਂ ਦੇ ਪੁੱਤ ਵਿਛੜ ਜਾਂਦੇ ਨੇ, ਤੂੰ ਆਪਣੇ ਮੂੰਹੋਂ ਈ ਉਨ੍ਹਾਂ ਦੇ ਦੁੱਖ ਪਹਿਲੋਂ ਈ ਗਾ ਗਿਆ। ਤੇਰੇ ਇਹ ਬੋਲ ਸੁਣੇ ਨਹੀਂ ਜਾਂਦੇ, ਬੀਬੀ ਪਰਮਜੀਤ ਕੌਰ ਕਿੰਜ ਸੁਣੇਗੀ :
ਗੱਚ ਭਰੇ ਗੱਲ ਹੁੰਦੀ ਨੀ ਅਗਾਹਾਂ, ਖਾਣਾ ਪੀਣਾ ਭੁੱਲ ਜਾਂਦੀਆਂ।
ਪੁੱਤ ਮਰੇ ਨਾ ਭੁੱਲਦੀਆਂ ਮਾਵਾਂ,ਖਾਣਾ ਪੀਣਾ ਭੁੱਲ ਜਾਂਦੀਆਂ...।
ਤੇਰਾ ਗਾਣਾ ‘ਚਿੱਤ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ’ ਹੁਣ ਸਕੂਨ ਦੀ ਥਾਂ ਓਦਰੇਵਾਂ ਦੇਂਦਾ ਜਾਪਦਾ ਏ ਵੀਰਾ। ਤੇਰਾ ਇਕ ਗੀਤ ਸਿਰਾ ਹੈ, ਬੋਲ ਨੇ :
ਸੁਣ ਕਵਿਤਾ ਵਰਗੀਏ ਕੁੜੀਏ, ਮੈਂ ਲੋਕ ਗੀਤ ਵਰਗਾ।
ਤੈਨੂੰ ਪੜ੍ਹਦਾ ਰਹੂੰਗਾ,ਤੂੰ ਮੈਨੂੰ ਗਾ ਲਿਆ ਕਰੀਂ।
ਵੀਰ, ਲੱਗਦਾ ਏ ਕਿ ਲੋਕ ਗੀਤ ਵਰਗਾ ਮੁੰਡਾ ਮੂੰਹ ਫੇਰ ਗਿਆ ਏ ਤੇ ਕਵਿਤਾ ਕਿਧਰੇ ਉਡਾਰੀ ਮਾਰ ਗਈ ਏ ਦੂਰ। ਰਾਜਵੀਰ, ਤੇਰੇ ਧੀਆਂ ਵਾਲੇ ਗੀਤ ਵਿਚ ਮਾਂ ਨੂੰ ਧੀ ਦੀ ਪਹਿਲੀ ਸਹੇਲੀ ਦੱਸ ਕੇ ਤੈਂ ਪੰਜਾਬੀ ਲੋਕ ਧਾਰਾ ਨੂੰ ਅਮੀਰੀ ਤਾਂ ਬਖ਼ਸ਼ੀ ਏ ਤੇ ਅਮਰ ਵੀ ਕਰਿਆ ਏ। ਇਸ ਗੀਤ ਨੂੰ ਚਾਰ ਕਰੋੜ, ਅਠੱਤੀ ਲੱਖ, ਨੱਬੇ ਹਜ਼ਾਰ ਨੌਂ ਸੌ ਪਚਾਸੀ ਲੋਕ ਦੇਖ-ਮਾਣ ਚੁੱਕੇ ਨੇ। ਇਸ ਗੀਤ ਦਾ ਵਿਸ਼ਾ-ਵਸਤੂ ਏਨੇ ਖ਼ੂਬਸੂਰਤ ਨੇ ਕਿ ਕੀ ਆਖੀਏ? ਬਾਬੁਲ ਦੀ ਪੱਗ ਨੂੰ ਅੰਬਰਾਂ ਦੇ ਚੰਨ ਤੋਂ ਉੱਚੀ ਦੱਸਿਆ ਤੈਂ। ਧੀ ਨੂੰ ਸਭ ਤੋਂ ਵੱਧ ਚਾਹੁਣ ਵਾਲੇ ਬਾਬਲ ਨੂੰ ਧੀ ਆਖਦੀ ਏ ਕਿ ਤੇਰੇ ਰਾਜ ਵਿਚ ਮਿਲੀਆਂ ਖੁੱਲ੍ਹਾਂ ਤੋਂ ਵਾਰੀ ਜਾਵਾਂ ਬਾਬਲਾ ਵੇ! ਤੇਰੀ ਦੇਹਲੀ (ਦਹਿਲੀਜ਼) ਹਮੇਸ਼ਾ ਖ਼ੁਸ਼ੀ ਖੇਲੇ। ਚਿੜੀਆਂ ਦੀ ਚੋਗ ਹੈ, ਚੁਗ ਰਹੀਆਂ ਹਾਂ ਕੁੜੀਆਂ।
ਯਾਰ, ਤੂੰ ਗਿਣਤੀਆਂ ਮਿਣਤੀਆਂ ਤੋਂ ਦੂਰ ਸੀ, ਕਲਾ ਨਾਲ ਭਰਪੂਰ ਸੀ, ਚਿਹਰੇ ਉੱਤੇ ਨੂਰ ਸੀ। ਕੀ ਆਖਾਂ, ਕੀ ਛੱਡਾਂ? ਮੈਨੂੰ ਕੁਝ ਐਸੇ ਭਾਈ (ਭਰਾ) ਦੇਸ਼-ਦੇਸ਼ਾਂਤਰ ਮਿਲੇ ਸਨ ਜੋ ਬੁਰੀ ਤਰ੍ਹਾਂ ਟੁੱਟ ਚੁੱਕੇ ਸਨ। ਰਿਸ਼ਤੇ ਚਕਨਾਚੂਰ ਸਨ। ਲੰਬੀਆਂ ਦੂਰੀਆਂ ਸਨ ਪਰ ਤੇਰਾ ਗੀਤ ਸੁਣ ਕੇ ਤੇ ਸਭ ਕੁਝ ਭੁੱਲ-ਭੁਲਾ ਕੇ ਗਲੇ ਮਿਲੇ, ਗਲਵੱਕੜੀਆਂ ਪਈਆਂ। ਰਿਸ਼ਤੇ ਜੋੜੇ ਤੇਰੀ ਆਵਾਜ਼ ਭਰੇ ਗੀਤਾਂ ਨੇ। ਕੌਣ ਗਾਏਗਾ ਹੁਣ ਉਹ ਗੀਤ :
ਭਾਈ ਮਾਰਦੇ ਤੇ ਭਾਈ ਨੇ ਗਲ ਲਾਉਂਦੇ,ਕੁੱਲ ਚੀਜ਼ ਮੁੱਲ ਵਿਕਦੀ।
ਜੰਮੇ ਨਾਲ ਦੇ ਕਿਤੋਂ ਨਾ ਮੁੱਲ ਥਿਆਉਂਦੇ,ਕੁੱਲ ਚੀਜ਼ ਮੁੱਲ ਵਿਕਦੀ...।
ਤੇਰੇ ਤੇ ਤੇਰੇ ਗਾਏ ਗੀਤਾਂ ਬਾਬਤ ਬਹੁਤ ਕੁਝ ਲਿਖਣ ਨੂੰ ਹੈ ਪਰ ਲਿਖਿਆ ਨਹੀਂ ਜਾਂਦਾ, ਕਦੇ ਫਿਰ ਸਹੀ।
ਨਿੰਦਰ ਘੁਗਿਆਣਵੀ
-ਮੋਬਾਈਲ : 94174-21700