ਬਚਪਨ ਦੀਆਂ ਯਾਦਾਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ ਪਰ ਇਸ ਉੱਤੇ ਸਭ ਤੋਂ ਗੂੜ੍ਹੇ ਅਤੇ ਖ਼ੂਬਸੂਰਤ ਰੰਗ ਨਾਨਕੇ ਘਰ ਦੇ ਹੀ ਹੁੰਦੇ ਹਨ। ਇਹ ਗੱਲ 1989-90 ਦੇ ਆਸ-ਪਾਸ ਦੀ ਹੈ ਜਦੋਂ ਹਰ ਬੱਚੇ ਵਾਂਗ ਮੇਰੇ ਅੰਦਰ ਵੀ ਆਪਣੇ ਨਾਨਕੇ ਘਰ ਦਾ ਇਕ ਅਥਾਹ ਤੇ ਅਕਹਿ ਚਾਅ ਵਸਿਆ ਹੋਇਆ ਸੀ। ਹਰਿਆਣੇ ਦੀ ਧਰਤੀ ’ਤੇ ਵਸਦਾ ਮੇਰਾ ਨਾਨਕਾ ਪਿੰਡ ‘ਦੇਸੂ ਜੋਧਾ’ ਮੇਰੇ ਲਈ ਮਹਿਜ਼ ਇਕ ਪਿੰਡ ਨਹੀਂ, ਸਗੋਂ ਮੇਰੀਆਂ ਬਾਲ-ਭਾਵਨਾਵਾਂ ਦਾ ਉਹ ਸਵਰਗ ਸੀ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਤੇ ਲੰਮੇ ਅਰਸੇ ਬਿਤਾਏ।

-ਨਵਦੀਪ ਸਿੰਘ ਝੁਨੀਰ
ਬਚਪਨ ਦੀਆਂ ਯਾਦਾਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ ਪਰ ਇਸ ਉੱਤੇ ਸਭ ਤੋਂ ਗੂੜ੍ਹੇ ਅਤੇ ਖ਼ੂਬਸੂਰਤ ਰੰਗ ਨਾਨਕੇ ਘਰ ਦੇ ਹੀ ਹੁੰਦੇ ਹਨ। ਇਹ ਗੱਲ 1989-90 ਦੇ ਆਸ-ਪਾਸ ਦੀ ਹੈ ਜਦੋਂ ਹਰ ਬੱਚੇ ਵਾਂਗ ਮੇਰੇ ਅੰਦਰ ਵੀ ਆਪਣੇ ਨਾਨਕੇ ਘਰ ਦਾ ਇਕ ਅਥਾਹ ਤੇ ਅਕਹਿ ਚਾਅ ਵਸਿਆ ਹੋਇਆ ਸੀ। ਹਰਿਆਣੇ ਦੀ ਧਰਤੀ ’ਤੇ ਵਸਦਾ ਮੇਰਾ ਨਾਨਕਾ ਪਿੰਡ ‘ਦੇਸੂ ਜੋਧਾ’ ਮੇਰੇ ਲਈ ਮਹਿਜ਼ ਇਕ ਪਿੰਡ ਨਹੀਂ, ਸਗੋਂ ਮੇਰੀਆਂ ਬਾਲ-ਭਾਵਨਾਵਾਂ ਦਾ ਉਹ ਸਵਰਗ ਸੀ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਤੇ ਲੰਮੇ ਅਰਸੇ ਬਿਤਾਏ। ਉਸ ਦੌਰ ਵਿਚ, ਮੇਰੇ ਨਾਨਕਿਆਂ ਕੋਲ ਇਕ ਐਸਕਾਰਟ ਟਰੈਕਟਰ ਹੁੰਦਾ ਸੀ। ਟਰੈਕਟਰ ਦੇ ਉੱਪਰ ਚਿੱਟੇ ਅੱਖਰਾਂ ਵਿਚ ਲਿਖਿਆ ਮੇਰੇ ਨਾਨਾ ਜੀ ਦਾ ਨਾਂ ‘ਸ਼੍ਰੀ ਜੱਗਰ ਸਿੰਘ’ ਮੈਨੂੰ ਬੜਾ ਚੰਗਾ ਲੱਗਦਾ।
ਮੇਰੇ ਛੋਟੇ ਮਾਮੇ ਦਾ ਘਰ, ਜਿੱਥੇ ਮੇਰੇ ਨਾਨਾ-ਨਾਨੀ ਜੀ ਦੀ ਨਿੱਘੀ ਛੋਹ ਵਸਦੀ ਸੀ, ਮੈਨੂੰ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਜਾਪਦਾ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਹੀ ਸਾਹਮਣੇ ਇਕ ਵਰਾਂਡਾ ਸੀ ਜਿਸ ’ਚ ਇਕ ਹਰੇ ਰੰਗ ਦੀ ਅਲਮਾਰੀ ਹੁੰਦੀ ਸੀ। ਉਸ ’ਤੇ ਪੀਰਾਂ-ਫ਼ਕੀਰਾਂ ਅਤੇ ਸੰਤਾਂ-ਮਹਾਤਮਾਵਾਂ ਦੀਆਂ ਤਸਵੀਰਾਂ ਹੁੰਦੀਆਂ ਸਨ। ਇਸੇ ਵਰਾਂਡੇ ਉੱਪਰ ਪੁਰਾਤਨ ਨਮੂਨੇ ਦਾ ਇਕ ਚੁਬਾਰਾ ਹੁੰਦਾ ਸੀ। ਭਾਵੇਂ ਉਹ ਪੁਰਾਣਾ ਹੋਣ ਕਾਰਨ ਮੇਰੇ ਬਚਪਨ ਵਿਚ ਹੀ ਢਾਹ ਦਿੱਤਾ ਗਿਆ ਸੀ ਪਰ ਉਸ ਨਾਲ ਮੇਰੀ ਰੂਹ ਦਾ ਮੋਹ ਇੰਨਾ ਡੂੰਘਾ ਸੀ ਕਿ ਉਸ ਵਿਚ ਬੈਠ ਕੇ ਮੈਨੂੰ ਜੋ ਸਕੂਨ ਮਿਲਦਾ ਸੀ, ਉਹ ਦੁਨੀਆ ਦੀ ਕਿਸੇ ਹੋਰ ਨੁੱਕਰ ਵਿਚ ਕਦੇ ਨਸੀਬ ਨਹੀਂ ਹੋਇਆ।
ਵਰਾਂਡੇ ਦੇ ਖੱਬੇ ਪਾਸੇ ਇਕ ਵੱਡੀ ਸਾਰੀ ਸਬਾਤ ਸੀ। ਸਿਆਲ ਦੀਆਂ ਠੰਢੀਆਂ ਰਾਤਾਂ ਵਿਚ ਉਸ ਹਨੇਰੀ ਸਬਾਤ ਦੇ ਕਿਸੇ ਕੋਨੇ ਵਿਚ ਮੇਰੇ ਨਾਨਾ ਜੀ ਲਈ ਬਣਾਈਆਂ ਮੇਥਿਆਂ ਦੀਆਂ ਪਿੰਨੀਆਂ ਰੱਖੀਆਂ ਹੁੰਦੀਆਂ ਸਨ। ਨਾਨੀ ਜਦੋਂ ਆਪਣੇ ਮੋਹ ਭਿੱਜੇ ਹੱਥਾਂ ਨਾਲ ਮੈਨੂੰ ਉਹ ਪਿੰਨੀਆਂ ਖਵਾਉਂਦੀ ਤਾਂ ਮੈਨੂੰ ਲੱਗਦਾ ਜਿਵੇਂ ਦੁਨੀਆ ਭਰ ਦਾ ਸੁਆਦ ਅਤੇ ਪਿਆਰ ਮੇਰੀ ਝੋਲੀ ਪੈ ਗਿਆ ਹੋਵੇ।
ਮੇਰੇ ਛੋਟੇ ਮਾਮੇ ਦਾ ਪੁੱਤਰ ਲਛਮਣ, ਜਿਸ ਨੂੰ ਨਾਨਾ ਜੀ ‘ਲਫ਼ਣ’ ਆਖਦੇ ਸਨ, ਭਾਵੇਂ ਮੇਰੇ ਤੋਂ ਛੋਟਾ ਸੀ ਪਰ ਮੇਰਾ ਪੱਕਾ ਆੜੀ ਸੀ। ਨਾਨਾ ਜੀ ਆਪਣੇ ਹੱਥੀਂ ਸਾਨੂੰ ਗੁੱਲੀ ਘੜ ਕੇ ਦਿੰਦੇ ਅਤੇ ਅਸੀਂ ਘੰਟਿਆਂ-ਬੱਧੀ ਬਾੜੇ ਵਿਚ ਗੁੱਲੀ-ਡੰਡਾ ਖੇਡਦੇ ਰਹਿੰਦੇ। ਸਾਡੀ ਉਸ ਖੇਡ ਵਿਚ ਦੁਨੀਆਂ ਭਰ ਦੀ ਬਾਦਸ਼ਾਹਤ ਛੁਪੀ ਹੁੰਦੀ।
ਛੋਟੇ ਮਾਮੇ ਦੇ ਘਰ ਤੋਂ ਵੱਡੇ ਮਾਮੇ ਦੇ ਘਰ ਤੱਕ ਦਾ ਪੈਂਡਾ ਮੇਰੇ ਲਈ ਕਿਸੇ ਰੋਮਾਂਚਕ ਸਫ਼ਰ ਤੋਂ ਘੱਟ ਨਹੀਂ ਸੀ। ਰਸਤੇ ਵਿਚ ਪੈਦਲ ਜਾਂਦਿਆਂ ਸਭ ਤੋਂ ਪਹਿਲਾਂ ਦੋ ਛੱਪੜ ਆਉਂਦੇ ਤੇ ਫਿਰ ਲਸੂੜੇ ਦੇ ਰੁੱਖ ਮਿਲਦੇ। ਇਕ ਪੁਰਾਣਾ ਖੂਹ ਆਉਂਦਾ ਜਿੱਥੋਂ ਸੁਆਣੀਆਂ ਪਾਣੀ ਭਰਦੀਆਂ। ਉਸ ਖੂਹ ਦੇ ਨਾਲ ਹੀ ਇਕ ਡੇਰਾ ਹੁੰਦਾ ਸੀ। ਇਸ ਡੇਰੇ ਨਾਲ ਜੁੜੀ ਇਕ ਘਟਨਾ ਨੇ ਮੇਰੇ ਬਾਲ-ਮਨ ਨੂੰ ਕਿਸੇ ਤਲਿਸਮੀ ਦੁਨੀਆ ਦਾ ਹਿੱਸਾ ਬਣਾ ਦਿੱਤਾ ਸੀ। ਇਕ ਵਾਰ ਮਾਤਾ ਜੀ ਨੇ ਦੱਸਿਆ ਕਿ ਵੱਡੇ ਮਾਮਾ ਜੀ ਖੇਤਾਂ ਵਿਚ ਪਾਣੀ ਲਾ ਰਹੇ ਸਨ ਤਾਂ ਉਨ੍ਹਾਂ ਨੂੰ ‘ਕੀੜਾ’ ਛੋਹ ਗਿਆ। ਮੈਂ ਕੰਬਦੀ ਆਵਾਜ਼ ਵਿਚ ਪੁੱਛਿਆ, ‘ਫਿਰ ਕੀ ਹੋਇਆ?’ ਤਾਂ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਉਸੇ ਡੇਰੇ ਲਿਆਂਦਾ ਗਿਆ। ਡੇਰੇ ਵਿਚ ਇਕ ਥਾਲੀ ਖੜਕਾਈ ਗਈ ਅਤੇ ਉਸ ਥਾਲੀ ਦੀ ਆਵਾਜ਼ ਸੁਣਦਿਆਂ ਹੀ ਪਿੰਡ ਦੇ ਸਾਰੇ ‘ਗਾਰੜੂ’ ਇਕੱਠੇ ਹੋ ਗਏ। ਉਹ ਆਪਣੇ ਮੂੰਹ ਨਾਲ ਜ਼ਹਿਰ ਚੂਸਦੇ ਅਤੇ ਘਿਉ ਦੀਆਂ ਕੁਰਲੀਆਂ ਕਰਦੇ। ਇਸ ਤਰ੍ਹਾਂ ਉਨ੍ਹਾਂ ਨੇ ਸਾਰਾ ਜ਼ਹਿਰ ਮਾਮਾ ਜੀ ਦੇ ਸਰੀਰ ’ਚੋਂ ਬਾਹਰ ਕੱਢ ਦਿੱਤਾ ਤੇ ਕੁਝ ਹੀ ਸਮੇਂ ਬਾਅਦ ਮਾਮਾ ਜੀ ਬਿਲਕੁਲ ਨੌਂ-ਬਰ-ਨੌਂ ਹੋ ਗਏ। ਮਾਂ ਦੇ ਮੂੰਹੋਂ ਸੁਣੀ ਇਹ ਘਟਨਾ ਮੈਨੂੰ ਕਿਸੇ ਅਲੌਕਿਕ ਤੇ ਜਾਦੂਈ ਦੁਨੀਆ ਦੀ ਬਾਤ ਜਾਪਦੀ ਸੀ। ਨਾਨਕੇ ਪਿੰਡ ਕੋਲੋਂ ਦੀ ਹੀ ਇਕ ਨਹਿਰ ਗੁਜ਼ਰਦੀ ਸੀ ਜਿਸ ਨੂੰ ਅਸੀਂ ‘ਮਸੀਤਾਂ ਵਾਲੀ ਨਹਿਰ’ ਆਖਦੇ ਸਾਂ। ਖੇਡਦੇ-ਖੇਡਦੇ ਮੈਂ ਅਤੇ ਵੱਡੇ ਮਾਮੇ ਦਾ ਮੁੰਡਾ ਭਜਨਾ ਅਕਸਰ ਇਸ ਨਹਿਰ ’ਚ ਜਾ ਵੜਦੇ। ਭਜਨਾ ਤਾਂ ਬੇਖ਼ੌਫ਼ ਹੋ ਕੇ ਨਹਿਰ ਦੇ ਪਾਣੀਆਂ ਵਿਚ ਤਾਰੀਆਂ ਲਾਉਂਦਾ ਪਰ ਮੈਨੂੰ ਪਾਣੀ ਤੋਂ ਡਰ ਲੱਗਦਾ ਸੀ। ਮੈਂ ਨਹਿਰ ਵਿਚ ਵੜਨ ਦੀ ਬਜਾਏ, ਘੰਟਿਆਂ-ਬੱਧੀ ਉਸ ਦੇ ਕਿਨਾਰੇ ਬੈਠਾ ਰਹਿੰਦਾ। ਪਾਣੀ ਦੀਆਂ ਛੱਲਾਂ ਦਾ ਸੰਗੀਤ ਅਤੇ ਉਹ ਸ਼ਾਂਤ ਮਾਹੌਲ ਮੈਨੂੰ ਅਕਹਿ ਸਕੂਨ ਦਿੰਦਾ। ਮੈਂ ਅਕਸਰ ਭਜਨੇ ਨਾਲ ਉਸ ਦੇ ਸਕੂਲ ਵੀ ਚਲਿਆ ਜਾਂਦਾ। ਉਹ ਸਕੂਲ ਜਾਂਦਿਆਂ ਰੋਟੀਆਂ ਵਿਚਕਾਰ ਗੁੜ ਰੱਖ ਕੇ ਲੈ ਜਾਂਦਾ। ਅੱਧੀ ਛੁੱਟੀ ਵੇਲੇ ਜਦੋਂ ਉਹ ਰੋਟੀ ਖੋਲ੍ਹਦਾ ਤਾਂ ਗਰਮ ਰੋਟੀ ਕਾਰਨ ਪਿਘਲੇ ਹੋਏ ਗੁੜ ਦੀ ਉਹ ਮਹਿਕ ਅਤੇ ਉਸ ਦਾ ਲਾਜਵਾਬ ਜ਼ਾਇਕਾ ਬਿਆਨ ਨਹੀਂ ਕੀਤਾ ਜਾ ਸਕਦਾ।
ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਬਚਪਨ ਦੇ ਉਨ੍ਹਾਂ ਬੇਫ਼ਿਕਰੇ ਦਿਨਾਂ ਵਿਚ ਹੀ ਮੈਨੂੰ ਪਿੰਡ ਛੱਡ ਕੇ ਆਪਣੀ ਭੂਆ ਦੇ ਪਿੰਡ ਰਹਿਣ ਜਾਣਾ ਪਿਆ। ਬਸ, ਉੱਥੋਂ ਹੀ ਮੇਰਾ ਨਾਨਕੇ ਜਾਣ ਦਾ ਸਿਲਸਿਲਾ ਟੁੱਟ ਗਿਆ। ਵੱਡੇ ਮਾਮੇ ਦੇ ਮੁੰਡੇ ਦਾ ਵਿਆਹ ਹੋ ਗਿਆ, ਛੋਟੇ ਮਾਮੇ ਦੇ ਮੁੰਡੇ ਦਾ ਵੀ ਘਰ ਵਸ ਗਿਆ। ਮੈਂ ਨੌਕਰੀ ਲੱਗ ਗਿਆ। ਮੇਰਾ ਵੀ ਵਿਆਹ ਹੋ ਗਿਆ ਅਤੇ ਜ਼ਿੰਦਗੀ ਦੀ ਜਦੋਜਹਿਦ ਵਿਚ ਮੇਰਾ ਨਾਨਕੇ ਜਾਣ ਦਾ ਕਦੇ ਸਬੱਬ ਹੀ ਨਾ ਬਣਿਆ।
ਪਰ ਮੇਰੇ ਅੰਦਰਲਾ ਬਾਲਕ ਕਦੇ ਉਸ ਪਿੰਡੋਂ ਬਾਹਰ ਨਹੀਂ ਆਇਆ। ਮੇਰੇ ਸੁਪਨਿਆਂ ਵਿਚ ਅਕਸਰ ਮੇਰਾ ਨਾਨਕਾ ਘਰ ਆਉਂਦਾ ਹੈ। ਸੁਪਨਿਆਂ ਵਿਚ ਮੈਂ ਆਪਣੇ ਨਾਨਕੇ ਪਿੰਡ ਦੀਆਂ ਉਨ੍ਹਾਂ ਤਲਿਸਮੀ ਗਲੀਆਂ ਵਿਚ ਭੱਜ-ਨੱਠ ਰਿਹਾ ਹੁੰਦਾ ਹਾਂ। ਉਹ ਗਲੀਆਂ ਮੈਨੂੰ ‘ਅਲਿਫ ਲੈਲਾ’ ਦੇ ਰਹੱਸਮਈ ਕਿੱਸਿਆਂ ਵਰਗੀਆਂ ਲੱਗਦੀਆਂ ਹਨ ਅਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਬਸ ਉਮਰ ਭਰ ਇਨ੍ਹਾਂ ਗਲੀਆਂ ਵਿਚ ਹੀ ਭਟਕਦਾ ਰਹਾਂ। ਮੇਰੇ ਮਾਮੇ ਦਾ ਪੁੱਤਰ ਅਕਸਰ ਫੋਨ ’ਤੇ ਉਲਾਂਭਾ ਦਿੰਦਾ ਹੈ, ‘‘ਤੂੰ ਹੁਣ ਆਪਣੇ ਨਾਨਕੇ ਕਿਉਂ ਨਹੀਂ ਆਉਂਦਾ? ਤੇਰਾ ਦਿਲ ਨਹੀਂ ਕਰਦਾ ਆਪਣੇ ਨਾਨਕੇ ਘਰ ਆਉਣ ਨੂੰ?’’
ਮੈਂ ਹਰ ਵਾਰ ਉਸ ਨੂੰ ਲਾਰਾ ਲਾ ਦਿੰਦਾ ਹਾਂ ਕਿ ‘ਇਸ ਸਾਲ ਪੱਕਾ ਆਵਾਂਗਾ।’ ਜੇ ਸੱਚ ਦੱਸਾਂ ਤਾਂ ਮੇਰਾ ਨਾਨਕੇ ਜਾਣ ਨੂੰ ਹੁਣ ਬਿਲਕੁਲ ਵੀ ਦਿਲ ਨਹੀਂ ਕਰਦਾ। ਇਹ ਕੋਈ ਬੇਰੁਖ਼ੀ ਨਹੀਂ, ਸਗੋਂ ਇਹ ਮੇਰੇ ਨਾਨਕੇ ਪਿੰਡ ਪ੍ਰਤੀ ਮੇਰੇ ਅੰਤਾਂ ਦੇ ਮੋਹ ਦਾ ਇਕ ਵੱਖਰਾ ਰੂਪ ਹੈ। ਮੈਨੂੰ ਪਤਾ ਹੈ ਕਿ ਮੇਰੀਆਂ ਯਾਦਾਂ ਵਿਚ ਵਸਿਆ ਮੇਰੇ ਛੋਟੇ ਮਾਮੇ ਦਾ ਉਹ ਪੁਰਾਣਾ, ਪਿਆਰਾ ਜਿਹਾ ਘਰ ਹੁਣ ਇਕ ਆਲੀਸ਼ਾਨ ਕੋਠੀ ਵਿਚ ਤਬਦੀਲ ਹੋ ਚੁੱਕਾ ਹੈ। ਬਾੜੇ ਦੀ ਉਹ ਮਿੱਟੀ, ਜਿੱਥੇ ਸਾਡਾ ਗੁੱਲੀ-ਡੰਡਾ ਖੜਕਦਾ ਸੀ, ਹੁਣ ਸੀਮੈਂਟ ਦੀਆਂ ਟਾਈਲਾਂ ਹੇਠ ਦੱਬੀ ਗਈ ਹੈ ਤੇ ਉੱਥੇ ਇਕ ਵੱਖਰੀ ਕੋਠੀ ਉਸਰ ਚੁੱਕੀ ਹੈ। ਨਾਨਕੇ ਘਰ ਦੇ ਜਿਸ ਜ਼ੱਰੇ-ਜ਼ੱਰੇ ਨਾਲ ਮੈਨੂੰ ਇਸ਼ਕ ਸੀ, ਉਹ ਹੁਣ ਆਪਣੇ ਉਸ ਸਥੂਲ ਰੂਪ ਵਿਚ ਮੌਜੂਦ ਨਹੀਂ ਹੈ ਪਰ ਮੇਰੇ ਚੇਤਿਆਂ ’ਚ ਉਹ ਘਰ, ਉਹ ਪਿੰਡ, ਉਹ ਕੱਚੇ ਰਸਤੇ ਅੱਜ ਵੀ ਹੂਬਹੂ ਉਸੇ ਤਰ੍ਹਾਂ ਜਿਉਂਦੇ ਹਨ ਜਿਵੇਂ ਬਚਪਨ ਵਿਚ ਹੁੰਦੇ ਸਨ। ਮੇਰੇ ਅੰਦਰ ਇਕ ਡਰ ਬੈਠਾ ਹੈ ਕਿ ਜੇ ਮੈਂ ਹੁਣ ਨਾਨਕੇ ਗਿਆ ਤਾਂ ਮੈਨੂੰ ਸਭ ਕੁਝ ਬਦਲਿਆ ਹੋਇਆ ਮਿਲੇਗਾ। ਮੇਰੀਆਂ ਯਾਦਾਂ ਵਿਚ ਵਸਿਆ ਮੇਰੇ ਪਿਆਰੇ ਨਾਨਕੇ ਪਿੰਡ ਅਤੇ ਮੇਰੇ ਨਾਨਕੇ ਘਰ ਦਾ ਉਹ ਪਵਿੱਤਰ ਅਕਸ ਧੁੰਦਲਾ ਹੋ ਜਾਵੇਗਾ। ਸ਼ਾਇਦ ਮੇਰੇ ਜ਼ਿਹਨ ਵਿੱਚੋਂ ਮੇਰੇ ਬਚਪਨ ਦੀਆਂ ਉਹ ਅਨਮੋਲ ਯਾਦਾਂ ਕਿਰ ਜਾਣਗੀਆਂ ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ਮੈਂ ਆਪਣੇ ਅੰਦਰ ਵਸਦੇ ਉਸ ਪੁਰਾਣੇ, ਸਾਦੇ ਤੇ ਮੋਹ-ਭਿੱਜੇ ਨਾਨਕੇ ਪਿੰਡ ਨੂੰ ਮਰਨ ਨਹੀਂ ਦੇਣਾ ਚਾਹੁੰਦਾ। ਸ਼ਾਇਦ, ਇਸੇ ਕਰਕੇ ਮੈਂ ਹੁਣ ਕਦੇ ਆਪਣੇ ਨਾਨਕੇ ਘਰ ਜਾਵਾਂ ਵੀ ਨਾ ਕਿਉਂਕਿ ਉਹ ਮੇਰੀ ਰੂਹ ’ਚ ਵਸਦਾ ਹੈ।
-ਮੋਬਾਈਲ : 98769-68193