ਕਮਰੇ ਵਿਚ ਇਕ ਆਕਸੀਜਨ ਦਾ ਸਿਲੰਡਰ ਪਿਆ ਹੋਇਆ ਸੀ ਜਿਸ ਨੂੰ ਵੇਖ ਕੇ ਪਿਤਾ ਜੀ ਘਬਰਾ ਗਏ। ਕਹਿਣ ਲੱਗੇ, “ਜੀਤ, ਤੇਰੇ ਫੁੱਫੜ ਨੂੰ ਆਕਸੀਜਨ ਲਗਾਈ ਗਈ ਸੀ ਤੇ ਉਹ ਬਚਿਆ ਨਹੀਂ ਸੀ।” ਮੈਂ ਪਿਤਾ ਜੀ ਨੂੰ ਦਿਲਾਸਾ ਦਿੱਤਾ ਕਿ ਉਹ ਘਬਰਾਉਣ ਨਾ, ਕੁਝ ਨਹੀਂ ਹੁੰਦਾ।

ਸਾਲ 1984, ਨਵੰਬਰ ਦਾ ਮਹੀਨਾ। ਉਨ੍ਹੀਂ ਦਿਨੀਂ ਪੰਜਾਬ ਵਿਚ ਰਾਤ ਨੂੰ ਅਕਸਰ ਕਰਫਿਊ ਲੱਗਦੇ ਹੁੰਦੇ ਸਨ। ਇਕ ਰਾਤ ਮੇਰੇ ਪਿਤਾ ਜੀ ਜੋ ਦਿਲ ਦੀ ਬਿਮਾਰੀ ਤੋਂ ਪੀੜਤ ਸਨ, ਦੇ ਦਿਲ ਵਿਚ ਦਰਦ ਉੱਠੀ। ਰਾਤ ਦਾ ਸਮਾਂ ਸੀ, ਬਾਹਰ ਜਾਣਾ ਸੌਖ਼ਾ ਨਹੀਂ ਸੀ। ਇਕ ਜਾਣਕਾਰ ਆਰਐੱਮਪੀ ਡਾਕਟਰ ਨੇ ਪਿਤਾ ਜੀ ਨੂੰ ਦੱਸਿਆ ਹੋਇਆ ਸੀ ਕਿ ਪੈਥਾਡੀਨ ਦਾ ਟੀਕਾ ਹਰ ਸਮੇਂ ਕੋਲ ਰੱਖਿਆ ਕਰੋ। ਉਸ ਦਿਨ ਇਹ ਟੀਕਾ ਵੀ ਪਿਤਾ ਜੀ ਕੋਲ ਨਹੀਂ ਸੀ।
ਮਾੜੇ-ਮੋਟੇ ਓਹੜ-ਪੋਹੜ ਕੀਤੇ ਪਰ ਦਰਦ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਸਾਡੇ ਨਾਲ ਦੇ ਘਰ ਇਕ ਡਾਕਟਰ ਕਿਰਾਏ ’ਤੇ ਰਹਿੰਦਾ ਸੀ। ਉਹ ਵੀ ਉਸ ਦਿਨ ਘਰ ਨਹੀਂ ਸੀ। ਉਹ ਕਿਸੇ ਟਰੇਨਿੰਗ ਦੇ ਸਬੰਧ ਵਿਚ ਬਾਹਰ ਗਿਆ ਹੋਇਆ ਸੀ। ਉਸ ਦੀ ਘਰਵਾਲੀ ਭਾਵੇਂ ਹੋਮਿਓਪੈਥਿਕ ਡਾਕਟਰ ਸੀ ਪਰ ਉਸ ਕੋਲ ਵੀ ਤੁਰੰਤ ਕੋਈ ਦਵਾਈ ਉਪਲਬਧ ਨਾ ਹੋਈ ਜਿਸ ਨਾਲ ਪਿਤਾ ਜੀ ਨੂੰ ਆਰਾਮ ਮਿਲ ਜਾਂਦਾ। ਔਖੇ-ਸੌਖੇ ਹੋ ਕੇ ਰਾਤ ਕੱਢੀ।
ਮੈਂ ਮੁਹੱਲੇ ਵਿਚ ਰਹਿੰਦੇ ਆਪਣੇ ਦੋਸਤ ਪੱਤਰਕਾਰ ਨੂੰ ਸੱਦ ਲਿਆਇਆ। ਮੇਰਾ ਵਿਚਾਰ ਪਿਤਾ ਜੀ ਨੂੰ ਕਿਸੇ ਪ੍ਰਾਈਵੇਟ ਡਾਕਟਰ ਨੂੰ ਵਿਖਲਣ ਦਾ ਸੀ ਪਰ ਪੱਤਰਕਾਰ ਦੋਸਤ ਕਹਿਣ ਲੱਗਾ ਕਿ ਸਰਕਾਰੀ ਹਸਪਤਾਲ ਚੱਲਦੇ ਹਾਂ। ਓਥੇ ਉਸ ਦੇ ਜਾਣਕਾਰ ਡਾਕਟਰ ਹਨ ਅਤੇ ਸਾਡੇ ਮੁਹੱਲੇ ਦੀਆਂ ਦੋ ਨਰਸਾਂ ਵੀ ਸਰਕਾਰੀ ਹਸਪਤਾਲ ਵਿਚ ਤਾਇਨਾਤ ਸਨ। ਲਿਹਾਜ਼ਾ ਪਿਤਾ ਜੀ ਨੂੰ ਰਿਕਸ਼ੇ ’ਤੇ ਬਿਠਾ ਕੇ ਅਸੀਂ ਸਿਵਲ ਹਸਪਤਾਲ ਬਟਾਲਾ ਵਿਖੇ ਸਵੇਰੇ 8 ਕੁ ਵਜੇ ਪੁੱਜ ਗਏ।
ਓਥੇ ਤਾਇਨਾਤ ਇਕ ਡਾਕਟਰ ਕੋਲ ਨਿੱਜੀ ਈਸੀਜੀ ਕਰਨ ਵਾਲੀ ਮਸ਼ੀਨ ਸੀ। ਉਹ ਆਉਂਦਾ ਹੋਇਆ ਆਪਣੇ ਨਾਲ ਈਸੀਜੀ ਮਸ਼ੀਨ ਵੀ ਲੈ ਲਾਇਆ। ਪਿਤਾ ਜੀ ਨੂੰ ਲਿਟਾ ਕੇ ਉਸ ਨੇ ਜਦੋ ਮਸ਼ੀਨ ਨਾਲ ਈਸੀਜੀ ਕੀਤੀ ਤਾਂ ਡਾਕਟਰ ਆਪਣਾ ਫ਼ਰਜ਼ ਭੁੱਲ ਕੇ ਪਿਤਾ ਜੀ ਦੀ ਹਾਜ਼ਰੀ ਵਿਚ ਹੀ ਕਹਿ ਬੈਠਾ ਕਿ ਇਨ੍ਹਾਂ ਦਾ ਹਾਰਟ ਤਿੰਨ ਥਾਵਾਂ ਤੋਂ ਡੈਮੇਜ ਹੋਇਆ ਪਿਆ ਹੈ। ਡਾਕਟਰ ਨੇ ਤੁਰੰਤ ਸਟਰੈਚਰ ਮੰਗਵਾਇਆ ਅਤੇ ਪਿਤਾ ਜੀ ਨੂੰ ਉਸ ’ਤੇ ਲਿਟਾ ਕੇ ਉਸ ਕਮਰੇ ਵਿਚ ਲਿਜਾਇਆ ਗਿਆ ਜਿੱਥੇ ਕਿ ਪਿਤਾ ਜੀ ਨੂੰ ਪਹਿਲਾਂ ਲਿਟਾਇਆ ਗਿਆ ਸੀ।
ਕਮਰੇ ਵਿਚ ਇਕ ਆਕਸੀਜਨ ਦਾ ਸਿਲੰਡਰ ਪਿਆ ਹੋਇਆ ਸੀ ਜਿਸ ਨੂੰ ਵੇਖ ਕੇ ਪਿਤਾ ਜੀ ਘਬਰਾ ਗਏ। ਕਹਿਣ ਲੱਗੇ, “ਜੀਤ, ਤੇਰੇ ਫੁੱਫੜ ਨੂੰ ਆਕਸੀਜਨ ਲਗਾਈ ਗਈ ਸੀ ਤੇ ਉਹ ਬਚਿਆ ਨਹੀਂ ਸੀ।” ਮੈਂ ਪਿਤਾ ਜੀ ਨੂੰ ਦਿਲਾਸਾ ਦਿੱਤਾ ਕਿ ਉਹ ਘਬਰਾਉਣ ਨਾ, ਕੁਝ ਨਹੀਂ ਹੁੰਦਾ। ਪਿਤਾ ਜੀ ਦੀ ਘਬਰਾਹਟ ਤਾਂ ਜਾਇਜ਼ ਸੀ। ਘਰੋਂ ਹਸਪਤਾਲ ਤੱਕ ਉਹ ਠੀਕ-ਠਾਕ ਆ ਗਏ। ਸਬੰਧਤ ਕਮਰੇ ’ਚੋਂ ਡਾਕਟਰ ਦੇ ਕਮਰੇ ਤੱਕ ਵੀ ਤੁਰ ਕੇ ਚਲੇ ਗਏ ਸਨ।
ਉਹ ਨਾਰਮਲ ਸਨ ਪਰ ਡਾਕਟਰ ਨੇ ‘ਹਾਰਟ ਡੈਮੇਜ ਹੈ’ ਕਹਿ ਕੇ ਡਰਾ ਦਿੱਤਾ ਸੀ। ਡਾਕਟਰ ਤਾਂ ਮਰੀਜ਼ ਨੂੰ ਹੌਸਲਾ ਦਿੰਦੇ ਹਨ ਪਰ ਉਸ ਡਾਕਟਰ ਨੇ ਉਕਤ ਗੱਲ ਕਰ ਕੇ ਮਰੀਜ਼ ਨੂੰ ਘਬਰਾਹਟ ਵਿਚ ਪਾ ਦਿੱਤਾ ਸੀ। ਏਨੇ ਨੂੰ ਸਾਡੀ ਗਲੀ ਵਿਚ ਰਹਿੰਦੀ ਨਰਸ ਦਾ ਘਰਵਾਲਾ ਜੋ ਹਸਪਤਾਲ ਵਿਚ ਹੀ ਡਾਕਟਰ ਤਾਇਨਾਤ ਸੀ, ਵੀ ਆਪਣੀ ਡਿਊਟੀ ’ਤੇ ਆ ਗਿਆ। ਨਰਸ ਦੇ ਕਹਿਣ ’ਤੇ ਉਸ ਨੇ ਮਰੀਜ਼ ਦੀ ਦੇਖਭਾਲ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ ਅਤੇ ਪਿਤਾ ਜੀ ਨੂੰ ਵਾਰਡ ਵਿਚ ਸ਼ਿਫਟ ਕਰਨ ਲਈ ਕਿਹਾ।
ਵਾਰਡ ਵਿਚ ਸ਼ਿਫਟ ਕਰਨ ਉਪਰੰਤ ਜਦ ਆਕਸੀਜਨ ਲਗਾਉਣ ਲਈ ਸਿਲੰਡਰ ਤੇ ਜ਼ਰੂਰੀ ਉਪਕਰਨ ਫਿੱਟ ਕਰਨ ਲੱਗੇ ਤਾਂ ਸਾਡੇ ਮੁਹੱਲੇ ਦੀ ਦੂਜੀ ਨਰਸ ਤੋਂ ਉਹ ਉਪਕਰਨ ਟੁੱਟ ਗਿਆ। ਦੂਜਾ ਉਪਕਰਨ ਉਪਲਬਧ ਕਰਵਾਉਣ ਵਿਚ ਕਾਫ਼ੀ ਸਮਾਂ ਲੱਗ ਗਿਆ। ਦੂਜੀ ਨਰਸ ਆਕਸੀਜਨ ਲਗਾਉਂਦਿਆਂ ਕਹਿਣ ਲੱਗੀ, “ਨਾਲ ਦੇ ਬੈੱਡ ’ਤੇ ਮੇਰੀ ਮਾਂ ਮਰੀ ਸੀ।” ਡਾਕਟਰ ਨੇ ਨਰਸ ਨੂੰ ਝਾੜਦਿਆਂ ਕਿਹਾ, “ਮਰੀਜ਼ ਕੋਲ ਅਜਿਹੀਆਂ ਗੱਲਾਂ ਨਹੀਂ ਕਰੀਦੀਆਂ।” ਨਰਸ ਚੁੱਪ ਕਰ ਗਈ। ਪਹਿਲਾਂ ਡਾਕਟਰ ਨੇ ਮਰੀਜ਼ ਨੂੰ ਉਂਜ ਡਰਾ ਦਿੱਤਾ, ਦੂਜਾ ਨਰਸ ਨੇ ਹੌਸਲਾ ਢਾਹੂ ਗੱਲ ਕਰ ਦਿੱਤੀ। ਉਹੀ ਗੱਲ ਹੋਈ ਜਿਸ ਦਾ ਡਰ ਸੀ।
ਆਕਸੀਜਨ ਨਾਲ ਪਿਤਾ ਜੀ ਦਾ ਬੀਪੀ ਲੋਅ ਹੋ ਗਿਆ। ਮੈਂ ਉਨ੍ਹਾਂ ਦੇ ਕੋਲ ਉਨ੍ਹਾਂ ਦਾ ਹੱਥ ਫੜ ਕੇ ਬੈਠਾ ਸੀ ਤਾਂ ਮੈਨੂੰ ਪਿਤਾ ਜੀ ਦੇ ਹੱਥ ਠੰਢੇ ਲੱਗੇ। ਮੈਂ ਥੋੜ੍ਹੀ ਦੂਰ ਬੈਠੀ ਆਪਣੀ ਗਲੀ ਵਾਲੀ ਨਰਸ ਨੂੰ ਆਵਾਜ਼ ਮਾਰੀ। ਉਸ ਨੇ ਆ ਕੇ ਪਿਤਾ ਜੀ ਦੀ ਨਬਜ਼ ਵੇਖੀ ਅਤੇ ਤੁਰੰਤ ਆਪਣੇ ਡਾਕਟਰ ਪਤੀ ਨੂੰ ਸੱਦ ਲਿਆਈ।
ਏਨੇ ਨੂੰ ਪਿਤਾ ਜੀ ਨੂੰ ਉਲਟੀ ਆ ਗਈ ਤੇ ਨਾਲ ਹੀ ਉਹ ਬੁੜਬੜਾਉਣ ਲੱਗੇ। ’ਜੀਤ ਬਲਰਾਜ ਨੂੰ ਕਹੀਂ ਪੱਖੇ ਮੋੜ ਆਵੇ।’ ਪਿਤਾ ਜੀ ਇਕ ਦਿਨ ਪਹਿਲਾਂ ਅੰਮ੍ਰਿਤਸਰ ਦੁਕਾਨ ਵਿਚ ਵੇਚਣ ਲਈ ਪੱਖੇ ਲੈਣ ਗਏ ਸਨ ਪਰ ਪੱਖੇ ਮਿਲੇ ਨਹੀਂ ਸਨ। ਡਾਕਟਰ ਨੇ ਪਿਤਾ ਜੀ ਦੇ ਹਾਰਟ ਵਿਚ ਟੀਕਾ ਲਾਇਆ ਪਰ ਕੋਈ ਗੱਲ ਨਾ ਬਣੀ ਤੇ ਪਿਤਾ ਜੀ ਹੌਲੀ-ਹੌਲੀ ਸਵਾਸ ਛੱਡ ਗਏ। ਉਸ ਵੇਲੇ ਪਿਤਾ ਜੀ ਦੀ ਉਮਰ ਅਠਵੰਜਾ ਸਾਲ ਦੀ ਸੀ। ਅੱਜ ਤੱਕ ਇਸ ਗੱਲ ਦਾ ਮਨ ਵਿਚ ਹੇਰਵਾ ਹੈ ਕਿ ਜੇਕਰ ਪਿਤਾ ਜੀ ਨੂੰ ਪ੍ਰਾਈਵੇਟ ਹਸਪਤਾਲ ਲੈ ਜਾਂਦੇ ਤਾਂ ਸ਼ਾਇਦ ਉਹ ਠੀਕ ਹੋ ਜਾਂਦੇ। ਪ੍ਰਾਈਵੇਟ ਹਸਪਤਾਲ ਵਾਲੇ ਭਾਵੇਂ ਖ਼ਰਚ ਜ਼ਿਆਦਾ ਕਰਵਾਉਂਦੇ ਹਨ ਪਰ ਮਰੀਜ਼ ਦੀ ਜਾਨ ਬਚਾ ਲੈਂਦੇ ਹਨ।
ਇਹ ਗੱਲ ਮੇਰੇ ਆਪਣੇ ’ਤੇ ਢੁੱਕਦੀ ਹੈ। ਜੂਨ 2019 ਵਿਚ ਮੇਰਾ ਬੀਪੀ ਲੋਅ ਹੋ ਗਿਆ ਅਤੇ ਸ਼ੂਗਰ ਡਾਊਨ ਹੋ ਗਈ। ਸਥਾਨਕ ਡਾਕਟਰ ਦੀ ਪੇਸ਼ ਨਾ ਗਈ ਅਤੇ ਉਸ ਨੇ ਸਾਨੂੰ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਜਾਣ ਲਈ ਕਿਹਾ। ਇਕ ਜਾਣਕਾਰ ਨੇ ਆਈਵੀਵਾਈ ਹਸਾਪਤਾਲ ਦਾ ਪਤਾ ਦੱਸਿਆ ਅਤੇ ਸਥਾਨਕ ਡਾਕਟਰ ਵੱਲੋਂ ਉਪਲਬਧ ਕਰਵਾਈ ਵੈਨ ਸਾਨੂੰ ਓਥੇ ਲੈ ਗਈ। ਓਥੋਂ ਦੇ ਸਬੰਧਤ ਡਾਕਟਰ ਨੇ ਪਹਿਲਾਂ ਟੈਂਪਰੇਰੀ ਪੇਸ ਮੇਕਰ ਪਾ ਦਿੱਤਾ ਅਤੇ ਦੋ ਦਿਨਾਂ ਬਾਅਦ ਪੱਕੇ ਤੌਰ ’ਤੇ ਪੇਸ ਮੇਕਰ ਪਾ ਦਿੱਤਾ ਅਤੇ ਆਈਸੀਯੂ ਵਿਚ ਸ਼ਿਫਟ ਕਰ ਦਿੱਤਾ।
ਸਬੰਧਤ ਡਾਕਟਰ ਦੋ ਦਿਨਾਂ ਲਈ ਛੁੱਟੀ ’ਤੇ ਗਿਆ ਤਾਂ ਇਸ ਹਸਪਤਾਲ ਦੇ ਮੋਹਾਲੀ ਯੂਨਿਟ ਤੋਂ ਇਕ ਡਾਕਟਰ ਉਸ ਦੀ ਥਾਂ ਡਿਊਟੀ ਦੇਣ ਆਇਆ। ਉਸ ਨੇ ਮੇਰੀ ਫਾਈਲ ਜਦ ਵੇਖੀ ਤਾਂ ਕਹਿ ਦਿੱਤਾ ਕਿ ਮਰੀਜ਼ ਠੀਕ ਹੈ, ਇਸ ਨੂੰ ਡਿਸਚਾਰਜ ਕਰ ਦਿਉ ਪਰ ਹਸਪਤਾਲ ਵਾਲਿਆਂ ਨੇ ਕਹਿ ਦਿੱਤਾ ਕਿ ਜਿਸ ਡਾਕਟਰ ਨੇ ਆਪ੍ਰੇਸ਼ਨ ਕੀਤਾ ਹੈ, ਉਸ ਦੇ ਆਉਣ ’ਤੇ ਡਿਸਚਾਰਜ ਕੀਤਾ ਜਾਵੇਗਾ। ਸਬੰਧਤ ਡਾਕਟਰ ਜਦ ਡਿਊਟੀ ’ਤੇ ਆਇਆ ਤਾਂ ਉਸ ਨੇ ਮੇਰੇ ਬੇਟੇ ਨੂੰ ਇਹ ਕਹਿ ਦਿੱਤਾ ਕਿ “ਅੰਕਲ ਜੀ ਦੇ ਹਾਰਟ ਦੀਆਂ ਨਾੜਾਂ ਬਲਾਕ ਹਨ।
ਉਸ ਨੇ ਇਕ ਨਕਸ਼ਾ ਜਿਹਾ ਬੇਟੇ ਦੇ ਹੱਥ ਵਿਚ ਫੜਾ ਦਿੱਤਾ ਜਿਸ ਵਿਚ ਦਰਸਾਇਆ ਗਿਆ ਸੀ ਕਿ ਮੇਰੇ ਦਿਲ ਦੀਆਂ ਨਾੜਾਂ ਇਕ ਪਾਸੇ 80 ਤੇ ਦੂਜੇ ਪਾਸੇ 40% ਬਲਾਕ ਹਨ ਜਿਸ ਦੇ ਫਲਸਰੂਪ ਉਸ ਨੇ ਸਟੈਂਟ ਪਾਉਣ ਦੀ ਸਲਾਹ ਦਿੱਤੀ। ਬੇਟਾ ਡਰ ਗਿਆ ਅਤੇ ਉਹ ਸਟੈਂਟ ਪੁਆਉਣ ਲਈ ਰਜ਼ਾਮੰਦ ਹੋ ਗਿਆ।
ਲਿਹਾਜ਼ਾ ਮੈਨੂੰ ਡਾਕਟਰ ਨੇ ਤਿੰਨ ਸਟੈਂਟ ਵੀ ਪਾ ਦਿੱਤੇ। ਬਾਅਦ ਵਿਚ ਮੈਨੂੰ ਕਮਰੇ ਵਿਚ ਸ਼ਿਫਟ ਕਰ ਦਿੱਤਾ ਅਤੇ ਦੋ ਦਿਨਾਂ ਬਾਅਦ ਛੁੱਟੀ ਦੇ ਦਿੱਤੀ। ਟਾਂਕੇ ਖੁਲ੍ਹਾਉਣ ਗਿਆਂ ਨੇ ਡਾਕਟਰ ਨੂੰ ਦੱਸਿਆ ਕਿ ਜਿਸ ਜਗ੍ਹਾ ਰਾਹੀਂ ਸਟੈਂਟ ਪਾਏ ਗਏ ਹਨ, ਉਸ ਜਗ੍ਹਾ ਦੇ ਹੇਠਾਂ ਪੱਟ ’ਤੇ ਥੋਬੜਾ ਜਿਹਾ ਬਣ ਰਿਹਾ ਹੈ ।
ਡਾਕਟਰ ਨੇ ਕੋਈ ਖ਼ਾਸ ਧਿਆਨ ਨਾ ਦਿੱਤਾ ਤੇ ਕਿਹਾ ਕਿ ਇਹ ਬੈਠ ਜਾਏਗਾ ਪਰ ਦਿਨ-ਬ-ਦਿਨ ਥੋਬੜਾ ਵੱਡਾ ਹੁੰਦਾ ਗਿਆ। ਜਦ ਸਾਡੇ ਜ਼ੋਰ ਪਾਉਣ ’ਤੇ ਡਾਕਟਰ ਨੇ ਸਕੈਨਿੰਗ ਕਰਵਾਉਣ ਲਈ ਕਿਹਾ ਤਾਂ ਸਕੈਨ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਸਟੈਂਟ ਵਾਲੀ ਥਾਂ ਦੇ ਟਾਂਕੇ ਲੀਕ ਕਰ ਗਏ ਹਨ ਜਿੱਥੋਂ ਲਹੂ ਸਿੰਮ ਕੇ ਪੱਟ ਵਿਚ ਜਮ੍ਹਾ ਹੋ ਰਿਹਾ ਹੈ। ਸਾਨੂੰ ਪੱਟ ਦਾ ਆਪ੍ਰੇਸ਼ਨ ਕਰਵਾਉਣਾ ਪਿਆ। ਇਕ ਤੱਥ ਇਹ ਹੈ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂਂ ਦਾ ਵਤੀਰਾ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਜਿਹਾ ਨਹੀਂ ਹੈ।
 
-ਅਜੀਤ ਕਮਲ
-ਮੋਬਾਈਲ : 94173-76895