ਜਦੋਂ ਮੈਂ ਆਪਣੇ ਅਤੀਤ ਵੱਲ ਝਾਤ ਮਾਰਦਾ ਹਾਂ ਤਾਂ ਮੈਨੂੰ ਆਪਣੀ ਜ਼ਿੰਦਗੀ ਕਿਸੇ ਅਚੰਭੇ ਤੋਂ ਘੱਟ ਨਹੀਂ ਜਾਪਦੀ। ਹੀਮੋਫੀਲੀਆ-ਇਕ ਅਜਿਹਾ ਲਫ਼ਜ਼ ਹੈ ਜਿਸ ਨੇ ਮੇਰੇ ਹੋਸ਼ ਸੰਭਾਲਣ ਤੋਂ ਕਿਤੇ ਪਹਿਲਾਂ ਹੀ ਮੇਰੀ ਕਿਸਮਤ ਦੀ ਲਕੀਰ ਖਿੱਚ ਦਿੱਤੀ ਸੀ। ਮੈਂ ਉਸ ਪੀੜਾ ਤੇ ਜਜ਼ਬੇ ਦੀ ਦਾਸਤਾਨ ਸਾਂਝੀ ਕਰਨੀ ਚਾਹੁੰਦਾ ਹਾਂ ਜਿਸ ਨੇ ਮੈਨੂੰ ‘ਕੱਚ ਦੇ ਖਿਡੌਣੇ’ ਵਰਗੇ ਸਰੀਰ ਦੇ ਬਾਵਜੂਦ ਇਕ ‘ਫੌਲਾਦੀ ਇਰਾਦੇ’ ਵਾਲਾ ਬਣਾ ਦਿੱਤਾ।

-ਡਾ. ਓਪਿੰਦਰ ਸਿੰਘ ਲਾਂਬਾ
-ਹੀਮੋਫੀਲੀਆ: ਚੁਣੌਤੀ ਤਾਂ ਹੋ ਸਕਦਾ ਹੈ, ਰੁਕਾਵਟ ਨਹੀਂ
------
ਜਦੋਂ ਮੈਂ ਆਪਣੇ ਅਤੀਤ ਵੱਲ ਝਾਤ ਮਾਰਦਾ ਹਾਂ ਤਾਂ ਮੈਨੂੰ ਆਪਣੀ ਜ਼ਿੰਦਗੀ ਕਿਸੇ ਅਚੰਭੇ ਤੋਂ ਘੱਟ ਨਹੀਂ ਜਾਪਦੀ। ਹੀਮੋਫੀਲੀਆ-ਇਕ ਅਜਿਹਾ ਲਫ਼ਜ਼ ਹੈ ਜਿਸ ਨੇ ਮੇਰੇ ਹੋਸ਼ ਸੰਭਾਲਣ ਤੋਂ ਕਿਤੇ ਪਹਿਲਾਂ ਹੀ ਮੇਰੀ ਕਿਸਮਤ ਦੀ ਲਕੀਰ ਖਿੱਚ ਦਿੱਤੀ ਸੀ। ਮੈਂ ਉਸ ਪੀੜਾ ਤੇ ਜਜ਼ਬੇ ਦੀ ਦਾਸਤਾਨ ਸਾਂਝੀ ਕਰਨੀ ਚਾਹੁੰਦਾ ਹਾਂ ਜਿਸ ਨੇ ਮੈਨੂੰ ‘ਕੱਚ ਦੇ ਖਿਡੌਣੇ’ ਵਰਗੇ ਸਰੀਰ ਦੇ ਬਾਵਜੂਦ ਇਕ ‘ਫੌਲਾਦੀ ਇਰਾਦੇ’ ਵਾਲਾ ਬਣਾ ਦਿੱਤਾ।
ਗੱਲ 1965 ਦੀ ਹੈ। ਉਦੋਂ ਮੈਂ ਮਹਿਜ਼ ਢਾਈ-ਪੌਣੇ ਤਿੰਨ ਸਾਲਾਂ ਦਾ ਸਾਂ। ਮੇਰੇ ਪਿਤਾ ਜੀ ਸਰਕਾਰੀ ਡਿਊਟੀ ਦੇ ਸਿਲਸਿਲੇ ਵਿਚ ਕਸ਼ਮੀਰ ਗਏ ਹੋਏ ਸਨ ਤੇ ਮੈਂ ਆਪਣੀ ਮਾਂ ਦੀ ਦੇਖ-ਰੇਖ ਹੇਠ ਰੋਪੜ ਵਿਖੇ ਆਪਣੇ ਦਾਦਕੇ ਪਰਿਵਾਰ ’ਚ ਸਾਂ। ਇਕ ਦਿਨ ਬਿੱਲੀ ਦੇ ਬਲੂੰਗੜੇ ਮਗਰ ਦੌੜਦਿਆਂ ਮੇਰਾ ਮੱਥਾ ਅਚਾਨਕ ਮੰਜੀ ਦੇ ਪਾਵੇ ਨਾਲ ਜ਼ੋਰ ਦੀ ਟਕਰਾ ਗਿਆ। ਮੱਥੇ ਵਿੱਚੋਂ ਖ਼ੂਨ ਰਿਸਣ ਲੱਗਾ ਜੋ ਘੰਟਿਆਂਬੱਧੀ ਬੰਦ ਨਾ ਹੋਇਆ। ਮੇਰੇ ਦਾਦਾ ਜੀ ਮੈਨੂੰ ਸਭ ਤੋਂ ਪਹਿਲਾਂ ਸਾਡੇ ਸਥਾਨਕ ਉੱਚੇ ਖੇੜੇ ਮੁਹੱਲੇ ਰਹਿੰਦੇ ਫ਼ੌਜ ਤੋਂ ਰਿਟਾਇਰਡ ਬਜ਼ੁਰਗ ਡਾਕਟਰ ਬਦਲੀ ਪ੍ਰਸਾਦ ਕੋਲ ਲੈ ਗਏ। ਉਨ੍ਹਾਂ ਨੇ ਜਦੋਂ ਖ਼ੂਨ ਦੀ ਹਾਲਤ ਵੇਖੀ ਤਾਂ ਉਹ ਦੰਗ ਰਹਿ ਗਏ। ਉਨ੍ਹਾਂ ਨੇ ਬੜੀ ਹੈਰਾਨੀ ਨਾਲ ਕਿਹਾ, ‘ਇਹਦਾ ਖ਼ੂਨ ਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।’ ਫਿਰ ਸਾਨੂੰ ਉੱਥੋਂ ਦੇ ਹੀ ਉਸ ਸਮੇਂ ਦੇ ਨਾਮਵਰ ਐੱਮਬੀਬੀਐੱਸ ਡਾਕਟਰ ਕ੍ਰਿਸ਼ਨ ਲਾਲ ਖੇੜਾ ਕੋਲ ਲਿਜਾਇਆ ਗਿਆ। ਉਨ੍ਹਾਂ ਨੇ ਬਿਮਾਰੀ ਦੀ ਗੰਭੀਰਤਾ ਤੇ ਹਾਲਾਤ ਦੀ ਨਜ਼ਾਕਤ ਨੂੰ ਪਲ ਵਿਚ ਭਾਂਪ ਲਿਆ। ਉਨ੍ਹਾਂ ਕਿਹਾ ਕਿ ‘ਮਾਮਲਾ ਬਹੁਤ ਨਾਜ਼ੁਕ ਹੈ, ਬਿਨਾਂ ਇਕ ਪਲ ਗੁਆਏ ਇਸ ਬੱਚੇ ਨੂੰ ਪੀਜੀਆਈ ਲੈ ਜਾਓ।’
ਉਨ੍ਹਾਂ ਦਿਨਾਂ ਵਿਚ ਸਾਧਨਾਂ ਦੀ ਬਹੁਤ ਘਾਟ ਸੀ ਅਤੇ ਐਂਬੂਲੈਂਸ ਵਰਗੀ ਸਹੂਲਤ ਬਾਰੇ ਸੋਚਣਾ ਵੀ ਮੁਸ਼ਕਲ ਸੀ। ਮੇਰੇ ਫੁੱਫੜ ਜੀ ਦਾ ਆਪਣਾ ਟਰੱਕ ਸੀ। ਉਸ ਔਖੀ ਘੜੀ ਵਿਚ ਮੇਰੇ ਮਾਤਾ, ਦਾਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮੈਨੂੰ ਉਸੇ ਟਰੱਕ ਵਿਚ ਪਾਇਆ ਤੇ ਅਸੀਂ ਰਾਤੋ-ਰਾਤ ਪੀਜੀਆਈ ਚੰਡੀਗੜ੍ਹ ਪਹੁੰਚ ਗਏ। ਉੱਥੇ ਖ਼ੂਨ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਕੇ.ਸੀ. ਦਾਸ ਨੇ ਮੇਰੀ ਡੂੰਘੀ ਜਾਂਚ ਕੀਤੀ ਅਤੇ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਇਹ ਬੱਚਾ ‘ਜਮਾਂਦਰੂ ਹੀਮੋਫੀਲੀਆ’ ਤੋਂ ਪੀੜਤ ਹੈ। ਇਹ ਖ਼ਬਰ ਸੁਣਦਿਆਂ ਹੀ ਸਾਡੇ ਟੱਬਰ ’ਤੇ ਜਿਵੇਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੋਵੇ। ਉਸ ਦਿਨ ਤੋਂ ਬਾਅਦ ਮੇਰੇ ਮਾਪਿਆਂ ਦੀ ਜ਼ਿੰਦਗੀ ਇਕ ‘ਅਜ਼ਾਬ’ ਬਣ ਕੇ ਰਹਿ ਗਈ ਸੀ। ਘਰ ਵਿਚ ਹਰ ਵੇਲੇ ਇਕ ਅਣਜਾਣੇ ਡਰ ਦਾ ਪਹਿਰਾ ਰਹਿੰਦਾ। ਮੇਰੀ ਮਾੜੀ ਜਿਹੀ ਚੀਕ ਜਾਂ ਮਾਮੂਲੀ ਜਿਹੀ ਝਰੀਟ ਮੇਰੇ ਮਾਪਿਆਂ ਦੀ ਜਾਨ ਸੂਲੀ ’ਤੇ ਟੰਗ ਦਿੰਦੀ ਸੀ। ਉਹ ਖ਼ੂਨ ਮੇਰੇ ਸਰੀਰ ਵਿੱਚੋਂ ਨਹੀਂ, ਬਲਕਿ ਮੇਰੇ ਮਾਪਿਆਂ ਦੇ ਕਾਲਜੇ ਵਿੱਚੋਂ ਰਿਸਦਾ ਸੀ। ਉਨ੍ਹਾਂ ਦੇ ਸੁੱਖ-ਚੈਨ ਅਤੇ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਸਨ।
ਮੇਰੇ ਮਾਂ-ਪਿਉ ਲਈ ਮੈਂ ਇਕ ਨਾਜ਼ੁਕ ‘ਕੱਚ ਦਾ ਸਾਮਾਨ’ ਬਣ ਗਿਆ ਸਾਂ ਜਿਸ ਨੂੰ ਥੋੜ੍ਹੀ ਜਿਹੀ ਝਰੀਟ ਵੀ ਚੂਰ-ਚੂਰ ਕਰ ਸਕਦੀ ਸੀ। ਅੱਜ-ਕੱਲ੍ਹ ਲੋਕ ਸੁਰੱਖਿਆ ਲਈ ਘਰਾਂ ’ਚ ਸੀਸੀਟੀਵੀ ਕੈਮਰੇ ਲਗਾਉਂਦੇ ਹਨ ਪਰ ਮੇਰੇ ਮਾਪਿਆਂ ਦੀਆਂ ਅੱਖਾਂ ਮੇਰੇ ਉੱਤੇ ਟਿਕੇ ਉਹ ‘ਲਾਈਵ ਕੈਮਰੇ’ ਸਨ ਜੋ ਇਕ ਪਲ ਲਈ ਵੀ ਮੇਰੇ ਤੋਂ ਦੂਰ ਨਹੀਂ ਹੁੰਦੇ ਸਨ। ਮੈਨੂੰ ਘਰ ਵਿਚ ਸਖ਼ਤ ਹਦਾਇਤ ਸੀ-‘ਆਹ ਨਹੀਂ ਕਰਨਾ, ਉਹ ਨਹੀਂ ਕਰਨਾ।’ ਮੇਰੇ ਮਾਪਿਆਂ ਨੂੰ ਇੱਕੋ ਫ਼ਿਕਰ ਰਹਿੰਦਾ-‘ਛੁਰੀ, ਪੇਚਕਸ ਜਾਂ ਨੇਲ ਕਟਰ ਨੂੰ ਹੱਥ ਨਹੀਂ ਲਾਉਣਾ, ਗੁੱਲੀ-ਡੰਡਾ ਜਾਂ ਕ੍ਰਿਕਟ ਨਹੀਂ ਖੇਡਣੀ, ਕਿਤੇ ਸੱਟ ਨਾ ਲੱਗ ਜਾਵੇ।’
ਜਦੋਂ ਮੇਰੇ ਹਾਣੀ ਖੁੱਲ੍ਹੇ ਮੈਦਾਨਾਂ ’ਚ ਧੂੜਾਂ ਉਡਾਉਂਦੇ, ਉਦੋਂ ਮੈਂ ਬੰਦ ਕਮਰੇ ਵਿਚ ਮੰਜੇ ’ਤੇ ਬੈਠ ਕੇ ਕੈਰਮ ਬੋਰਡ ਜਾਂ ਲੂਡੋ ਦੀਆਂ ਗੋਟੀਆਂ ਨਾਲ ਆਪਣਾ ਦਿਲ ਪਰਚਾਉਂਦਾ। ਜਦੋਂ ਕੋਈ ਯਾਰ-ਬੇਲੀ ਆ ਕੇ ਸ਼ਿਕਾਇਤ ਲਾਉਂਦਾ ਕਿ ‘ਅੱਜ ਸੰਨੀ (ਮੇਰਾ ਬਚਪਨ ਦਾ ਲਾਡ ਨਾਲ ਰੱਖਿਆ ਨਾਂ) ਨੇ ਸਾਈਕਲ ਚਲਾਈ ਹੈ ਜਾਂ ਅਣਗਹਿਲੀ ਨਾਲ ਚੀਜ਼ਾਂ ਨਾਲ ਛੇੜਛਾੜ ਕੀਤੀ ਹੈ, ਤਾਂ ਮੇਰੀ ਸ਼ਾਮਤ ਆ ਜਾਂਦੀ। ਪਿਤਾ ਜੀ ਮੇਰੇ ਤੋਂ ਬਹੁਤ ਨਾਰਾਜ਼ ਹੁੰਦੇ ਤੇ ਅਕਸਰ ਡਾਂਟ ਦਿੰਦੇ। ਮੇਰੀ ਇਕ ਨਿੱਕੀ ਜਿਹੀ ਕੁਤਾਹੀ ਜਾਂ ਸ਼ਰਾਰਤ ਕਾਰਨ ਜਦੋਂ ਖ਼ੂਨ ਵਗਣ ਲੱਗਦਾ ਜਾਂ ਗੋਡਾ, ਗਿੱਟਾ ਤੇ ਮੋਢਾ ਸੁੱਜ ਜਾਂਦਾ ਤਾਂ ਪਿਤਾ ਜੀ ਨੂੰ ਕਈ-ਕਈ ਦਿਨ ਦਫ਼ਤਰੋਂ ਛੁੱਟੀ ਲੈ ਕੇ ਮੇਰੀ ਦੇਖਭਾਲ ਕਰਨੀ ਪੈਂਦੀ ਸੀ। ਜਿੱਥੇ ਪਿਤਾ ਜੀ ਮੈਨੂੰ ਤਕਲੀਫ਼ ਤੋਂ ਰਾਹਤ ਦਿਵਾਉਣ ਲਈ ਸਾਈਕਲ ’ਤੇ ਬਿਠਾ ਕੇ ਮਾਲਿਸ਼ੀਆਂ ਅਤੇ ਸਿਆਣਿਆਂ ਕੋਲ ਭਟਕਦੇ ਰਹਿੰਦੇ, ਉੱਥੇ ਹੀ ਮਾਤਾ ਜੀ ਸਾਰੀ-ਸਾਰੀ ਰਾਤ ਮੇਰੇ ਸਿਰਹਾਣੇ ਬੈਠ ਕੇ ਸੋਜ ਘਟਾਉਣ ਲਈ ਬਰਫ਼ ਦੀ ਟਕੋਰ ਕਰਦੇ ਰਹਿੰਦੇ। ਉਨ੍ਹਾਂ ਲਈ ਉਸ ਵੇਲੇ ਇਹੀ ਸਭ ਤੋਂ ਵੱਡੀ ਉਮੀਦ ਹੁੰਦੀ ਸੀ ਕਿ ਮੈਂ ਕਿਸੇ ਤਰ੍ਹਾਂ ਮੁੜ ‘ਚੱਲਣ-ਫਿਰਨ ਜੋਗਾ’ ਹੋ ਜਾਵਾਂ।
ਘਰ ਦੇ ਨਾਲ-ਨਾਲ ਸਕੂਲ ਦੇ ਮੈਦਾਨ ਵਿਚ ਵੀ ਮੇਰੀਆਂ ਸਰਗਰਮੀਆਂ ਦੁਆਲੇ ਇਕ ‘ਲਛਮਣ ਰੇਖਾ’ ਖਿੱਚੀ ਹੋਈ ਸੀ। ਸਵੇਰ ਦੀ ਸਭਾ ਵਿਚ ਜਦੋਂ ਸਾਰੇ ਬੱਚੇ ਕਸਰਤ (ਪੀਟੀ) ਕਰਦੇ ਤਾਂ ਮੈਂ ਇਕ ਪਾਸੇ ਲਾਚਾਰ ਖੜ੍ਹਾ ਸਿਰਫ਼ ਤਮਾਸ਼ਬੀਨ ਬਣਿਆ ਰਹਿੰਦਾ। ਮੇਰੇ ਮਾਪਿਆਂ ਦੀ ਸੋਚ ਬਹੁਤ ਨਿੱਗਰ ਅਤੇ ਦੂਰਅੰਦੇਸ਼ ਸੀ। ਪਿਤਾ ਜੀ ਇਹ ਚਾਹੁੰਦੇ ਸਨ ਕਿ ਮੈਂ ਕਿਸੇ ਸਰਕਾਰੀ ਮਹਿਕਮੇ ’ਚ ਲੱਗਾ ਜਾਵਾਂ, ਭਾਵੇਂ ਕਲਰਕ ਹੀ ਸਹੀ।
ਦਰਅਸਲ, ਮੇਰੀ ਸਰੀਰਕ ਹਾਲਤ ਸਦਕਾ ਕੋਈ ਬਹੁਤੀ ਨੱਠ-ਭੱਜ ਵਾਲੀ ਨੌਕਰੀ ਕਰਨੀ ਮੇਰੇ ਵੱਸ ਤੋਂ ਬਾਹਰ ਸੀ। ਪਿਤਾ ਜੀ ਮੇਰੇ ਲਈ ਹਮੇਸ਼ਾ ਇਕ ਪ੍ਰੇਰਨਾ ਸਰੋਤ ਰਹੇ। ਉਨ੍ਹਾਂ ਨੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮਹਾਂਵਾਕ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦਾ ਹਵਾਲਾ ਦਿੰਦਿਆਂ ਮੈਨੂੰ ਹਮੇਸ਼ਾ ਇਹੀ ਪ੍ਰੇਰਨਾ ਦਿੱਤੀ ਕਿ ਤੂੰ ਬਸ ਡਟ ਕੇ ਪੜ੍ਹਾਈ ਕਰ, ਪੜ੍ਹਾਈ ਦੇ ਨਾਲ ਹੀ ਤੇਰਾ ਬੇੜਾ ਪਾਰ ਹੋਣਾ ਹੈ। ਉਹ ਇਸ ਹਕੀਕਤ ਤੋਂ ਵਾਕਫ਼ ਸਨ ਕਿ ਜੇ ਸਰੀਰ ਸਾਥ ਨਹੀਂ ਦੇ ਰਿਹਾ ਤਾਂ ਮਾਨਸਿਕ ਮਜ਼ਬੂਤੀ ਅਤੇ ਗਿਆਨ ਦਾ ਚਾਨਣ ਹੀ ਜਿੱਤ ਦਾ ਰਾਹ ਪੱਧਰਾ ਕਰਨਗੇ।
ਮਾਪਿਆਂ ਦੀ ਸਾਲਾਂਬੱਧੀ ਮਿਹਨਤ ਅਤੇ ਦੁਆਵਾਂ ਉਦੋਂ ਰੰਗ ਲਿਆਈਆਂ ਜਦੋਂ ਮੈਂ 1986 ਵਿਚ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿਚ ਆਪਣੀ ਨੌਕਰੀ ਸ਼ੁਰੂ ਕੀਤੀ। ਮੇਰੇ ਜੀਵਨ ਦਾ ਇਕ ਵੱਡਾ ਹਿੱਸਾ ਇਸੇ ਵਿਭਾਗ ਵਿਚ ਨੌਕਰੀ ਕਰਦਿਆਂ ਗੁਜ਼ਰਿਆ ਤੇ 36 ਸਾਲਾਂ ਦੇ ਇਸ ਲੰਬੇ ਸਫ਼ਰ ਵਿਚ ਮੈਨੂੰ ਪੰਜਾਬ ਦੇ ਸੱਤ ਮੁੱਖ ਮੰਤਰੀਆਂ ਨਾਲ ਬਹੁਤ ਨੇੜੇ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਿਆ। ਮੁੱਖ ਮੰਤਰੀਆਂ ਦੇ ਰੁਝੇਵਿਆਂ ਭਰੇ ਪ੍ਰੋਗਰਾਮਾਂ ਦੌਰਾਨ ਸਮੇਂ ਦੀ ਪਾਬੰਦੀ ਅਤੇ ਨਿਰੰਤਰ ਭੱਜ-ਨੱਠ ਲਾਜ਼ਮੀ ਹੁੰਦੀ ਹੈ। ਅਜਿਹੇ ਰੁਝੇਵਿਆਂ ਵਿਚ ਕਈ ਵਾਰ ਅਚਾਨਕ ਸਰੀਰ ਦਾ ਕੋਈ ਜੋੜ ਅੰਦਰੂਨੀ ਖ਼ੂਨ ਰਿਸਣ ਕਾਰਨ ਬੁਰੀ ਤਰ੍ਹਾਂ ਸੁੱਜ ਜਾਂਦਾ। ਕਈ ਵਾਰ ਤਾਂ ਗੋਡਾ ਸੁੱਜ ਕੇ ‘ਭੁਕਾਨੇ’ ਵਾਂਗ ਹੋ ਜਾਂਦਾ ਅਤੇ ਮੇਰੇ ਲਈ ਤੁਰਨਾ-ਫਿਰਨਾ ਵੀ ਮੁਹਾਲ ਹੋ ਜਾਂਦਾ। ਅਜਿਹੇ ਔਖੇ ਮਾਹੌਲ ਵਿਚ ਵੀ ਮੈਂ ਹਿੰਮਤ ਨਹੀਂ ਸੀ ਹਾਰਦਾ ਤੇ ਆਪਣਾ ਵੈਕਸੀਨ ਕੈਰੀਅਰ (ਆਈਸ-ਬਾਕਸ) ਹਮੇਸ਼ਾ ਨਾਲ ਰੱਖਦਾ ਅਤੇ ਮੁੱਖ ਮੰਤਰੀ ਨਾਲ ਤਾਇਨਾਤ ਮੈਡੀਕਲ ਟੀਮ ਦੀ ਐਂਬੂਲੈਂਸ ਵਿਚ ਹੀ ਉਨ੍ਹਾਂ ਦੀ ਮਦਦ ਨਾਲ ‘ਫੈਕਟਰ-8’ ਦਾ ਟੀਕਾ ਲਗਵਾਉਂਦਾ। ਟੀਕਾ ਲਗਵਾਉਣ ਦੇ ਨਾਲ-ਨਾਲ ਮੈਂ ਬਰਫ਼ (ਆਈਸ ਪੈਕ) ਦੀ ਟਕੋਰ ਉਦੋਂ ਤੱਕ ਲਗਾਤਾਰ ਜਾਰੀ ਰੱਖਦਾ ਸੀ ਜਦੋਂ ਤੱਕ ਜੋੜ ਦੇ ਦਰਦ ਤੋਂ ਆਰਾਮ ਨਾ ਆ ਜਾਂਦਾ। ਪੰਜ-ਦਸ ਮਿੰਟਾਂ ਦੇ ਇਸ ਇਲਾਜ ਪਿੱਛੋਂ ਮੈਂ ਮੁੜ ਆਪਣੇ ਕੰਮ ’ਤੇ ਲੱਗ ਜਾਂਦਾ ਤਾਂ ਜੋ ਮੀਡੀਆ ਕਵਰੇਜ ਦੇ ਕਾਰਜ ਵਿਚ ਕੋਈ ਵਿਘਨ ਨਾ ਪਵੇ। ਅੱਜ ਜਦੋਂ ਵਿਗਿਆਨ ਨੇ ਅਰਸ਼ਾਂ ਨੂੰ ਛੂਹ ਲਿਆ ਹੈ ਅਤੇ ਇਸ ਰੋਗ ਦੇ ਬੇਹੱਦ ਆਧੁਨਿਕ ਇਲਾਜ ਉਪਲਬਧ ਹਨ ਤਾਂ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹੁਣ ‘ਐਮੀਸੀਜ਼ੂਮੈਬ’ ਵਰਗੀ ਨਵੀਂ ਤਕਨਾਲੋਜੀ ਅਤੇ ਕਾਰਗਰ ਦਵਾਈਆਂ ਆ ਚੁੱਕੀਆਂ ਹਨ ਜਿਨ੍ਹਾਂ ਨੇ ਇਲਾਜ ਦੀ ਪ੍ਰਕਿਰਿਆ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ। ਇਨ੍ਹਾਂ ਆਧੁਨਿਕ ਇਲਾਜਾਂ ਸਦਕਾ ਹੁਣ ਪੀੜਤ ਬੱਚਿਆਂ ਦੀ ਜ਼ਿੰਦਗੀ ਜਿਉਣ ਦਾ ਮਿਆਰ ਪਹਿਲਾਂ ਨਾਲੋਂ ਕਿਤੇ ਬਿਹਤਰ ਅਤੇ ਖ਼ੁਸ਼ਗਵਾਰ ਹੋ ਗਿਆ ਹੈ। ਰਵਾਇਤੀ ਇਲਾਜਾਂ ਦੀਆਂ ਸੀਮਾਵਾਂ ਹੁਣ ਇਤਿਹਾਸ ਬਣ ਚੁੱਕੀਆਂ ਹਨ। ਹੀਮੋਫੀਲੀਆ ਸਰੀਰ ਲਈ ਇਕ ਚੁਣੌਤੀ ਤਾਂ ਹੋ ਸਕਦਾ ਹੈ ਪਰ ਕਿਸੇ ਦੇ ਭਵਿੱਖ ਲਈ ਰੁਕਾਵਟ ਕਦੇ ਨਹੀਂ ਬਣ ਸਕਦਾ।
-(ਸਾਬਕਾ ਐਡੀਸ਼ਨਲ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ)।
ਮੋਬਾਈਲ : 97800-36136