ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਮੇਂ ਦੀ ਮੁਗ਼ਲ ਹਕੂਮਤ ਵੱਲੋਂ ਦੂਜੇ ਧਰਮਾਂ ਦੇ ਲੋਕਾਂ ’ਤੇ ਧਾਰਮਿਕ ਯਾਤਰਾ ਲਈ ਲਗਾਇਆ ਟੈਕਸ ਬਾਦਸ਼ਾਹ ਅਕਬਰ ਨੂੰ ਪ੍ਰੇਰਨਾ ਦੇ ਕੇ ਬੰਦ ਕਰਵਾਇਆ, ਗੁਰੂ ਨਾਨਕ ਸਾਹਿਬ ਦੇ ਨਿਰਮਲ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਸੰਸਥਾਗਤ ਰੂਪ ਦੇਣ ਲਈ ਰਾਮਕਲੀ ਰਾਗ ਵਿਚ ਅਨੰਦ ਸਾਹਿਬ ਦੀਆਂ ਚਾਲੀ ਪਉੜੀਆਂ ਪੜ੍ਹ ਕੇ ਅਨੰਦ ਵਿਆਹ ਦੀ ਆਰੰਭਤਾ ਕੀਤੀ ਜਿਸ ਨੂੰ ਅੱਗੇ ਜਾ ਕੇ ਉਨ੍ਹਾਂ ਦੇ ਉਤਰਾਧਿਕਾਰੀ ਸ੍ਰੀ ਗੁਰੂ ਰਾਮਦਾਸ ਜੀ ਨੇ ‘ਲਾਵਾਂ’ ਦੀ ਬਾਣੀ ਉਚਾਰ ਕੇ ਮੁਕੰਮਲਤਾ ਬਖ਼ਸ਼ੀ।

ਸਿੱਖ ਧਰਮ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਸਰਬ-ਕਲਿਆਣਕਾਰੀ ਕਾਰਜਾਂ ਨੂੰ ਅੱਗੇ ਤੋਰਨ ਤੋਂ ਇਲਾਵਾ ਸਮਾਜਿਕ ਉੱਥਾਨ ਅਤੇ ਮਨੁੱਖੀ ਕਲਿਆਣ ਲਈ ਅਦੁੱਤੀ ਕਾਰਜ ਕੀਤੇ। ‘ਏ ਹਿਸਟਰੀ ਆਫ ਦਿ ਸਿੱਖਜ਼’ ਵਿਚ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਉਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਬੜੀ ਲਗਨ ਨਾਲ ਕੰਮ ਕੀਤਾ। ਗੁਰਤਾ-ਗੱਦੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਤੀਜੇ ਨਾਨਕ ਨੇ ਸੇਵਾ, ਲਗਨ, ਦ੍ਰਿੜ੍ਹਤਾ, ਸਮਰਪਣ ਅਤੇ ਹੁਕਮ ਦੀ ਪਾਲਣਾ ਕਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਰਮ ਬਖ਼ਸ਼ਿਸ਼ ਹਾਸਲ ਕਰ ਲਈ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਿਆਸ ਦਰਿਆ ਕੰਢੇ ਗੋਇੰਦਵਾਲ ਨਗਰ ਦੀ ਸਥਾਪਨਾ ਕਰਨ ਦੀ ਵਡਿਆਈ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਖ਼ਸ਼ਿਸ਼ ਕੀਤੀ। ਨਵੀਂ ਨਿਰਮਾਣ ਕੀਤੀ ਗੁਰੂ-ਨਗਰੀ ਵਿਚ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਮਨੁੱਖਤਾ ਦੇ ਮਾਰਗ ’ਤੇ ਚੱਲਣ ਲਈ ਗੁਰਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ। ਸਮਾਜਿਕ ਉੱਥਾਨ ਲਈ ਚਾਨਣ ਦਾ ਛਿੱਟਾ ਦਿੱਤਾ ਜਾਂਦਾ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ। ਸ੍ਰੀ ਗੁਰੂ ਅਮਰਦਾਸ ਜੀ ਦਾ ਅਗਲਾ ਤਰਜੀਹੀ ਕਾਰਜ ਨਗਰ ਨੂੰ ਆਬਾਦ ਕਰਨ ਲਈ ਲੋਕਾਂ ਨੂੰ ਵਸਾਉਣਾ ਅਤੇ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕਰਵਾਉਣਾ ਸੀ। ਆਪ ਨੇ ਗੋਇੰਦਵਾਲ ਵਿਖੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਅਤੇ ਚਾਰੇ ਵਰਣਾਂ ਦੇ ਲੋਕਾਂ ਨੂੰ ਇੱਥੇ ਵਸਾਇਆ। ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਇੱਥੇ ਬਾਉਲੀ ਦਾ ਨਿਰਮਾਣ ਕਰਵਾਇਆ ਅਤੇ ਇਸ ਨਿਰਮਾਣ ਦੀ ਸੇਵਾ ਵਿਚ ਸ਼ਾਮਲ ਹੋਣ ਵਾਲੇ ਗੁਰਸਿੱਖਾਂ ਦੀ ਘਾਲਣਾ ਨੂੰ ਵੇਖ ਕੇ ਬਾਅਦ ਵਿਚ ਉਨ੍ਹਾਂ ’ਚੋਂ ਹੀ ਧਰਮ ਪ੍ਰਚਾਰ ਲਈ 22
ਮੰਜੀਦਾਰ ਥਾਪੇ।
ਭਾਈ ਲਹਿਣਾ ਜੀ ਨੇ ਵੀ ਇਸ ਸੇਵਾ ਵਿਚ ਮਹਾਨ ਯੋਗਦਾਨ ਪਾਇਆ ਜਿਸ ਨੂੰ ਵੇਖਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਅਦ ਵਿਚ ਉਨ੍ਹਾਂ ਨੂੰ ਆਪਣੀ ਧੀ ਬੀਬੀ ਭਾਨੀ ਜੀ ਲਈ ਯੋਗ ਵਰ ਚੁਣਿਆ ਅਤੇ ਅੰਤ ਨੂੰ ਗੁਰਿਆਈ ਵੀ
ਬਖ਼ਸ਼ਿਸ਼ ਕਰ ਦਿੱਤੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਭਾਰਤ ਵਿਚ ਸਦੀਆਂ ਤੋਂ ਧਾਰਮਿਕ ਪਰੰਪਰਾਵਾਂ ਅਤੇ ਸਮਾਜਿਕ ਪ੍ਰਬੰਧ ਵਿਚ ਚੱਲੀਆਂ ਆ ਰਹੀਆਂ ਕੁਰੀਤੀਆਂ ਅਤੇ ਵੰਡੀਆਂ ਨੂੰ ਦੂਰ ਕਰਨ ਲਈ ਇਨਕਲਾਬੀ ਵਿਚਾਰ-ਪ੍ਰਬੰਧ ਸਿਰਜਿਆ। ਸਮਾਜ ਵਿਚ ਜਾਤ-ਪਾਤ ਅਤੇ ਛੂਤ-ਛਾਤ ਨੇ ਡੂੰਘੀਆਂ ਵੰਡੀਆਂ ਪਾਈਆਂ ਹੋਈਆਂ ਸਨ। ਆਪ ਜੀ ਨੇ ਪਾਵਨ ਗੁਰਬਾਣੀ ਰਾਹੀਂ ਜਾਤ-ਪਾਤ ਦਾ ਜ਼ੋਰਦਾਰ
ਖੰਡਨ ਕੀਤਾ :
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥੧॥ਰਹਾਉ॥ (ਅੰਗ: 1127)
ਅੱਜ ਜਦੋਂ ਜਾਤ-ਪਾਤ ਦੇ ਪਾੜੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਗੱਲ ਚੱਲਦੀ ਹੈ ਤਾਂ ਅੰਤਰਜਾਤੀ ਵਿਆਹਾਂ ਦੁਆਰਾ ਸਮਾਜ ’ਚੋਂ ਜਾਤ-ਪਾਤ ਵਾਲੀ ਮਾਨਸਿਕਤਾ ਨੂੰ ਦੂਰ ਕਰਨ ਦੀ ਵਕਾਲਤ ਕੀਤੀ ਜਾਂਦੀ ਹੈ ਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਅੱਜ ਤੋਂ 450 ਸਾਲ ਪਹਿਲਾਂ ਹੀ ਸਮਾਜ ’ਚੋਂ ਜਾਤ-ਪਾਤ ਦੀਆਂ ਵੰਡੀਆਂ ਖ਼ਤਮ ਕਰਨ ਲਈ ਅੰਤਰਜਾਤੀ ਵਿਆਹਾਂ ਦੀ ਆਰੰਭਤਾ ਕਰ ਦਿੱਤੀ ਸੀ।
ਭਾਈ ਪ੍ਰੇਮਾ ਮੁਰਾਰੀ ਦਾ ਵਿਆਹ ਭਾਈ ਸ਼ੀਹਾਂ ਉੱਪਲ ਦੀ ਧੀ ਦੇ ਨਾਲ ਕਰਵਾ ਕੇ ਆਪ ਜੀ ਨੇ ਸਿੱਖ ਸਮਾਜ ਅੰਦਰ ਅੰਤਰਜਾਤੀ ਵਿਆਹ ਪ੍ਰਚਲਿਤ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਨੂੰ ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਗੁਰਬਾਣੀ ਦੇ ਚਾਨਣ ਰਾਹੀਂ ਜਾਗਰੂਕ ਕੀਤਾ। ਇਸਤਰੀ ਜਾਤੀ, ਜਿਸ ਨੂੰ ਸਦੀਆਂ ਤੋਂ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’’ ਆਖ ਕੇ ਮਹਾਨ ਦਰਜਾ ਦਿੱਤਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਸਭ ਤੋਂ ਪਹਿਲਾਂ ਔਰਤਾਂ ਲਈ ਘੁੰਡ ਕੱਢਣ ਦੀ ਰਸਮ ਬੰਦ ਕਰਵਾਈ।
ਭਾਰਤੀ ਸਮਾਜ ਵਿਚ ਪਤੀ ਦੇ ਮਰਨ ਤੋਂ ਬਾਅਦ ਉਸ ਦੀ ਪਤਨੀ ਨੂੰ ਵੀ ਪਤੀ ਦੀ ਚਿਖਾ ਵਿਚ ਜ਼ਿੰਦਾ ਸਾੜ ਦੇਣ ਦੀ ਬੇਹੱਦ ਕਰੂਰ ਪ੍ਰਥਾ ਚੱਲੀ ਆ ਰਹੀ ਸੀ ਜਿਸ ਨੂੰ ਸਤੀ ਪ੍ਰਥਾ ਆਖਿਆ ਜਾਂਦਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਅਸਲ ਸਤੀ ਹੋਣ ਬਾਰੇ ਇਉਂ ਦੱਸਿਆ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਰਿ॥
ਨਾਨਕ ਸਤੀਆ ਜਾਣੀਅਨ੍ਰਿ ਜਿ ਬਿਰਹੇ ਚੋਟ ਮਰੰਨ੍ਰਿ॥ ( ਅੰਗ: 787)
ਗੁਰੂ ਸਾਹਿਬ ਨੇ ਫ਼ਰਮਾਇਆ ਕਿ ਪਤੀ ਦੀ ਚਿਖਾ ਵਿਚ ਜ਼ਿੰਦਾ ਸੜ ਜਾਣਾ ਸਤੀ ਹੋਣਾ ਨਹੀਂ ਹੈ, ਅਸਲ ਸਤੀ ਉਹ ਹੈ ਜੋ ਪਤੀ ਦੇ ਵਿਛੋੜੇ ਵਿਚ ਹੀ ਆਪਣੇ-ਆਪ ਨੂੰ ਮਰਿਆ ਹੋਇਆ ਮਹਿਸੂਸ ਕਰੇ। ਸ੍ਰੀ ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਨੂੰ ਪ੍ਰੇਰਨਾ ਕਰ ਕੇ ਸਤੀ ਪ੍ਰਥਾ ਵਰਗੀ ਅਣਮਨੁੱਖੀ ਕੁਰੀਤੀ ਖ਼ਿਲਾਫ਼ ਕਾਨੂੰਨੀ ਸਖ਼ਤੀ ਵੀ ਕਰਵਾਈ। ਇਸਤਰੀ ਜਾਤੀ ਦੇ ਭਲੇ ਲਈ ਸ੍ਰੀ ਗੁਰੂ ਅਮਰਦਾਸ ਜੀ ਦਾ ਕੀਤਾ ਅਗਲਾ ਪਰਉਪਕਾਰ ਵਿਧਵਾ ਪੁਨਰ-ਵਿਆਹ ਦੀ ਸ਼ੁਰੂਆਤ ਸੀ। ਉਸ ਸਮੇਂ ਸਮਾਜ ਵਿਚ ਮਰਦ ਭਾਵੇਂ ਪਤਨੀ ਦੀ ਮੌਤ ਉਪਰੰਤ ਦੂਜਾ ਵਿਆਹ ਕਰਵਾ ਸਕਦਾ ਸੀ ਪਰ ਇਸਤਰੀ ਨੂੰ ਅਜਿਹਾ ਹੱਕ ਨਹੀਂ ਸੀ ਬਲਕਿ ਉਸ ਨੂੰ ਵਿਧਵਾ ਕਹਾਉਂਦਿਆਂ ਸਮਾਜ ਵਿਚ ਬੇਹੱਦ ਜ਼ਲੀਲ ਹੋਣਾ ਪੈਂਦਾ ਸੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਪਤੀ ਦੀ ਮੌਤ ਉਪਰੰਤ ਵਿਧਵਾ ਪੁਨਰ-ਵਿਆਹ ਦੀ ਸ਼ੁਰੂਆਤ ਕਰਵਾਈ। ਸ੍ਰੀ ਗੁਰੂ ਅਮਰਦਾਸ ਜੀ ਦਾ ਸੁਭਾਅ ਬੇਹੱਦ ਦਇਆਵਾਨ ਸੀ। ਆਪ ਜੀ ਨੇ ਜਿੱਥੇ ਗੋਇੰਦਵਾਲ ਸਾਹਿਬ ਵਿਖੇ ਸਿੱਖ ਪਰੰਪਰਾਵਾਂ ਨੂੰ ਸੰਸਥਾਗਤ ਰੂਪ ਪ੍ਰਦਾਨ ਕੀਤਾ, ਉੱਥੇ ਨਾਲ-ਨਾਲ ਸੇਵਾ ਅਤੇ ਦੈਵੀ ਕਿਰਪਾ ਦੇ ਨਾਲ ਬਿਮਾਰਾਂ, ਲੋੜਵੰਦਾਂ ਅਤੇ ਦੁਖੀਆਂ ਦੇ ਦੁੱਖ ਵੀ ਨਿਵਾਰਦੇ ਰਹੇ। ਆਪ ਜੀ ਦੇ ਸਮੇਂ ਖਾਈ ਨਗਰ ਦੇ ਇਕ ਪ੍ਰੇਮਾ ਨਾਂ ਦੇ ਵਿਅਕਤੀ ਨੂੰ ਕੋਹੜ ਹੋ ਗਿਆ। ਉਸ ਦੇ ਪਰਿਵਾਰ ਵਾਲੇ ਘ੍ਰਿਣਾ ਕਾਰਨ ਉਸ ਨੂੰ ਸੰਭਾਲਣ ਤੋਂ ਇਨਕਾਰੀ ਹੋ ਗਏ। ਉਹ ਕਿਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਗੋਇੰਦਵਾਲ ਸਾਹਿਬ ਵਿਖੇ ਆ ਗਿਆ। ਗੁਰੂ ਜੀ ਹੱਥੀਂ ਉਸ ਦੀ ਸੇਵਾ ਕਰਦੇ ਰਹੇ ਅਤੇ ਰੋਜ਼ਾਨਾ ਬਾਉਲੀ ਸਾਹਿਬ ਵਿਖੇ ਇਸ਼ਨਾਨ ਕਰਵਾ ਕੇ ਸਾਫ਼-ਸੁਥਰੇ ਵਸਤਰ ਪਹਿਨਾਉਂਦੇ ਰਹੇ। ਗੁਰੂ ਜੀ ਨੇ ਆਪਣੀ ਕਿਰਪਾ ਦੇ ਨਾਲ ਉਸ ਨੂੰ ਦੇਹ ਅਰੋਗਤਾ ਬਖ਼ਸ਼ਿਸ਼ ਕੀਤੀ ਅਤੇ ਉਸ ਦਾ ਵਿਆਹ ਵੀ ਹੱਥੀਂ ਕੀਤਾ।
ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਮੇਂ ਦੀ ਮੁਗ਼ਲ ਹਕੂਮਤ ਵੱਲੋਂ ਦੂਜੇ ਧਰਮਾਂ ਦੇ ਲੋਕਾਂ ’ਤੇ ਧਾਰਮਿਕ ਯਾਤਰਾ ਲਈ ਲਗਾਇਆ ਟੈਕਸ ਬਾਦਸ਼ਾਹ ਅਕਬਰ ਨੂੰ ਪ੍ਰੇਰਨਾ ਦੇ ਕੇ ਬੰਦ ਕਰਵਾਇਆ, ਗੁਰੂ ਨਾਨਕ ਸਾਹਿਬ ਦੇ ਨਿਰਮਲ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਸੰਸਥਾਗਤ ਰੂਪ ਦੇਣ ਲਈ ਰਾਮਕਲੀ ਰਾਗ ਵਿਚ ਅਨੰਦ ਸਾਹਿਬ ਦੀਆਂ ਚਾਲੀ ਪਉੜੀਆਂ ਪੜ੍ਹ ਕੇ ਅਨੰਦ ਵਿਆਹ ਦੀ ਆਰੰਭਤਾ ਕੀਤੀ ਜਿਸ ਨੂੰ ਅੱਗੇ ਜਾ ਕੇ ਉਨ੍ਹਾਂ ਦੇ ਉਤਰਾਧਿਕਾਰੀ ਸ੍ਰੀ ਗੁਰੂ ਰਾਮਦਾਸ ਜੀ ਨੇ ‘ਲਾਵਾਂ’ ਦੀ ਬਾਣੀ ਉਚਾਰ ਕੇ ਮੁਕੰਮਲਤਾ ਬਖ਼ਸ਼ੀ।
ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਪ੍ਰਾਣੀ ਦੇ ਅਕਾਲ ਚਲਾਣੇ ਉਪਰੰਤ ਕਈ ਕਰਮ-ਕਾਂਡੀ ਫਜ਼ੂਲ ਰਸਮਾਂ ਕੀਤੀਆਂ ਜਾਂਦੀਆਂ ਸਨ ਅਤੇ ਪੁਰੋਹਿਤ ਮ੍ਰਿਤਕਾਂ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਧੀਆਂ-ਸਾਧੀਆਂ ਅੰਤਿਮ ਰਸਮਾਂ ਦਾ ਉਪਦੇਸ਼ ਦੇ ਕੇ ਮ੍ਰਿਤਕ ਨਮਿਤ ਪਿੱਟ-ਸਿਆਪੇ ਕਰਨ ਦੀ ਬਜਾਇ ਗੁਰਬਾਣੀ ਦੇ ਕੀਰਤਨ ਅਤੇ ਬ੍ਰਹਮ ਗਿਆਨ ਦੀ ਕਥਾ-ਵਿਚਾਰ ਕਰਨ ਦਾ ਉਪਦੇਸ਼ ਦਿੱਤਾ ਜੋ ਬਾਬਾ ਸੁੰਦਰ ਜੀ ਦੁਆਰਾ ਰਚਿਤ ‘ਰਾਮਕਲੀ ਸਦੁ’ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਮਨੁੱਖਤਾ ਦੇ ਉਦਾਰ ਲਈ ਕੀਤੇ ਗਏ ਮਹਾਨ ਪਰਉਪਕਾਰ ਲੇਖੇ ਦੀ ਗਤਿ ਤੋਂ ਬਾਹਰੀ ਗੱਲ ਹਨ ਪਰ ਅਜੋਕੇ ਸਮੇਂ ਅੰਦਰ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਮਨੁੱਖੀ ਜੀਵਨ ਨੂੰ ਸੁਖਮਈ ਅਤੇ ਸੁਖਾਲਾ ਬਣਾ ਸਕਦੇ ਹਾਂ।
-ਡਾ. ਜ਼ੋਰਾ ਸਿੰਘ
-(ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ)।
-ਮੋਬਾਈਲ : 98140-02453