ਬੇਟੀ ਤਮੰਨਾ ਨੇ ਪੂਰੇ ਅੰਕਾਂ ’ਚੋਂ ਇਕ ਨੰਬਰ ਵੀ ਕੱਟਣ ਨਹੀਂ ਦਿੱਤਾ ਤੇ ਆਪਣੇ ਮਾਪਿਆਂ ਦਾ ਅਤੇ ਪੂਰੇ ਜੈਤੋ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ। ਮਾਪਿਆਂ ਨੂੰ ਦੱਸ ਦਿੱਤਾ ਕਿ ਤਮੰਨਾ ਤੁਹਾਡੇ ਸਿਰ ਦਾ ਤਾਜ ਹੈ। ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਬੇਟੀਆਂ ਅੱਜ ਕਿਸੇ ਖੇਤਰ ਵਿਚ ਵੀ ਘੱਟ ਨਹੀਂ ਹਨ।

ਛੋਟੀ ਤੋਂ ਲੈ ਕੇ ਵੱਡੀ ਪ੍ਰੀਖਿਆ ਤੱਕ, ਝੰਡੀ ਲੜਕੀਆਂ ਦੇ ਹੱਥ ਹੁੰਦੀ ਹੈ। ਕੋਈ ਸਮਾਂ ਸੀ ਜਦੋਂ ਮਾਪੇ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਭੇਜਦੇ ਸਨ। ਉਨ੍ਹਾਂ ਨੂੰ ਚੁੱਲ੍ਹੇ-ਚੌਂਕੇ ਦੇ ਕੰਮ ਤੱਕ ਹੀ ਸੀਮਤ ਰੱਖਦੇ ਸਨ। ਲੜਕੀਆਂ ਹਮੇਸ਼ਾ ਘਰ ਦੀ ਸੁੱਖ ਲੋੜਦੀਆਂ ਹਨ, ਪਰਮਾਤਮਾ ਤੋਂ ਵੀਰ ਮੰਗਦੀਆਂ ਹਨ, ਭਰਾਵਾਂ ਨਾਲੋਂ ਪਿਤਾ ਨੂੰ ਕਿਤੇ ਵੱਧ ਪਿਆਰ ਕਰਦੀਆਂ ਹਨ ਪਰ ਪੁਰਾਤਨ ਸਮੇਂ ਤੋਂ ਉਨ੍ਹਾਂ ਨੂੰ ਉਹ ਇੱਜ਼ਤ ਅਤੇ ਪਿਆਰ ਨਹੀਂ ਮਿਲਿਆ ਜਿਸ ਦੀਆਂ ਉਹ ਹੱਕਦਾਰ ਹਨ। ਜਦੋਂ ਸਮਾਜ ਨੇ ਉਨ੍ਹਾਂ ਨੂੰ ਮੌਕੇ ਦਿੱਤੇ ਤਾਂ ਲੜਕਿਆਂ ਨਾਲੋਂ ਦੋ ਕਦਮ ਅੱਗੇ ਹੋ ਕੇ ਸਾਬਿਤ ਕੀਤਾ ਕਿ ਅਸੀਂ ਕਿਸੇ ਵੀ ਖੇਤਰ ’ਚ ਘੱਟ ਨਹੀਂ ਹਾਂ। ਕੋਈ ਵੀ ਨਤੀਜਾ ਆਵੇ, ਲੜਕੀਆਂ ਮੋਹਰੀ ਹੁੰਦੀਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਲੜਕੀਆਂ ਨੇ ਬਾਜ਼ੀ ਮਾਰੀ ਹੈ। ਅਹਿਮ ਸਥਾਨ ਪ੍ਰਾਪਤ ਕਰਨ ਵਾਲੀਆਂ ਇਨ੍ਹਾਂ ਬਾਲੜੀਆਂ ਨੂੰ ਬਹੁਤ ਮਾਣ-ਸਨਮਾਨ ਮਿਲ ਰਿਹਾ ਹੈ। ਮਿਲਣਾ ਵੀ ਚਾਹੀਦਾ ਹੈ, ਕਠਿਨ ਤਪੱਸਿਆ ਕੀਤੀ, ਰਾਤਾਂ ਦੀ ਨੀਂਦ ਤਿਆਗੀ, ਇੰਨੀ ਵੱਡੀ ਪ੍ਰਾਪਤੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜ਼ਿਲਾ ਫਰੀਦਕੋਟ ਦੇ ਕਸਬਾ ਜੈਤੋ ਦੀ ਧੀ ਰਾਣੀ, ਜਦੋਂ ਜੰਮੀ, ਮਾਪਿਆਂ ਨੇ ਨਾਂ ਰੱਖਿਆ ਤਮੰਨਾ। ਬੇਟੀ ਨੇ ਅਣਥੱਕ ਮਿਹਨਤ ਕੀਤੀ। ਫਿਰ ਇਹ ਕਿਵੇਂ ਹੋ ਸਕਦਾ ਕਿ ਮਾਪਿਆਂ ਦੀ ਤਮੰਨਾ ਪੂਰੀ ਨਾ ਹੁੰਦੀ।
ਬੇਟੀ ਤਮੰਨਾ ਨੇ ਪੂਰੇ ਅੰਕਾਂ ’ਚੋਂ ਇਕ ਨੰਬਰ ਵੀ ਕੱਟਣ ਨਹੀਂ ਦਿੱਤਾ ਤੇ ਆਪਣੇ ਮਾਪਿਆਂ ਦਾ ਅਤੇ ਪੂਰੇ ਜੈਤੋ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ। ਮਾਪਿਆਂ ਨੂੰ ਦੱਸ ਦਿੱਤਾ ਕਿ ਤਮੰਨਾ ਤੁਹਾਡੇ ਸਿਰ ਦਾ ਤਾਜ ਹੈ। ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਬੇਟੀਆਂ ਅੱਜ ਕਿਸੇ ਖੇਤਰ ਵਿਚ ਵੀ ਘੱਟ ਨਹੀਂ ਹਨ।
ਲਹਿਰਾਗਾਗਾ ਹਲਕਾ, ਜ਼ਿਲਾ ਸੰਗਰੂਰ ਦਾ ਉਹ ਖੇਤਰ ਹੈ ਜੋ ਹਮੇਸ਼ਾ ਸਿੱਖਿਆ ਦੇ ਖੇਤਰ ਵਿਚ ਪੱਛੜਿਆ ਰਿਹਾ ਹੈ ਪਰ ਲਹਿਰੇਗਾਗੇ ਦਾ ਛੋਟਾ ਜਿਹਾ ਪਿੰਡ ਅੜਕਵਾਸ ਹੈ ਜੋ ਕਿ ਸਿੱਖਿਆ ਪੱਖੋਂ ਪੱਛੜਿਆ ਰਿਹਾ ਹੈ ਪਰ ਇਸ ਪਿੰਡ ਦੀ ਧੀ ਜਸਪ੍ਰੀਤ ਕੌਰ ਨੇ ਦੱਸ ਦਿੱਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਤੋਂ ਵੀ ਪਿੱਛੇ ਨਹੀਂ ਹਨ। ਸਰਕਾਰੀ ਮਿਡਲ ਸਕੂਲ ਅੜਕਵਾਸ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 600 ਅੰਕਾਂ ’ਚੋਂ 598 ਅੰਕ ਪ੍ਰਾਪਤ ਕੀਤੇ•।
ਤੀਜੇ ਸਥਾਨ ’ਤੇ ਰਹੀ ਜਸ਼ਨਦੀਪ ਕੌਰ ਦੀ ਮਿਹਨਤ ਨੂੰ ਵੀ ਸਲਾਮ ਹੈ ਜਿਸ ਨੇ ਫ਼ਰੀਦਕੋਟ ਦੇ ਨਗਰ ਕੋਟ ਸੁਖੀਆ ਦਾ ਨਾਂ ਦੁਨੀਆ ’ਚ ਚਮਕਾਇਆ। ਧੀਆਂ-ਧਿਆਣੀਆਂ ਅੱਜ ਵੱਡੇ-ਵੱਡੇ ਮੁਕਾਮ ਹਾਸਲ ਕਰ ਰਹੀਆਂ ਹਨ। ਪਿੱਛੇ ਜਿਹੇ ਸਿਵਲ ਸਰਵਿਸਿਜ਼ ਦੇ ਨਤੀਜਿਆਂ ਦੇ ਵਿਚ ਵੀ ਲੜਕੀਆਂ ਨੇ ਝੰਡੀ ਗੱਡੀ। ਅੱਜ ਮਾਪਿਆਂ ਨੂੰ ਸੋਚ ਬਦਲਣ ਦੀ ਲੋੜ ਹੈ, ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕੇ ਦਿਉ, ਫਿਰ ਦੇਖੋ, ਕਿਵੇਂ ਸਮਾਜ ਤਰੱਕੀ ਕਰਦਾ ਹੈ।
-ਹਰਸੰਤ ਸਿੰਘ ਢੀਂਡਸਾ
ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ (ਸੰਗਰੂਰ)।
-ਮੋਬਾਈਲ : 94179-24177