- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖੀ ਸੋਚ ’ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਗਿਆਨੀ ਜੀ ਦੇ ਸਿੱਖੀ ਸਿਦਕ, ਪੰਜਾਬੀ ਸੱਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿਚ ਪਾਏ ਵਿਲੱਖਣ ਯੋਗਦਾਨ ਦੀ ਕਦਰ ਕਰਦਿਆਂ ਉਨ੍ਹਾਂ ਨੂੰ 1956 ਵਿਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।

.jpg)
-ਉਜਾਗਰ ਸਿੰਘ
ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖੀ ਸੋਚ ’ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਗਿਆਨੀ ਜੀ ਦੇ ਸਿੱਖੀ ਸਿਦਕ, ਪੰਜਾਬੀ ਸੱਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿਚ ਪਾਏ ਵਿਲੱਖਣ ਯੋਗਦਾਨ ਦੀ ਕਦਰ ਕਰਦਿਆਂ ਉਨ੍ਹਾਂ ਨੂੰ 1956 ਵਿਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਵਿਧਾਨ ਪ੍ਰੀਸ਼ਦ ਵਿਚ ਵੀ ਉਨ੍ਹਾਂ ਸਿੱਖ ਵਿਚਾਰਧਾਰਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਆਪਣੇ ਕੀਮਤੀ ਵਿਚਾਰ ਸਰਕਾਰ ਗੋਚਰੇ ਕੀਤੇ ਤਾਂ ਜੋ ਪੰਜਾਬ ਸਰਕਾਰ ਨੂੰ ਸੁਚੱਜੀ ਅਗਵਾਈ ਦਿੱਤੀ ਜਾ ਸਕੇ। ਉਹ ਪਹਿਲੇ ਸਿੱਖ ਵਿਦਵਾਨ ਸਨ ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿਚ ਆਇਆ ਸੀ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਤੇ ਸਿੱਖ ਵਿੱਦਿਅਕ ਕਾਨਫਰੰਸਾਂ ਕਰਵਾਉਣ ਵਿਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਯਾਦ ਕੀਤਾ ਜਾਂਦਾ ਰਹੇਗਾ।
ਭਾਈ ਜੈਤੇਗ ਸਿੰਘ ਅਨੰਤ ਨੇ ਗੁਰਦੁਆਰਾ ਬਰੁਕ ਸਾਈਡ ਸਰੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕੈਨੇਡਾ ਤੇ ਗੁਰਦਆਰਾ ਸਿੰਘ ਸਭਾ ਵਾਸ਼ਿੰਗਟਨ, ਰੈਨਟਨ ਸਿਆਟਲ ਅਮਰੀਕਾ ’ਚ ਗਿਆਨੀ ਗੁਰਦਿੱਤ ਸਿੰਘ ਦੀ ਯਾਦ ਵਿਚ ਸਮਾਗਮ ਆਯੋਜਿਤ ਕੀਤੇ। ਸਿੱਖ ਨੈਸ਼ਨਲ ਆਰਕਾਈਵ ਆਫ ਟੋਰਾਂਟੋ ਕੈਨੇਡਾ ਨੇ ਇਕ ਸੈਕਸ਼ਨ ਗਿਆਨੀ ਜੀ ਦੇ ਨਾਮ ’ਤੇ ਸਥਾਪਤ ਕੀਤਾ ਹੈ। ਸ਼ਤਾਬਦੀ ਸਮਾਗਮਾਂ ਦੀ ਲੜੀ ’ਚ ਪੰਜਾਬੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਡਾ. ਜੀਤ ਸਿੰਘ ਜੋਸ਼ੀ ਵੱਲੋਂ ਲਿਖੀ ‘ਗਿਆਨੀ ਗੁਰਦਿੱਤ ਸਿੰਘ-ਜੀਵਨ ਤੇ ਰਚਨਾ’ ਪੁਸਤਕ ਪ੍ਰਕਾਸ਼ਿਤ ਕਰਵਾਈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਅਰਪਣ ਕੀਤਾ। ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸੈਂਟਰਲ ਸਿੱਖ ਅਜਾਇਬਘਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ।
ਗਿਆਨੀ ਜੀ ਦਾ ਵਿਆਹ ਵਿੱਦਿਅਕ ਮਾਹਿਰ ਇੰਦਰਜੀਤ ਕੌਰ ਸੰਧੂ ਨਾਲ ਹੋਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਈ। ਦੋਹਾਂ ਵਿਦਵਾਨਾਂ ਦੇ ਸਾਥ ਨੇ ਸਿੱਖ ਜਗਤ ਨੂੰ ਸ਼ਾਹਕਾਰ ਰਚਨਾਵਾਂ ਦਿੱਤੀਆਂ ਜਿਹੜੀਆਂ ਹਮੇਸ਼ਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ, ਸਿੱਖ ਸੋਚ ਦੇ ਮੁਦਈ, ਸਿੱਖ ਧਰਮ ਦੇ ਪ੍ਰਤੀਬੱਧ ਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਉਹ ਬਹੁਰੰਗੀ ਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਮੰਨੇ ਜਾਂਦੇ ਸਨ। ਉਨ੍ਹਾਂ ਨੇ ਮੁਹਾਲੀ, ਚੰਡੀਗੜ੍ਹ ਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਸਥਾਪਤ ਕੀਤੇ। ਉਨ੍ਹਾਂ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵੱਲੋਂ ਦੇਸ਼-ਵਿਦੇਸ਼ ਵਿਚ ਗੁਰਮਤਿ ਟਰੇਨਿੰਗ ਕੈਂਪ ਲਗਾ ਕੇ ਨੌਜਵਾਨਾਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਆਨੀ ਗੁਰਦਿੱਤ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ ’ਤੇ ਆਧਾਰਤ ਖੋਜ ਕਰ ਕੇ ਲਿਖਦੇ ਸਨ। ਸਿੱਖ ਧਰਮ ਵਿਚ ਬਹੁਤ ਸਾਰੇ ਨੁਕਤਿਆਂ ’ਤੇ ਵਾਦ-ਵਿਵਾਦ ਹੋਏ ਹਨ ਤੇ ਇਸ ਸਮੇਂ ਵੀ ਹੋ ਰਹੇ ਹਨ ਪ੍ਰੰਤੂ ਗਿਆਨੀ ਜੀ ਦੀਆਂ ਖੋਜਾਂ ਨੇ ਉਨ੍ਹਾਂ ਵਾਦ-ਵਿਵਾਦਾਂ ਨੂੰ ਖ਼ਤਮ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਹਰ ਪੁਸਤਕ, ਲੇਖ ਅਤੇ ਕਿਤਾਬਚਿਆਂ ਨੂੰ ਲਿਖਣ ਸਮੇਂ ਪੁਰਾਤਨ ਖਰੜਿਆਂ ’ਚੋਂ ਉਦਾਹਰਨਾਂ ਦੇ ਕੇ ਸਹੀ ਤੱਥ ਸਾਹਮਣੇ ਲਿਆਂਦੇ ਸਨ। ਉਨ੍ਹਾਂ ਦੂਜੀਆਂ ਭਾਸ਼ਾਵਾਂ ਦਾ ਵੀ ਤੁਲਨਾਤਮਕ ਅਧਿਐਨ ਕਰ ਕੇ ਇਤਿਹਾਸਕ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕੋਈ ਵੀ ਪੁਸਤਕ ਜਲਦਬਾਜ਼ੀ ਵਿੱਚ ਨਹੀਂ ਪ੍ਰਕਾਸ਼ਤ ਕਰਵਾਈ।
ਪੁਸਤਕਾਂ ਲਈ ਮੈਟਰ ਇਕੱਤਰ ਕਰਨ ਨੂੰ ਉਹ ਵਰ੍ਹੇ ਲਗਾ ਦਿੰਦੇ ਸਨ ਤਾਂ ਜੋ ਸਿੱਖ ਜਗਤ ਨੂੰ ਸਹੀ ਰਸਤਾ ਵਿਖਾਇਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਇਕ ਅਜਾਇਬਘਰ ਬਣਾਉਣਾ ਚਾਹੁੰਦੇ ਸਨ ਜਿਸ ’ਚ ਪੁਰਾਤਨ ਬੀੜਾਂ, ਦੁਰਲੱਭ ਵਸਤਾਂ, ਗੁਰੂ ਸਾਹਿਬਾਨ ਨਾਲ ਸਬੰਧਤ ਵਸਤਾਂ ਆਦਿ ਨੂੰ ‘ਸਿੱਖ ਵਿਰਸਾ ਟਰੱਸਟ’ ਦੇ ਰੂਪ ’ਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸਬੰਧ ਰੱਖਦੇ ਸਨ ਜਿਸ ਕਰਕੇ ਉਨ੍ਹਾਂ ਨੇ ਦਿਹਾਤੀ ਪੰਜਾਬੀ ਸੱਭਿਆਚਾਰ, ਸੱਭਿਅਤਾ ਤੇ ਪੰਜਾਬੀ ਪੇਂਡੂੁ ਰਹਿਣੀ-ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕੀਤਾ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ-ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਉਹ ਇਕ ਸੁਲਝੇ ਹੋਏ ਸਿੱਖ ਵਿਦਵਾਨ ਸਨ ਜਿਨ੍ਹਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿਚ ਪ੍ਰਕਾਸ਼ਤ ਹੋਈ ਸ਼ਾਹਕਾਰ ਪੁਸਤਕ ‘ਮੇਰਾ ਪਿੰਡ’ ਨੂੰ ਗਿਣਿਆ ਜਾਂਦਾ ਹੈ। ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ। ਗਿਆਨੀ ਗੁਰਦਿੱਤ ਸਿੰਘ ਚੋਟੀ ਦੇ ਪੱਤਰਕਾਰ ਤੇ ਸੰਪਾਦਕ ਸਨ। ਉਨ੍ਹਾਂ ਨੇ 24 ਸਾਲ ਦੀ ਉਮਰ ਵਿਚ ਪੱਤਰਕਾਰੀ ਦਾ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਪੱਤਰਕਾਰੀ ’ਚ ਦਿਲਚਸਪੀ ਕਰ ਕੇ ਉਨ੍ਹਾਂ ਨੇ 1947 ਵਿਚ ਪਟਿਆਲੇ ਤੋਂ ਪੰਜਾਬੀ ਦਾ ‘ਪ੍ਰਕਾਸ਼’ ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ।
ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿੱਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਰਹਿਨੁਮਾਈ ਵਿਚ ਕੰਮ ਕਰਨ ਵਾਲੇ ਪੱਤਰਕਾਰ ਇਸ ਖੇਤਰ ਵਿਚ ਬੁਲੰਦੀਆਂ ’ਤੇ ਪਹੁੰਚ ਗਏ। ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ। ਪੱਤਰਕਾਰੀ ਦਾ ਮੱਸ ਉਨ੍ਹਾਂ ਨੂੰ ਸਤਾਉਂਦਾ ਰਿਹਾ। ਇਸੇ ਲਈ ‘ਜੀਵਨ ਸੰਦੇਸ਼’ ਅਖ਼ਬਾਰ 1949 ਵਿਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ। ਸੰਨ 1973 ਤੋਂ 1978 ਤੱਕ ‘ਸਿੰਘ ਸਭਾ ਪੱਤ੍ਰਿਕਾ’ ਦੇ ਸੰਪਾਦਕ ਰਹੇ। ਗਿਆਨੀ ਗੁਰਦਿੱਤ ਸਿੰਘ ਦੀ ਖੋਜ ਦਾ ਭੰਡਾਰ ਸ੍ਰੇਸ਼ਠ ਸੀ। ਉਨ੍ਹਾਂ ਦੀ ਲਾਇਬ੍ਰੇਰੀ ਵਿਚ ਖੋਜੀ ਪੁਸਤਕਾਂ ਦੀ ਭਰਮਾਰ ਸੀ। ਗਿਆਨੀ ਜੀ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਤੇ ਟਰੈਕਟ ਖ਼ੁਦ ਲਿਖੇ/ਸੰਪਾਦਤ ਕੀਤੇ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਤਤਕਾਲੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਗਿਆਨੀ ਗੁਰਦਿੱਤ ਸਿੰਘ ਦੀਆਂ ਤਜਵੀਜ਼ਾਂ ਅਨੁਸਾਰ ਕਾਰਵਾਈ ਕਰਦੇ ਸਨ। ਉਨ੍ਹਾਂ ਨੂੰ ਗੁਰਮਤਿ ਸਾਹਿਤ ਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਾਹਿਤ ਦਾ ਕੋਈ ਅਜਿਹਾ ਰੂਪ ਨਹੀਂ, ਜਿਸ ’ਤੇ ਗਿਆਨੀ ਗੁਰਦਿੱਤ ਸਿੰਘ ਨੇ ਹੱਥ ਨਾ ਅਜਮਾਇਆ ਹੋਵੇ। ਪੰਜਾਬੀ ਦੇ ਸਿਰਕੱਢ ਵਿਦਵਾਨਾਂ ਦੀਆਂ ਜੀਵਨੀਆਂ ਲਿਖ ਕੇ ਪੰਜਾਬੀ ਸਾਹਿਤ ਦੀ ਵਿਰਾਸਤ ਵਿਚ ਵਾਧਾ ਕੀਤਾ। ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਉਨ੍ਹਾਂ ਛੇ ਜਿਲਦਾਂ ਵਿਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ ਜੋ ਲੋਕ ਸਾਹਿਤ ਲੋਕਧਾਰਾ ਦਾ ਅਨਿੱਖੜਵਾਂ ਅੰਗ ਹੁੰਦਾ ਹੈ। ਸਿੱਖ ਜਗਤ ਗਿਆਨੀ ਗੁਰਦਿੱਤ ਸਿੰਘ ਦਾ ਹਮੇਸ਼ਾ ਰਿਣੀ ਰਹੇਗਾ।-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072