ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 16 ਜ਼ਿਲ੍ਹਿਆਂ ਦਾ 44899 ਹੈਕਟੇਅਰ ਫ਼ਸਲਾਂ ਭਰਪੂਰ ਇਲਾਕਾ ਬੁਰੀ ਤਰ੍ਹਾਂ ਲਪੇਟ ਵਿਚ ਹੈ। ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਫਾਜ਼ਿਲਕਾ ਵਿਚ ਕਰੀਬ 9000 ਏਕੜ ਫ਼ਸਲ ਪਾਣੀ ਵਿਚ ਡੁੱਬੀ ਹੋਈ ਹੈ।
-ਦਰਬਾਰਾ ਸਿੰਘ ਕਾਹਲੋਂ
ਬਹੁਤਾ ਦੂਰ ਕੀ ਜਾਣਾ, ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਅੰਦਰ ਹੜ੍ਹਾਂ ਦੁਆਰਾ ਵਾਰ-ਵਾਰ ਮਚਾਏ ਜਾਂਦੇ ਕੋਹਰਾਮ ਦੀ ਦਾਸਤਾਨ ਅਤਿ ਪੀੜਾ ਜਨਕ, ਦੁਖਦਾਈ ਅਤੇ ਬਰਬਾਦੀ ਭਰੀ ਹੈ। ਨਾ ਹੀ ਸੂਬਾ ਅਤੇ ਨਾ ਕੇਂਦਰ ਸਰਕਾਰਾਂ ਇਨ੍ਹਾਂ ਦੀ ਰੋਕਥਾਮ ਲਈ ਕੋਈ ਸਥਾਈ ਅਤੇ ਪੁਖ਼ਤਾ ਪ੍ਰਬੰਧ ਕਰ ਸਕੀਆਂ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀ ਤਾਂ ਸੰਨ 1955 ਦੇ ਹੜ੍ਹ ਵੇਲੇ ਠਾਠਾਂ ਮਾਰਦਾ ਪਾਣੀ ਦਾ ਸਮੁੰਦਰ ਪਿੰਡ ਪਾਹੜਾ, ਜ਼ਿਲ੍ਹਾ ਗੁਰਦਾਸਪੁਰ ਦੇ ਲਹਿੰਦੇ ਪਾਸੇ ਵੱਡੇ ਗੁਰਦੁਆਰੇ ਵਿਚ ਵੜ੍ਹ ਗਿਆ ਸੀ ਜਿੱਥੇ ਸਕੂਲ ਵੀ ਸੀ। ਗੁਰਦੁਆਰੇ ਦੀ ਲੈਂਟਰ ਵਾਲੀ ਛੱਤ ਚੋਣ ਲੱਗ ਪਈ ਸੀ। ਗ਼ਰੀਬਾਂ ਦੇ ਕੱਚੇ ਘਰ ਢਹਿ ਗਏ ਸਨ। ਉਹ ਪਿੰਡ ਦੇ ਜ਼ਿਮੀਂਦਾਰਾਂ ਤੋਂ ਛੱਤਾਂ ਨੂੰ ਠੁੰਮ੍ਹਣੇ ਦੇਣ ਲਈ ਥੰਮੀਆਂ, ਅਨਾਜ, ਦੁੱਧ ਜਾਂ ਹਵੇਲੀਆਂ ਵਿਚ ਬਸੇਰੇ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕੋਲ ਬਿਮਾਰ ਬੱਚਿਆਂ ਦੇ ਇਲਾਜ ਲਈ ਕੋਈ ਧੇਲਾ ਨਹੀਂ ਸੀ।
ਸੰਨ 1955 ਦੇ ਹੜ੍ਹਾਂ ਵਿਚ ਉੱਤਰੀ ਭਾਰਤ ਵਿਚ ਕਾਫ਼ੀ ਨੁਕਸਾਨ ਹੋਇਆ ਸੀ। ਪਰ ਉਸ ਸਮੇਂ ਸਾਂਝੇ ਪੂਰਬੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਉਦੋਂ ਵੀ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਆਦਿ ਦਰਿਆਵਾਂ ਨੇ ਪੰਜਾਬ ਦੀ ਬਰਬਾਦੀ ਦੇ ਦੁਆਰ ਖੋਲ੍ਹ ਕੇ ਰੱਖ ਦਿੱਤੇ ਸਨ। ਭਾਰਤੀ ਹਵਾਈ ਸੈਨਾ ਨੂੰ ਹੜ੍ਹ ਪੀੜਤਾਂ, ਦੂਰ-ਦੁਰੇਡੇ ਅਤੇ ਪਿੰਡਾਂ ਵਿਚ ਫਸੇ ਹੋਏ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਪੈਕਟ ਪਹੁੰਚਾਉਣ, ਘਰਾਂ ਦੀਆਂ ਛੱਤਾਂ, ਦਰਖ਼ਤਾਂ ਅਤੇ ਟਿੱਬਿਆਂ ’ਤੇ ਚੜ੍ਹੇ ਭੁੱਖੇ-ਭਾਣੇ ਲੋਕਾਂ, ਬੱਚਿਆਂ, ਬਿਰਧਾਂ ਨੂੰ ਬਚਾਉਣ ਲਈ ਸੱਦਿਆ ਗਿਆ ਸੀ। ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਖ਼ੁਦ ਹਵਾਈ ਜਹਾਜ਼ ਵਿਚ ਹੜ੍ਹ ਮਾਰੇ ਇਲਾਕਿਆਂ, ਲੋਕਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।
ਸੰਨ 1955 ਦੇ ਹੜ੍ਹਾਂ ਵਿਚ ਪੰਜਾਬ ਦੀਆਂ ਕਪਾਹ, ਝੋਨਾ, ਕਮਾਦ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਸਨ। ਲਗਪਗ 30,00000 ਡਾਲਰ ਦਾ ਉਦੋਂ ਨੁਕਸਾਨ ਹੋਇਆ ਤੇ 1175 ਲੋਕ ਮਾਰੇ ਗਏ ਸਨ। ਲਗਪਗ 8000 ਪਸ਼ੂ ਰੁੜ੍ਹ ਗਏ ਸਨ।
ਸੰਨ 1988 ਵਿਚ ਮੁੜ ਭਿਆਨਕ ਹੜ੍ਹਾਂ ਦਾ ਪੰਜਾਬ ਨੂੰ ਸਾਹਮਣਾ ਕਰਨਾ ਪਿਆ। ਉਸ ਸਮੇਂ ਪੰਜਾਬ ਵਿਚ ਰਾਜਕੀ ਅਤੇ ਗ਼ੈਰ-ਰਾਜਕੀ ਅੱਤਵਾਦ ਭਾਰੂ ਸੀ। ਪੂਰਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਰਧ ਫ਼ੌਜੀ ਬਲਾਂ ਸਮੇਤ ਇਸ ਭਿਆਨਕ ਅੱਤਵਾਦੀ ਦੁਖਾਂਤ ਵਿਚ ਮਸਰੂਫ਼ ਸਨ। ਉਸ ਸਮੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੇਜਰ ਜਨਰਲ ਬੀਐੱਨ ਕੁਮਾਰ ਸੀ। ਉਸ ’ਤੇ ਦੋਸ਼ ਸਨ ਕਿ ਉਸ ਨੇ ਗ਼ਲਤ ਢੰਗ ਨਾਲ ਭਾਖੜਾ ਅਤੇ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ। ਭਾਰੀ ਬਾਰਿਸ਼ਾਂ ਅਤੇ ਇਸ ਅਣ-ਉਚਿੱਤ ਪਾਣੀ ਨੇ ਪੰਜਾਬ ਦੇ ਤਤਕਾਲੀ 12989 ਪਿੰਡਾਂ ਵਿੱਚੋਂ 9000 ਨੂੰ ਪਾਣੀ ਵਿਚ ਡੁਬੋ ਕੇ ਰੱਖ ਦਿੱਤਾ ਸੀ। ਕਰੀਬ 2500 ਪਿੰਡ ਤਾਂ ਪੂਰੀ ਤਰ੍ਹਾਂ ਮਲੀਆਮੇਟ ਹੋ ਗਏ ਸਨ। ਚੌਤੀ ਲੱਖ ਪੰਜਾਬੀਆਂ ਨੂੰ ਘਰ-ਬਾਰ ਛੱਡਣੇ ਪਏ ਸਨ। ਪੰਜਾਬ ਦੇ ਜਰਖੇਜ਼ ਜ਼ਿਲ੍ਹੇ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਪੰਜ ਸੌ ਲੋਕ ਇਨ੍ਹਾਂ ਹੜ੍ਹਾਂ ਦੀ ਭੇਟ ਚੜ੍ਹੇ। ਹਜ਼ਾਰਾਂ ਪਸ਼ੂ ਹੜ੍ਹ ਗਏ ਅਤੇ ਮਰ ਗਏ ਸਨ।
ਸੰਨ 1993 ਵਿਚ ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਮਾਨਸਾ, ਗੁਰਦਾਸਪੁਰ ਵਿਚ ਭਾਰੀ ਹੜ੍ਹਾਂ ਕਰਕੇ ਲਗਪਗ 4000 ਪਿੰਡ ਨੁਕਸਾਨੇ ਗਏ। ਵੱਡੇ ਪੱਧਰ ’ਤੇ ਸੜਕਾਂ ਰੁੜ੍ਹ ਗਈਆਂ। ਵੱਡਾ ਜਾਨੀ-ਮਾਲੀ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ। ਸੰਨ 2013 ਵਿਚ ਹੜ੍ਹਾਂ ਕਰਕੇ ਨਵਾਂਸ਼ਹਿਰ, ਮੁਕਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਰੋਪੜ ਅਤੇ ਮੋਗਾ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਸੰਨ 2023 ਵਿਚ ਹੜ੍ਹਾਂ ਕਰਕੇ ਪੰਜਾਬ ਦੇ 19 ਜ਼ਿਲ੍ਹੇ ਮਾਰ ਹੇਠ ਆਏ। ਸਤਲੁਜ, ਬਿਆਸ, ਰਾਵੀ ਦਰਿਆਵਾਂ ਦੇ ਹੜ੍ਹਾਂ ਨੇ ਹਜ਼ਾਰਾਂ ਏਕੜ ਫ਼ਸਲਾਂ ਨੂੰ ਬਰਬਾਦ ਕੀਤਾ।
ਅਗਸਤ 2025 ਵਿਚ ਲਗਾਤਾਰ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਭਾਰੀ ਬਾਰਿਸ਼ਾਂ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਬਦਲ ਫਟਣ ਦੀਆਂ ਘਟਨਾਵਾਂ ਨੇ ਪੰਜਾਬ ਵਿਚ ਹੜ੍ਹਾਂ ਨੂੰ ਮਾਰੂ ਆਫ਼ਤ ਵਿਚ ਬਦਲ ਦਿੱਤਾ ਹੈ। ਪੰਜਾਬ ਦੇ 9 ਜ਼ਿਲ੍ਹਿਆਂ ਜਿਵੇਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਰੋਪੜ ਅਤੇ ਮੋਗਾ ਆਦਿ ਨੂੰ ਵੱਡੇ ਪੱਧਰ ’ਤੇ ਰਾਵੀ, ਬਿਆਸ, ਸਤਲੁਜ ਤੇ ਉੱਜ ਆਦਿ ਦਰਿਆਵਾਂ ਨੇ ਲਪੇਟ ਵਿਚ ਲੈ ਲਿਆ ਹੈ।
ਵੈਸੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 16 ਜ਼ਿਲ੍ਹਿਆਂ ਦਾ 44899 ਹੈਕਟੇਅਰ ਫ਼ਸਲਾਂ ਭਰਪੂਰ ਇਲਾਕਾ ਬੁਰੀ ਤਰ੍ਹਾਂ ਲਪੇਟ ਵਿਚ ਹੈ। ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਫਾਜ਼ਿਲਕਾ ਵਿਚ ਕਰੀਬ 9000 ਏਕੜ ਫ਼ਸਲ ਪਾਣੀ ਵਿਚ ਡੁੱਬੀ ਹੋਈ ਹੈ। ਸੁਲਤਾਨਪੁਰ ਲੋਧੀ ਖੇਤਰ ਵਿਚ ਸੰਨ 2023 ਦੇ ਹੜ੍ਹਾਂ ਵਾਲੀ ਧੁੱਸੀ ਟੁੱਟਣ ਕਰਕੇ 30-35 ਪਿੰਡਾਂ ਦੀ 10,000 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੀ ਬਰਬਾਦੀ ਕਈ ਸਾਲ ਭੁੱਲਣ ਵਾਲੀ ਨਹੀਂ। ਮਾਧੋਪੁਰ ਹੈੱਡਵਰਕਸ ਦੇ 4 ਗੇਟਾਂ ਦਾ ਟੁੱਟਣਾ, ਇਕ ਫੋਰਮੈਨ ਦਾ ਰੁੜ੍ਹ ਜਾਣਾ ਹੜ੍ਹ ਦੀ ਭਿਆਨਕਤਾ ਬਿਆਨਦਾ ਹੈ ਜਦਕਿ 50 ਲੋਕ ਸੁਰੱਖਿਅਤ ਕੱਢੇ ਗਏ। ਦੀਨਾਨਗਰ ਦੇ ਰਾਵੀ ਪਾਰਲੇ ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਅਜੇ ਤੱਕ ਕੋਈ ਸਰਕਾਰ ਉਨ੍ਹਾਂ ਨੂੰ ਜੋੜਨ ਲਈ ਪੱਕਾ ਪੁਲ ਨਹੀਂ ਉਸਾਰ ਸਕੀ। ਡੇਰਾ ਬਾਬਾ ਨਾਨਕ ਖੇਤਰ ਪਾਣੀ ਵਿਚ ਡੁੱਬ ਗਿਆ।
ਪਾਕਿਸਤਾਨ ਵਿਚਲਾ ਕਰਤਾਰਪੁਰ ਸਾਹਿਬ ਗੁਰਦੁਆਰਾ 7-8 ਫੁੱਟ ਪਾਣੀ ਦੀ ਲਪੇਟ ਵਿਚ ਆ ਗਿਆ। ਬਠਿੰਡਾ ਜ਼ਿਲ੍ਹੇ ਵਿਚ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਚ ਭਾਰੀ ਮੀਂਹ ਕਰਕੇ ਰਸਤੇ ਬੰਦ ਹੋ ਗਏ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਖ਼ਾਲਸਾ ਸਕੂਲ ਦੀ ਛੱਤ ’ਤੇ ਚੜ੍ਹ ਕੇ ਹਸਪਤਾਲ ’ਚ ਮਰੀਜ਼ਾਂ ਦੀ ਦੇਖਭਾਲ ਲਈ ਜਾਣਾ ਪਿਆ। ਪਾਤੜਾਂ ਵਿਚ ਚੋਅ ਦੇ ਟੁੱਟੇ ਬੰਨ੍ਹ ਨੇ ਸੈਂਕੜੇ ਏਕੜ ਫ਼ਸਲ ਬਰਬਾਦ ਕਰ ਦਿੱਤੀ। ਹੁਸ਼ਿਆਰਪੁਰ ਵਿਚ ਟਾਂਡਾ, ਮੁਕੇਰੀਆਂ, ਫਿਰੋਜ਼ਪੁਰ ਵਿਚ ਸਤਲੁਜ ਪਾਰਲੇ 12 ਪਿੰਡ ਜਲ-ਥਲ ਹੋ ਗਏ। ਦਰਜਨਾਂ ਪਿੰਡਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਦਰ ਸਹਿਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ। ਪਸ਼ੂਆਂ ਲਈ ਚਾਰਾ ਨਾ ਹੋਣ ਕਰਕੇ ਭਾਰੀ ਮੁਸੀਬਤ ਬਣੀ ਪਈ ਹੈ। ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ ਹਨ। ਥਾਂ-ਥਾਂ ਲੋਕਾਂ ਨੂੰ ਰੰਜ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ, ਨੇਤਾ ਅਤੇ ਸਰਕਾਰ ਉਨ੍ਹਾਂ ਦੇ ਬਚਾਅ, ਰਾਹਤ ਕਾਰਜ, ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਨ ਅਤੇ ਪਸ਼ੂਆਂ ਦੇ ਚਾਰੇ ਲਈ ਅੱਗੇ ਨਹੀਂ ਆਏ। ਬਿਮਾਰ ਲੋਕਾਂ ਅਤੇ ਪਸ਼ੂਆਂ ਦੇ ਇਲਾਜ ਲਈ ਡਾਕਟਰੀ ਅਮਲਾ ਨਦਾਰਦ ਰਿਹਾ। ਡੇਰੇਦਾਰ, ਬਾਬੇ, ਖਾਲਸਾ ਏਡ ਨਦਾਰਦ ਹਨ। ਹੁਣ ਤੱਕ ਅਨੇਕ ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੱਖ ਟਕੇ ਦਾ ਸਵਾਲ ਹੈ ਕਿ ਜਦ ਆਏ ਸਾਲ ਹੜ੍ਹ ਪੰਜਾਬ ਦੀ ਬਰਬਾਦੀ ਕਰਦੇ ਹਨ ਤਾਂ ਇਨ੍ਹਾਂ ਦੀ ਰੋਕਥਾਮ ਸਥਾਈ ਤੌਰ ’ਤੇ ਕਿਉਂ ਨਹੀਂ ਕੀਤੀ ਜਾਂਦੀ? ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਲਗਾਤਾਰ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਕੇ ਦੱਸਿਆ ਕਿ ਉਨ੍ਹਾਂ ਰਾਵੀ ਵਿਚ ਕਦੇ ਐਨਾ ਪਾਣੀ ਨਹੀਂ ਤੱਕਿਆ। ਉਨ੍ਹਾਂ ਨੇ ਭਵਿੱਖ ਵਿਚ ਹੜ੍ਹ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਜੋ ਭਵਿੱਖ ਵਿਚ ਸਥਾਈ ਰੋਕਥਾਮ ਲਈ ਰਿਪੋਰਟ ਕਰਨਗੀਆਂ। ਅਗਲੇ ਸਾਲ ਤੋਂ ਪਹਿਲਾਂ-ਪਹਿਲਾਂ ਇਸ ’ਤੇ ਅਮਲ ਕੀਤਾ ਜਾਵੇਗਾ। ਭਾਰਤੀ ਪੰਜਾਬ ਵਿਚ ਵੀ ਅਜਿਹੀ ਸਥਾਈ ਰੋਕਥਾਮ ਯੋਜਨਾ ਦੀ ਲੋੜ ਹੈ। ਕੇਂਦਰ ਅਤੇ ਪੰਜਾਬ ਸਰਕਾਰ ਇਸ ਲਈ ਧਨ ਜੁਟਾਉਣ।
ਸਰਕਾਰ, ਸਬੰਧਤ ਸਿੰਚਾਈ ਮੰਤਰੀ, ਅਮਲਾ ਮਈ ਮਹੀਨੇ ਤੋਂ ਪਹਿਲਾਂ ਧੁੱਸੀਆਂ, ਡੈਮਾਂ, ਨਹਿਰਾਂ, ਦਰਿਆਵਾਂ ਦੇ ਦੌਰੇ ਕਰ ਕੇ ਕਮਜ਼ੋਰੀਆਂ ਦੂਰ ਨਹੀਂ ਕਰਦੇ। ਡੈਮਾਂ, ਬੈਰਾਜਾਂ ਦੇ ਗੇਟ ਚੈੱਕ ਨਹੀਂ ਕੀਤੇ ਜਾਂਦੇ। ਉਨ੍ਹਾਂ ਦੀ ਗਰੀਸਿੰਗ ਨਹੀਂ ਕਰਦੇ। ਧੁੱਧੀ ਬੰਨ੍ਹ ਲਗਾਤਾਰ ਨਜ਼ਰ ਵਿਚ ਨਹੀਂ ਰੱਖੇ ਜਾਂਦੇ। ਕੇਂਦਰ ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਮਜ਼ਬੂਤ ਕੀਤੀ ਜਾਣੀ ਜ਼ਰੂਰੀ ਹੈ। ਗਲੋਬਲ ਵਾਰਮਿੰਗ ਸਿਰ ਚੜ੍ਹ ਕੇ ਨੱਚ ਰਹੀ ਹੈ ਜੋ ਹੜ੍ਹਾਂ, ਸੋਕੇ, ਤੂਫ਼ਾਨਾਂ, ਅੱਗਾਂ ਦਾ ਕਾਰਨ ਹੈ। ਢੱਠੇ ਮਕਾਨਾਂ, ਫ਼ਸਲ ਖ਼ਰਾਬੇ, ਮਰੇ ਪਸ਼ੂਆਂ, ਘਰ ਛੱਡਣ ਲਈ ਮਜਬੂਰੀ ਦਾ ਪੂਰਾ ਮੁਆਵਜ਼ਾ ਸਰਕਾਰਾਂ ਭਰਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਹਰ ਮਦਦ ਦਾ ਭਰੋਸਾ ਦਿੱਤਾ ਹੈ ਜੋ ਸਲਾਹੁਣਯੋਗ ਕਦਮ ਹੈ। ਸੰਨ 1988 ਵਾਂਗ ਇਸ ਵਾਰ ਡੈਮਾਂ ਵਿੱਚੋਂ ਪਾਣੀ ਛੱਡਣ ਵਿਚ ਕੁਤਾਹੀ ਪੰਜਾਬ ਲਈ ਮਾਰੂ ਸਾਬਿਤ ਹੋਈ ਹੈ। ਪੌਂਗ ਡੈਮ ਵਿੱਚੋਂ ਪਾਣੀ ਛੱਡਣ ਦਾ ਸਖ਼ਤ ਨੋਟਿਸ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਲਿਆ ਹੈ। ਭਵਿੱਖ ਵਿਚ ਹੜ੍ਹ ਰੋਕਣ ਲਈ ਸਥਾਈ ਯੋਜਨਾ ਅਤੇ ਹੜ੍ਹ ਰੋਕੂ ਬੋਰਡ ਗਠਿਤ ਕੀਤਾ ਜਾਣਾ ਚਾਹੀਦਾ ਹੈ।
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +12898292929