ਆਪਣੀਆਂ ਫ਼ਸਲਾਂ ਲਈ ਉਨ੍ਹਾਂ ਨੂੰ ਜਿੱਥੇ ਹਰ ਤਰ੍ਹਾਂ ਦੀਆਂ ਮੌਸਮੀ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਉੱਥੇ ਨਿੱਤ ਵਧਦੀ ਜਾ ਰਹੀ ਮਹਿੰਗਾਈ ਕਾਰਨ ਖੇਤੀਬਾੜੀ ਦਾ ਕੰਮ ਹੁਣ ਪਹਿਲਾਂ ਜਿੰਨਾ ਲਾਹੇਵੰਦਾ ਨਹੀਂ ਰਿਹਾ। ਇਸੇ ਲਈ ਨਵੀਂ ਪੀੜ੍ਹੀ ਹੁਣ ਪੰਜਾਬ ਦੇ ਇਸ ਰਵਾਇਤੀ ਕਿੱਤੇ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ।

ਗੰਨੇ ਦਾ ਰੇਟ ਮੌਜੂਦਾ 380 ਰੁਪਏ ਫ਼ੀ ਕੁਇੰਟਲ ਤੋਂ ਵਧਾ ਕੇ 450 ਰੁਪਏ ਫ਼ੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਜਲੰਧਰ ’ਚ ਮੁੱਖ ਹਾਈਵੇਅ ’ਤੇ ਧਰਨਾ ਲਾਇਆ ਹੋਇਆ ਹੈ। ਵੀਰਵਾਰ ਨੂੰ ਉਨ੍ਹਾਂ ਨੇ ਰੇਲਗੱਡੀਆਂ ਵੀ ਰੋਕੀਆਂ। ਇਸ ਤੋਂ ਬਾਅਦ 26 ਨਵੰਬਰ ਨੂੰ ਉਨ੍ਹਾਂ ਦਾ ਪ੍ਰੋਗਰਾਮ ਚੰਡੀਗੜ੍ਹ ਵੱਲ ਰਵਾਨਗੀ ਪਾਉਣ ਦਾ ਹੈ।
ਦਰਅਸਲ, ਵੀਰਵਾਰ ਨੂੰ ਚੰਡੀਗੜ੍ਹ ’ਚ ਕਿਸਾਨਾਂ ਦੀ ਇਕ ਮੀਟਿੰਗ ਹੋਣੀ ਸੀ, ਜੋ ਹੋ ਨਾ ਸਕੀ। ਇਸੇ ਲਈ ਰੋਹ ’ਚ ਆਏ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਵੀ ਜ਼ਿਆਦਾ ਭਖਾਉਣ ਦਾ ਐਲਾਨ ਕਰ ਦਿੱਤਾ। ਇਕੱਲੇ ਇਕ ਦਿਨ ਦੇ ਧਰਨੇ ਕਰਕੇ 120 ਰੇਲਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹੁਣ 80 ਰੇਲਾਂ ਨੂੰ ਦੂਜੇ ਰੂਟਾਂ ’ਤੋਂ ਲੰਘਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਉੱਧਰ ਦਿੱਲੀ-ਜੰਮੂ ਹਾਈਵੇਅ ਮੰਗਲਵਾਰ ਤੋਂ ਹੀ ਜਾਮ ਚੱਲ ਰਿਹਾ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਵਾਜਬ ਮੰਗਾਂ ਜ਼ਰੂਰ ਪਹਿਲ ਦੇ ਆਧਾਰ ’ਤੇ ਮੰਨਣੀਆਂ ਚਾਹੀਦੀਆਂ ਹਨ।
ਆਪਣੀਆਂ ਫ਼ਸਲਾਂ ਲਈ ਉਨ੍ਹਾਂ ਨੂੰ ਜਿੱਥੇ ਹਰ ਤਰ੍ਹਾਂ ਦੀਆਂ ਮੌਸਮੀ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਉੱਥੇ ਨਿੱਤ ਵਧਦੀ ਜਾ ਰਹੀ ਮਹਿੰਗਾਈ ਕਾਰਨ ਖੇਤੀਬਾੜੀ ਦਾ ਕੰਮ ਹੁਣ ਪਹਿਲਾਂ ਜਿੰਨਾ ਲਾਹੇਵੰਦਾ ਨਹੀਂ ਰਿਹਾ। ਇਸੇ ਲਈ ਨਵੀਂ ਪੀੜ੍ਹੀ ਹੁਣ ਪੰਜਾਬ ਦੇ ਇਸ ਰਵਾਇਤੀ ਕਿੱਤੇ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ। ਉਂਜ ਵੀ ਪੁਰਾਣੀ ਕਹਾਵਤ ਹੈ-ਜੱਟ ਦੀ ਜੂਨ ਬੁਰੀ। ਇੱਥੇ ਸ਼ਬਦ ‘ਜੱਟ’ ਕਿਸਾਨ ਲਈ ਹੀ ਵਰਤਿਆ ਗਿਆ ਹੈ। ਕਿਸਾਨ ਤਾਂ ਖ਼ੂਨ-ਪਸੀਨਾ ਇਕ ਕਰ ਕੇ ਮਿੱਟੀ ਨਾਲ ਮਿੱਟੀ ਹੋ ਕੇ ਆਪਣੀ ਫ਼ਸਲ ਉਗਾਉਂਦਾ ਹੈ।
ਅੱਗਿਓਂ ਮੰਡੀਆਂ ’ਚ ਉਨ੍ਹਾਂ ਦੀ ਮਿਹਨਤ ਮੁਤਾਬਕ ਉਪਜ ਦਾ ਬਣਦਾ ਮੁੱਲ ਨਹੀਂ ਮਿਲਦਾ। ਅੰਨਦਾਤਿਆਂ ਦੀ ਫ਼ਸਲ ਆਮ ਤੌਰ ’ਤੇ ਖੁੱਲ੍ਹੇ ਅਸਮਾਨ ਹੇਠਾਂ ਰੱਬ-ਆਸਰੇ ਹੀ ਰਹਿੰਦੀ ਹੈ। ‘ਖੇਤੀ ਖਸਮਾਂ ਸੇਤੀ’ ਕਹਾਵਤ ਵੀ ਕਿਸਾਨਾਂ ਦੀਆਂ ਮਜਬੂਰੀਆਂ ਤੇ ਬੇਵੱਸੀਆਂ ਨੂੰ ਬਿਆਨਦੀ ਹੈ। ਉਹ ਪਹਿਲਾਂ ਹੀ ਕਰਜ਼ਿਆਂ ਦੀਆਂ ਵੱਡੀਆਂ ਪੰਡਾਂ ਦੇ ਬੋਝ ਹੇਠਾਂ ਦੱਬੇ ਹੋਏ ਹਨ। ਉਨ੍ਹਾਂ ਨੂੰ ਅੱਗੇ ਵਧਣ ਦਾ ਕਿਤੇ ਕੋਈ ਰਾਹ ਨਹੀਂ ਦਿਸ ਰਿਹਾ। ਇਸੇ ਲਈ ਉਨ੍ਹਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਅਖ਼ਤਿਆਰ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਕਿਸਾਨਾਂ ਦੇ ਇਹ ਸਾਰੇ ਮਸਲੇ ਹਮਦਰਦੀ ਨਾਲ ਸਮਝਣੇ ਚਾਹੀਦੇ ਹਨ।
ਇਸ ਸਭ ਦੇ ਬਾਵਜੂਦ ਇਹ ਵੀ ਹਕੀਕਤ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਹਾਲਤ ’ਚ ਦੇਸ਼ ਦੇ ਵਿਕਾਸ ਦਾ ਚੱਕਾ ਜਾਮ ਨਹੀਂ ਕਰਨਾ ਚਾਹੀਦਾ। ਜਦੋਂ ਚੱਕਾ ਭਾਵ ਪਹੀਆ ਈਜਾਦ ਹੋਇਆ ਸੀ, ਉਸ ਤੋਂ ਬਾਅਦ ਹੀ ਮਨੁੱਖਤਾ ਨੇ ਤਰੱਕੀਆਂ ਦੀਆਂ ਨਵੀਆਂ ਮੰਜ਼ਿਲਾਂ ਸਰ ਕਰਨੀਆਂ ਸ਼ੁਰੂ ਕੀਤੀਆਂ ਸਨ।
ਭਾਵੇਂ ਕੋਈ ਮਸ਼ੀਨ ਹੋਵੇ ਤੇ ਚਾਹੇ ਕੋਈ ਵਾਹਨ, ਪਹੀਆ ਸਾਰੇ ਯੰਤਰਾਂ ਤੇ ਉਪਕਰਨਾਂ ’ਚ ਪ੍ਰਮੁੱਖ ਤੇ ਵਿਗਿਆਨਕ ਭੂਮਿਕਾ ਨਿਭਾਉਂਦਾ ਹੈ। ਇਸੇ ਲਈ ਸੜਕਾਂ ’ਤੇ ਅਤੇ ਰੇਲਾਂ ਦਾ ਚੱਕਾ ਕਦੇ ਵੀ ਰੁਕਣਾ ਨਹੀਂ ਚਾਹੀਦਾ, ਸਗੋਂ ਇਸ ਨੂੰ ਚੱਲਦਾ ਰੱਖਣ ਲਈ ਕਿਸਾਨਾਂ ਨੂੰ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਕੌਮੀ ਰਾਜਮਾਰਗ ਜਾਮ ਕਰ ਕੇ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਸਾਨ ਯੂਨੀਅਨਾਂ ਨੂੰ ਆਪਣੇ ਘਰ ਜਾਂ ਦਫ਼ਤਰ, ਕਿਤੇ ਵੀ ਆ ਕੇ ਗੱਲਬਾਤ ਰਾਹੀਂ ਇਹ ਮਸਲਾ ਹੱਲ ਕਰਨ ਦਾ ਸੱਦਾ ਦਿੱਤਾ ਹੈ। ਆਪਸੀ ਗੱਲਬਾਤ ਦਾ ਰਾਹ ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ। ਕਿਸਾਨਾਂ ਨੂੰ ਸੋਚ-ਵਿਚਾਰ ਤੋਂ ਬਾਅਦ ਟਕਰਾਅ ਦਾ ਰਾਹ ਤਿਆਗ ਕੇ ਆਪਣੇ ਐਕਸ਼ਨ ਨੂੰ ਦੁਬਾਰਾ ਉਲੀਕਣ ਦੀ ਜ਼ਰੂਰਤ ਹੈ। ਸਰਕਾਰ ਵੀ ਤਦ ਜ਼ਰੂਰ ਹੀ ਕਿਸਾਨ ਮਸਲੇ ਹੱਲ ਕਰਨ ਦੀ ਪਹਿਲਕਦਮੀ ਕਰੇਗੀ।