ਸੜਕ ਜਾਂ ਰੇਲ ਦੁਰਘਟਨਾਵਾਂ ਦਾ ਵਾਪਰ ਜਾਣਾ ਬਹੁਤ ਹੀ ਦੁਖਦਾਇਕ ਹੁੰਦਾ ਹੈ। ਇਸ ਤਰ੍ਹਾਂ ਦੇ ਹਾਦਸਿਆਂ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਪਰ ਬਹੁਤ ਹੀ ਦੁੱਖ ਤੇ ਸ਼ਰਮ ਵਾਲੀ ਗੱਲ ਹੈ ਕਿ ਕਈ ਬੇਰਹਿਮ ਅਤੇ ਬੇਲਿਹਾਜ਼ ਲੋਕ ਇਨ੍ਹਾਂ ਦੁਰਘਟਨਾਵਾਂ ਤੋਂ ਵੀ ਆਪਣੀਆਂ ਜੇਬਾਂ ਭਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਪੀੜਤਾਂ ਦਾ ਸਾਮਾਨ ਲੁੱਟ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਪਾ ਜਾਂਦੇ ਹਨ।

ਸੜਕ ਜਾਂ ਰੇਲ ਦੁਰਘਟਨਾਵਾਂ ਦਾ ਵਾਪਰ ਜਾਣਾ ਬਹੁਤ ਹੀ ਦੁਖਦਾਇਕ ਹੁੰਦਾ ਹੈ। ਇਸ ਤਰ੍ਹਾਂ ਦੇ ਹਾਦਸਿਆਂ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਪਰ ਬਹੁਤ ਹੀ ਦੁੱਖ ਤੇ ਸ਼ਰਮ ਵਾਲੀ ਗੱਲ ਹੈ ਕਿ ਕਈ ਬੇਰਹਿਮ ਅਤੇ ਬੇਲਿਹਾਜ਼ ਲੋਕ ਇਨ੍ਹਾਂ ਦੁਰਘਟਨਾਵਾਂ ਤੋਂ ਵੀ ਆਪਣੀਆਂ ਜੇਬਾਂ ਭਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਪੀੜਤਾਂ ਦਾ ਸਾਮਾਨ ਲੁੱਟ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਪਾ ਜਾਂਦੇ ਹਨ। ਸੋਸ਼ਲ ਮੀਡੀਆ ’ਤੇ ਭਾਰਤ ਅਤੇ ਪਾਕਿਸਤਾਨ ਨਾਲ ਜੁੜੇ ਲੋਕਾਂ ਦੇ ਅਜਿਹੇ ਅਨੇਕ ਵੀਡੀਓ ਮੌਜੂਦ ਹਨ ਜਿਨ੍ਹਾਂ ਵਿਚ ਹਾਦਸਾਗ੍ਰਸਤ ਟਰੱਕ ਜਾਂ ਟੈਂਕਰ ਵਿੱਚੋਂ ਡਿੱਗੇ ਫ਼ਲ, ਸਬਜ਼ੀਆਂ, ਕੋਲਡ ਡਰਿੰਕ, ਘਿਉ, ਦੁੱਧ ਜਾਂ ਤੇਲ ਆਦਿ ਜਿਹੇ ਪਦਾਰਥਾਂ ਨੂੰ ਇਕੱਠਾ ਕਰਨ ਲਈ ਉਸ ਇਲਾਕੇ ਦੇ ਵਸਨੀਕਾਂ ਦੀ ਭੀੜ ਸਾਫ਼ ਨਜ਼ਰ ਆਉਂਦੀ ਹੈ। ਅਜਿਹੇ ਲੋਕ ਇਨਸਾਨੀਅਤ, ਸ਼ਰਮ ਅਤੇ ਮਨੁੱਖੀ ਹਮਦਰਦੀ ਜਿਹੇ ਨੈਤਿਕ ਗੁਣਾਂ ਨੂੰ ਤਿਲਾਂਜਲੀ ਦੇ ਕੇ ਹਾਦਸਾਗ੍ਰਸਤ ਵਾਹਨ ਦਾ ਸਾਮਾਨ ਆਪਣੇ ਘਰਾਂ ਨੂੰ ਲਿਜਾਂਦੇ ਵੇਖੇ ਜਾ ਸਕਦੇ ਹਨ। ਕੌੜਾ ਸੱਚ ਤਾਂ ਇਹ ਹੈ ਕਿ ਦੁਰਘਟਨਾਗ੍ਰਸਤ ਵਾਹਨ ਦੇ ਚਾਲਕ, ਵਾਹਨ ਦੇ ਮਾਲਕ ਅਤੇ ਸਬੰਧਤ ਵਪਾਰੀ ਜਾਂ ਕੰਪਨੀ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਆਮ ਲੋਕ ਸਮੁੱਚੀਆਂ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰਦਿਆਂ ਹੋਇਆਂ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਦਾ ਹੋਰ ਨੁਕਸਾਨ ਕਰ ਜਾਂਦੇ ਹਨ।
ਪੱਚੀ ਜੂਨ 2017 ਨੂੰ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਵਾਪਰੇ ਇਕ ਭਿਆਨਕ ਅਗਨੀਕਾਂਡ ਵਿਚ ਮਾਰੇ ਗਏ 150 ਤੋਂ ਵੀ ਵੱਧ ਲੋਕਾਂ ਦੀ ਮੌਤ ਦਾ ਕਾਰਨ ਜਲਣਸ਼ੀਲ ਤੇਲ ਨਾਲ ਭਰੇ ਹਾਦਸਗ੍ਰਸਤ ਟੈਂਕਰ ਦੇ ਵਗ ਰਹੇ ਤੇਲ ਦੀ ਸ਼ਰੇਆਮ ਲੁੱਟ ਹੀ ਸੀ। ਲਾਲਚ ’ਚ ਅੰਨ੍ਹੇ ਹੋਏ ਲੋਕਾਂ ਨੇ ਟੈਂਕਰ ਵਿੱਚੋਂ ਰਿਸਦੇ ਤੇਲ ਨੂੰ ਬਾਲਟੀਆਂ, ਡੱਬਿਆਂ ਤੇ ਭਾਂਡਿਆਂ ਵਿਚ ਪਾ ਕੇ ਘਰਾਂ ਨੂੰ ਲੈ ਜਾਣ ਦੀ ਕਾਹਲ ਕੀਤੀ ਤੇ ਇਹ ਵੀ ਨਾ ਸੋਚਿਆ ਕਿ ਇਸ ਦੇ ਸਿੱਟੇ ਕਿੰਨੇ ਭਿਆਨਕ ਹੋ ਸਕਦੇ ਹਨ ਤੇ ਫਿਰ ਇਕ ਸਿਰਫਿਰੇ ਸ਼ਖ਼ਸ ਨੇ ਇਕ ਚੰਗਿਆੜੀ ਹਵਾ ਵਿਚ ਉਡਾ ਦਿੱਤੀ ਤੇ ਘੜੀਆਂ-ਪਲਾਂ ਵਿਚ ਹੀ 150 ਕੁ ਲੋਕ ਸੜ ਕੇ ਸੁਆਹ ਹੋ ਗਏ ਸਨ ਅਤੇ ਚੀਕਾਂ ਤੇ ਕੀਰਨਿਆਂ ਨਾਲ ਆਕਾਸ਼ ਕੰਬ ਉੱਠਿਆ ਸੀ। ਗੱਲ ਕੇਵਲ ਚੰਦ ਕੁ ਰਪਇਆਂ ਦਾ ਤੇਲ ਮੁਫ਼ਤ ’ਚ ਇਕੱਠਾ ਕਰਨ ਤੋਂ ਤੁਰੀ ਸੀ ਤੇ ਸੈਂਕੜੇ ਬੇਸ਼ਕੀਮਤੀ ਜਾਨਾਂ ਦੇ ਚਲੇ ਜਾਣ ’ਤੇ ਜਾ ਕੇ ਮੁੱਕੀ ਸੀ।
ਉਪਰੋਕਤ ਹਾਦਸੇ ਤੋਂ ਭਾਰਤ ਜਾਂ ਪਾਕਿਸਤਾਨ ਦੇ ਲੋਕਾਂ ਨੇ ਕੋਈ ਸਬਕ ਸਿੱਖਿਆ ਹੋਵੇ, ਇਹ ਗੱਲ ਨਜ਼ਰ ਨਹੀਂ ਆਉਂਦੀ ਹੈ। ਉਸ ਅਗਨੀਕਾਂਡ ਤੋਂ ਬਾਅਦ ਵੀ ਭਾਰਤ ’ਚ ਵਾਪਰੇ ਅਨੇਕਾ ਸੜਕ ਅਤੇ ਰੇਲ ਹਾਦਸਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਮੌਜੂਦ ਹਨ ਜਿਨ੍ਹਾਂ ਵਿਚ ਸਬੰਧਤ ਖੇਤਰ ਦੇ ਲੋਕ ਕਿਸੇ ਹਾਦਸਾਗ੍ਰਸਤ ਵਪਾਰਕ ਵਾਹਨ ਵਿੱਚੋਂ ਕੋਲਡ ਡਰਿੰਕਸ, ਘਿਉ, ਟਮਾਟਰ, ਫ਼ਲ ਜਾਂ ਹੋਰ ਪਦਾਰਥ ਲੁੱਟ ਕੇ ਤੁਰੇ ਜਾਂਦੇ ਪ੍ਰਤੱਖ ਵੇਖੇ ਜਾ ਸਕਦੇ ਹਨ। ਸਭ ਤੋਂ ਵੱਧ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਮੁਲਕ ਅੰਦਰ ਅਜਿਹੇ ਅਨੇਕ ਰੇਲ ਜਾਂ ਸੜਕ ਹਾਦਸੇ ਰਾਤ ਸਮੇਂ ਵਾਪਰੇ ਹਨ ਜਿਨ੍ਹਾਂ ਵਿਚ ਅਨੇਕ ਯਾਤਰੀਆਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਕਈ ਉਮਰ ਭਰ ਲਈ ਅਪਾਹਜ ਹੋ ਗਏ ਪਰ ਉੱਥੋਂ ਲੰਘ ਰਹੇ ਜਾਂ ਮਦਦ ਲਈ ਦੂਰੋਂ-ਨੇੜਿਓਂ ਪੁੱਜੇ ਲੋਕਾਂ ਨੇ ਮ੍ਰਿਤਕਾਂ ਦੇ ਗਹਿਣੇ ਉਤਾਰ ਲਏ, ਕੀਮਤੀ ਘੜੀਆਂ ਲਾਹ ਲਈਆਂ ਤੇ ਉਨ੍ਹਾਂ ਦੇ ਸਾਮਾਨ ਵਾਲੇ ਬੈਗ ਰਾਤ ਦੇ ਹਨੇਰੇ ਵਿਚ ਆਪਣੇ ਘਰਾਂ ਨੂੰ ਲੈ ਗਏ ਤੇ ਇੰਜ ਉਨ੍ਹਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਵਿਦੇਸ਼ੀ ਅਤੇ ਅਤਿ ਸੱਭਿਅਕ ਸਮਝੇ ਜਾਂਦੇ ਮੁਲਕਾਂ ਅੰਦਰ ਜੇਕਰ ਅਜਿਹਾ ਕੋਈ ਹਾਦਸਾ ਕਿਸੇ ਵਪਾਰਕ ਵਾਹਨ ਨੂੰ ਪੇਸ਼ ਆਉਂਦਾ ਹੈ ਤਾਂ ਉੱਥੋਂ ਦੇ ਲੋਕ ਦਿਲੋਂ ਮਦਦ ਲਈ ਅੱਗੇ ਵਧਦੇ ਹਨ ਤੇ ਦੂਜਿਆਂ ਦੀ ਅਮਾਨਤ ਵਿਚ ਖਿਆਨਤ ਕਰਨ ਬਾਰੇ ਨਹੀਂ ਸੋਚਦੇ ਹਨ ਪਰ ਸਾਡੇ ਇੱਥੇ ਲੋਕ ਹਾਦਸੇ ਕਾਰਨ ਪਹਿਲਾਂ ਤੋਂ ਹੀ ਨੁਕਸਾਨ ਕਰਵਾ ਚੁੱਕੇ ਵਪਾਰਕ ਵਾਹਨ ਦਾ ਸਾਮਾਨ ਲੁੱਟ ਕੇ ਮਾਲਕ ਨੂੰ ਹੋਰ ਘਾਟਾ ਪਾ ਜਾਂਦੇ ਹਨ। ਗੱਲ ਇਹ ਨਹੀਂ ਕਿ ਅਜਿਹੀ ਲੁੱਟ-ਖਸੁੱਟ ਰੋਕਣ ਲਈ ਪੁਲਿਸ ਜਾਂ ਕਾਨੂੰਨ ਨੂੰ ਸਖ਼ਤੀ ਕਰਨ ਦੀ ਲੋੜ ਹੈ ਸਗੋਂ ਸਾਡੇ ਲੋਕਾਂ ਨੂੰ ਆਪਣੀ ਸੋਚ ਤੇ ਆਪਣਾ ਵਿਹਾਰ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਅਜਿਹਾ ਹਾਦਸਾ ਵਾਪਰਨ ’ਤੇ ਲੋਕਾਂ ਦੇ ਹੱਥ ਪੀੜਤਾਂ ਦੀ ਮਦਦ ਲਈ ਵਧਣ, ਨਾ ਕਿ ਸਾਮਾਨ ਲੁੱਟਣ ਲਈ।
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ, ਬਟਾਲਾ।
-ਮੋਬਾਈਲ : 97816-46008