ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਸਾਡੇ ਜੀਵਨ ਵਿਚ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਵਿਦਿਆਰਥੀਆਂ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਭਾਵ ਹਰ ਉਮਰ ਦੇ ਇਨਸਾਨ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਤਾ ਹੋਣਾ ਜ਼ਰੂਰੀ ਹੈ।
ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਸਾਡੇ ਜੀਵਨ ਵਿਚ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਵਿਦਿਆਰਥੀਆਂ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਭਾਵ ਹਰ ਉਮਰ ਦੇ ਇਨਸਾਨ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਤਾ ਹੋਣਾ ਜ਼ਰੂਰੀ ਹੈ। ਇਨ੍ਹਾਂ ਦੀ ਪਾਲਣਾ ਕਰਨ ਵਾਲੇ ਇਨਸਾਨ ਦੀ ਸੋਚ ਬਹੁਤ ਹੀ ਵਧੀਆ ਹੁੰਦੀ ਹੈ। ਉਸ ਦਾ ਸਮਾਜ ਵਿਚ ਵਿਚਰਨਾ ਬਹੁਤ ਆਦਰਸ਼ਮਈ ਹੁੰਦਾ ਹੈ। ਪਹਿਲਾਂ ਬੱਚੇ ਗੁਰੂਕੁਲ ਵਿਚ ਰਿਸ਼ੀਆਂ-ਮੁਨੀਆਂ ਕੋਲ ਪੜ੍ਹਦੇ ਸਨ ਤਾਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦਿੱਤੇ ਜਾਂਦੇ, ਚੰਗਾ ਇਨਸਾਨ ਬਣਨ ਦੇ ਗੁਰ ਸਿਖਾਏ ਜਾਂਦੇ, ਇਮਾਨਦਾਰੀ, ਬਜ਼ੁਰਗਾਂ ਦਾ ਸਤਿਕਾਰ ਕਰਨਾ, ਆਗਿਆਕਾਰੀ ਬਣਨਾ, ਨਿਮਰਤਾ, ਪਿਆਰ, ਸਹਿਣਸ਼ੀਲ ਬਣਨ ਲਈ ਸਿੱਖਿਆ ਵੀ ਦਿੱਤੀ ਜਾਂਦੀ ਸੀ। ਭਾਵ ਉਨ੍ਹਾਂ ਨੂੰ ਚੰਗੇ-ਮਾੜੇ ਬਾਰੇ ਸਭ ਕੁਝ ਦੱਸਿਆ ਜਾਂਦਾ ਸੀ। ਦੂਜੇ ਪਾਸੇ ਜੋ ਅੱਜ-ਕੱਲ੍ਹ ਦੀ ਸਿੱਖਿਆ ਹੈ, ਉਹ ਵਿਦਿਆਰਥੀਆਂ ਨੂੰ ਪੈਸਾ ਕਮਾਉਣ ਦੇ ਯੋਗ ਬਣਾ ਰਹੀ ਹੈ। ਅੱਜ ਪੈਸੇ ਦੀ ਇੰਨੀ ਹੋੜ ਲੱਗੀ ਹੋਈ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਸੰਸਕਾਰਾਂ ਨੂੰ ਭੁੱਲਦੀ ਜਾ ਰਹੀ ਹੈ। ਸਮਾਜਿਕ ਢਾਂਚਾ ਦਿਨ-ਬਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ। ਪੈਸੇ ਦੀ ਅੰਨ੍ਹੀ ਦੌੜ ਕਾਰਨ ਖ਼ੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਪੈਸੇ ਦੀ ਬੇਲੋੜੀ ਵਰਤੋਂ ਕਾਰਨ ਗ਼ੈਰ-ਕਾਨੂੰਨੀ ਕੰਮ ਵੀ ਜ਼ਿਆਦਾ ਹੋ ਰਹੇ ਹਨ। ਨਿੱਜੀ ਸਵਾਰਥ ਖ਼ਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੀ ਧੜੱਲੇ ਨਾਲ ਵਰਤੋਂ ਕਰ ਰਹੀ ਹੈ। ਉਸ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਪਿਆਰ, ਨਿਮਰਤਾ, ਸਹਿਣਸ਼ੀਲਤਾ ਵਰਗੇ ਗੁਣ ਕਿਤੇ ਵੀ ਨਹੀਂ ਦਿਸਦੇ। ਮਾਂ-ਬਾਪ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੋ ਚੁੱਕਿਆ ਹੈ। ਬੱਚਿਆਂ ’ਤੇ ਮਾੜੀ ਸੰਗਤ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਚੰਗੇ-ਮਾੜੇ ਫ਼ੈਸਲੇ ਲੈਣ ਲਈ ਬੱਚੇ ਅੱਜ-ਕੱਲ੍ਹ ਮਾਂ-ਬਾਪ ਨੂੰ ਬਿਲਕੁਲ ਨਹੀਂ ਪੁੱਛਦੇ। ਜਦੋਂ ਕੋਈ ਗ਼ਲਤ ਕੰਮ ਹੋ ਜਾਂਦਾ ਹੈ, ਫਿਰ ਮਾਂ-ਬਾਪ ਨੂੰ ਬਾਹਰੋਂ ਹੀ ਪਤਾ ਲੱਗਦਾ ਹੈ। ਸਕੂਲ, ਕਾਲਜ ਵਿਦਿਆਰਥੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਸਰਟੀਫਿਕੇਟ ਤੇ ਡਿਗਰੀਆਂ ਤਾਂ ਪ੍ਰਦਾਨ ਕਰ ਰਹੇ ਹਨ ਪਰ ਨੈਤਿਕ ਕਦਰਾਂ-ਕੀਮਤਾਂ ਦੀ ਬਹੁਤ ਕਮੀ ਹੈ। ਪੈਸਾ ਕਿੱਥੇ ਖ਼ਰਚਣਾ ਹੈ ਤੇ ਉਸ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ, ਇਹ ਵੀ ਬਹੁਤ ਵੱਡਾ ਗੁਣ ਹੈ ਜੋ ਹਰ ਕਿਸੇ ਵਿਚ ਨਹੀਂ ਹੁੰਦਾ। ਬੱਚਿਆਂ ’ਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ। ਸਮੇਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਮਾਂ-ਬਾਪ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਦੱਸਣ। ਬੱਚਿਆਂ ਨੂੰ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਹੈ। ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ। ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।-ਸੰਜੀਵ ਸਿੰਘ ਸੈਣੀ, ਮੋਹਾਲੀ। ਮੋਬਾਈਲ : 78889-66168