ਇਸ ਯੋਜਨਾ ਵਿਚ ਅਗਲਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਆਗੂ ਹੋਵੇਗਾ ਜਦਕਿ ਉਪ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਲੜਕਾ ਨਿਸ਼ਾਂਤ ਕੁਮਾਰ ਹੋਵੇਗਾ। ਇਸ ਯੋਜਨਾ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਅਤੇ ਜੇਡੀਯੂ ਅੰਦਰ ਪੈਦਾ ਹੋ ਰਹੀ ਰਾਜਨੀਤਕ ਬੇਚੈਨੀ ਦੇ ਹੱਲ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ੁਦ ਦਿੱਲੀ ਤੋਂ ਪਟਨਾ ਵਿਖੇ 6 ਮਾਰਚ ਨੂੰ ਪਧਾਰੇ ਅਤੇ ਨਿਤੀਸ਼ ਕੁਮਾਰ ਦੇ ਰਾਜ ਸਭਾ ਦੇ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਵਾਏ।
ਦਸ ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਨਿਤੀਸ਼ ਕੁਮਾਰ ਦੇ ਪੰਜ ਮਾਰਚ ਨੂੰ ਰਾਜ ਸਭਾ ਮੈਂਬਰ ਵਜੋਂ ਪੇਪਰ ਦਾਖ਼ਲ ਕਰਨ ਤੋਂ ਬਾਅਦ ਰਾਜ ਅੰਦਰ ਪੱਛੜੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਮਾਜਵਾਦੀ ਯੁੱਗ ਦਾ ਅੰਤ ਹੋ ਗਿਆ ਲੱਗਦਾ ਹੈ। ਬਿਹਾਰ ਦੇ ਲੋਕ ਆਉਣ ਵਾਲੇ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਗ਼ਰੀਬ, ਪੱਛੜੇ, ਮਜ਼ਲੂਮ,ਦਲਿਤ ਅਤੇ ਦੱਬੇ-ਕੁਚਲੇ ਵਰਗਾਂ ਲਈ ਲੜਨ ਵਾਲੇ ਆਗੂ ਵਜੋਂ ਯਾਦ ਕਰਨਗੇ।
ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਆਪਣੇ 19 ਸਾਲ ਪੰਜ ਮਹੀਨੇ ਦੇ ਕਾਰਜਕਾਲ ਦੌਰਾਨ ਬਿਹਾਰ ਨੂੰ ਜਿਵੇਂ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਜਾਤੀਵਾਦੀ ਦਲਦਲ ਵਿੱਚੋਂ ਕੱਢ ਕੇ ਸਿਆਸੀ ਅਤੇ ਪ੍ਰਸ਼ਾਸਨਿਕ ਸਥਿਰਤਾ ਕਾਇਮ ਕੀਤੀ, ਵਿੱਤੀ ਸੰਕਟ ਵਿੱਚੋਂ ਬਾਹਰ ਲਿਆਂਦਾ, ਰਾਜ ਵਿਚ ਮਹਿਲਾ ਸਸ਼ਕਤੀਕਰਨ ਦੇ ਇਤਿਹਾਸ ਵਿਚ ਇਕ ਨਵਾਂ ਸੁਨਹਿਰੀ ਪੰਨਾ ਜੋੜਿਆ ਅਤੇ ਜਿਵੇਂ ਰਾਜ ਨੂੰ ਵਿਕਾਸ ਦੀ ਮਜ਼ਬੂਤ ਪਗਡੰਡੀ ’ਤੇ ਤੋਰਿਆ, ਇਸ ਨੇ ਉਸ ਦਾ ਨਾਂ ਬਿਹਾਰ ਦੇ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਵਿਚ ‘ਵਿਕਾਸ ਪੁਰਸ਼’ ਵਜੋਂ ਦਰਜ ਕਰ ਦਿੱਤਾ। ਨਿਤੀਸ਼ ਕੁਮਾਰ ਦਾ ਜਨਮ 1951 ਵਿਚ ਪਟਨਾ ਨੇੜੇ ਬਖਤਿਆਰ ਵਿਖੇ ਹੋਇਆ। ਉਹ ਘੱਟ ਬੋਲਣ ਵਾਲੇ ਸਨ। ਉਨ੍ਹਾਂ ਨੇ 1973 ਵਿਚ ਬਿਹਾਰ ਇੰਜੀਨੀਅਰਿੰਗ ਕਾਲਜ ਵਿੱਚੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਆਪਣਾ ਰਾਜਨੀਤਕ ਜੀਵਨ ਰਾਮ ਮਨੋਹਰ ਲੋਹੀਆ ਸਮਾਜਵਾਦੀ ਆਗੂ ਦੀ ਸੰਯੁਕਤ ਸੋਸ਼ਲਿਸਟ ਪਾਰਟੀ ਦੀ ਯੁਵਾ ਸਮਾਜਵਾਦੀ ਸਭਾ ਵਿਚ ਸ਼ਾਮਲ ਹੋ ਕੇ ਸ਼ੁਰੂ ਕੀਤਾ। ਉਹ ਬਾਮਸ ਨਾਂ ਦੇ ਨੌਜਵਾਨ ਸੰਗਠਨ ਦੇ ਪ੍ਰਧਾਨ ਬਣੇ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਲਾਲੂ ਪ੍ਰਸਾਦ ਯਾਦਵ ਨਾਲ ਹੋਈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੰਨ 1975 ਵਿਚ ਦੇਸ਼ ’ਚ ਐਮਰਜੈਂਸੀ ਲਗਾਉਣ ਵਿਰੁੱਧ ਬਿਹਾਰ ਅੰਦਰੋਂ ਉੱਠੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ‘ਪੂਰਨ ਇਨਕਲਾਬ’ ਅੰਦੋਲਨ ਵਿਚ ਸ਼ਾਮਲ ਹੋ ਗਏ ਅਤੇ ਗ੍ਰਿਫ਼ਤਾਰੀ ਦਿੱਤੀ। ਉਪਰੰਤ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਜਿਸ ਦੀ ਸੰਨ 1977 ’ਚ ਮੁਰਾਰਜੀ ਡੇਸਾਈ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਬਣੀ। ਸੰਨ 1977 ਵਿਚ ਜਨਤਾ ਪਾਰਟੀ ਅਤੇ ਸੰਨ 1980 ਵਿਚ ਲੋਕ ਦਲ ਉਮੀਦਵਾਰ ਵਜੋਂ ਉਨ੍ਹਾਂ ਨੂੰ ਹਰਨੌਤ ਵਿਧਾਨ ਸਭਾ ਹਲਕੇ ਵਿਚ ਹਾਰ ਹੋਈ ਪਰ ਸੰਨ 1985 ਵਿਚ ਇਸੇ ਖੇਤਰ ਵਿੱਚੋਂ ਉਨ੍ਹਾਂ ਨੇ 22000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਸੰਨ 1989 ਵਿਚ ਉਹ ਲੋਕ ਸਭਾ ਮੈਂਬਰ ਵਜੋਂ ਚੁਣੇ ਗਏ ਅਤੇ 1990 ਵਿਚ ਵੀਪੀ ਸਿੰਘ ਸਰਕਾਰ ਵਿਚ ਰਾਜ ਮੰਤਰੀ ਬਣੇ। ਇਸੇ ਦੌਰਾਨ ਉਨ੍ਹਾਂ ਨੇ ਬਿਹਾਰ ਵਿਚ ਲਾਲੂ ਪ੍ਰਸਾਦ ਯਾਦਵ ਨੂੰ ਮੁੱਖ ਮੰਤਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਜੋ ਸਿਆਸੀ ਤੌਰ ’ਤੇ ਉਨ੍ਹਾਂ ਨੂੰ ਰਾਸ ਨਾ ਆਈ। ਲਾਲੂ ਪ੍ਰਸਾਦ ਯਾਦਵ ਨੇ ਰਾਜ ਅੰਦਰ ਤਾਕਤਵਰ ਆਗੂ ਵਜੋਂ ਉੱਭਰਨ ਤੋਂ ਬਾਅਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਸੋ, ਉਹ 1994 ਵਿਚ ਜਾਰਜ ਫਰਨਾਂਡੀਜ਼ ਦੀ ਸਮਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਜੋ ਬਾਅਦ ਵਿਚ ਜਨਤਾ ਦਲ (ਯੂ) ਵਿਚ ਰਲਗੱਡ ਹੋ ਗਈ। ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰ ਕੇ ਉਨ੍ਹਾਂ ਨੇ ਸਾਂਝੇ ਫਰੰਟ ਵਿਚ 1996, 1998 ਅਤੇ 1999 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ। ਵਾਜਪਾਈ ਸਰਕਾਰ ਵਿਚ ਨਿਤੀਸ਼ 1998 ਵਿਚ ਰੇਲ ਮੰਤਰੀ ਅਤੇ 1999 ਵਿਚ ਖੇਤੀ ਮੰਤਰੀ ਬਣੇ। ਸੰਨ 2000 ਵਿਚ ਬਿਹਾਰ ਅੰਦਰ ਜੇਡੀਯੂ ਅਤੇ ਭਾਜਪਾ ਗੱਠਜੋੜ ਨੂੰ ਰਾਸ਼ਟਰੀ ਜਨਤਾ ਦਲ ਨਾਲੋਂ ਦੋ ਸੀਟਾਂ ਵੱਧ ਮਿਲੀਆਂ। ਨਤੀਜੇ ਵਜੋਂ 3 ਮਾਰਚ, 2000 ਨੂੰ ਉਨ੍ਹਾਂ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਪਰ ਵਿਧਾਨ ਸਭਾ ਵਿਚ ਬਹੁਮਤ ਹਾਸਲ ਨਾ ਕਰ ਸਕਣ ਕਰਕੇ ਉਨ੍ਹਾਂ ਨੂੰ ਇਕ ਹਫ਼ਤੇ ਬਾਅਦ ਅਸਤੀਫ਼ਾ ਦੇਣਾ ਪਿਆ। ਇਸੇ ਸਾਲ ਬਿਹਾਰ ਨਾਲੋਂ ਝਾਰਖੰਡ ਵੱਖਰਾ ਸੂਬਾ ਗਠਿਤ ਕੀਤਾ ਗਿਆ ਜੋ ਉਨ੍ਹਾਂ ਦੇ ਬਹੁਤ ਰਾਸ ਆਇਆ। ਸਾਂਝੇ ਬਿਹਾਰ ਵਿਚ ਵਿਧਾਨ ਸਭਾ ਦੀਆਂ 324 ਅਤੇ ਲੋਕ ਸਭਾ ਦੀਆਂ 54 ਸੀਟਾਂ ਹੁੰਦੀਆਂ ਸਨ ਜੋ ਝਾਰਖੰਡ ਵੱਖ ਪ੍ਰਦੇਸ਼ ਬਣਨ ਨਾਲ ਕ੍ਰਮਵਾਰ 243 ਅਤੇ 40 ਰਹਿ ਗਈਆਂ। ਇਸ ਦੇ ਨਾਲ ਹੀ ਬਿਹਾਰ ’ਚ ਨਿਤੀਸ਼ ਕੁਮਾਰ ਦੇ ਇਕ ਤਾਕਤਵਰ ਮੁੱਖ ਮੰਤਰੀ ਦਾ ਦੌਰ ਸ਼ੁਰੂ ਹੁੰਦਾ ਹੈ। ਉਹ ਰਾਜ ਵਿਚ ਸੱਤ ਵਾਰ ਭਾਜਪਾ ਨਾਲ ਅਤੇ ਤਿੰਨ ਵਾਰ ਆਰਜੇਡੀ ਨਾਲ ਗੱਠਜੋੜ ਕਰ ਕੇ ਮੁੱਖ ਮੰਤਰੀ ਬਣੇ।
ਸੰਨ 2005 ਵਿਚ ਬਿਹਾਰ ਵਿਚ ਲਟਕਵੀ ਵਿਧਾਨ ਸਭਾ ਬਣਨ ਕਰਕੇ ਆਰਜੇਡੀ ਕਮਜ਼ੋਰ ਪੈ ਗਈ। ਇਸੇ ਸਾਲ ਮੁੜ ਵਿਧਾਨ ਸਭਾ ਚੋਣਾਂ ਵਿਚ ਲਾਲੂ ਪ੍ਰਸਾਦ ਯਾਦਵ ਦੀ ਆਰਜੇਡੀ ਬੁਰੀ ਤਰ੍ਹਾਂ ਹਾਰ ਗਈ। ਜੇਤੂ ਜੇਡੀਯੂ-ਭਾਜਪਾ ਗੱਠਜੋੜ ਵੱਲੋਂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸੰਨ 2010 ਵਿਚ ਜੇਡੀਯੂ ਇਕੱਲੇ ਹੀ 115 ਸੀਟਾਂ ਜਿੱਤ ਗਈ ਤੇ ਨਿਤੀਸ਼ ਮੁੜ ਮੁੱਖ ਮੰਤਰੀ ਬਣ ਗਏ। ਸੰਨ 2014 ਵਿਚ ਲੋਕ ਸਭਾ ਚੋਣਾਂ ਵਿਚ ਜੇਡੀਯੂ ਨੂੰ ਹਾਰ ਹੋਣ ਕਰਕੇ ਉਹ ਅਸਤੀਫ਼ਾ ਦੇ ਦਿੰਦੇ ਹਨ ਅਤੇ ਜੀਤਨ ਰਾਮ ਮਾਂਝੀ ਨੂੰ ਕੁਝ ਸਮੇਂ ਲਈ ਮੁੱਖ ਮੰਤਰੀ ਥਾਪਦੇ ਹਨ ਪਰ ਕੁਝ ਮਹੀਨੇ ਬਾਅਦ ਮੁੜ ਕੁਰਸੀ ’ਤੇ ਬੈਠ ਜਾਂਦੇ ਹਨ। ਨਿਤੀਸ਼ ਕੁਮਾਰ ਸਿਆਸੀ ਪਲਟੀ ਮਾਰ ਕੇ ਆਰਜੇਡੀ ਆਗੂ ਲਾਲੂ ਪ੍ਰਸਾਦ ਨਾਲ ਹੱਥ ਮਿਲਾ ਲੈਂਦੇ ਹਨ ਤੇ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੱਡੀ ਹਾਰ ਹੁੰਦੀ ਹੈ ਅਤੇ ਉਹ ਮੁੜ ਮੁੱਖ ਮੰਤਰੀ ਬਣ ਜਾਂਦੇ ਹਨ ਪਰ ਦੋ ਸਾਲ ਬਾਅਦ ਫਿਰ ਪਲਟੀ ਮਾਰਦੇ ਹਨ ਤੇ ਐੱਨਡੀਏ ਗੱਠਜੋੜ ਵਿਚ ਸ਼ਾਮਲ ਹੋ ਜਾਂਦੇ ਹਨ। ਸੰਨ 2020 ਵਿਚ ਪਲਟੀਆਂ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 43 ਸੀਟਾਂ ਹਾਸਲ ਹੁੰਦੀਆਂ ਹਨ ਪਰ ਫਿਰ ਵੀ ਭਾਜਪਾ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਈ ਰੱਖਦੀ ਹੈ। ਉਹ ਸੰਨ 2022 ’ਚ ਪਲਟੀ ਮਾਰ ਕੇ ਕਾਂਗਰਸ, ਆਰਜੇਡੀ,ਖੱਬੇ-ਪੱਖੀ ਦਲਾਂ ਨਾਲ ਮਿਲ ਕੇ ਮੁੱਖ ਮੰਤਰੀ ਬਣੇ ਰਹਿੰਦੇ ਹਨ।
ਸਾਲ 2024 ਵਿਚ ਮੁੜ ਪਲਟੀ ਮਾਰ ਕੇ ਐੱਨਡੀਏ ਵਿਚ ਸ਼ਾਮਲ ਹੋ ਗਏ। ਅਕਤੂਬਰ-ਨਵੰਬਰ 2025 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਐੱਨਡੀਏ ਗੱਠਜੋੜ ਜਿੱਤ ਪ੍ਰਾਪਤ ਕਰਦਾ ਹੈ ਜਿਸ ਵਿਚ ਭਾਜਪਾ 89 ,ਜੇਡੀਯੂ 85 , ਐੱਲਜੇਪੀ 19 ,ਐੱਮਏਐੱਮਐੱਸ 5, ਆਰਐੱਲਐੱਮ 4 ਸੀਟਾਂ ਪ੍ਰਾਪਤ ਕਰਦੇ ਹਨ। ਦਸ ਨਵੰਬਰ 2025 ਨੂੰ ਨਿਤੀਸ਼ ਕੁਮਾਰ ਨੂੰ ਦਸਵੀਂ ਵਾਰ ਬਿਹਾਰ ਦਾ ਮੁੱਖ ਮੰਤਰੀ ਚੁਣ ਲਿਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਅੰਦਰ ਆਪਣਾ ਇਕ ਛਤਰ ਰਾਜਨੀਤਕ ਏਕਾਧਿਕਾਰ ਕਾਇਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਜੋ ਵੀ ਖੇਤਰੀ ਪਾਰਟੀ ਇਸ ਨਾਲ ਗੱਠਜੋੜ ਕਰਦੀ ਹੈ, ਉਸ ਨੂੰ ਰਾਜਨੀਤਕ ਤੌਰ ’ਤੇ ਨਿਗਲਣ ਲਈ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ। ਬਿਹਾਰ ਅੰਦਰ ਜੇਡੀਯੂ ਨੂੰ ਵੀ ਨਿਗਲਣ ਦੀ ਇਬਾਰਤ ਕਾਫ਼ੀ ਸਮਾਂ ਪਹਿਲਾਂ ਤਿਆਰ ਹੋ ਚੁੱਕੀ ਸੀ। ਦੂਸਰੇ ਪਾਸੇ ਨਿਤੀਸ਼ ਕੁਮਾਰ ਦੀ ਯਾਦ ਸ਼ਕਤੀ ਘਟਦੀ ਜਾ ਰਹੀ ਹੈ ਤੇ ਉਲਟ-ਪੁਲਟ ਕੰਮ ਕਰਨ ਲੱਗੇ ਹਨ। ਵਿਧਾਨ ਸਭਾ ਵਿਚ ਜਨਮ ਦਰ ਤੇ ਔਰਤ-ਮਰਦ ਸਬੰਧਾਂ ਬਾਰੇ ਨੀਵੇਂ ਦਰਜੇ ਦੀ ਟਿੱਪਣੀ, ਇਕ ਸਮਾਰੋਹ ਵਿਚ ਇਕ ਅਧਿਕਾਰੀ ਦੇ ਸਿਰ ’ਤੇ ਗਮਲਾ ਰੱਖਣਾ, ਰਾਸ਼ਟਰੀ ਗੀਤ ਦੌਰਾਨ ਇਸ਼ਾਰੇ ਕਰਨਾ, ਇਕ ਮਹਿਲਾ ਡਾਕਟਰ ਦਾ ਜਨਤਕ ਤੌਰ ’ਤੇ ਹਿਜਾਬ ਖਿੱਚਣਾ ਅਤੇ ਮੋਦੀ ਦੇ ਪੈਰੀਂ ਹੱਥ ਲਾਉਣਾ ਆਦਿ ਘਟਨਾਵਾਂ ਇਸ ਦਾ ਪ੍ਰਮਾਣ ਹਨ। ਭਾਰਤੀ ਜਨਤਾ ਪਾਰਟੀ ਨੇ ਇਕ ਸਿਆਸੀ ਚੱਕਰਵਿਊ ਰਚਨਾ ਨਾਲ ਨਿਤੀਸ਼ ਕੁਮਾਰ ਦੀ ਰਾਜ ਵਿੱਚੋਂ ਰੁਖ਼ਸਤੀ ਦੀ ਯੋਜਨਾ ਬਣਾਈ।
ਇਹ ਸਮਝਿਆ ਜਾਂਦਾ ਸੀ ਕਿ ਇਸ ਯੋਜਨਾ ’ਤੇ ਅਮਲ ਕਰੀਬ ਡੇਢ ਸਾਲ ਤੱਕ ਕੀਤਾ ਜਾਣਾ ਸੀ ਪਰ ਨਿਤੀਸ਼ ਕੁਮਾਰ ਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਜਲਦੀ ਅਮਲ ਵਿਚ ਲਿਆਂਦਾ ਗਿਆ। ਇਸ ’ਤੇ ਅਮਲ ਕਰਨ ਲਈ ਜੇਡੀਯੂ ਦੀ ਸੀਨੀਅਰ ਲੀਡਰਸ਼ਿਪ ਨੂੰ ਭਰੋਸੇ ਵਿਚ ਲਿਆ ਗਿਆ ਜਿਸ ’ਚ ਕੌਮੀ ਵਰਕਿੰਗ ਪ੍ਰਧਾਨ ਸੰਜੇ ਕੁਮਾਰ ਝਾਅ ਅਤੇ ਕੇਂਦਰੀ ਮੰਤਰੀ ਰਜੀਵ ਰੰਜਨ ਉਰਫ਼ ਲਲਨ ਸਿੰਘ ਸ਼ਾਮਲ ਹਨ। ਇਸ ਯੋਜਨਾ ਵਿਚ ਅਗਲਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਆਗੂ ਹੋਵੇਗਾ ਜਦਕਿ ਉਪ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਲੜਕਾ ਨਿਸ਼ਾਂਤ ਕੁਮਾਰ ਹੋਵੇਗਾ। ਇਸ ਯੋਜਨਾ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਅਤੇ ਜੇਡੀਯੂ ਅੰਦਰ ਪੈਦਾ ਹੋ ਰਹੀ ਰਾਜਨੀਤਕ ਬੇਚੈਨੀ ਦੇ ਹੱਲ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ੁਦ ਦਿੱਲੀ ਤੋਂ ਪਟਨਾ ਵਿਖੇ 6 ਮਾਰਚ ਨੂੰ ਪਧਾਰੇ ਅਤੇ ਨਿਤੀਸ਼ ਕੁਮਾਰ ਦੇ ਰਾਜ ਸਭਾ ਦੇ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਵਾਏ। ਹੁਣ 16 ਮਾਰਚ ਨੂੰ ਰਾਜ ਸਭਾ ਮੈਂਬਰਾਂ ਦੀ ਚੋਣ ਹੋਵੇਗੀ। ਅਜੋਕੇ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 10 ਅਪ੍ਰੈਲ ਤੱਕ ਹੈ। ਇਹ ਸਮਝਿਆ ਜਾਂਦਾ ਹੈ ਕਿ ਉਸ ਵੇਲੇ ਤੱਕ ਨਿਤੀਸ਼ ਕੁਮਾਰ ਰਾਜ ਦੇ ਮੁੱਖ ਮੰਤਰੀ ਵਜੋਂ ਬਣੇ ਰਹਿਣਗੇ। ਹੁਣ ਤੱਕ ਬਿਹਾਰ ’ਚ ਤਿੰਨ ਸਿਆਸੀ ਸ਼ਕਤੀਆਂ ਆਰਜੇਡੀ, ਭਾਜਪਾ ਅਤੇ ਜੇਡੀਯੂ ਦਬਦਬਾ ਰੱਖ ਰਹੀਆਂ ਸਨ। ਕੁਝ ਖੇਤਰਾਂ ਵਿਚ ਐੱਲਜੇਪੀ ਦਾ ਵੀ ਬੋਲਬਾਲਾ ਕਾਇਮ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਾਜ ’ਚੋਂ ਨਿਤੀਸ਼ ਕੁਮਾਰ ਦੀ ਰੁਖ਼ਸਤੀ ਅਤੇ ਉਨਾਂ ਦੀ ਮਾਨਸਿਕ ਹਾਲਤ ਵਿਚ ਵਿਗਾੜ ਤੋਂ ਬਾਅਦ ਜੇਡੀਯੂ ਦੀ ਅਗਵਾਈ ਕੌਣ ਸੰਭਾਲੇਗਾ? ਉਨ੍ਹਾਂ ਦਾ ਪੁੱਤ ਕਿਸੇ ਵੀ ਤਰ੍ਹਾਂ ਉਨ੍ਹਾਂ ਵਾਂਗ ਪਾਰਟੀ ਦੀ ਅਗਵਾਈ ਕਰਨ ਅਤੇ ਇਸ ਨੂੰ ਇਕਜੁੱਟ ਰੱਖਣ ਦੇ ਸਮਰੱਥ ਨਹੀਂ ਹੈ। ਅਜਿਹੀ ਸਥਿਤੀ ਵਿਚ ਭਾਜਪਾ, ਜੇਡੀਯੂ ਨੂੰ ਨਿਗਲ ਜਾਵੇਗੀ, ਅਜਿਹੀ ਸੰਭਾਵਨਾ ਨਜ਼ਰ ਆ ਰਹੀ ਹੈ। ਲਾਲੂ ਪ੍ਰਸਾਦ ਯਾਦਵ ਦੇ ਕਾਲ ਵੇਲੇ ‘ਜੰਗਲ ਰਾਜ’ ਵਜੋਂ ਜਾਣੇ ਜਾਂਦੇ ਬਿਹਾਰ ਨੂੰ ਆਪਣੇ ਵਧੀਆ ਪ੍ਰਸ਼ਾਸਕੀ ਹੁਨਰ ਰਾਹੀਂ ਨਿਤੀਸ਼ ਕੁਮਾਰ ਨੇ ਇਕ ਵਧੀਆ ਅਮਨ-ਕਾਨੂੰਨ ਵਾਲੇ ਸੂਬੇ ਵਜੋਂ ਸਥਾਪਤ ਕੀਤਾ। ਨਿਸ਼ਚਿਤ ਤੌਰ ’ਤੇ ਬਿਹਾਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲੰਬਾ ਸਮਾਂ ਨਿਤੀਸ਼ ਕੁਮਾਰ ਨੂੰ ਇਕ ਵਿਕਾਸ ਪੁਰਸ਼ ਵਜੋਂ ਯਾਦ ਕਰਨਗੀਆਂ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।-ਸੰਪਰਕ : +12898292929