ਬੱਚਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਬਣਦੀ ਤਵੱਜੋ ਦੇਣਾ ਸਾਡਾ ਮੁੱਢਲਾ ਫ਼ਰਜ਼ ਵੀ ਹੈ। ਅੱਜ ਜਦੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਵਰਗੇ ਸਾਧਨ ਹਰ ਇਕ ਦੀ ਪਹੁੰਚ ਵਿਚ ਆ ਰਹੇ ਹਨ ਤਾਂ ਇਸ ਦੇ ਲਾਭ ਹੋਣ ਦੇ ਨਾਲ-ਨਾਲ ਇਸ ਕਾਰਨ ਅਨੇਕਾਂ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।

ਅੱਜ-ਕੱਲ੍ਹ ਭੱਜਦੌੜ ਦੀ ਜ਼ਿੰਦਗੀ ਵਿਚ ਮਨੁੱਖ ਇੰਨਾ ਰੁੱਝ ਗਿਆ ਹੈ ਕਿ ਉਸ ਕੋਲ ਆਪਣੇ ਅਤੇ ਪਰਿਵਾਰ ਲਈ ਸਮਾਂ ਹੀ ਨਹੀਂ ਹੈ। ਰੋਜ਼ੀ-ਰੋਟੀ ਤੋਂ ਇਲਾਵਾ ਪਦਾਰਥਵਾਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਵਿਅਕਤੀ ਸਰੀਰਕ ਅਤੇ ਮਾਨਸਿਕ ਸੰਤਾਪ ਭੋਗ ਰਿਹਾ ਹੈ। ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਇਸ ਖ਼ਪਤ ਸੱਭਿਆਚਾਰ ਦਾ ਸਭ ਤੋਂ ਵੱਧ ਹਰਜਾਨਾ ਸਾਡੇ ਬੱਚੇ ਭੁਗਤ ਰਹੇ ਹਨ। ਬੱਚਿਆਂ ਦਾ ਮਨ ਇੰਨਾ ਕੁ ਕੋਮਲ ਹੁੰਦਾ ਹੈ ਕਿ ਸਾਡੇ ਵੱਲੋਂ ਤਾੜਵੀਂ ਨਜ਼ਰ ਨਾਲ ਦੇਖਣ ਅਤੇ ਗੁੱਸੇ ਦਾ ਇਜ਼ਹਾਰ ਕਰਨ 'ਤੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਨੁਕਸਾਨ ਪੁੱਜ ਸਕਦਾ ਹੈ।
ਬੱਚੇ ਆਪਣੇ ਮਾਪਿਆਂ ਤੋਂ ਸਿਰਫ਼ ਸਰੀਰਕ ਨਹੀਂ ਸਗੋਂ ਭਾਵਨਾਤਮਕ ਸੁਰੱਖਿਆ ਦੀ ਆਸ ਵੀ ਕਰਦੇ ਹਨ। ਬੱਚਿਆਂ ਲਈ ਖਾਣ-ਪਹਿਨਣ, ਪੜ੍ਹਨ-ਪੜ੍ਹਾਉਣ ਅਤੇ ਹੋਰ ਜ਼ਰੂਰੀ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਮਾਪਿਆਂ ਵੱਲੋਂ ਭਾਵਨਾਤਮਕ ਸਾਂਝ ਅਤੇ ਸੁਰੱਖਿਆ ਵਰਤਮਾਨ ਸਮੇਂ ਦੀ ਲੋੜ ਹੈ। ਅੱਜ ਦੇ ਬੱਚਿਆਂ ਕੋਲ ਖੇਡਣ ਆਦਿ ਦਾ ਵਕਤ ਨਹੀਂ ਹੈ। ਪਾਠਕ੍ਰਮ ਅਤੇ ਬਸਤਿਆਂ ਦੇ ਬੋਝ ਨੇ ਉਨ੍ਹਾਂ ਕੋਲੋਂ ਬਚਪਨ ਦੀ ਮੌਜ-ਮਸਤੀ ਖੋਹ ਲਈ ਹੈ।
ਨਤੀਜੇ ਵਜੋਂ ਉਹ ਸਕੂਲ ਅਤੇ ਘਰ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣ ਲੱਗੇ ਹਨ। ਅਜਿਹੇ ਹਾਲਾਤ ਵਿਚ ਬੱਚਿਆਂ ਨੂੰ ਭਾਵਨਾਤਮਕ ਸੁਰੱਖਿਆ ਦੇਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਆਪਣੇ ਬੱਚਿਆਂ ਦੀ ਕਿਸੇ ਵੀ ਸ਼ਿਕਾਇਤ ਅਤੇ ਸਮੱਸਿਆ ਨੂੰ ਸਹਿਜ ਰੂਪ ਵਿਚ ਟਾਲ਼ ਦੇਣਾ ਘਾਤਕ ਸਿੱਧ ਹੋ ਸਕਦਾ ਹੈ। ਬੱਚੇ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਸ ਦਾ ਸਾਰਥਕ ਹੱਲ ਕਰਨਾ ਮਾਪਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਡੇ ਵੱਲੋਂ ਪਿਆਰ, ਅਪਣੱਤ ਅਤੇ ਮੁਸਕਰਾ ਕੇ ਸਮੱਸਿਆ ਸੁਣਨ ਨਾਲ ਹੀ ਬੱਚੇ ਦੀ ਸਮੱਸਿਆ ਦਾ ਅੱਧਾ ਹੱਲ ਮੌਕੇ 'ਤੇ ਹੋ ਜਾਂਦਾ ਹੈ।
ਮਾਪਿਆਂ ਦੀ ਨਾਰਾਜ਼ਗੀ ਅਤੇ ਬੇਧਿਆਨੀ ਬੱਚਿਆਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ। ਕੁਝ ਬੱਚੇ ਡਰ ਕਰਕੇ ਆਪਣੀ ਅਸਮਰੱਥਾ ਜਾਂ ਮਜਬੂਰੀ ਦਾ ਪ੍ਰਗਟਾਵਾ ਨਹੀਂ ਕਰਦੇ ਜਿਸ ਦਾ ਕਈ ਵਾਰ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਬੱਚੇ ਉਮਰ ਤੋਂ ਪਹਿਲਾਂ ਸਿਆਣੇ ਨਹੀਂ ਹੋ ਸਕਦੇ ਪਰ ਅਸੀਂ ਉਨ੍ਹਾਂ ਦੇ ਪੱਧਰ 'ਤੇ ਆ ਕੇ ਉਨ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਨੂੰ ਸਮਝਣ ਦਾ ਯਤਨ ਕਰ ਸਕਦੇ ਹਾਂ। ਬੱਚਿਆਂ ਨਾਲ ਭਾਵਨਾਤਮਕ ਸਾਂਝ ਬਿਨਾਂ ਉਨ੍ਹਾਂ ਨੂੰ ਸਮਝਣਾ ਅਤੇ ਸਮਝਾਉਣਾ ਕਠਿਨ ਹੈ। ਜਦੋਂ ਮਾਪਿਆਂ ਕੋਲੋਂ ਬੱਚਿਆਂ ਨੂੰ ਬਣਦਾ ਪਿਆਰ, ਸਤਿਕਾਰ ਅਤੇ ਭਾਵਨਾਤਮਕ ਸਾਂਝ ਪ੍ਰਾਪਤ ਨਹੀਂ ਹੁੰਦੇ ਤਾਂ ਸੁਭਾਵਿਕ ਹੈ ਕਿ ਇਸ ਦੀ ਪੂਰਤੀ ਲਈ ਉਹ ਹੋਰ ਵਸੀਲੇ ਚੁਣਦੇ ਹਨ।
ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ ਕਿ ਤੁਹਾਡੇ ਸਭ ਤੋਂ ਨੇੜਲੇ ਅਤੇ ਪਿਆਰੇ ਮਿੱਤਰ ਅਸੀਂ ਹਾਂ। ਬੱਚਿਆਂ ਦੇ ਸਕੂਲ ਅਤੇ ਆਪਣੇ ਕਿੱਤੇ ਤੋਂ ਬਾਅਦ ਦੇ ਸਮੇਂ ਦੀ ਵਰਤੋਂ ਇਸ ਢੰਗ ਦੀ ਹੋਵੇ ਕਿ ਵੱਧ ਤੋਂ ਵੱਧ ਸਮਾਂ ਇਕੱਠੇ ਬਿਤਾਇਆ ਜਾਵੇ। ਸਕੂਲ ਦਾ ਕੰਮ ਕਰਨ ਸਮੇਂ ਸਾਨੂੰ ਬੱਚਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਆਪਣੇ ਘਰ ਦੇ ਕੰਮਾਂ ਸਮੇਂ ਬੱਚਿਆਂ ਦਾ ਸਹਿਯੋਗ ਲਿਆ ਜਾਵੇ ਤਾਂ ਇਕ ਦੂਜੇ ਨੂੰ ਸੌਖਿਆਂ ਸਮਝ ਸਕਦੇ ਹਾਂ। ਸਮਾਂ ਮੰਗ ਕਰਦਾ ਹੈ ਕਿ ਅਸੀਂ ਕੇਵਲ ਮਾਪੇ ਨਹੀਂ ਸਗੋਂ ਬੱਚਿਆਂ ਦੇ ਕਰੀਬੀ ਦੋਸਤ ਬਣੀਏ।
ਬੱਚਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਬਣਦੀ ਤਵੱਜੋ ਦੇਣਾ ਸਾਡਾ ਮੁੱਢਲਾ ਫ਼ਰਜ਼ ਵੀ ਹੈ। ਅੱਜ ਜਦੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਵਰਗੇ ਸਾਧਨ ਹਰ ਇਕ ਦੀ ਪਹੁੰਚ ਵਿਚ ਆ ਰਹੇ ਹਨ ਤਾਂ ਇਸ ਦੇ ਲਾਭ ਹੋਣ ਦੇ ਨਾਲ-ਨਾਲ ਇਸ ਕਾਰਨ ਅਨੇਕਾਂ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਬੱਚੇ ਅਕਸਰ ਆਪਣੀ ਪੜ੍ਹਾਈ ਤੋਂ ਬਾਅਦ ਦਾ ਸਮਾਂ ਮੋਬਾਈਲ ਜਾਂ ਇੰਟਰਨੈੱਟ ’ਤੇ ਹੀ ਬਿਤਾਉਂਦੇ ਹਨ।
ਇਹ ਠੀਕ ਹੈ ਕਿ ਅੱਜਕੱਲ੍ਹ ਦੇ ਸਮੇਂ ’ਚ ਇਹ ਸਾਰਿਆਂ ਦੀ ਆਮ ਜ਼ਰੂਰਤ ਹੈ। ਪਰ ਇਸ ਦੀ ਲੋੜ ਤੋਂ ਵੱਧ ਵਰਤੋਂ ਨਾਲ ਬੱਚੇ ਤੇ ਉਨ੍ਹਾਂ ਦੇ ਮਾਂ-ਬਾਪ ਇਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਵਿਚ ਭਾਵਨਾਵਾਂ ਦਾ ਆਦਾਨ-ਪ੍ਰਦਾਨ ਨਹੀਂ ਹੁੰਦਾ, ਜਿਸ ਕਾਰਨ ਲੰਬੇ ਸਮੇਂ ’ਚ ਵੱਡੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਤਕਨਾਲੋਜੀ ਦੇ ਯੁੱਗ ਵਿਚ ਜੇਕਰ ਭਾਵਨਾਤਮਕਤਾ ਨੂੰ ਬਣਦੀ ਤਰਜੀਹ ਨਾ ਦਿੱਤੀ ਗਈ ਤਾਂ ਸਾਡੇ ਕੋਲ ਬੱਚੇ ਨਹੀਂ ਸਗੋਂ ਤੁਰਦੇ-ਫਿਰਦੇ ਪ੍ਰੋਡਕਟ ਹੋਣਗੇ। ਸੰਵੇਨਦਾ ਅਤੇ ਭਾਵਨਾਤਮਕਤਾ ਹੀ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ। ਇਨਸਾਨ ਦੁਆਰਾ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਹੀ ਭਾਵਨਾਤਮਕ ਸੁਰੱਖਿਆ ਦੇਣੀ ਹੈ।
ਕੁਲਦੀਪ ਮਾਨਸਾ (ਡਾ.)
9465276698