ਭਾਈ ਘਨੱਈਆ ਤਾਂ ਉਹ ਯੋਧਾ ਸੀ ਜਿਸ ਨੇ ਬਾਹਰਲੇ ਦੁਸ਼ਮਣਾਂ ਨੂੰ ਵਕਤੀ ਸਮਝਦੇ ਹੋਏ ਆਪਣੇ ਅੰਦਰਲੇ ਦੁਸ਼ਮਣ ਮਾਰ ਲਏ ਸਨ। ਬਾਣੀ ਨਾਲ ਇਕਸੁਰ ਹੋਏ ਭਾਈ ਘਨੱਈਆ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਅਸਲ ਦੀ ਪਛਾਣ ਕਰ ਚੁੱਕਾ ਸੀ। ਇਹੀ ਕਾਰਨ ਹੈ ਕਿ ਸਿੱਖ ਇਤਿਹਾਸ ਵਿਚ ਭਾਈ ਘਨੱਈਆ ਆਦਰਸ਼ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਸੇਵਾ ਨੂੰ ਅਰਪਿਤ ਸੀ।

ਵਿਸ਼ਵ ਭਰ ਵਿਚ ‘ਰੈੱਡ ਕਰਾਸ’ ਦਿਵਸ 8 ਮਈ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੈਨੇਵਾ ਦੇ ਮੂਲ ਵਾਸੀ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ’ਤੇ ਮਨਾਇਆ ਜਾਂਦਾ ਹੈ। ਡਿਊਨਾ ਦਾ ਜਨਮ 8 ਮਈ, 1828 ਨੂੰ ਹੋਇਆ ਸੀ ਤੇ ਉਨ੍ਹਾਂ ਦਾ ਦੇਹਾਂਤ 30 ਅਕਤੂਬਰ 1910 ਨੂੰ ਹੋਇਆ ਸੀ। ਉਨ੍ਹਾਂ ਨੇ 24 ਜੂਨ, 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇਕ ਕਸਬੇ ਸੈਲਫਰੀਨੋ ਦੇ ਮੈਦਾਨ ’ਚ ਚਾਰ ਦੇਸ਼ਾਂ ਦਰਮਿਆਨ ਹੋਈ ਜੰਗ ਵਿਚ 40 ਕੁ ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਜ਼ਖ਼ਮੀ ਹੋ ਕੇ ਮਰਦੇ ਤੱਕਿਆ ਸੀ। ਸਮਾਜ ਸੇਵੀ ਹੈਨਰੀ ਡਿਊਨਾ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸੈਲਫਰੀਨੋ ਪੁੱਜਾ ਸੀ। ਉਸ ਨੇ ਆਪਣੇ ਜੀਵਨ ਵਿਚ ਕਦੇ ਵੀ ਅਜਿਹੀ ਜੰਗ ਨਹੀਂ ਵੇਖੀ ਸੀ। ਉਸ ਨੇ ਇਕੱਲਾ ਹੋਣ ਦੇ ਬਾਵਜੂਦ ਸਥਾਨਕ ਲੋਕਾਂ ਨੂੰ ਇਕੱਠਾ ਕੀਤਾ ਅਤੇ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਲਈ ਮੈਦਾਨ-ਏ-ਜੰਗ ਵਿਚ ਨਿੱਤਰ ਪਿਆ। ਮਾਨਵਤਾ ਦੇ ਪ੍ਰੇਮੀ ਡਿਊਨਾ ਦੇ ਮਨ ਵਿੱਚੋਂ ਮਨੁੱਖੀ ਵੇਦਨਾ ਦੀ ਹੂਕ ਨਿਕਲੀ ਅਤੇ ਇਸ ਯਥਾਰਥਕ ਪੀੜ ਦੇ ਕੀਰਨਿਆਂ ਨੂੰ ਉਸ ਨੇ ‘ਮੈਮੋਰੀ ਆਫ ਸੈਲਫਰੀਨੋ’ ਕਿਤਾਬ ਵਿਚ ਬਿਆਨ ਕੀਤਾ ਹੈ। ਇਸ ਪੁਸਤਕ ਰਾਹੀਂ ਹੈਨਰੀ ਡਿਊਨਾ ਨੇ ਅਜਿਹੀ ਸੰਸਥਾ ਬਣਾਉਣ ਦਾ ਵਿਚਾਰ ਰੱਖਿਆ ਸੀ ਜੋ ਯੁੱਧ ਖੇਤਰ ਜਾਂ ਮਨੁੱਖੀ ਤ੍ਰਾਸਦੀ ਵਿਚ ਜ਼ਖ਼ਮੀਆਂ ਦੀ ਸੇਵਾ-ਸੰਭਾਲ ਬਿਨਾਂ ਕਿਸੇ ਭੇਦਭਾਵ ਦੇ ਕਰਨ ਲਈ ਤਿਆਰ ਰਹੇ। ਇਸ ਪੁਸਤਕ ਨੇ ਵਿਸ਼ਵ ਭਰ ਦੇ ਚਿੰਤਕਾਂ ਨੂੰ ਝੰਜੋੜ ਸੁੱਟਿਆ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਜੀਨ ਹੈਨਰੀ ਡਿਊਨਾ ਨੂੰ 26 ਅਕਤੂਬਰ, 1863 ਨੂੰ ਸਨਮਾਨਤ ਕਰ ਕੇ ‘ਰੈੱਡ ਕਰਾਸ ਸੰਸਥਾ’ ਦਾ ਗਠਨ ਕੀਤਾ ਗਿਆ। ਹੈਨਰੀ ਡਿਊਨਾ ਵੱਲੋਂ ਵਿਸ਼ਵ ਸ਼ਾਂਤੀ ਲਈ ਕੀਤੇ ਗਏ ਇਸ ਉਪਰਾਲੇ ਸਦਕਾ ਉਨ੍ਹਾਂ ਨੂੰ 1901 ਵਿਚ ਪਹਿਲੀ ਵਾਰ ‘ਨੋਬਲ ਪੀਸ ਪ੍ਰਾਈਜ਼’ ਨਾਲ ਸਨਮਾਨਤ ਕੀਤਾ ਗਿਆ। ਇਹੀ ਕਾਰਨ ਹੈ ਕਿ ਡਿਊਨਾ ਦੇ ਜਨਮ ਦਿਨ ’ਤੇ 8 ਮਈ ਨੂੰ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ।
ਦੂਜੇ ਪਾਸੇ ਇਤਿਹਾਸਕ ਤੱਥਾਂ ’ਤੇ ਅਸਲ ਝਾਤ ਮਾਰੀ ਜਾਵੇ ਤਾਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਰੈੱਡ ਕਰਾਸ ਸੰਸਥਾ ਦੇ ਅਸਲ ਬਾਨੀ ਤਾਂ ਜੀਨ ਹੈਨਰੀ ਡਿਊਨਾ ਤੋਂ ਪਹਿਲਾਂ ਹੋਏ ਭਾਈ ਘਨੱਈਆ ਜੀ ਸਨ। ਉਨ੍ਹਾਂ ਨੇ 16 ਜਨਵਰੀ 1704 ਨੂੰ ਦੁਸ਼ਮਣਾਂ ਦੀਆਂ ਫ਼ੌਜਾਂ ਦੇ ਜ਼ਖ਼ਮੀ ਸਿਪਾਹੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪਾਣੀ ਪਿਲਾਇਆ ਤੇ ਮੱਲ੍ਹਮ-ਪੱਟੀ ਕੀਤੀ ਸੀ। ਵਿਸ਼ਵ ਭਰ ਵਿਚ ਮਾਨਵ ਕਲਿਆਣ ਅਤੇ ਖ਼ਾਸ ਕਰਕੇ ਸਿੱਖ ਇਤਿਹਾਸ ਵਿਚ ਭਾਈ ਘਨੱਈਆ ਜੀ ਦੀ ਮਹਿਮਾ ਨਿਰਾਲੀ ਮੰਨੀ ਗਈ ਹੈ। ਨਿਸ਼ਕਾਮ ਮਾਨਵੀ ਸੇਵਾ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਨ ਵਾਲੇ ਭਾਈ ਘਨੱਈਆ ਜੀ ਦਾ ਜਨਮ ਪਾਕਿਸਤਾਨ ਖੇਤਰ ਦੇ ਪਿੰਡ ਸੋਹਦਰਾ ਵਿਖੇ ਭਾਈ ਨੱਥੂ ਰਾਮ ਅਤੇ ਮਾਤਾ ਸੁੰਦਰੀ ਦੀ ਕੁੱਖੋਂ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਸੀ। ਗੁਰੂਘਰ ਨਾਲ ਜੁੜੇ ਇਸ ਸੇਵਕ ਦੀ ਸੇਵਾ ਨੂੰ ਗੁਰੂ ਗੋਬਿੰਦ ਸਿੰਘ ਨੇ ਸਿਰਫ਼ ਵਡਿਆਇਆ ਹੀ ਨਹੀਂ ਬਲਕਿ ਉਨ੍ਹਾਂ ਨੂੰ ‘ਬ੍ਰਹਮ-ਗਿਆਨੀ’ ਦੀ ਅਵਸਥਾ ਦਾ ਮਾਲਕ ਵੀ ਕਿਹਾ ਹੈ।
ਨਿਰਭਉ ਤੇ ਨਿਰਵੈਰ ਦੇ ਆਦਰਸ਼ ਮਾਰਗ ’ਤੇ ਚੱਲਦਿਆਂ ਗੁਰੂ ਗੋਬਿੰਦ ਸਿੰਘ ਦੇ ਸੱਚੇ-ਸੁੱਚੇ ਸੇਵਕ ਭਾਈ ਘਨੱਈਆ ਨੇ ਖ਼ਾਲਸੇ ਦੇ ਆਦਰਸ਼ (ਬਾਣੀ) ਨੂੰ ਵਿਹਾਰ (ਬਾਣੇ) ਵਿਚ ਸਾਕਾਰ ਕੀਤਾ। ਭਾਈ ਘਨੱਈਆ ’ਤੇ ਇਲਜ਼ਾਮ ਸੀ ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਹਨ। ਮਸਲਾ ਗੁਰੂ ਦੀ ਹਜ਼ੂਰੀ ਵਿਚ ਪਹੁੰਚਿਆ ਤਾਂ ਬ੍ਰਹਮ-ਰੂਪ ਗੁਰੂ ਨੇ ਭਾਈ ਘਨੱਈਆ ਨੂੰ ਗਲ਼ ਨਾਲ ਲਗਾ ਲਿਆ। ਭਾਈ ਘਨੱਈਆ ਕਹਿ ਰਹੇ ਸਨ ਕਿ ਪਾਤਸ਼ਾਹ, ‘‘ਮੈਨੂੰ ਤਾਂ ਹਰ ਜ਼ਖ਼ਮੀ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ-ਮੈਂ ਫ਼ਰਕ ਕਿਵੇਂ ਕਰਾਂ?’’ ਗੁਰੂ ਨੇ ਇਹ ਬੋਲ ਸੁਣਦਿਆਂ ਹੀ ਭਾਈ ਘਨੱਈਆ ਦੀ ਉਸ ਅਵਸਥਾ ਨੂੰ ਪਛਾਣ ਲਿਆ ਜੋ ਕੇਵਲ ਇਕ ਬ੍ਰਹਮ-ਗਿਆਨੀ ਦੀ ਹੋ ਸਕਦੀ ਹੈ।
ਦਸਮ ਪਾਤਸ਼ਾਹ ਨੇ ਭਾਈ ਘਨੱਈਆ ਨੂੰ ਗਲ਼ ਨਾਲ ਲਾ ਕੇ ਆਪਣੇ ਹੱਥੀਂ ਮੱਲ੍ਹਮ ਦਿੰਦਿਆਂ ਕਿਹਾ ਕਿ ‘‘ਭਾਈ ਘਨੱਈਆ ਜੀ, ਤੇਰੇ ਅੰਦਰ ਤਾਂ ਕਰਤਾਰ ਵਿਚਰ ਰਿਹਾ ਹੈ, ਪਾਣੀ ਵੀ ਪਿਲਾਓ ਤੇ ਜ਼ਖ਼ਮੀਆਂ ਦੀ ਮੱਲ੍ਹਮ-ਪੱਟੀ ਵੀ ਕਰੋ।’’ ਗੁਰਬਾਣੀ ਦਰਸ਼ਨ ਮੁਤਾਬਕ ਜਿਸ ਪ੍ਰਾਣੀ ਨੂੰ ਪ੍ਰਭੂ ਦਾ ਰੰਗ ਚੜ੍ਹ ਗਿਆ ਹੈ, ਆਪਣੀ ਆਤਮਾ ਨੂੰ ਪਛਾਣ ਕੇ ਵਿਸ਼ੇ-ਵਿਕਾਰਾਂ ’ਤੇ ਜਿੱਤ ਪਾ ਲਈ ਹੈ ਅਤੇ ਲੋਕਾਈ ਦੀ ਚਰਨ ਧੂੜ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ਭਾਵ ਨਿਰਮਾਣਤਾ ਵਾਲਾ ਭਾਵ ਪੈਦਾ ਕਰ ਲਿਆ ਹੈ; ਅਸਲ ਵਿਚ ਉਹੀ ਜੀਵ ਸੂਰਮਾ ਭਾਵ ਯੋਧਾ ਹੈ।
ਭਾਈ ਘਨੱਈਆ ਤਾਂ ਉਹ ਯੋਧਾ ਸੀ ਜਿਸ ਨੇ ਬਾਹਰਲੇ ਦੁਸ਼ਮਣਾਂ ਨੂੰ ਵਕਤੀ ਸਮਝਦੇ ਹੋਏ ਆਪਣੇ ਅੰਦਰਲੇ ਦੁਸ਼ਮਣ ਮਾਰ ਲਏ ਸਨ। ਬਾਣੀ ਨਾਲ ਇਕਸੁਰ ਹੋਏ ਭਾਈ ਘਨੱਈਆ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਅਸਲ ਦੀ ਪਛਾਣ ਕਰ ਚੁੱਕਾ ਸੀ। ਇਹੀ ਕਾਰਨ ਹੈ ਕਿ ਸਿੱਖ ਇਤਿਹਾਸ ਵਿਚ ਭਾਈ ਘਨੱਈਆ ਆਦਰਸ਼ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਸੇਵਾ ਨੂੰ ਅਰਪਿਤ ਸੀ। ਜੰਗਾਂ ਵਿਚ ਜ਼ਖ਼ਮੀਆਂ ਨੂੰ ਪਾਣੀ ਪਿਲਾਉਣਾ ਅਤੇ ਲੰਗਰ ਦੀ ਸੇਵਾ ਕਰਨੀ ਉਨ੍ਹਾਂ ਦਾ ਕਰਤਾਰੀ ਕਰਮ ਸੀ।
ਨਿਰੰਸਦੇਹ ਸੇਵਾ ਰੱਬੀ ਗੁਣ ਹੈ। ਭਾਈ ਘਨੱਈਆ ਸੇਵਾ ਭਾਵ ਦੀ ਜੀਵੰਤ ਮਿਸਾਲ ਹਨ। ਆਧੁਨਿਕ ਸਮਿਆਂ ਵਿਚ ਜਦੋਂ ਮਨੁੱਖ ਸੇਵਾ ਭਾਵ ਤੋਂ ਦੂਰ ਜਾ ਰਿਹਾ ਹੈ, ਹੰਕਾਰ ਵਿਚ ਚੂਰ ਹੈ, ਅਜਿਹੇ ਸਰਾਪੇ ਸਮਿਆਂ ਵਿਚ ਭਾਈ ਘਨੱਈਆ ਇਕ ਆਦਰਸ਼ ਵਾਂਗ ਚਿਤਵਿਆ ਜਾਣਾ ਚਾਹੀਦਾ ਹੈ। ਅੱਗ ਬਬੂਲਾ ਹੋਈ ਧਰਤੀ ਨੂੰ ਭਾਈ ਘਨੱਈਆ ਜੀ ਵਰਗੇ ਸੇਵਾ-ਮਾਰਗੀ ਦਾ ਆਦਰਸ਼ ਹੀ ਸ਼ਾਂਤ ਕਰ ਸਕਦਾ ਹੈ। ਉਹ ਇਸ ਲਈ ਬ੍ਰਹਮ ਗਿਆਨੀ ਸਨ ਕਿਉਂਕਿ ਉਨ੍ਹਾਂ ਨੂੰ ਦੂਜਿਆਂ ਵਿਚ ਰੱਬੀ ਜਲੋਅ ਦਿਸਦਾ ਸੀ, ਕਲਿਆਣ ਭਾਵਨਾ ਉਨ੍ਹਾਂ ਦਾ ਮਕਸਦ ਸੀ ਅਤੇ ਸੇਵਾ ਉਨ੍ਹਾਂ ਦੀ ਜੀਵਨ ਸ਼ਕਤੀ ਸੀ। ਸੰਪ੍ਰਦਾਇਕ ਵੇਲਿਆਂ ਵਿਚ ਭਾਈ ਘਨੱਈਆ ਇਕ ਅਜਿਹੇ ਪ੍ਰਤਿਮਾਨ ਹਨ ਜੋ ਮਾਨਵੀ ਭਾਈਚਾਰੇ ਨੂੰ ਸਾਰਥਕ ਦਿਸ਼ਾ ਦੇ ਸਕਦੇ ਹਨ। ਧਰਤੀ ਨੂੰ ਧਰਮਸਾਲ ਬਣਾਉਣ ਦੀ ਜਾਚ ਭਾਈ ਘਨੱਈਆ ਜੀ ਦੇ ਜੀਵਨ ਮਾਡਲ ਤੋਂ ਸਿੱਖੀ ਜਾ ਸਕਦੀ ਹੈ। ਨਿਰੰਸਦੇਹ ਇਹ ਉਹ ਜੀਵਨ ਹੈ ਜੋ ਕਾਲ ਦੇ ਭੈਅ ਤੋਂ ਮੁਕਤ ਕਰਵਾਉਂਦਾ ਹੈ ਅਤੇ ਅਕਾਲ ਨਾਲ ਜੋੜਦਾ ਹੈ। ਇਸੇ ਵਿਚ ਹੀ ਮਨੁੱਖ ਦੀ ਮੁਕਤੀ ਅਤੇ ਕਲਿਆਣ ਹੈ। ਭਾਈ ਸਾਹਿਬ ਦਾ ਜੀਵਨ ਆਦਰਸ਼ Çਇਕ ਜਗਦੀ ਜੋਤ ਹੈ ਜੋ ਮਨੁੱਖ ਅੰਦਰ ਚਾਨਣ ਨੂੰ ਰੁਸ਼ਨਾਉਂਦੀ ਹੈ। ਇਸੇ ਜੀਵਨ ਤੋਂ ਪ੍ਰੇਰਿਤ ਹੋ ਕੇ ਇਕ ਸੁਨਹਿਰੇ ਮਾਨਵੀ ਭਵਿੱਖ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਇਹ ਗੱਲ ਮੰਨਣੀ ਪਵੇਗੀ ਕਿ ਅਜਨਬੀਆਂ ਦੇ ਸੱਚ ਨੂੰ ਉਹੀ ਪਛਾਣ ਸਕਦਾ ਹੈ ਜੋ ਆਪਣੇ ਅੰਦਰੋਂ ਵੱਡਾ ਹੈ। ਅਜੋਕਾ ਮਨੁੱਖ ਅੰਦਰੋਂ ਸਰਾਪਿਆ ਅਤੇ ਬਾਹਰੋਂ ਗੁਆਚਿਆ ਹੋਣ ਕਾਰਨ ਭਟਕਣ ਦੇ ਊਠ ’ਤੇ ਸਵਾਰ ਹੈ। ਨਤੀਜੇ ਵਜੋਂ ਗੱਲਾਂ ਤਾਂ ਸੇਵਾ ਦੀਆਂ ਕਰਦਾ ਹੈ ਪਰ ਸੋਚਦਾ ਲੁੱਟਣ ਬਾਰੇ ਹੈ। ਜਿੰਨੀਆਂ ਵਧੇਰੇ ਕਸਮਾਂ ਖਾ ਰਿਹਾ ਹੈ ਓਨਾ ਹੀ ਵਧੇਰੇ ਝੂਠ ਬੋਲ ਰਿਹਾ ਹੈ। ਚੰਦਰਮਾ ’ਤੇ ਪਹੁੰਚ ਗਿਆ ਹੈ ਪਰ ਗੁਆਂਢੀ ਨੂੰ ਮਿਲਣਾ ਵਿਸਾਰ ਗਿਆ ਹੈ। ਪੁਲਾੜ ਜਿੱਤਣ ਦੇ ਦਾਅਵੇ ਕਰਦਾ ਹੈ ਪਰ ਅੰਦਰੋਂ ਹਾਰਿਆ ਹੋਇਆ ਹੈ। ਨਤੀਜੇ ਵਜੋਂ ਸੁਰ ਦੀ ਥਾਂ ਸ਼ੋਰ ਹੈ, ਭਜਨ ਦੀ ਥਾਂ ਭੋਜਨ ਪ੍ਰਧਾਨ ਹੈ, ਬੰਦਾ ਤਾਂ ਹੈ ਪਰ ਬੰਦਗੀ ਗਾਇਬ ਹੈ। ਆਓ! ਅਸਲ ਸੇਵਾ ਦੇ ਸਾਕਾਰ ਬਿੰਬ ਭਾਈ ਘਨੱਈਆ ਤੋਂ ਸੇਵਾ/ਸਿਮਰਨ ਦੇ ਸਾਰਥਕ ਅਰਥਾਂ ਤੋਂ ਸੇਧ ਲੈਂਦੇ ਹੋਏ ਆਪਣਾ ਜੀਵਨ ਸਾਰਥਕ ਕਰੀਏ।
-ਡਾ. ਬਲਵਿੰਦਰ ਸਿੰਘ ਥਿੰਦ
-(ਮੁਖੀ, ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜਲੰਧਰ)।
-ਮੋਬਾਈਲ : 94176-06572