ਇਸ ਤੋਂ ਇਲਾਵਾ ਪ੍ਰੀਖਿਆਵਾਂ ਵਿਚ ਨਿਗਰਾਨ ਅਮਲੇ ਦੀ ਨਿਯੁਕਤੀ ਦੇ ਨਿਯਮਾਂ `ਚ ਢਿੱਲ, ਪਰਚੇ ਨਿਰੀਖਣ ਕਰਨ ਲਈ ਵੱਧ ਤੋਂ ਵੱਧ ਅੰਕ ਦੇਣ ਦੀਆਂ ਹਦਾਇਤਾਂ, ਪ੍ਰੀਖਿਆਵਾਂ `ਚ ਅਸਿੱਧੇ ਤੌਰ ’ਤੇ ਨਕਲ ਕਰਵਾਉਣ ਦੇ ਢੰਗ, ਸਕੂਲ ਪੱਧਰ ’ਤੇ ਲੱਗਣ ਵਾਲੀ ਅਸੈਸਮੈਂਟ ਅਤੇ ਪ੍ਰੈਕਟੀਕਲਾਂ ਦੇ ਅੰਕਾਂ ਤੋਂ ਇਲਾਵਾ ਬੋਰਡਾਂ ਵੱਲੋਂ ਭੇਜੇ ਜਾਣ ਵਾਲੇ ਮਾਡਲ ਟੈਸਟ ਪੇਪਰਾਂ `ਚੋ ਸਵਾਲ ਪਾਉਣ ਦੀਆਂ ਹਦਾਇਤਾਂ ਦੇਣ ਦੇ ਵੀ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ।

ਜਦੋਂ ਵੀ ਬੋਰਡਾਂ ਦੀਆਂ ਅੱਠਵੀਂ, ਦਸਵੀਂ ਅਤੇ ਬਾਹਰਵੀਂ ਦੀਆਂ ਜਮਾਤਾਂ ਦੇ ਨਤੀਜੇ ਐਲਾਨੇ ਜਾਂਦੇ ਹਨ ਤਾਂ ਬੱਚਿਆਂ ਵੱਲੋਂ ਪ੍ਰਾਪਤ ਕੀਤੇ ਅੰਕ ਵੇਖ ਕੇ ਇੰਜ ਲੱਗਦਾ ਹੈ ਕਿ ਸਕੂਲਾਂ ਵਿਚ ਪੜ੍ਹਦੇ ਬੱਚਿਆਂ `ਚੋਂ ਹੁਣ ਪੜ੍ਹਾਈ `ਚ ਕਮਜ਼ੋਰ ਬੱਚਾ ਤਾਂ ਕੋਈ ਰਿਹਾ ਹੀ ਨਹੀਂ। ਪਰ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਬੱਚਿਆਂ ਦੇ ਗਿਆਨ ਅਤੇ ਸਕੂਲਾਂ ਦੇ ਅਕਾਦਮਿਕ ਮਾਹੌਲ ਨਾਲ ਇਹ ਨਤੀਜੇ ਉੱਕਾ ਹੀ ਮੇਲ ਨਹੀਂ ਖਾਂਦੇ। ਦਸਵੀਂ ਜਮਾਤ `ਚ 85% ਅੰਕ ਪ੍ਰਾਪਤ ਕਰਨ ਵਾਲੇ ਇਕ ਬੱਚੇ ਨੂੰ ਮੈਂ ਤਿਕੋਣ ਦੇ ਕੋਣਾਂ ਦਾ ਕੁੱਲ ਜੋੜ ਪੁੱਛਿਆ ਤਾਂ ਉਸ ਦਾ ਜੁਆਬ ਸੀ ਕਿ ਇਸ ਤਰ੍ਹਾਂ ਦੇ ਸਵਾਲ ਸਾਨੂੰ ਨਹੀਂ ਕਰਵਾਏ ਜਾਂਦੇ। ਇੰਜ ਲੱਗਦਾ ਹੈ ਕਿ ਸਿੱਖਿਆ ਬੋਰਡ ਵਾਹ-ਵਾਹ ਖੱਟਣ ਲਈ 100% ਨਤੀਜੇ ਅਤੇ ਮੈਰਿਟਾਂ ਲਿਆਉਣ ਲਈ ਵੱਧ ਅੰਕ ਆਉਣ ਵਾਲੇ ਸੌਖੇ ਪਰਚੇ ਤਿਆਰ ਕਰਨ ਲਈ ਹਦਾਇਤਾਂ ਦਿੰਦੇ ਹਨ।
ਇਸ ਤੋਂ ਇਲਾਵਾ ਪ੍ਰੀਖਿਆਵਾਂ ਵਿਚ ਨਿਗਰਾਨ ਅਮਲੇ ਦੀ ਨਿਯੁਕਤੀ ਦੇ ਨਿਯਮਾਂ `ਚ ਢਿੱਲ, ਪਰਚੇ ਨਿਰੀਖਣ ਕਰਨ ਲਈ ਵੱਧ ਤੋਂ ਵੱਧ ਅੰਕ ਦੇਣ ਦੀਆਂ ਹਦਾਇਤਾਂ, ਪ੍ਰੀਖਿਆਵਾਂ `ਚ ਅਸਿੱਧੇ ਤੌਰ ’ਤੇ ਨਕਲ ਕਰਵਾਉਣ ਦੇ ਢੰਗ, ਸਕੂਲ ਪੱਧਰ ’ਤੇ ਲੱਗਣ ਵਾਲੀ ਅਸੈਸਮੈਂਟ ਅਤੇ ਪ੍ਰੈਕਟੀਕਲਾਂ ਦੇ ਅੰਕਾਂ ਤੋਂ ਇਲਾਵਾ ਬੋਰਡਾਂ ਵੱਲੋਂ ਭੇਜੇ ਜਾਣ ਵਾਲੇ ਮਾਡਲ ਟੈਸਟ ਪੇਪਰਾਂ `ਚੋ ਸਵਾਲ ਪਾਉਣ ਦੀਆਂ ਹਦਾਇਤਾਂ ਦੇਣ ਦੇ ਵੀ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ। ਇਸ ਨਾਲ ਬੋਰਡ ਬੱਚਿਆਂ, ਉਨ੍ਹਾਂ ਦੇ ਮਾਪਿਆਂ `ਤੇ ਅਧਿਆਪਕਾਂ ਨੂੰ ਤਾਂ ਖ਼ੁਸ਼ ਕਰ ਸਕਦੇ ਹਨ ਪਰ ਇਹ ਨਤੀਜੇ ਸਾਡੀ ਸਿੱਖਿਆ ਵਿਵਸਥਾ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਨ, ਇਸ ਦਾ ਫ਼ਿਕਰ ਕੌਣ ਕਰੇਗਾ ? ਬਾਹਰਵੀਂ ਜਮਾਤ ਵਿੱਚੋਂ 3791 ਅਤੇ ਦਸਵੀਂ ਜਮਾਤ ਵਿੱਚੋਂ 1859 ਬੱਚਿਆਂ ਦਾ ਆਪਣੀ ਹੀ ਮਾਤ ਭਾਸ਼ਾ `ਚੋਂ ਫੇਲ ਹੋਣਾ ਸਾਡੀ ਸਿੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰਦਾ ਹੈ। ਇਕ ਸਿੱਖਿਆ ਸ਼ਾਸ਼ਤਰੀ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਬਹੁਤ ਸਾਰੇ ਬੱਚਿਆਂ ਦੇ ਦਸਵੀਂ ਜਮਾਤ `ਚ ਬਹੁਤ ਚੰਗੇ ਅੰਕ ਆਉਣ ਦੇ ਬਾਵਜੂਦ ਸਾਇੰਸ ਅਤੇ ਕਾਮਰਸ ਗਰੁੱਪ ਵਿਚ ਬੱਚਿਆਂ ਦੀ ਗਿਣਤੀ ਘੱਟ ਕਿਉਂ ਹੁੰਦੀ ਹੈ ? ਬਾਹਰਵੀਂ ਜਮਾਤ ’ਚ ਮੈਰਿਟਾਂ ਲੈਣ ਵਾਲੇ ਬੱਚੇ ਆਈ.ਆਈ.ਟੀ., ਐਨ.ਆਈ.ਟੀ., ਪੀ.ਐੱਮ.ਟੀ. ਦੇ ਟੈਸਟ ਪਾਸ ਕਿਉਂ ਨਹੀਂ ਸਕਦੇ ? ਦਸਵੀਂ ਅਤੇ ਬਾਹਰਵੀਂ ਜਮਾਤ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਦੇ 650 ਵਿਚੋਂ 646, 500 ਵਿਚੋਂ 500 ਅੰਕ, ਗਣਿਤ, ਵਿਗਿਆਨ, ਭਾਸ਼ਾਵਾਂ, ਬਾਇਓ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਹਿਸਟਰੀ, ਰਾਜਨੀਤੀ ਸ਼ਾਸਤਰ ਅਤੇ ਹੋਰ ਵਿਸ਼ਿਆਂ ਵਿੱਚੋਂ ਪੂਰੇ ਅੰਕ ਕਿਵੇਂ ਆ ਜਾਂਦੇ ਹਨ। ਸਿੱਖਿਆ ਮਾਹਿਰ ਇਸ ਗੱਲ ਤੋਂ ਬਹੁਤ ਹੈਰਾਨ ਹਨ। ਜਿਨ੍ਹਾਂ ਸਕੂਲਾਂ ਵਿਚ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਔਖੇ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਉਨ੍ਹਾਂ ਦੇ ਨਤੀਜੇ 100% ਅਤੇ ਮੈਰਿਟਾਂ ਕਿਵੇਂ ਆ ਜਾਂਦੀਆਂ ਹਨ? ਇਹ ਵੀ ਗੱਲ ਹੈਰਾਨ ਕਰਨ ਵਾਲੀ ਹੈ। ਬੋਰਡ ਦੇ ਇਸ ਸਾਲ ਦੇ ਦਸਵੀਂ `ਤੇ ਬਾਹਰਵੀਂ ਜਮਾਤਾਂ ਦੇ ਨਤੀਜਿਆਂ ਦੇ ਹੋਰ ਪਹਿਲੂਆਂ ’ਤੇ ਚਰਚਾ ਕਰਨ ਤੋਂ ਪਹਿਲਾਂ ਇਸ ਸਾਲ ਦੇ ਨਤੀਜਿਆਂ `ਤੇ ਝਾਤ ਮਾਰ ਲੈਂਦੇ ਹਾਂ। 2025-26 `ਚ ਦਸਵੀਂ ਜਮਾਤ ਦਾ ਨਤੀਜਾ 94.52 % ਰਿਹਾ। 95.96 ਲੜਕੀਆਂ `ਤੇ 93.23% ਲੜਕੇ ਪਾਸ ਹੋਏ । ਸ਼ਹਿਰੀ ਸਕੂਲਾਂ ਦਾ ਨਤੀਜਾ 92.98% ਜਦੋਂ ਕਿ ਪੇਂਡੂ ਖੇਤਰ ਦੇ ਸਕੂਲਾਂ ਦਾ ਨਤੀਜਾ 95.35% ਰਿਹਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਪੇਂਡੂ ਸਕੂਲਾਂ ਵਿਚ ਸ਼ਹਿਰਾਂ ਦੇ ਸਕੂਲਾਂ ਦੇ ਮੁਕਾਬਲੇ ਵੱਧ ਅਸਾਮੀਆਂ ਖਾਲੀ ਹੋਣ ਅਤੇ ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਪੇਂਡੂ ਸਕੂਲਾਂ ਦਾ ਨਤੀਜਾ ਸ਼ਹਿਰੀ ਸਕੂਲਾਂ ਨਾਲੋਂ 2.37% ਵੱਧ ਰਿਹਾ । ਸਰਕਾਰੀ ਸਕੂਲਾਂ ਦਾ ਨਤੀਜਾ 94.95% ਰਿਹਾ, ਪ੍ਰਾਈਵੇਟ ਸਕੂਲਾਂ ਦਾ ਨਤੀਜਾ 95% ਤੋਂ 97% ਰਿਹਾ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 89.68% ਰਿਹਾ।
ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਦੇ ਬਾਵਜੂਦ ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ 1.02% ਘੱਟ ਰਿਹਾ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ `ਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਨਤੀਜਾ ਸਰਕਾਰੀ ਸਕੂਲਾਂ ਦੇ ਨਤੀਜੇ ਦੇ ਮੁਕਾਬਲੇ ਕੇਵਲ 5.27% ਹੀ ਘੱਟ ਹੈ। ਹੁਣ ਬੋਰਡ ਦੀ ਬਾਹਰਵੀਂ ਜਮਾਤ ਦੇ ਨਤੀਜੇ ’ਤੇ ਝਾਤ ਮਾਰ ਲੈਂਦੇ ਹਾਂ। ਬੋਰਡ ਦੀ ਬਾਹਰਵੀਂ ਜਮਾਤ ਦੇ ਸਾਰੇ ਗਰੁੱਪਾਂ ਦਾ ਨਤੀਜਾ 91.46% ਰਿਹਾ। ਕੁੜੀਆਂ ਦਾ ਨਤੀਜਾ 94.73 % ਰਿਹਾ ਜਦਕਿ ਮੁੰਡੇ 88.52% ਪਾਸ ਹੋਏ। ਸ਼ਹਿਰੀ ਸਕੂਲਾਂ ਦਾ ਨਤੀਜਾ 91.23% ਰਿਹਾ ਜਦੋਕਿ ਪੇਡੂ ਸਕੂਲਾਂ ਦਾ ਨਤੀਜਾ 91.63% ਰਿਹਾ। ਬਾਹਰਵੀਂ ਜਮਾਤ ਦੇ ਨਤੀਜੇ ਵਿਚ ਵੀ ਪੇਂਡੂ ਸਕੂਲ, ਸ਼ਹਿਰੀ ਸਕੂਲਾਂ ਦੇ ਮੁਕਾਬਲੇ 0.39% ਅੱਗੇ ਰਹੇ। ਸਰਕਾਰੀ ਸਕੂਲਾਂ ਦਾ ਨਤੀਜਾ 91.41%, ਪ੍ਰਾਈਵੇਟ ਸਕੂਲਾਂ ਦਾ ਨਤੀਜਾ 92.08% ਰਿਹਾ । ਪ੍ਰਾਈਵੇਟ ਸਕੂਲਾਂ ਦਾ ਨਤੀਜਾ ਸਰਕਾਰੀ ਸਕੂਲਾਂ ਦੇ ਮੁਕਾਬਲੇ 0.67% ਜ਼ਿਆਦਾ ਰਿਹਾ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 88.44% ਰਿਹਾ ਜੋ ਕਿ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਨਾਲੋਂ ਕੇਵਲ 3.02% ਹੀ ਘੱਟ ਹੈ । ਕਾਮਰਸ ਦਾ ਨਤੀਜਾ 98.79% , ਹਿਉਮੈਨਟੀਜ ਗਰੁੱਪ ਦਾ ਨਤੀਜਾ 87.76%, ਸਾਇੰਸ ਗਰੁੱਪ ਦਾ ਨਤੀਜਾ 98.47% ਤੇ ਵੋਕੇਸ਼ਨਲ ਗਰੁੱਪ ਦਾ ਨਤੀਜਾ 87.74% ਰਿਹਾ। ਸਿੱਖਿਆ ਬੋਰਡ, ਬੱਚੇ, ਉਨ੍ਹਾਂ ਦੇ ਮਾਪੇ, ਅਧਿਆਪਕ ਅਤੇ ਸਰਕਾਰਾਂ ਇਨ੍ਹਾਂ ਨਤੀਜਿਆਂ ਨੂੰ ਵੇਖ ਕੇ ਖ਼ੁਸ਼ ਹੋ ਸਕਦੇ ਹਨ ਪਰ ਸਿੱਖਿਆ ਦਾ ਫ਼ਿਕਰ ਕਰਨ ਵਾਲੇ ਸਿੱਖਿਆ ਮਾਹਿਰ ਇਨ੍ਹਾਂ ਨਤੀਜਿਆਂ ਨੂੰ ਸਿੱਖਿਆ ਵਿਵਸਥਾ ਦੀ ਜ਼ਮੀਨੀ ਹਕੀਕਤ ਨਹੀਂ ਸਮਝਦੇ । ਕਿਉਂਕਿ ਬੱਚਿਆਂ ਕੋਲ ਅੰਕ ਪ੍ਰਾਪਤ ਕਰਨ ਦੇ ਪੱਧਰ ਦਾ ਗਿਆਨ ਨਹੀਂ ਹੁੰਦਾ। ਜੇਕਰ ਬੱਚੇ ਐਨੇ ਹੀ ਹੁਸ਼ਿਆਰ ਹਨ ਤਾਂ ਉਨ੍ਹਾਂ ਕੋਲੋਂ ਵੱਖ-ਵੱਖ ਦਾਖ਼ਲਾ ਟੈਸਟ ਬਿਨਾਂ ਕੋਚਿੰਗ ਤੋਂ ਪਾਸ ਕਿਉਂ ਨਹੀਂ ਹੋ ਪਾਉਂਦੇ ? ਉਹ ਛੋਟੇ-ਛੋਟੇ ਡਿਗਰੀਆਂ ਡਿਪਲੋਮੇ ਕਰਨ ਵੱਲ ਨੂੰ ਕਿਉਂ ਤੁਰ ਪੈਂਦੇ ਹਨ? ਬਾਹਰਵੀਂ ਜਮਾਤ `ਚ 2,65,417 ਬੱਚਿਆਂ ਵਿਚੋਂ ਸਾਇੰਸ ਗਰੁੱਪ ਦੇ ਕੇਵਲ 56456 ਅਤੇ ਕਾਮਰਸ ਦੇ ਕੇਵਲ 34496 ਬੱਚੇ ਹੋਣਾ ਸਾਡੀ ਸਿੱਖਿਆ ਵਿਵਸਥਾ ਦੇ ਪੱਧਰ ਵੱਲ ਇਸ਼ਾਰਾ ਕਰਦਾ ਹੈ।
ਸਕੂਲਾਂ ਵਿਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਬੱਚਿਆਂ ਦੇ ਐਨੇ ਜ਼ਿਆਦਾ ਅੰਕ ਆਉਣਾ ਅਤੇ ਖਾਲੀ ਅਸਾਮੀਆਂ ਵਾਲੇ ਸਕੂਲਾਂ ਦੇ ਨਤੀਜੇ 100% ਆਉਣਾ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ। ਇਸ ਢੰਗ ਨਾਲ ਕੱਢੇ ਜਾਣ ਵਾਲੇ ਨਤੀਜੇ ਬੱਚਿਆਂ ਨੂੰ ਮਿਹਨਤ ਕਰਨ ਤੋਂ ਦੂਰ ਲਿਜਾ ਰਹੇ ਹਨ। ਸਿੱਖਿਆ ਦਾ ਅਕਾਦਮਿਕ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਸਿੱਖਿਆ ਵਿਵਸਥਾ ਲਈ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਬਿਨਾਂ ਮਿਹਨਤ ਅਤੇ ਬੌਧਿਕ ਸਮਰੱਥਾ ਤੋਂ ਐਨੇ ਚੰਗੇ ਅੰਕ ਆਉਣ ਨਾਲ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਘੱਟ ਰਹੀ ਹੈ। ਉਚੇਰੀ ਸਿੱਖਿਆ ਵਿਚ ਬੱਚਿਆਂ ਦਾ ਡਰਾਪ ਆਊਟ ਰੇਟ ਵਧ ਰਿਹਾ ਹੈ । ਬੱਚੇ ਗਿਆਨ ਅਤੇ ਮਿਹਨਤ ਦੇ ਮਹਤੱਵ ਨੂੰ ਭੁੱਲਦੇ ਜਾ ਰਹੇ ਹਨ। ਬੱਚਿਆਂ ਵਿਚ ਗਿਆਨ ਪ੍ਰਾਪਤ ਕਰਨ ਨਾਲੋਂ ਅੰਕ ਪ੍ਰਾਪਤ ਕਰਨ ਦੀ ਦੌੜ ਵਧਦੀ ਜਾ ਰਹੀ ਹੈ।
ਪ੍ਰਿੰ. ਵਿਜੈ ਕੁਮਾਰ
-ਸੰਪਰਕ : 98726 27136