ਵਿਸ਼ਵ ਇਸ ਸਮੇਂ ਰੂਸ-ਯੂਕਰੇਨ ਅਤੇ ਅਮਰੀਕਾ, ਇਜ਼ਰਾਈਲ-ਈਰਾਨ ਵਰਗੀਆਂ ‘ਜੰਗਾਂ’ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ਵ ਦੀਆਂ ਵੱਡੀਆਂ ਮਹਾਸ਼ਕਤੀਆਂ ਦੇ ਜੰਗਾਂ ਵਿਚ ਉਲਝ ਜਾਣ ਕਾਰਨ ਇਨ੍ਹਾਂ ਦੀਆਂ ਮਜ਼ਬੂਤ ਮੰਨੀਆਂ ਜਾਂਦੀਆਂ ਅਰਥ-ਵਿਵਸਥਾਵਾਂ ਡਾਵਾਂਡੋਲ ਹੋ ਗਈਆਂ ਹਨ। ਯੂਕਰੇਨ ਨਾਲ ਜੰਗ ਕਾਰਨ ਜਿੱਥੇ ਰੂਸ ਕੱਖੋਂ ਹੌਲਾ ਹੋ ਰਿਹਾ ਹੈ, ਓਥੇ ਹੀ ਈਰਾਨ ਜੰਗ ਵਿਚ ਅਮਰੀਕਾ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਅਮਰੀਕਾ ਦੀਆਂ ਵੱਡੀ ਗਿਣਤੀ ’ਚ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਹਨ ਅਤੇ ਅਮਰੀਕਾ ਦਾ ‘ਕਿਰਤ ਬਾਜ਼ਾਰ’ ਵੱਡੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਿਹਾ ਹੈ।

-ਜਗਮੋਹਨ ਸਿੰਘ ਲੱਕੀ
-ਵੱਖ-ਵੱਖ ਵਿੱਤੀ ਸੰਸਥਾਵਾਂ ਅਤੇ ਕੰਪਨੀਆਂ ਨੇ ਆਪਣੇ ਵਰਕਰਾਂ ਦੀ ਕੀਤੀ ਛਾਂਟੀ
ਵਿਸ਼ਵ ਇਸ ਸਮੇਂ ਰੂਸ-ਯੂਕਰੇਨ ਅਤੇ ਅਮਰੀਕਾ, ਇਜ਼ਰਾਈਲ-ਈਰਾਨ ਵਰਗੀਆਂ ‘ਜੰਗਾਂ’ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ਵ ਦੀਆਂ ਵੱਡੀਆਂ ਮਹਾਸ਼ਕਤੀਆਂ ਦੇ ਜੰਗਾਂ ਵਿਚ ਉਲਝ ਜਾਣ ਕਾਰਨ ਇਨ੍ਹਾਂ ਦੀਆਂ ਮਜ਼ਬੂਤ ਮੰਨੀਆਂ ਜਾਂਦੀਆਂ ਅਰਥ-ਵਿਵਸਥਾਵਾਂ ਡਾਵਾਂਡੋਲ ਹੋ ਗਈਆਂ ਹਨ। ਯੂਕਰੇਨ ਨਾਲ ਜੰਗ ਕਾਰਨ ਜਿੱਥੇ ਰੂਸ ਕੱਖੋਂ ਹੌਲਾ ਹੋ ਰਿਹਾ ਹੈ, ਓਥੇ ਹੀ ਈਰਾਨ ਜੰਗ ਵਿਚ ਅਮਰੀਕਾ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਅਮਰੀਕਾ ਦੀਆਂ ਵੱਡੀ ਗਿਣਤੀ ’ਚ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਹਨ ਅਤੇ ਅਮਰੀਕਾ ਦਾ ‘ਕਿਰਤ ਬਾਜ਼ਾਰ’ ਵੱਡੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਵਿਚ ਨੌਕਰੀਆਂ ਦਾ ਘਟਣਾ ਕੋਈ ਇਤਫ਼ਾਕ ਨਹੀਂ, ਸਗੋਂ ਇਸ ਦੇ ਕਈ ਕਾਰਨ ਹਨ। ਪਿੱਛੇ ਜਿਹੇ ਅਮਰੀਕਾ ’ਚ ਅਚਾਨਕ 92,000 ਨੌਕਰੀਆਂ ਵਿਚ ਕਟੌਤੀ ਅਤੇ ਬੇਰੁਜ਼ਗਾਰੀ ਦਰ ਦਾ 4.4 ਫ਼ੀਸਦੀ ਤੱਕ ਪਹੁੰਚਣਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਅਮਰੀਕਾ ਦੀ ਅਰਥ-ਵਿਵਸਥਾ ਦਬਾਅ ਹੇਠ ਹੈ। ਅਸਲ ’ਚ ਈਰਾਨ ਨਾਲ ਚੱਲ ਰਿਹਾ ਟਕਰਾਅ ਅਮਰੀਕੀ ਅਰਥਚਾਰੇ ਲਈ ਇਕ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ। ਇਸ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ ਜਿਸ ਨਾਲ ਆਵਾਜਾਈ ਅਤੇ ਉਤਪਾਦਨ ਦੀ ਲਾਗਤ ਵਧ ਗਈ ਹੈ। ਜਦੋਂ ਕੰਪਨੀਆਂ ਨੂੰ ਭਵਿੱਖ ਬਾਰੇ ਅਨਿਸ਼ਚਿਤਤਾ ਹੁੰਦੀ ਹੈ, ਤਾਂ ਉਹ ਸਭ ਤੋਂ ਪਹਿਲਾਂ ਨਵੀਂ ਭਰਤੀ ’ਤੇ ਰੋਕ ਲਗਾਉਂਦੀਆਂ ਹਨ। ਇਹੀ ਕਾਰਨ ਹੈ ਕਿ ਜਨਵਰੀ ਵਿਚ ਜੋ ਅਮਰੀਕੀ ਕੰਪਨੀਆਂ 1,26,000 ਨੌਕਰੀਆਂ ਹੋਰ ਪੈਦਾ ਕਰ ਰਹੀਆਂ ਸਨ, ਉਹ ਫਰਵਰੀ ਵਿਚ 92,000 ਨੌਕਰੀਆਂ ਖ਼ਤਮ ਕਰਨ ਲਈ ਮਜਬੂਰ ਹੋ ਗਈਆਂ। ਜੇ ਇਹੀ ਹਾਲਾਤ ਰਹੇ ਤਾਂ ਭਵਿੱਖ ਵਿਚ ਵੀ ਅਮਰੀਕਾ ਦੀਆਂ ਕੰਪਨੀਆਂ ਵੱਲੋਂ ਵਰਕਰਾਂ ਦੀਆਂ ਛਾਂਟੀਆਂ ਕੀਤੀਆਂ ਜਾਂਦੀਆਂ ਰਹਿਣਗੀਆਂ। ਵਧੀਆਂ ਹੋਈਆਂ ਕੀਮਤਾਂ ਨੇ ਖਪਤਕਾਰਾਂ ਦੀ ਖ਼ਰਚਣ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਕਾਰੋਬਾਰਾਂ ’ਤੇ ਮੁਨਾਫ਼ੇ ਦਾ ਦਬਾਅ ਵਧ ਗਿਆ ਹੈ।
ਅਮਰੀਕਾ ਵੱਲੋਂ ਈਰਾਨ ’ਤੇ ਹਮਲਾ ਕਰਨ ਤੋਂ ਬਾਅਦ ਵਿਸ਼ਵ ਦੇ ਵੱਡੀ ਗਿਣਤੀ ਵਿਚ ਦੇਸ਼ਾਂ ਦੇ ਸ਼ੇਅਰ ਬਾਜ਼ਾਰ ਗੋਤਾ ਖਾ ਗਏ ਜਿਸ ਕਾਰਨ ਨਿਵੇਸ਼ਕਾਂ ਦਾ ਕਰੋੜਾਂ-ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ। ਆਲਮੀ ਪੱਧਰ ’ਤੇ ਤੇਲ ਅਤੇ ਗੈਸ ਦੀ ਸਪਲਾਈ ਵਿਚ ਵਿਘਨ ਪੈਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਦਾ ਸਿੱਧਾ ਬੋਝ ਵੱਖ-ਵੱਖ ਦੇਸ਼ਾਂ ਦੀ ਇਕੋਨਮੀ ’ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਹੋਰ ਦੇਸ਼ਾਂ ਵਿਚ ਜ਼ਰੂਰੀ ਚੀਜ਼ਾਂ ਦੇ ਭਾਅ ਵਧ ਗਏ ਹਨ ਜਿਸ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਆਮ ਲੋਕਾਂ ’ਤੇ ਹੋਰ ਆਰਥਿਕ ਬੋਝ ਪੈ ਗਿਆ ਹੈ ਅਤੇ ਉਨ੍ਹਾਂ ਦਾ ਰਸੋਈ ਦਾ ਬਜਟ ਗੜਬੜਾ ਗਿਆ ਹੈ। ਦੁਨੀਆ ਭਰ ਵਿਚ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ, ਬੇਰੁਜ਼ਗਾਰੀ ਅਤੇ ਮਹਿੰਗਾਈ ਵਿਚ ਬਹੁਤ ਵਾਧਾ ਹੋ ਰਿਹਾ ਹੈ। ਪੂੰਜੀਵਾਦ ਦੇ ਇਸ ਯੁੱਗ ਵਿਚ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋ ਰਹੇ ਹਨ। ਕਿਸੇ ਪਾਸੇ ਵੀ ਆਮ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ। ਕੁਝ ਅੰਤਰਰਾਸ਼ਟਰੀ ਆਗੂਆਂ ਦੀ ਪੂਰੀ ਦੁਨੀਆ ’ਤੇ ਚੌਧਰ ਦੀ ਭੁੱਖ ਨੇ ਪੂਰੇ ਵਿਸ਼ਵ ਨੂੰ ਜੰਗਾਂ ਵਿਚ ਝੋਕ ਦਿੱਤਾ ਹੈ ਜਿਸ ਕਾਰਨ ‘ਗਲੋਬਲ ਆਰਥਿਕ ਮੰਦੀ’ ਨੇ ਵੀ ‘ਦਸਤਕ’ ਦੇਣੀ ਸ਼ੁਰੂ ਕਰ ਦਿੱਤੀ ਹੈ।
ਸਾਲ 2023 ਵਿਚ ਵੀ ਆਰਥਿਕ ਮੰਦੀ ਆਉਣ ਵਰਗੇ ਹਾਲਾਤ ਬਣ ਗਏ ਸਨ। ਉਸ ਸਮੇਂ ਅਮਰੀਕਾ ਦੇ ਦੋ ਮੁੱਖ ਬੈਂਕਾਂ ਸਿਗਨੇਚਰ ਬੈਂਕ ਤੇ ਸਿਲੀਕਾਨ ਵੈਲੀ ਬੈਂਕ ਦੇ ਡੁੱਬਣ ਦੀਆਂ ਖ਼ਬਰਾਂ ਤੋਂ ਬਾਅਦ ਦੁਨੀਆ ਭਰ ਵਿਚ ਸ਼ੇਅਰ ਬਾਜ਼ਾਰ ਵੀ ਗੋਤਾ ਖਾ ਗਏ ਸਨ। ਇਸ ਦੇ ਨਾਲ ਵੱਡੀ ਵਿੱਤੀ ਸੰਸਥਾ ‘ਕ੍ਰੈਡਿਟ ਸੁਈਸ’ ਵਿਚ ਅਨਿਸ਼ਚਿਤਾਵਾਂ ਦਾ ਦੌਰ ਸ਼ੁਰੂ ਹੋਣ ਦੀ ਕਾਰਵਾਈ ਨੇ ਵੀ ਸਭ ਨੂੰ ਚਿੰਤਾ ’ਚ ਪਾ ਦਿੱਤਾ ਸੀ। ਇਸ ਦਾ ਯੂਰਪ ਦੇ ਕਈ ਬੈਂਕਾਂ ਦੀ ਅਸਥਿਰਤਾ ’ਤੇ ਅਸਰ ਪਿਆ ਸੀ ਤੇ ਉਨ੍ਹਾਂ ਲੋਕਾਂ ਵਿਚ ਵੱਡੀ ਚਿੰਤਾ ਫੈਲ ਗਈ ਸੀ ਜਿਨ੍ਹਾਂ ਦੇ ਵਿੱਤੀ ਹਿੱਤ ਬੈਕਿੰਗ ਸੰਸਥਾਵਾਂ ਨਾਲ ਜੁੜੇ ਸਨ।
ਸਾਲ 2008 ਵਿਚ ਵੀ ਗਲੋਬਲ ਪੱਧਰ ’ਤੇ ਆਈ ਆਰਥਿਕ ਮੰਦੀ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਉਦੋਂ ਅਮਰੀਕਾ ਦੀ ਪ੍ਰਸਿੱਧ ਵਿੱਤੀ ਕੰਪਨੀ ਲੇਹਮਨ ਬ੍ਰਦਰਜ਼ ਦੀਵਾਲੀਆ ਹੋ ਗਈ ਸੀ ਤਾਂ ਦੁਨੀਆ ਵਿਚ ਉਥਲ-ਪੁਥਲ ਮਚ ਗਈ ਸੀ। ਉਸ ਸਮੇਂ ਨਿਵੇਸ਼ਕਾਂ ਨੂੰ ਜਿੰਨਾ ਨੁਕਸਾਨ ਹੋਇਆ, ਉਹ ਰਾਸ਼ੀ ਭਾਰਤ ਦੇ ਜੀਡੀਪੀ ਦੇ ਬਰਾਬਰ ਸੀ।
ਸਾਲ 2008 ਵਿਚ ਗਲੋਬਲ ਪੱਧਰ ’ਤੇ ਆਈ ਆਰਥਿਕ ਮੰਦੀ ਦਾ ਅਸਰ ਭਾਰਤ ’ਤੇ ਵੀ ਪਿਆ ਸੀ ਪਰ ਭਾਰਤ ਵਿਚ ਵੱਡੀ ਗਿਣਤੀ ’ਚ ਲੋਕਾਂ ਨੂੰ ਬੱਚਤ ਦੀ ਆਦਤ ਹੋਣ ਅਤੇ ਭਾਰਤ ਦੀਆਂ ਸੁਆਣੀਆਂ ਵੱਲੋਂ ਰਸੋਈ ਦੇ ਕਿਸੇ ਡੱਬੇ ਵਿਚ ਪੈਸੇ ਸਾਂਭ ਕੇ ਰੱਖਣ ਦੀ ਆਦਤ ਕਾਰਨ ਵੱਡੀ ਗਿਣਤੀ ’ਚ ਲੋਕ ਇਸ ਆਰਥਿਕ ਮੰਦੀ ਦੌਰਾਨ ਵੀ ਆਪਣੇ ਲਈ ਦਾਲ-ਰੋਟੀ ਦਾ ਜੁਗਾੜ ਕਰਨ ਵਿਚ ਸਫਲ ਰਹੇ ਸਨ।
ਸੰਨ 1930 ਵਿਚ ਪੂਰੀ ਦੁਨੀਆ ਵਿਚ ‘ਗਲੋਬਲ ਆਰਥਿਕ ਮੰਦੀ’ ਆਈ ਸੀ। ਉਸ ਸਮੇਂ ਵਰਗੇ ਹਾਲਾਤ ਹੁਣ ਮੁੜ ਬਣਦੇ ਜਾ ਰਹੇ ਹਨ। ਉਸ ਸਮੇਂ ਵੀ ਆਰਥਿਕ ਮੰਦੀ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ, ਹੁਣ ਵੀ ਅਮਰੀਕਾ ਤੋਂ ਹੀ ‘ਗਲੋਬਲ ਆਰਥਿਕ ਮੰਦੀ’ ਸ਼ੁਰੂ ਹੋਣ ਦਾ ਖ਼ਤਰਾ ਬਣ ਗਿਆ ਹੈ। ਅਮਰੀਕਾ ’ਚ ਕਈ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀਆਂ ਹਨ। ਜਰਮਨੀ, ਆਸਟ੍ਰੀਆ, ਫਰਾਂਸ, ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਵੀ ਕੱਟੜਵਾਦੀ ਸਿਆਸੀ ਤਾਕਤਾਂ ਨੇ ਆਪਣੀ ਤਾਕਤ ਵਧਾਈ ਹੈ, ਜਿਸ ਕਾਰਨ ਇਨ੍ਹਾਂ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਅਸਥਿਰ ਹੋ ਰਹੀਆਂ ਹਨ।
ਅਮਰੀਕਾ ਤੇ ਈਰਾਨ ਜੰਗ ਕਾਰਨ ਖਾੜੀ ਦੇਸ਼ਾਂ ਤੋਂ ਭਾਰਤ ਸਮੇਤ ਵੱਖ-ਵੱਖ ਮੁਲਕਾਂ ਨੂੰ ਹੁੰਦੀ ਗੈਸ ਅਤੇ ਕੱਚੇ ਤੇਲ ਦੀ ਸਪਲਾਈ ਰੁਕ ਚੁੱਕੀ ਹੈ ਜਿਸ ਕਾਰਨ ਕਈ ਦੇਸ਼ਾਂ ’ਚ ਗੈਸ ਅਤੇ ਤੇਲ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਭਾਰਤ ਵਿਚ ਵੀ ਪੈਟਰੋਲ, ਡੀਜ਼ਲ ਤੇ ਐੱਲਪੀਜੀ ਦੇ ਭਾਅ ਵਿਚ ਵਾਧਾ ਹੋ ਗਿਆ ਹੈ। ਤੇਲ ਕੀਮਤਾਂ ਵਿਚ ਵਾਧੇ ਦਾ ਅਸਰ ਸਨਅਤ ਅਤੇ ਵਪਾਰ ਦੇ ਨਾਲ-ਨਾਲ ਆਮ ਲੋਕਾਂ ਉੱਪਰ ਵੀ ਹੋ ਰਿਹਾ ਹੈ।
ਜਿੱਥੇ ਪੂਰੀ ਦੁਨੀਆ ਦਾ ਧਿਆਨ ਮੱਧ ਪੂਰਬ ਏਸ਼ੀਆ ਅਤੇ ਹੋਰਮੁਜ਼ ਜਲਡਮਰੂ ’ਤੇ ਟਿਕਿਆ ਹੋਇਆ ਹੈ, ਉੱਥੇ ਹੀ ਪਰਦੇ ਦੇ ਪਿੱਛੇ ਇਕ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਜੋ ਸਿੱਧਾ ਆਮ ਲੋਕਾਂ ਦੀ ਰਸੋਈ ਅਤੇ ਖਾਣੇ ਦੀ ਪਲੇਟ ’ਤੇ ਅਸਰ ਪਾਵੇਗਾ। ਹੋਰਮੁਜ਼ ਦੇ 21 ਮੀਲ ਚੌੜੇ ਰਸਤੇ ਵਿਚ ਦੁਨੀਆ ਦੀ ਨਾਈਟ੍ਰੋਜਨ ਖਾਦ ਦੀ ਸਪਲਾਈ ਬੁਰੀ ਤਰ੍ਹਾਂ ਫਸ ਗਈ ਹੈ ਜਿਸ ਨਾਲ ਵਿਸ਼ਵ ਪੱਧਰ ’ਤੇ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।
ਸਮੁੰਦਰ ਰਾਹੀਂ ਭੇਜੀ ਜਾਣ ਵਾਲੀ ਦੁਨੀਆ ਦੀ ਇਕ-ਤਿਹਾਈ ਨਾਈਟ੍ਰੋਜਨ ਖਾਦ ਇਸ ਸਮੇਂ ਫਾਰਸ ਦੀ ਖਾੜੀ ਵਿਚ ਫਸੀ ਹੋਈ ਹੈ। ਇਕ ਮਿਲੀਅਨ ਮੀਟ੍ਰਿਕ ਟਨ ਖਾਦ ਲੈ ਕੇ ਜਾ ਰਹੇ 21 ਜਹਾਜ਼ ਉੱਥੋਂ ਹਿੱਲ ਨਹੀਂ ਸਕਦੇ। ਇਸ ਦਾ ਅਸਰ ਇਹ ਹੋਇਆ ਹੈ ਕਿ ਨਿਊ ਓਰਲੀਨਜ਼ (ਅਮਰੀਕਾ) ਵਿਚ ਯੂਰੀਆ ਦੀ ਕੀਮਤ ਸਿਰਫ਼ ਇਕ ਹਫ਼ਤੇ ਵਿਚ 516 ਡਾਲਰ ਤੋਂ ਵਧ ਕੇ 683 ਡਾਲਰ ਪ੍ਰਤੀ ਟਨ ਹੋ ਗਈ।
ਗਲੋਬਲ ਆਰਥਿਕ ਮੰਦੀ ਦਾ ਪੰਜਾਬ ’ਤੇ ਵੀ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਹੈ। ਇਸ ਮੰਦੀ ਕਾਰਨ ਪੰਜਾਬ ਦੇ ਉਦਯੋਗ ਅਤੇ ਹੋਟਲ/ਮੈਰਿਜ ਪੈਲੇਸ/ਢਾਬਾ ਸਨਅਤ ਪ੍ਰਭਾਵਿਤ ਹੋਣ ਲੱਗ ਪਏ ਹਨ। ਗੈਸ ਸਪਲਾਈ ਦੇ ਕੌਮੀ ਸੰਕਟ ਦਰਮਿਆਨ ਪੰਜਾਬ ’ਚ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਠੱਪ ਹੋ ਗਈ ਹੈ। ਗੈਸ ਦੀ ਕਿੱਲਤ ਕਰ ਕੇ ਮੈਰਿਜ ਪੈਲੇਸ ਮਾਲਕ ਸਮਾਗਮਾਂ ਦੀ ਬੁਕਿੰਗ ਸ਼ਰਤਾਂ ਤਹਿਤ ਕਰਨ ਲੱਗੇ ਹਨ ਜਦਕਿ ਹੋਟਲ ਮਾਲਕਾਂ ਨੇ ਮੀਨੂ ’ਚੋਂ ਖਾਣੇ ਦੀਆਂ ਆਈਟਮਾਂ ਘਟਾ ਦਿੱਤੀਆਂ ਹਨ। ਪੰਜਾਬ ’ਚ ਲਗਪਗ 16 ਹਜ਼ਾਰ ਹੋਟਲ/ਰੇਸਤਰਾਂ ਤੇ ਰਿਜ਼ਾਰਟ ਅਤੇ ਕਰੀਬ ਛੇ ਹਜ਼ਾਰ ਮੈਰਿਜ ਪੈਲੇਸ ਹਨ। ਮੋਟੇ ਜਿਹੇ ਅੰਦਾਜ਼ੇ ਮੁਤਾਬਕ ਹੋਟਲ ’ਚ ਰੋਜ਼ਾਨਾ ਔਸਤਨ ਚਾਰ ਤੋਂ ਛੇ ਗੈਸ ਸਿਲੰਡਰਾਂ ਦੀ ਖ਼ਪਤ ਹੁੰਦੀ ਹੈ। ਇਸ ਲਿਹਾਜ਼ ਨਾਲ ਰੋਜ਼ਾਨਾ ਲਗਪਗ 64 ਹਜ਼ਾਰ ਗੈਸ ਸਿਲੰਡਰ ਇਕੱਲੀ ਹੋਟਲ ਸਨਅਤ ਲਈ ਲੋੜੀਂਦੇ ਹਨ। ਰਸੋਈ ਗੈਸ ਦੀ ਘਾਟ ਕਾਰਨ ਛੋਲੇ-ਭਟੂਰੇ, ਟਿੱਕੀਆਂ-ਸਮੋਸੇ ਵਾਲੀਆਂ ਵੱਡੀ ਗਿਣਤੀ ’ਚ ਦੁਕਾਨਾਂ ’ਤੇ ਸਿਰਫ਼ ਰਾਜਮਾਂਹ-ਚਾਵਲ ਤੇ ਚਾਹ ਆਦਿ ਹੀ ਮਿਲ ਰਹੇ ਹਨ। ਇਸ ਕਾਰਨ ਜਿੱਥੇ ਦੁਕਾਨਦਾਰਾਂ ਦਾ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ, ਓਥੇ ਹੀ ਵੰਨ-ਸੁਵੰਨੀਆਂ ਚੀਜ਼ਾਂ ਖਾਣ ਦੇ ਸ਼ੌਕੀਨਾਂ ਨੂੰ ਵੀ ਨਿਰਾਸ਼ ਹੋਣਾ ਪੈ ਰਿਹਾ ਹੈ। ਆਰਥਿਕ ਮੰਦੀ ਦੀ ਆਹਟ ਕਾਰਨ ਕਈ ਫੈਕਟਰੀਆਂ ਵਿਚ ਉਤਪਾਦਨ ਘੱਟ ਹੋ ਗਿਆ ਹੈ। ਫੈਕਟਰੀਆਂ ਅਤੇ ਕੰਪਨੀਆਂ ਵੱਲੋਂ ਆਪਣਾ ਤਿਆਰ ਮਾਲ ਵਿਦੇਸ਼ ਭੇਜਣ ਵਿਚ ਆ ਰਹੀਆਂ ਦਿੱਕਤਾਂ ਕਾਰਨ ਉਤਪਾਦਨ ਵੀ ਘਟਾਇਆ ਜਾ ਰਿਹਾ ਹੈ ਅਤੇ ਵਰਕਰਾਂ ਨੂੰ ਛੁੱਟੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਹੜੀਆਂ ਕੰਪਨੀਆਂ ਤੇ ਫੈਕਟਰੀਆਂ ਪਹਿਲਾਂ ਵਰਕਰਾਂ ਤੋਂ ਓਵਰਟਾਈਮ ਕਰਵਾ ਰਹੀਆਂ ਸਨ, ਉਹੀ ਹੁਣ ਵੱਡੀ ਗਿਣਤੀ ’ਚ ਵਰਕਰਾਂ ਨੂੰ ਜਬਰੀ ਛੁੱਟੀਆਂ ’ਤੇ ਭੇਜ ਰਹੀਆਂ ਹਨ। ਕਈ ਕੰਪਨੀਆਂ ਤੇ ਫੈਕਟਰੀਆਂ ਵੱਲੋਂ ਤਾਂ ਵੱਡੀ ਗਿਣਤੀ ’ਚ ਵਰਕਰਾਂ ਨੂੰ ਨੌਕਰੀਆਂ ਤੋਂ ਵੀ ਕੱਢਿਆ ਜਾ ਰਿਹਾ ਹੈ।
ਭਾਰਤ ਸਮੇਤ ਦੁਨੀਆ ਦੇ ਵੱਡੀ ਗਿਣਤੀ ’ਚ ਲੋਕਾਂ ਵਿਚ ਕਰਜ਼ਾ ਲੈ ਕੇ ‘ਸੁੱਖ-ਸਹੂਲਤਾਂ’ ਅਤੇ ‘ਮਹਿੰਗੀਆਂ ਗੱਡੀਆਂ’ ਖ਼ਰੀਦਣ ਦੇ ਰੁਝਾਨ ’ਚ ਵਾਧਾ ਹੋਇਆ ਹੈ। ਇਸ ਤਰ੍ਹਾਂ ਦੁਨੀਆ ਵਿੱਤੀ ਸੰਸਥਾਵਾਂ ਦੇ ਕਰਜ਼ੇ ਦੇ ਜਾਲ਼ ਵਿਚ ਫ਼ਸਦੀ ਜਾ ਰਹੀ ਹੈ। ਹੁਣ ਜੇ ਰੂਸ-ਯੂਕਰੇਨ ਅਤੇ ਅਮਰੀਕਾ-ਈਰਾਨ ਜੰਗਾਂ ਕਾਰਨ ਆਲਮੀ ਪੱਧਰ ’ਤੇ ਆਰਥਿਕ ਮੰਦੀ ਆਉਂਦੀ ਹੈ ਤਾਂ ਇਸ ਦਾ ਭਾਰਤ ’ਤੇ ਵੀ ਬਹੁਤ ਬੁਰਾ ਪ੍ਰਭਾਵ ਪਵੇਗਾ।
-ਮੋਬਾਈਲ : 94638-19174