ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਹਲਚਲ ਮਚੀ ਹੋਈ ਹੈ। ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਮੈਂਬਰਾਂ ਦਾ ਅਚਾਨਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣਾ, ਸਿਰਫ਼ ਇਕ ਸਿਆਸੀ ਖ਼ਬਰ ਨਹੀਂ, ਸਗੋਂ ਇਹ ਉਹ ਸੰਕੇਤ ਹੈ ਜੋ ਸੂਬੇ ਦੀ ਆਉਣ ਵਾਲੀ ਸਿਆਸਤ ਦੇ ਰੁਖ਼ ਨੂੰ ਬਦਲ ਸਕਦਾ ਹੈ। ‘ਆਪ’ ਲਈ ਇਹ ਘਟਨਾ ਇਕ ਅੰਦਰੂਨੀ ਝਟਕੇ ਵਾਂਗ ਹੈ ਜਦਕਿ ਭਾਜਪਾ ਲਈ ਇਹ ਇਕ ਮੌਕਾ ਬਣ ਸਕਦੀ ਹੈ।

ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਹਲਚਲ ਮਚੀ ਹੋਈ ਹੈ। ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਮੈਂਬਰਾਂ ਦਾ ਅਚਾਨਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣਾ, ਸਿਰਫ਼ ਇਕ ਸਿਆਸੀ ਖ਼ਬਰ ਨਹੀਂ, ਸਗੋਂ ਇਹ ਉਹ ਸੰਕੇਤ ਹੈ ਜੋ ਸੂਬੇ ਦੀ ਆਉਣ ਵਾਲੀ ਸਿਆਸਤ ਦੇ ਰੁਖ਼ ਨੂੰ ਬਦਲ ਸਕਦਾ ਹੈ। ‘ਆਪ’ ਲਈ ਇਹ ਘਟਨਾ ਇਕ ਅੰਦਰੂਨੀ ਝਟਕੇ ਵਾਂਗ ਹੈ ਜਦਕਿ ਭਾਜਪਾ ਲਈ ਇਹ ਇਕ ਮੌਕਾ ਬਣ ਸਕਦੀ ਹੈ। ਇਹ ਸਿਰਫ਼ ਦਲ-ਬਦਲ ਨਹੀਂ, ਸਿਆਸੀ ਮੰਚ ’ਤੇ ਚੱਲ ਰਹੇ ਅਦ੍ਰਿਸ਼ ਨਾਟਕ ਦਾ ਇਕ ਵੱਡਾ ਦ੍ਰਿਸ਼ ਹੈ। ਇਸ ਦਾ ਬੀਅ ਉਸ ਵੇਲੇ ਹੀ ਪੰਜਾਬ ਦੀ ਸਿਆਸਤ ਵਿਚ ਬੀਜ ਦਿੱਤਾ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਉਸ ਦੇ ਵਿਧਾਇਕਾਂ ਨੂੰ ਆਪ੍ਰੇਸ਼ਨ ਲੋਟਸ ਤਹਿਤ ਖ਼ਰੀਦਣ ਦੇ ਇਲਜ਼ਾਮ ਲਗਾਏ ਸਨ। ਹਾਲਾਂਕਿ ਪਾਰਟੀ ਵੱਲੋਂ ਦਰਜ ਉਸ ਕੇਸ ਦਾ ਹੁਣ ਤੱਕ ਕੁਝ ਵੀ ਨਹੀਂ ਬਣਿਆ ਪਰ ਹੁਣ ਜਦੋਂ ‘ਆਪ’ ਦੇ ਸੱਤ ਰਾਜ ਸਭਾ ਮੈਂਬਰ ਜਿਨ੍ਹਾਂ ’ਚੋਂ ਛੇ ਪੰਜਾਬ ਨਾਲ ਸਬੰਧਤ ਹਨ, ਭਾਜਪਾ ਵਿਚ ਸ਼ਾਮਲ ਹੋ ਗਏ ਹਨ ਤਾਂ ਪਾਰਟੀ ਨੂੰ ਇਸ ਘਟਨਾ ਦਾ ਪਤਾ ਵੀ ਨਹੀਂ ਚੱਲਿਆ। ਸੰਨ 2022 ਵਿਚ ਭਾਰੀ ਬਹੁਮਤ ਨਾਲ ਸੱਤਾ ਵਿਚ ਆਈ ਇਸ ਪਾਰਟੀ ਨੇ ਲੋਕਾਂ ਵਿਚ ਇਕ ਨਵੀਂ ਉਮੀਦ ਜਗਾਈ ਸੀ ਪਰ ਹੁਣ ਜਦੋਂ ਉਸ ਦੇ ਆਪਣੇ ਹੀ ਰਾਜ ਸਭਾ ਮੈਂਬਰ ਪਾਰਟੀ ਛੱਡ ਰਹੇ ਹਨ, ਤਾਂ ਇਹ ਸਵਾਲ ਲਾਜ਼ਮੀ ਬਣ ਜਾਂਦਾ ਹੈ ਕਿ ਕੀ ਪਾਰਟੀ ਅੰਦਰ ਸਭ ਕੁਝ ਠੀਕ ਚੱਲ ਰਿਹਾ ਹੈ? ਕੀ ਲੀਡਰਸ਼ਿਪ ਤੇ ਨੀਤੀਆਂ ਵਿਚ ਕੋਈ ਅਜਿਹਾ ਖ਼ਾਲੀਪਣ ਹੈ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ? ਜੇ ‘ਆਪ’ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਇਹ ਛੋਟੀ ਦਰਾੜ ਭਵਿੱਖ ਵਿਚ ਵੱਡੀ ਬਣ ਸਕਦੀ ਹੈ। ਰਾਜ ਸਭਾ ਮੈਂਬਰਾਂ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਹੁਣ ਆਪਣੇ ਵਿਧਾਇਕਾਂ ਨਾਲ ਵੀ ਗੱਲ ਕਰਨੀ ਪਵੇਗੀ ਤੇ ਉਨ੍ਹਾਂ ’ਤੇ ਨਜ਼ਰ ਵੀ ਰੱਖਣੀ ਹੋਵੇਗੀ। ‘ਆਪ’ ਸੱਤਾ ਵਿਚ ਮੁੜ ਵਾਪਸੀ ਲਈ ਪੂਰਾ ਜ਼ੋਰ ਲਾ ਰਹੀ ਹੈ। ਉਸ ਨੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਕੇ, ਤਿੰਨ ਸੌ ਯੂਨਿਟਾਂ ਮੁਫ਼ਤ ਬਿਜਲੀ ਦੇ ਕੇ, ਆਮ ਆਦਮੀ ਕਲੀਨਿਕ ਖੋਲ੍ਹ ਕੇ, ਨਸ਼ਿਆਂ ਤੇ ਗੈਂਗਸਟਰਾਂ ਖ਼ਿਲਾਫ਼ ਆਪ੍ਰੇਸ਼ਨ ਸ਼ੁਰੂ ਕਰ ਕੇ ਆਪਣੇ ਹੱਕ ਜੋ ਹਵਾ ਬਣਾਈ ਸੀ, ਉਸ ਨੂੰ ਇਸ ਘਟਨਾ ਨਾਲ ਵੱਡਾ ਝਟਕਾ ਲੱਗਾ ਹੈ। ਮੁੱਖ ਮੰਤਰੀ ਨੇ ਬੀਤੇ ਦਿਨਾਂ ਦੌਰਾਨ ਕਈ ਰੈਲੀਆਂ ਕਰ ਕੇ ਲੋਕਾਂ ਵਿਚ ਵਿਸ਼ਵਾਸ ਬਣਾਉਣ ਦਾ ਯਤਨ ਕੀਤਾ ਸੀ, ਹੁਣ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨੀ ਪਵੇਗੀ। ਦਰਅਸਲ, ਅੱਜ ਦਾ ਘਟਨਾਕ੍ਰਮ ਇਸੇ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਜਿਹੜੇ ਰਾਜ ਸਭਾ ਮੈਂਬਰ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਦੇਣ ਦਾ ਪੰਜਾਬ ਵਿਚ ਪਹਿਲੇ ਦਿਨ ਤੋਂ ਹੀ ਵਿਰੋਧ ਹੋਇਆ ਸੀ ਪਰ 2022 ਵਿਚ ਇੰਨੀ ਵੱਡੀ ਜਿੱਤ ਦੇ ਨਸ਼ੇ ਵਿਚ ਪਾਰਟੀ ਨੇ ਇਸ ਵਿਰੋਧ ਨੂੰ ਦਰਕਿਨਾਰ ਕਰ ਦਿੱਤਾ। ਇੰਨਾ ਹੀ ਨਹੀਂ, ਇਸ ਚਾਰ ਸਾਲਾਂ ਦੇ ਅਰਸੇ ਦੌਰਾਨ ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਈਆਂ ਹਨ, ਉਨ੍ਹਾਂ ’ਚ ਆਪਣੇ ਵਰਕਰਾਂ ਨੂੰ ਟਿਕਟ ਦੇਣ ਦੀ ਬਜਾਏ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਸਾਬਕਾ ਵਿਧਾਇਕਾਂ ਜਾਂ ਨੇਤਾਵਾਂ ਨੂੰ ਟਿਕਟਾਂ ਨਾਲ ਨਿਵਾਜਿਆ। ਉਹ ਲੋਕ ਜੋ ਕਿਸੇ ਅਹੁਦੇ ਦੇ ਲਾਲਚ ਵੱਸ ਪਾਰਟੀ ਵਿਚ ਸ਼ਾਮਲ ਹੋਏ ਸਨ ਹੁਣ ਜਦੋਂ ਉਹ ਕਿਸੇ ਹੋਰ ਪਾਰਟੀ ਵਿਚ ਚਲੇ ਗਏ ਹਨ ਤਾਂ ਆਮ ਆਦਮੀ ਪਾਰਟੀ ਨੂੰ ਆਪਣੀ ਰਣਨੀਤੀ ਦੀ ਪੜਚੋਲ ਕਰਨੀ ਪਵੇਗੀ। ਦੂਜੇ ਪਾਸੇ, ਭਾਜਪਾ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਵੇਗੀ। ਪੰਜਾਬ ਵਿਚ ਆਪਣੀ ਜ਼ਮੀਨ ਮਜ਼ਬੂਤ ਕਰਨ ਲਈ ਲੰਬੇ ਸਮੇਂ ਤੋਂ ਜਦੋਜਹਿਦ ਕਰ ਰਹੀ ਪਾਰਟੀ ਲਈ ਇਹ ਇਕ ਤਿਆਰ ਮੰਚ ਵਾਂਗ ਹੈ। ਨਵੇਂ ਚਿਹਰਿਆਂ ਦੀ ਸ਼ਮੂਲੀਅਤ ਨਾਲ ਨਾ ਸਿਰਫ਼ ਸੰਸਦੀ ਤਾਕਤ ਵਧੇਗੀ, ਸਗੋਂ ਸੂਬੇ ਵਿਚ ਇਕ ਨਵਾਂ ਸਿਆਸੀ ਸੰਦੇਸ਼ ਵੀ ਜਾਵੇਗਾ ਕਿ ਭਾਜਪਾ ਹੁਣ ਪੰਜਾਬ ਵਿਚ ਹਾਸ਼ੀਏ ਵਾਲੀ ਪਾਰਟੀ ਨਹੀਂ ਰਹਿਣਾ ਚਾਹੁੰਦੀ। ਅੰਤ ਵਿਚ, ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਘਟਨਾ ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਅਧਿਆਇ ਖੋਲ੍ਹ ਰਹੀ ਹੈ। ‘ਆਪ’ ਲਈ ਇਹ ਸਮਾਂ ਹੈ ਆਪਣੇ ਘਰ ਨੂੰ ਸੰਭਾਲਣ ਦਾ, ਜਦਕਿ ਭਾਜਪਾ ਲਈ ਇਹ ਮੌਕਾ ਹੈ ਆਪਣੀ ਪਕੜ ਹੋਰ ਮਜ਼ਬੂਤ ਕਰਨ ਦਾ। ਆਉਣ ਵਾਲੇ ਦਿਨਾਂ ਵਿਚ ਇਹ ਸਾਫ਼ ਹੋ ਜਾਵੇਗਾ ਕਿ ਇਹ ਭੂਚਾਲ ਕਿੰਨਾ ਤੀਬਰ ਗਤੀ ਵਾਲਾ ਸੀ ਅਤੇ ਇਸ ਦੇ ਝਟਕੇ ਕਿੰਨੀ ਦੂਰੀ ਤੱਕ ਮਹਿਸੂਸ ਕੀਤੇ ਜਾਣਗੇ।