ਤਿੰਨ ਕੁ ਸਾਲ ਬਾਅਦ ਮੈਂ ਹੁਸ਼ਿਆਰਪੁਰ ਤੋਂ ਦਫ਼ਤਰੀ ਕੰਮ ਮੁਕਾ ਕੇ ਜਦੋਂ ਨਵਾਂਸ਼ਹਿਰ ਬੱਸ ਅੱਡੇ ’ਤੇ ਖਾਣਾ ਖਾਣ ਲਈ ਉਤਰਿਆ ਤਾਂ ਅਚਾਨਕ ਆਵਾਜ਼ ਆਈ, ‘‘ਸਰ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡੀ ਬੇਟੀ। ਸਰ ਜੀ ਇਹ ਮੇਰੇ ਪਤੀ ਨੇ।’’ ਉਸ ਨੇ ਨਾਲ ਖੜ੍ਹੇ ਮੁੰਡੇ ਦੀ ਜਾਣ-ਪਛਾਣ ਕਰਾ ਦਿੱਤੀ।

ਆਪਣੇ ਦਫ਼ਤਰ ਵਿਚ ਬੈਠਾ ਮੈਂ ਕੰਮ ਕਰ ਰਿਹਾ ਸੀ। ਦੀਵਾਨ ਬੇਲਦਾਰ ਇਕ ਲੜਕੀ ਨੂੰ ਕਮਰੇ ਵਿਚ ਲੈ ਕੇ ਆਇਆ ਤੇ ਕਹਿਣ ਲੱਗਾ, ‘‘ਬਾਊ ਜੀ, ਇਨ੍ਹਾਂ ਨੇ ਤੁਹਾਨੂੰ ਮਿਲਣਾ ਹੈ।’’ ਲੜਕੀ ਨੇ ਸਤਿ ਸ੍ਰੀ ਅਕਾਲ ਸਰ ਜੀ ਕਿਹਾ। ਮੈਂ ਉਸ ਨੂੰ ਪੁੱਛਿਆ ਕਿ ਕੀ ਕੰਮ ਹੈ?’’ ਨਾਲ ਹੀ ਦੀਵਾਨ ਬੇਲਦਾਰ ਨੂੰ ਪਾਣੀ ਲਿਆਉਣ ਲਈ ਕਿਹਾ। ਲੜਕੀ ਨੇ ਕਿਹਾ, ‘‘ਸਰ ਜੀ, 2004 ਵਿਚ ਮੈਨੂੰ ਮੇਰੇ ਸਵਰਗੀ ਡੈਡੀ ਦੀ ਥਾਂ ਨੌਕਰੀ ਮਿਲੀ ਸੀ। ਮੈਂ ਇਸ ਦਫ਼ਤਰ ਵਿਚ ਹੀ ਨੌਕਰੀ ’ਤੇ ਹਾਜ਼ਰ ਹੋਈ ਸੀ। ਮੇਰੀ ਤਨਖਾਹ ’ਚੋਂ ਤੀਹ ਰੁਪਏ ਇੰਸ਼ੋਰੈਂਸ ਦੇ ਉਦੋਂ ਹੀ ਕੱਟਣੇ ਸ਼ੁਰੂ ਕਰ ਦਿੱਤੇ ਗਏ ਸਨ ਪਰ ਦਫ਼ਤਰ ਵਾਲਿਆਂ ਨੇ ਜੀਆਈਐੱਸ ਨੰਬਰ ਜਾਰੀ ਨਹੀਂ ਕੀਤਾ। ਮੇਰੇ ਕੱਟੇ ਗਏ ਪੈਸਿਆਂ ਦੀ ਸਲਿੱਪ ਵੀ ਨਹੀਂ ਮਿਲਦੀ। ਮੈਂ ਤੁਹਾਡੇ ਕੋਲ ਬੜੀ ਉਮੀਦ ਲੈ ਕੇ ਆਈ ਹਾਂ, ਮੇਰਾ ਨੰਬਰ ਜਾਰੀ ਕਰ ਦਿਉ ਜੀ।’’
ਮੈਂ ਲੜਕੀ ਨੂੰ ਕਿਹਾ, ‘‘ਭਾਈ ਬੀਬਾ, 2004 ਦਾ ਐਨਾ ਪੁਰਾਣਾ ਨੰਬਰ ਮੈਂ ਐਨੇ ਸਾਲਾਂ ਬਾਅਦ ਕਿਵੇਂ ਜਾਰੀ ਕਰਾਂ, ਮੇਰੇ ਲਈ ਵੀ ਮੁਸ਼ਕਲ ਹੈ। ਕਿਉਂ ਨਹੀਂ ਕੀਤਾ ਗਿਆ ਤੇਰਾ ਨੰਬਰ ਜਾਰੀ, ਏਹ ਤਾਂ ਉਸੇ ਵੇਲੇ ਜ਼ਰੂਰੀ ਸੀ।’’ ਲੜਕੀ ਨੇ ਕਿਹਾ ਕਿ ਸੱਚੀ ਗੱਲ ਤਾਂ ਏਹ ਹੈ ਕਿ ਮੈਂ ਖੂਬਸੂਰਤ ਤੇ ਜਵਾਨ ਹਾਂ, ਹਰੇਕ ਮੇਰੇ ’ਤੇ ਮੈਲੀ ਅੱਖ ਰੱਖਦਾ ਸੀ ਪਰ ਮੈਨੂੰ ਆਪਣੇ ਡੈਡੀ ਦੀ ਇੱਜ਼ਤ ਦਾ ਖ਼ਿਆਲ ਸੀ। ਮੈਂ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਇਸੇ ਲਈ ਮੇਰਾ ਨੰਬਰ ਅਲਾਟ ਨਹੀਂ ਹੋਇਆ। ਮੈਂ ਦੁਖੀ ਹੋ ਕੇ ਤੁਹਾਨੂੰ ਦੱਸ ਰਹੀ ਹਾਂ, ਮੈਂ ਇੱਥੋਂ ਬਦਲੀ ਕਰਵਾ ਕੇ ਚਲੀ ਗਈ ਸੀ। ਮੇਰੇ ਦਫ਼ਤਰ ਵਾਲੇ ਵੀ ਮੇਰੇ ਤੀਹ ਰੁਪਏ ਕੱਟੀ ਜਾ ਰਹੇ ਨੇ ਤੇ ਨੰਬਰ ਅਲਾਟ ਨਹੀਂ ਕਰ ਰਹੇ।’’
ਮੈਂ ਉਸ ਲੜਕੀ ਦੇ ਹਾਲਾਤ ਸਮਝ ਚੁੱਕਾ ਸਾਂ। ਮੇਰੇ ਮਨ ਵਿਚ ਆਇਆ ਕਿ ਜੇਕਰ ਮੇਰੀ ਮੌਤ ਹੋ ਜਾਵੇ ਤੇ ਮੇਰੀ ਬੇਟੀ ਨੂੰ ਇਸ ਹਾਲਤ ਵਿਚ ਨੌਕਰੀ ਕਰਨੀ ਪੈ ਜਾਵੇ, ਤੇ ਉਸ ਨਾਲ ਇਹ ਸਭ ਵਾਪਰੇ ਤਾਂ ਉਸ ’ਤੇ ਕੀ ਬੀਤੇਗੀ। ਮੈਨੂੰ ਯਾਦ ਹੈ ਕਿ ਜਦ ਮੈਂ ਬਠਿੰਡੇ ਨੌਕਰੀ ’ਚ ਆਇਆ ਸਾਂ ਤਾਂ ਸੁਰਜਨ ਸਿੰਘ ਸੁਪਰਡੈਂਟ ਨੇ ਦਫ਼ਤਰ ਦੀ ਕੁੜੀ ਵੱਲ ਮਾੜੀ ਨਜ਼ਰ ਨਾਲ ਨਾ ਵੇਖਣ ਦੀ ਨਸੀਹਤ ਦਿੱਤੀ ਸੀ। ਮੈਂ ਗੱਲ ਨੂੰ ਪੱਲੇ ਬੰਨ੍ਹ ਲਿਆ ਸੀ। ਉਹ ਮੇਰੇ ਵੱਲ ਉਮੀਦ ਨਾਲ ਵੇਖ ਰਹੀ ਸੀ। ਮੈਨੂੰ ਉਸ ’ਤੇ ਤਰਸ ਆਇਆ ਜਿਵੇਂ ਮੇਰੇ ਸਾਹਮਣੇ ਮੇਰੀ ਬੇਟੀ ਬੈਠੀ ਹੋਵੇ। ਮੈਂ ਉਸ ਨੂੰ ਕਿਹਾ, ‘‘ਵੇਖ ਬੀਬਾ, ਮੈਂ ਰਿਕਾਰਡ ਵੇਖ ਲੈਨਾਂ, ਜੇਕਰ ਤੇਰੇ ਜੁਆਇੰਨ ਕਰਨ ਤੋਂ ਬਾਅਦ ਕਿਸੇ ਹੋਰ ਦਾ ਨੰਬਰ ਅਲਾਟ ਹੋ ਗਿਆ ਹੋਇਆ, ਤਾਂ ਮੇਰੇ ਲਈ ਮੁਸ਼ਕਲ ਹੈ। ਜੇ ਨਾ ਹੋਇਆ ਫਿਰ ਤੇਰਾ ਨੰਬਰ ਅਲਾਟ ਹੋ ਜਾਵੇਗਾ।’’ ਉਹ ਖ਼ੁਸ਼ ਹੋ ਗਈ ਸੀ। ਮੈਂ ਉਸ ਲਈ ਚਾਹ ਮੰਗਵਾ ਦਿੱਤੀ ਸੀ। ਮੈਂ ਅਲਮਾਰੀ ’ਚੋਂ ਫਾਈਲ ਤੇ ਲੈਜਰ ਕੱਢ ਲਈ ਸੀ। ਸੰਨ 2002 ਤੋਂ ਬਾਅਦ ਕਿਸੇ ਨੂੰ ਵੀ ਨੰਬਰ ਅਲਾਟ ਨਹੀਂ ਸੀ ਹੋਇਆ। ਮੈਂ ਉਸ ਨੂੰ ਕਿਹਾ ਕਿ ਤੇਰਾ ਨੰਬਰ ਅਲਾਟ ਹੋ ਸਕਦਾ ਹੈ ਜੇ ਮੇਰੇ ਅਫ਼ਸਰ ਸਹਿਮਤੀ ਦੇ ਦੇਣ। ਤੂੰ ਚਾਰ ਦਿਨਾਂ ਤੱਕ ਆ ਜਾਵੀਂ। ਉਹ ਚਲੀ ਗਈ। ਮੇਰੇ ਅਫ਼ਸਰਾਂ ਕੋਲ ਮੁੱਖ ਦਫ਼ਤਰ ਦਾ ਵੀ ਚਾਰਜ ਸੀ। ਮੈਂ ਫੋਨ ਲਾ ਲਿਆ। ਸਰ ਜੀ ਬੋਲੇ, ‘ਹਾਂ ਬਈ, ਕਿਵੇਂ ਫੋਨ ਕੀਤਾ।’’ ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਕੇਸ ਬਾਰੇ ਦੱਸਿਆ। ਉਹ ਕਹਿੰਦੇ, ਉਏ ਭੋਲਿਆ ਪੰਛੀਆ, ਜੇ ਤੇਰੇ ਕੋਲ ਕੋਈ ਕੰਮ ਕਰਾਉਣ ਆ ਜਾਂਦੇ, ਤੂੰ ਹਮਦਰਦੀ ਕਰਦਾ ਕੰਮ ਕਰਨ ਲਈ ਫੱਟ ਤਿਆਰ ਹੋ ਜਾਂਦਾ ਏਂ। ਬਾਬੂ ਤਾਂ ਝੂਠ ਬੋਲ ਕੇ ਲਾਰੇ ਲਾਈ ਜਾਂਦੇ ਨੇ, ਏਹ ਕੇਸ ਸੰਨ 2004 ਦਾ ਹੈ। ਹੋਰ ਨਾ ਗ਼ਲਤ ਕੰਮ ਕਰਵਾ ਕੇ ਮੈਨੂੰ ਪੰਗਾ ਛੇੜ ਦੇਈਂ, ਮੇਰੀ ਅਗਲੇ ਸਾਲ ਰਿਟਾਇਰਮੈਂਟ ਹੈ। ਮੈਂ ਪੈਨਸ਼ਨ ਤੋਂ ਹੱਥ ਨਾ ਧੋ ਲਵਾਂ।
ਮੈਂ ਕਿਹਾ, ‘‘ਸਰ ਜੀ, ਮੈਂ ਦੋਵੇਂ ਫਾਈਲਾਂ ਅਤੇ ਲੈਜਰ ਚੈੱਕ ਕਰ ਲਈ ਹੈ। ਨੰਬਰ ਅਲਾਟ ਹੋ ਸਕਦਾ ਹੈ। ਉਸ ਲੜਕੀ ਦਾ ਪਿਤਾ ਵੀ ਅਫ਼ਸਰ ਸੀ। ਤੁਹਾਡੀ ਤਸੱਲੀ ਕਰਵਾ ਕੇ ਕੇਸ ਤਿਆਰ ਕਰਾਂਗਾ ਜੀ।’’ ਸਾਹਿਬ ਕਹਿੰਦੇ, ਚੱਲ ਕਰ ਲੈ ਕੇਸ ਤਿਆਰ, ਤੇਰੇ ਰੋਟੀ ਹਜ਼ਮ ਨਹੀਂ ਹੁੰਦੀ, ਜਿੰਨਾ ਚਿਰ ਤੂੰ ਕਿਸੇ ਦਾ ਕੰਮ ਨਾ ਕਰ ਦੇਵੇਂ। ਅਫ਼ਸਰ ਨੂੰ ਮੇਰੇ ’ਤੇ ਵਿਸ਼ਵਾਸ ਸੀ। ਜੀਆਈਐੱਸ ਫਾਈਲ ’ਤੇ ਨੰਬਰ ਅਲਾਟ ਲਗਾ ਦਿੱਤਾ ਸੀ। ਦੂਸਰੇ ਦਿਨ ਮੈਂ ਕੇਸ ਮੁੱਖ ਦਫ਼ਤਰ ਲੈ ਗਿਆ। ਸਾਹਿਬ ਹੱਸਦੇ ਹੋਏ ਕਹਿੰਦੇ, ‘‘ਆ ਗਿਆ ਲੋਕਾਂ ਦੇ ਹਮਦਰਦੀਆ।’’ ਮੈਂ ਸਾਹਿਬ ਨੂੰ ਸਾਰਾ ਰਿਕਾਰਡ ਵਿਖਾ ਦਿੱਤਾ। ਲਿਆ ਦੱਸ ਕਿੱਥੇ-ਕਿੱਥੇ ਦਸਤਖ਼ਤ ਕਰਨੇ ਨੇ, ਮੈਂ ਤਾਂ ਪਹਿਲਾ ਬਾਊ ਦੇਖਿਆ ਜਿਹੜਾ ਬਗੈਰ ਕੁਝ ਲਏ ਕੰਮ ਕਰ ਦਿੰਦੈ। ਮੇਰਾ ਮਨ ਖ਼ੁਸ਼ ਹੋ ਗਿਆ ਸੀ। ਦਸਤਖ਼ਤ ਕਰਵਾ ਕੇ ਮੈਂ ਦਫ਼ਤਰ ਆ ਕੇ ਨੰਬਰ ਲਗਵਾ ਲਿਆ ਸੀ। ਤੀਜੇ ਦਿਨ ਉਹ ਕਲਰਕ ਲੜਕੀ ਆ ਗਈ। ਸਤਿ ਸ੍ਰੀ ਅਕਾਲ ਬਲਾ ਕੇ ਮੇਰਾ ਚਿਹਰਾ ਪੜ੍ਹਨ ਲੱਗੀ। ਮੈਂ ਉਸ ਨੂੰ ਕਿਹਾ, ‘‘ਭਾਈ ਬੀਬਾ, ਤੇਰਾ ਕੰਮ ਹੋ ਗਿਆ ਹੈ। ਆਹ ਤੇਰੇ ਦਫ਼ਤਰ ਦੀ ਕਾਪੀ ਹੈ, ਮੈਂ ਆਪਣੀ ਦਫ਼ਤਰੀ ਕਾਪੀ ’ਤੇ ਉਸ ਤੋਂ ਦਸਤਖ਼ਤ ਕਰਵਾ ਲਏ ਸੀ। ਉਹ ਖ਼ੁਸ਼ ਹੁੰਦੀ ਕਹਿਣ ਲੱਗੀ, ‘‘ਸਰ ਜੀ, ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ, ਤੁਸੀਂ ਮੇਰੇ ਸਿਰ ਤੋਂ ਬੋਝ ਲਾਹ ਦਿੱਤਾ, ਤੁਹਾਡਾ ਇਹ ਅਹਿਸਾਨ ਮੈਂ ਸਾਰੀ ਉਮਰ ਨਹੀਂ ਭੁਲਾਵਾਂਗੀ।’’
‘‘ਚੱਲ ਬੀਬਾ ਕੰਟੀਨ ’ਚ ਤੈਨੂੰ ਰੋਟੀ ਖੁਆਵਾਂ, ਭੁੱਖੀ ਹੋਵੇਂਗੀ।’’ ਮੈਂ ਆਪਣਾ ਰੋਟੀ ਵਾਲਾ ਡੱਬਾ ਚੁੱਕਦੇ ਨੇ ਉਸ ਨੂੰ ਕਿਹਾ। ਅਸੀਂ ਕੰਟੀਨ ’ਚ ਆ ਗਏ ਸਾਂ। ਰੋਟੀ ਖਾ ਕੇ ਮੈਂ ਉਸ ਦੇ ਖਾਣੇ ਦੇ ਪੈਸੇ ਦੇ ਦਿੱਤੇ ਸੀ। ਉਹ ਆਪਣੇ ਪਰਸ ’ਚੋਂ 200 ਰੁਪਏ ਕੱਢ ਕੇ ਮੈਨੂੰ ਫੜਾਉਣ ਲੱਗੀ। ਮੈਂ ਕਿਹਾ ਕਿ ਇਹ ਕਾਹਦੇ। ਉਹ ਕਹਿੰਦੀ, ‘‘ਸਰ ਜੀ, ਏਹ ਕੰਮ ਕਰਨ ਦੇ ਨੇ, ਨਾਲੇ ਤੁਸੀਂ ਮੈਨੂੰ ਰੋਟੀ ਖੁਆਈ ਹੈ।’’ ਮੈਂ ਗੁੱਸੇ ਹੁੰਦੇ ਨੇ ਕਿਹਾ, ‘‘ਰੋਟੀ ਤਾਂ ਮੈਂ ਤੈਨੂੰ ਆਪਣੀ ਬੇਟੀ ਸਮਝ ਕੇ ਖੁਆਈ ਹੈ। ਏਹਦਾ ਮਤਲਬ ਤੂੰ ਮੈਨੂੰ ਚਾਲੀ ਰੁਪਏ ਰੋਟੀ ਦੇ ਅਤੇ ਬਾਕੀ ਰੁਪਏ ਕੰਮ ਦੀ ਰਿਸ਼ਵਤ ਵਜੋਂ ਦੇ ਰਹੀ ਏਂ। ਏਹ ਕੰਮ ਕਿਸੇ ਨੇ ਪੰਜ ਹਜ਼ਾਰ ਲੈ ਕੇ ਵੀ ਨਹੀਂ ਸੀ ਕਰਨਾ, ਚੰਗੀ ਕਦਰ ਪਾਈ ਤੂੰ ਮੇਰੇ ਕੰਮ ਦੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਮੈਨੂੰ 160 ਰੁਪਏ ਰਿਸ਼ਵਤ ਦੇ ਦੇਣੇ ਨੇ, ਤਾਂ ਮੈਂ ਤੇਰਾ ਕੰਮ ਕਦੇ ਨਾ ਕਰਦਾ। ਜਿਸ ਤੋਂ ਮਰਜ਼ੀ ਸਿਫ਼ਾਰਸ਼ ਪੁਆ ਦਿੰਦੀ। ਹਰੇਕ ਬਾਊ ਮਰੀ ਹੋਈ ਜ਼ਮੀਰ ਵਾਲਾ ਨੀ ਹੁੰਦਾ।’’ ਉਹ ਕਹਿੰਦੀ, ‘‘ਸਰ ਜੀ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਰੱਜੀ ਹੋਈ ਤੇ ਪਵਿੱਤਰ ਰੂਹ ਦੇ ਮਾਲਕ ਹੋ। ਆਪਣੀ ਬੇਟੀ ਸਮਝ ਕੇ ਮਾਫ਼ ਕਰ ਦਿਉ।’’ ਉਹ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੀ ਗ਼ਲਤੀ ਮਹਿਸੂਸ ਕਰਦੀ ਹੋਈ ਚਲੀ ਗਈ ਸੀ।
ਤਿੰਨ ਕੁ ਸਾਲ ਬਾਅਦ ਮੈਂ ਹੁਸ਼ਿਆਰਪੁਰ ਤੋਂ ਦਫ਼ਤਰੀ ਕੰਮ ਮੁਕਾ ਕੇ ਜਦੋਂ ਨਵਾਂਸ਼ਹਿਰ ਬੱਸ ਅੱਡੇ ’ਤੇ ਖਾਣਾ ਖਾਣ ਲਈ ਉਤਰਿਆ ਤਾਂ ਅਚਾਨਕ ਆਵਾਜ਼ ਆਈ, ‘‘ਸਰ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡੀ ਬੇਟੀ। ਸਰ ਜੀ ਇਹ ਮੇਰੇ ਪਤੀ ਨੇ।’’ ਉਸ ਨੇ ਨਾਲ ਖੜ੍ਹੇ ਮੁੰਡੇ ਦੀ ਜਾਣ-ਪਛਾਣ ਕਰਾ ਦਿੱਤੀ। ਉਸ ਗੱਭਰੂ ਨੇ ਸਤਿਕਾਰ ਵਜੋਂ ਮੇਰੇ ਪੈਰੀਂ ਹੱਥ ਲਾਏ। ਜੀ ਏਹ ਉਹ ਸਰ ਨੇ, ਜਿਨ੍ਹਾਂ ਨੇ ਮੇਰਾ ਨੰਬਰ ਅਲਾਟ ਕੀਤਾ ਸੀ। ਬਹੁਤ ਉਲਝਿਆ ਹੋਇਆ ਕੇਸ ਸੀ। ਚਲੋ ਸਰ ਜੀ, ਆਪਾਂ ਹੋਟਲ ਵਿਚ ਖਾਣਾ ਖਾਂਦੇ ਹਾਂ, ਅਸੀਂ ਵੀ ਖਾਣਾ ਹੈ। ਮੈਂ ਨਾਂਹ ਕਰ ਦਿੱਤੀ। ਉਹ ਧੱਕੇ ਨਾਲ ਮੈਨੂੰ ਨਾਲ ਲੈ ਗਏ ਸੀ। ਖਾਣਾ ਖਾ ਕੇ ਜਦ ਮੈਂ ਰੁਪਏ ਦੇਣ ਲੱਗਾ ਤਾਂ ਕਹਿੰਦੀ, ‘‘ਏਹ ਕੀ ਕਰਦੇ ਹੋ, ਤੁਸੀਂ ਸਾਡੇ ਸ਼ਹਿਰ ਆਏ ਹੋ, ਪਲੀਜ਼ ਏਹ ਕੰਮ ਨਾ ਕਰੋ। ਹੱਸਦੀ ਹੋਈ ਕਹਿੰਦੀ ਏਹ ਰਿਸ਼ਵਤ ਥੋੜ੍ਹੀ ਆ, ਤੁਹਾਡਾ ਸਤਿਕਾਰ ਹੈ। ਐਨਾ ਕੁ ਤਾਂ ਮੇਰਾ ਹੱਕ ਬਣਦਾ ਹੈ।’’ ਜਦ ਮੈਂ ਹੋਟਲ ਤੋਂ ਬਾਹਰ ਆਇਆ ਤਾਂ ਸੋਚਿਆ ਕਿ ਕੰਮ ਕਰ ਕੇ ਰਿਸ਼ਵਤ ਲੈਣ ਨਾਲੋਂ ਇੱਜ਼ਤ ਕਰਾਉਣ ’ਚ ਕਿੰਨਾ ਫ਼ਰਕ ਹੈ।
-ਨੇਤਰ ਸਿੰਘ ਮੁਤਿਓਂ
-ਮੋਬਾਈਲ : 94636-56728