ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਰਹਿਮਦਿਲੀ ਤੇ ਦਰਿਆਦਿਲੀ ਦੇ ਕਾਇਲ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੇ ਇਕ ਵਾਰ ਇਕ ਲੜਕੀ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ ਤੇ ਆਪਣੀ ਧੀ ਬਣਾ ਲਿਆ ਸੀ ਜਿਸ ਦਾ ਉਸਨੇ ਬਾਅਦ ਵਿਚ ਵਿਆਹ ਕੀਤਾ ਸੀ।

ਪੰਜਾਬ ਦੀ ਅਣਖ ਤੇ ਇੱਜ਼ਤ-ਆਬਰੂ ਦੇ ਪ੍ਰਤੀਕ, ਰਾਏ ਅਬਦੁੱਲਾ ਖ਼ਾਨ ਭੱਟੀ (ਦੁੱਲਾ ਭੱਟੀ) ਦਾ ਨਾਂ ਲੋਕਾਂ ਦੇ ਦਿਲਾਂ ’ਤੇ ਖੁਣਿਆ ਹੋਇਆ ਹੈ।‘ਦੁੱਲੇ’ ਦਾ ਕਿਰਦਾਰ ਮਜ਼ਲੂਮਾਂ, ਨਿਤਾਣਿਆਂ ਅਤੇ ਗ਼ਰੀਬਾਂ ਦਾ ਮਦਦਗਾਰ ਹੋਣ ਦਾ ਪ੍ਰਤੀਕ ਅਤੇ ਪੰਜਾਬੀ ਸੂਰਮੇ ਵਜੋਂ ਉੱਭਰ ਕੇ ਆਉਂਦਾ ਹੈ। ਸੋਲ੍ਹਵੀਂ ਸਦੀ ਵਿਚ ਅਕਬਰ ਦੀ ਹਕੂਮਤ ਨਾਲ ਮੱਥਾ ਲਾ ਕੇ ਉਹ ਅੰਨਦਾਤਿਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਉਹ ਜਬਰੀ ਜਜ਼ੀਆ ਉਗਰਾਹੁਣ ਵਾਲੇ ਸ਼ਾਹੀ ਲਸ਼ਕਰ ਨੂੰ ਲੁੱਟ ਕੇ ਮਾਲ-ਅਸਬਾਬ ਲੋੜਵੰਦਾਂ ਵਿਚ ਵੰਡ ਦਿੰਦਾ। ਇਸੇ ਲਈ ਉਸ ਨੂੰ ‘ਪੰਜਾਬ ਦਾ ਰੌਬਿਨਹੁੱਡ’ ਵੀ ਕਿਹਾ ਜਾਂਦਾ ਹੈ।
ਪੰਜਾਬ ਵਿਚ ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਦੇ ਲੋਕ ਗੀਤ ਅਤੇ ਲੋਕ ਗਾਥਾਵਾਂ ਗਾਈਆਂ ਜਾਂਦੀਆਂ ਹਨ। ਬੱਚੇ ਲੋਹੜੀ ਮੰਗਦੇ ਹੋਏ ਅਕਸਰ ਇਹ ਗੀਤ ਗਾਉਂਦੇ ਹਨ :
ਸੁੰਦਰ ਮੁੰਦਰੀਏ-ਹੋ ਤੇਰਾ ਕੌਣ ਵਿਚਾਰਾ-ਹੋ,ਦੁੱਲਾ ਭੱਟੀ ਵਾਲਾ-ਹੋ। ਦੁੱਲੇ ਧੀ ਵਿਆਹੀ-ਹੋ, ਸੇਰ ਸ਼ੱਕਰ ਪਾਈ-ਹੋ। ਦੁੱਲਾ ਪੰਜਾਬੀਆਂ ਦੀ ਨਾਬਰੀ ਦਾ ਪ੍ਰਤੀਕ ਬਣ ਕੇ ਲੋਕਾਂ ਦੇ ਦਿਲਾਂ ’ਤੇ ਛਾ ਗਿਆ। ਉਹ ਨਗਾਰੇ ’ਤੇ ਡਗਾ ਮਾਰਦਾ ਤਾਂ ਦਿੱਲੀ ਤਖ਼ਤ ਦੇ ਪਾਵੇ ਕੰਬਦੇ : ਮੈਂ ਢਾਹਵਾਂ ਦਿੱਲੀ ਦੇ ਕਿੰਙਰੇ/ ਤੇ ਕਰਾਂ ਲਾਹੌਰ ਤਬਾਹ। ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਓ ਫ਼ਰੀਦ ਖ਼ਾਨ ਭੱਟੀ ਸਨ। ਦਾਦੇ ਦੇ ਨਾਂ ’ਤੇ ਹੀ ਇਲਾਕੇ ਦਾ ਨਾਂ ਸੰਦਲ ਬਾਰ ਪਿਆ ਸੀ। ਭੱਟੀ ਪਿਓ-ਪੁੱਤਰਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ।
ਆਖ਼ਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਸ਼ਹਿਰ ਲਿਆਂਦਾ ਗਿਆ। ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਬਾਕੀ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਉਨ੍ਹਾਂ ਦੀਆਂ ਖੱਲਾਂ ਵਿਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ’ਤੇ ਟੰਗ ਦਿੱਤੀਆਂ ਗਈਆਂ। ਦੁੱਲੇ ਭੱਟੀ ਦਾ ਜਨਮ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਹੋਇਆ ਸੀ। ਉਸੇ ਦਿਨ ਹੀ ਅਕਬਰ ਦੇ ਪੁੱਤਰ ਸ਼ੇਖੂ ਦਾ ਜਨਮ ਹੋਇਆ ਸੀ ਪਰ ਅਕਬਰ ਚਾਹੁੰਦਾ ਸੀ ਕਿ ਸ਼ੇਖੂ ਵੱਡਾ ਹੋ ਕੇ ਬਹੁਤ ਬਹਾਦਰ ਬਣੇ ਤਾਂ ਕਿਸੇ ਨੇ ਉਸ ਨੂੰ ਉਸ ਰਾਜਪੂਤ ਔਰਤ ਦਾ ਦੁੱਧ ਚੁੰਘਾਉਣ ਲਈ ਆਖਿਆ ਜਿਸ ਨੇ ਉਸੇ ਦਿਨ ਬੱਚੇ ਨੂੰ ਜਨਮ ਦਿੱਤਾ ਹੋਵੇ।
ਅਕਬਰ ਤੱਕ ਲੱਧੀ ਬਾਰੇ ਗੱਲ ਪਹੁੰਚੀ। ਉਸ ਦੀ ਅਰਜ਼ ਸੁਣ ਕੇ ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ। ਦੁੱਲਾ ਭੱਟੀ ਨੇ ਇਸ ਹੱਦ ਤੱਕ ਹਕੂਮਤ ਨੂੰ ਵਕਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਸੀ। ਅਕਬਰ ਨੂੰ ਲਗਪਗ 20 ਸਾਲਾਂ ਲਈ ਲਾਹੌਰ ਕਿਲ੍ਹੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਦੁੱਲੇ ਦੇ ਇਤਿਹਾਸ ਨੂੰ ਲੈ ਕੇ ਪੰਜਾਬੀ ਭਾਸ਼ਾ ਵਿਚ ਇਕ ਕਿੱਸਾ ਹੈ ਜਿਸ ਨੂੰ ‘ਦੁੱਲੇ ਦੀ ਵਾਰ’ ਕਿਹਾ ਜਾਂਦਾ ਹੈ। ਇਸ ਵਿਚ ਪਾਕਿਸਤਾਨੀ ਪੰਜਾਬ ਵਿਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਵਿਸਥਾਰ ਨਾਲ ਵਰਣਨ ਹੈ। ਦੁੱਲੇ ਦੇ ਬਾਪ ਦੀ ਸ਼ਹਾਦਤ ਤੋਂ ਬਾਅਦ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ।
ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ’ਤੇ ਰੋਸ ਸੀ। ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੇੜਾਂ ’ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ-ਗੁਰਬਿਆਂ ਤੇ ਲੋੜਵੰਦਾਂ ’ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੌਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ…। ਉਸ ਦਾ ਧਨ-ਮਾਲ ਵੀ ਲੁੱਟ ਕੇ ਗ਼ਰੀਬਾਂ ਵਿਚ ਵੰਡ ਦਿੱਤਾ। ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਮੁਗ਼ਲ ਬਾਦਸ਼ਾਹ ਤੱਕ ਪਹੁੰਚਦੀਆਂ ਰਹੀਆਂ। ਉਸ ਨੂੰ ਮੁਗ਼ਲ ਸਰਕਾਰ ਦਾ ਬਾਗ਼ੀ ਆਖ ਕੇ ਉਸ ਨੂੰ ਫੜਨਾ ਚਾਹਿਆ ਪਰ ਉਹ ਕਿੱਥੇ ਹੱਥ ਆਉਣ ਵਾਲ਼ਾ ਸੀ। ਉਹ ਭਾਰੀ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦਾ ਹੋਇਆ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਇਸੇ ਲਈ ਅੱਜ ਉਹ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦਾ ਹੈ। ਅਜਿਹੀ ਧਾਰਨਾ ਹੈ ਕਿ ਇਸ ਮਹਾਨ ਰਾਜਪੂਤ ਨਾਇਕ ਦੀ ਕਬਰ ਪਾਕਿਸਤਾਨ ਦੇ ਪੰਜਾਬ ਵਿਚ ਮਿਆਣੀ ਵਿਖੇ ਬਣੀ ਹੋਈ ਹੈ। ਦੁੱਲਾ ਭੱਟੀ ਦਾ ਜ਼ਿਕਰ ਲੋਹੜੀ ’ਤੇ ਵਿਸ਼ੇਸ਼ ਤੌਰ ’ਤੇ ਆਉਂਦਾ ਹੈ।
ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਰਹਿਮਦਿਲੀ ਤੇ ਦਰਿਆਦਿਲੀ ਦੇ ਕਾਇਲ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਨੇ ਇਕ ਵਾਰ ਇਕ ਲੜਕੀ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ ਤੇ ਆਪਣੀ ਧੀ ਬਣਾ ਲਿਆ ਸੀ ਜਿਸ ਦਾ ਉਸਨੇ ਬਾਅਦ ਵਿਚ ਵਿਆਹ ਕੀਤਾ ਸੀ। ਉਸ ਨੇ ਵਿਆਹ ਵਿਚ ਲੜਕੀ ਨੂੰ ਤੋਹਫ਼ੇ ਵਜੋਂ ਇਕ ਲੱਪ ਸ਼ੱਕਰ ਦੀ ਦਿੱਤੀ ਸੀ। ਇਕ ਹੋਰ ਮਿਥ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ-ਮੁੰਦਰੀ ਮੰਗੀਆਂ ਹੋਈਆਂ ਸਨ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਉਨ੍ਹਾਂ ਨਾਲ ਜ਼ਬਰਦਸਤੀ ਵਿਆਹ ਕਰਾਉਣ ਲਈ ਆਖਿਆ।
ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ਿੰਮੇਵਾਰੀ ਲੈ ਲਈ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਰਾਤ ਸਮੇਂ ਹੀ ਵਿਆਹ ਕਰਨ ਦਾ ਫ਼ੈਸਲਾ ਲਿਆ। ਪਿੰਡ ਤੋਂ ਬਾਹਰ ਜੰਗਲ ਵਿਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ।
ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ, ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਅਤੇ ਦਾਣੇ ਆਦਿ ਦੇ ਰੂਪ ਵਿਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਤੋਂ ਹੀ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸੇ ਕਾਰਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ।
-ਬਰਜਿੰਦਰ ਕੌਰ ਬਿਸਰਾਓ
-ਮੋਬਾਈਲ : 99889-01324
-response@jagran.com